DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਾਰੰਟੀ

ਕੰਵਲਜੀਤ ਖੰਨਾ ਗੱਲ ਫਰਵਰੀ ਦੀ 20 ਤਾਰੀਖ ਦੀ ਹੈ। ਸਾਲ 1974 ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਪੈਟਰੋਲ ਪੰਪਾਂ ’ਤੇ ਰਾਤਾਂ ਝਾਗਦੇ। ਲੰਮੀਆਂ ਲਾਈਨਾਂ ’ਚ ਲੱਗੇ, ਊਠ ਦਾ ਬੁੱਲ੍ਹ ਡਿੱਗਣ ਵਾਂਗ ਤੇਲ ਦੀ ਗੱਡੀ ਉਡੀਕ ਕਰਦੇ। ਹਰੇ ਇਨਕਲਾਬ ਨੇ ਨਵੇਂ...

  • fb
  • twitter
  • whatsapp
  • whatsapp
Advertisement

ਕੰਵਲਜੀਤ ਖੰਨਾ

ਗੱਲ ਫਰਵਰੀ ਦੀ 20 ਤਾਰੀਖ ਦੀ ਹੈ। ਸਾਲ 1974 ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਪੈਟਰੋਲ ਪੰਪਾਂ ’ਤੇ ਰਾਤਾਂ ਝਾਗਦੇ। ਲੰਮੀਆਂ ਲਾਈਨਾਂ ’ਚ ਲੱਗੇ, ਊਠ ਦਾ ਬੁੱਲ੍ਹ ਡਿੱਗਣ ਵਾਂਗ ਤੇਲ ਦੀ ਗੱਡੀ ਉਡੀਕ ਕਰਦੇ। ਹਰੇ ਇਨਕਲਾਬ ਨੇ ਨਵੇਂ ਬੀਜਾਂ, ਨਵੀਆਂ ਕਿਸਮਾਂ, ਨਵੇਂ ਸੁਫਨਿਆਂ ਨੂੰ ਹੁਲਾਰਾ ਦਿੱਤਾ ਸੀ। ਇਨ੍ਹਾਂ ਬੀਜਾਂ ਰਾਹੀਂ ਪੈਦਾ ਹੋਈਆਂ ਫ਼ਸਲਾਂ ਪਿਆਸੀਆਂ ਰਹਿੰਦੀਆਂ ਸਨ। ਉਨ੍ਹਾਂ ਦੀ ਪਿਆਸ ਬੁਝਾਉਣ ਲਈ ਨਹਿਰੀ ਪਾਣੀ ਦੀ ਕਮੀ ਸੀ। ਖੇਤੀ ਲਈ ਪਾਣੀ ਦਾ ਸਰੋਤ ਜਾਂ ਮੀਂਹ ਦਾ ਪਾਣੀ ਸੀ ਜਾਂ ਫਿਰ ਇੰਜਣ। ਫਸਲਾਂ ਪੱਕਣ ਨੇੜੇ ਸਨ ਤੇ ਡੀਜ਼ਲ ਦੀ ਕਿੱਲਤ ਸੀ। ਤੇਲ ਲੌਬੀ ਦੀ ਪੈਦਾ ਕੀਤੀ ਨਕਲੀ ਕਿੱਲਤ ਨੇ ਕਿਸਾਨਾਂ ਦੇ ਸਾਹ ਸੂਤ ਹੋਏ ਸਨ। ਫਸਲਾਂ ਸੁੱਕਣ ਦੇ ਡਰੋਂ ਕਿਸਾਨ ਪੈਟਰੋਲ ਪੰਪਾਂ ’ਤੇ ਆਪਣੀਆਂ ਢੋਲੀਆਂ ਅਤੇ ਕੇਨੀਆਂ ਲੈ ਕੇ ਬੈਠੇ ਰਹਿੰਦੇ। ਕੇਨੀਆਂ ਤੇ ਢੋਲੀਆਂ ’ਤੇ ਬੰਨ੍ਹੀਆਂ ਰੰਗ-ਬਰੰਗੀਆਂ ਲੀਰਾਂ ਜਾਂ ਉੱਕਰੇ ਨਾਵਾਂ ਦੇ ਬਾਵਜੂਦ ਹਰ ਘਰ ਦਾ ਬੰਦਾ ਪੱਕੇ ਤੌਰ ’ਤੇ ਦਿਨ-ਰਾਤ ਪੰਪ ’ਤੇ ਹਾਜ਼ਰ ਰਹਿੰਦਾ। ਇੱਕ ਜਾਂਦਾ, ਦੂਜਾ ਚਾਹ ਰੋਟੀ ਲੈ ਕੇ ਪੰਪ ’ਤੇ ਪਰਤ ਆਉਂਦਾ; ਮਤੇ ਗੈਰ-ਹਾਜ਼ਰੀ ’ਚ ਗੱਡੀ ਆਵੇ ਤੇ ਵਾਰੀ ਕੱਟੀ ਜਾਵੇ।

Advertisement

ਤੇਲ ਦੀ ਬਲੈਕ ਵੀ ਜ਼ੋਰਾਂ ’ਤੇ ਸੀ। ਸਿੱਟੇ ਵਜੋਂ ਹੰਭੀ ਥੱਕੀ ਕਿਸਾਨੀ ਕੋਲ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਸੰਕਟ ਦੇ ਉਸ ਸਮੇਂ ਪੰਜਾਬ ਦੇ ਕੁੱਝ ਹਿੱਸਿਆਂ ’ਚ ਕਿਸਾਨ ਜਥੇਬੰਦੀ ‘ਪੰਜਾਬ ਵਾਹੀਕਾਰਾ ਯੂਨੀਅਨ’ ਦਾ ਉਦੈ ਹੋਇਆ। ਜਗਰਾਓਂ, ਮੋਗਾ ਇਲਾਕੇ ਦੇ ਪਿੰਡਾਂ ’ਚ ਕਿਸਾਨਾਂ ਨੂੰ ਜਥੇਬੰਦ ਕਰ ਕੇ ਤੇਲ ਦੀ ਬਲੈਕ ਅਤੇ ਨਕਲੀ ਕਿੱਲਤ ਖ਼ਿਲਾਫ਼ ਕਿਸਾਨੀ ਨੂੰ ਸੜਕਾਂ ’ਤੇ ਲਿਆਂਦਾ ਗਿਆ। ਪੀਐੱਸਯੂ ’ਚੋਂ ਨਿਕਲੇ, ਰਾਜ ਤੇ ਸਮਾਜ ਬਦਲੀ ਲਈ ਤੁਰੇ ਕਿਸਾਨਾਂ ਦੇ ਪੁੱਤਾਂ ਨੇ ਇਹ ਜਿ਼ੰਮੇਵਾਰੀ ਓਟ ਲਈ।

Advertisement

ਉਸ ਵਕਤ ਮੈਂ ਜਗਰਾਓਂ ਦੇ ਐੱਲਆਰਐੱਮ ਕਾਲਜ ਦਾ ਵਿਦਿਆਰਥੀ ਸੀ ਤੇ ਪੰਜਾਬ ਸਟੂਡੈਂਟਸ ਯੂਨੀਅਨ ਦਾ ਕਾਰਕੁਨ ਸੀ। ਕਲਾਸ ’ਚ ਲੈਕਚਰ ਅਟੈਂਡ ਕਰਦਿਆਂ ਅਚਾਨਕ ਉਸ ਦਿਨ ਜਦੋਂ ਵਿਦਿਆਰਥੀਆਂ ਨੇ ਗੋਲੀਆਂ ਚੱਲਣ ਦੀ ਕੜ-ਕੜ ਸੁਣੀ ਤਾਂ ਭੱਜ ਕੇ ਬਾਹਰ ਨਿਕਲੇ। ਕਾਲਜ ਲਾਗੇ ਰੇਲਵੇ ਫਾਟਕਾਂ ’ਤੇ ਜਦੋਂ ਭੱਜ ਕੇ ਪਹੁੰਚੇ ਤਾਂ ਪੁਲੀਸ ਨੇ ਅੱਗੇ ਨਾ ਜਾਣ ਦਿੱਤਾ। ਦੂਰੋਂ ਦੇਖਿਆ ਕਿ ਪੁਲੀਸ ਵਾਲੇ ਇਕੱਠੇ ਹੋਏ ਕਿਸਾਨਾਂ ’ਤੇ ਡਾਂਗਾਂ ਵਰ੍ਹਾਉਂਦੇ ਦੂਰ ਤੱਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਰੇਲਵੇ ਪਟੜੀਆਂ ਵਿਚਾਲੇ ਕਈ ਥਾਈਂ ਖੂਨ ਡੁੱਲ੍ਹਿਆ ਹੋਇਆ ਸੀ। ਬਚਾਅ ਲਈ ਖਿੰਡ ਗਏ ਕਿਸਾਨਾਂ ਮਜ਼ਦੂਰਾਂ ਦੀਆਂ ਜੁੱਤੀਆਂ ਵੱਡੀ ਗਿਣਤੀ ’ਚ ਇੱਧਰ ਉੱਧਰ ਖਿੰਡੀਆਂ ਪਈਆਂ ਸਨ। ਮੰਜ਼ਰ ਸਭ ਕੁਝ ਬਿਆਨ ਕਰ ਰਿਹਾ ਸੀ। ਪੰਜਾਬ ਵਾਹੀਕਾਰਾ ਯੂਨੀਅਨ ਦੀ ਅਗਵਾਈ ’ਚ ਕਿਸਾਨ ਤੇਲ ਦੀ ਬਲੈਕ ਅਤੇ ਨਕਲੀ ਕਿੱਲਤ ਖ਼ਿਲਾਫ਼ ਸ਼ਹਿਰ ਵਿੱਚ ਮੁਜ਼ਾਹਰਾ ਕਰ ਕੇ ਐੱਸਡੀਐੱਮ (ਜਗਰਾਓਂ) ਨੂੰ ਮੰਗ ਪੱਤਰ ਦੇਣਾ ਚਾਹੁੰਦੇ ਸਨ ਪਰ ਡੀਐੱਸਪੀ ਆਂਹਦਾ- ‘ਸ਼ਹਿਰ ’ਚ ਵੜਨ ਨਹੀਂ ਦਿੱਤਾ ਜਾਵੇਗਾ। ਦਫ਼ਾ ਚੁਤਾਲੀ ਲੱਗੀ ਹੈ।’

ਕਿਸਾਨਾਂ ਦੇ ਅੱਗੇ ਵਧਣ ਦੀ ਦੇਰ ਸੀ ਕਿ ਪੁਲੀਸ ਨੇ ਅੰਨ੍ਹਾ ਲਾਠੀਚਾਰਜ ਕਰ ਦਿੱਤਾ। ਮੁਜ਼ਾਹਰਾਕਾਰੀਆਂ ਨੂੰ ਰੋਕਣ ’ਚ ਨਾਕਾਮ ਰਹਿਣ ’ਤੇ ਪੁਲੀਸ ਨੇ ਗੋਲੀ ਚਲਾ ਦਿੱਤੀ; ਦਰਜਨਾਂ ਕਿਸਾਨ ਮਜ਼ਦੂਰ ਜ਼ਖ਼ਮੀ ਹੋਏ। ਪਿੰਡ ਗਾਲਬ ਕਲਾਂ ਦੇ ਕਿਸਾਨ ਦਾ ਸੀਰੀ ਪਿਆਰਾ ਸਿੰਘ ਗਾਲਬ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ। ਇੱਕ ਹੋਰ ਮਜ਼ਦੂਰ ਸੋਮਾ ਸਿੰਘ ਦੇ ਪੱਟ ਵਿੱਚ ਗੋਲੀ ਲੱਗਣ ਕਾਰਨ ਸਖ਼ਤ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਪੁਲੀਸ ਨੇ ਦਰਜਨਾਂ ਕਿਸਾਨ ਮਜ਼ਦੂਰ ਆਗੂਆਂ ’ਤੇ ਇਰਾਦਾ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ ਕਰ ਲਏ। ਗ੍ਰਿਫ਼ਤਾਰੀਆਂ ਹੋਈਆਂ। ਕੇਸ ਚੱਲੇ।

ਕਿਸਾਨੀ ਦੀ ਲੁੱਟ ਖਿਲਾਫ ਸੀਰੀ ਦੀ ਸ਼ਹਾਦਤ ਦਾ ਇਤਿਹਾਸ ਅੱਜ ਵੀ ਲੜਦੇ ਲੋਕਾਂ ਲਈ ਚਾਨਣ ਮੁਨਾਰਾ ਹੈ। ਇਹ ਸੰਘਰਸ਼ ਮਜ਼ਦੂਰ ਕਿਸਾਨ ਦੀ ਪੱਕੀ ਕਰੰਘੜੀ ਦਾ ਪ੍ਰਤੀਕ ਹੈ। ਕਿਸਾਨ ਜਥੇਬੰਦੀ ਨੇ ਉਸ ਸਮੇਂ ਤੋਂ ਪਿਆਰਾ ਸਿੰਘ ਗਾਲਬ ਨੂੰ ਜਿਊਂਦਾ ਰੱਖਿਆ ਹੋਇਆ ਹੈ। ਅੱਧੀ ਸਦੀ ਬੀਤਣ ਦੇ ਬਾਵਜੂਦ ਪਿੰਡ ’ਚ ਉਸਰੀ ਸ਼ਹੀਦੀ ਯਾਦਗਾਰ ’ਤੇ ਹਰ ਸਾਲ ਇਲਾਕੇ ਦੇ ਕਿਸਾਨ ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ (ਪਹਿਲਾਂ ਸਿੱਧੂਪੁਰ) ਦੀ ਅਗਵਾਈ ’ਚ ਝੰਡਾ ਝੁਲਾਉਣ ਦੀ ਰਸਮ ਅਦਾ ਕਰ ਕੇ ਸ਼ਰਧਾਂਜਲੀ ਸਮਾਗਮ ਕੀਤਾ ਜਾਂਦਾ ਹੈ।

ਉਸ ਸਮੇਂ ਦਲਿਤ ਮਜ਼ਦੂਰ ਦੀ ਕਿਸਾਨੀ ਹਿਤ ਲਈ ਦਿੱਤੀ ਕੁਰਬਾਨੀ ਨੇ ਕੁੱਲ ਕਿਰਤੀਆਂ- ਮਜ਼ਦੂਰਾਂ ਕਿਸਾਨਾਂ ਦੀ ਜਮਾਤੀ ਸਾਂਝ ਦਾ ਨਵਾਂ ਵਰਕਾ ਲਿਖ ਦਿੱਤਾ ਸੀ; ਭਾਵੇਂ ਪਿੰਡਾਂ ’ਚ ਦਲਿਤਾਂ ਦੇ ਬਾਈਕਾਟ ਅਤੇ ਧਨਾਢਾਂ ਦੇ ਜਬਰ, ਧੱਕੇ ਦੀਆਂ ਘਟਨਾਵਾਂ ਸਾਨੂੰ ਹਲੂਣਦੀਆਂ ਰਹਿੰਦੀਆਂ ਹਨ ਪਰ ਪਿੱਛੇ ਜਿਹੇ ਬਠਿੰਡੇ ਦੇ ਪਿੰਡ ਦਾਨ ਸਿੰਘ ਵਾਲਾ ਅਤੇ ਫਰੀਦਕੋਟ ਦੇ ਪਿੰਡ ਚੰਦਭਾਨ ਦੇ ਕਿਸਾਨਾਂ ਨੇ ਪਿੰਡ ਦੇ ਦਲਿਤਾਂ ਪ੍ਰਤੀ ਜੋ ਵਤੀਰਾ ਅਖ਼ਤਿਆਰ ਕੀਤਾ, ਉਸ ਤੋਂ ਸਪਸ਼ਟ ਹੈ ਕਿ ਹਜ਼ਾਰਾਂ ਸਾਲਾਂ ਬਾਅਦ ਵੀ ਸਾਡੇ ਸਮਾਜ ਨੇ ਜਾਤ-ਪਾਤ ਦੇ ਕੋਹੜ ਤੋਂ ਖਹਿੜਾ ਨਹੀਂ ਛੁਡਾਇਆ। ਕੀ ਇਹ ਸਭ ਕੁਝ ਕਿਸਾਨ ਸੰਘਰਸ਼ਾਂ ਵਿੱਚ ਯੋਗਦਾਨ ਪਾਉਣ ਵਾਲੇ ਹਜ਼ਾਰਾਂ ਮਜ਼ਦੂਰਾਂ ਅਤੇ ਕਿਸਾਨ ਘੋਲ ’ਚ ਸ਼ਹਾਦਤ ਦਾ ਜਾਮ ਪੀ ਜਾਣ ਵਾਲੇ ਦਲਿਤ ਮਜ਼ਦੂਰ ਪਿਆਰਾ ਸਿੰਘ ਗਾਲਬ ਵਰਗਿਆਂ ਦੀ ਸ਼ਹਾਦਤ ਦਾ ਨਿਰਾਦਰ ਨਹੀਂ? ‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰ ਜੀਉ॥’ ਦਾ ਹੋਕਰਾ ਦੇਣ ਵਾਲੀ ਵਿਚਾਰਧਾਰਾ ਦਾ ਹਰ ਪਿੰਡ ’ਚ ਗੂੰਜਦਾ ਸ਼ਬਦ ਸਾਨੂੰ ਯਾਦ ਕਿਉਂ ਨਹੀਂ? ਦਸਵੇਂ ਗੁਰੂ ਜੀ ਦੀ ਇੱਕੋ ਬਾਟੇ ’ਚੋਂ ਅੰਮ੍ਰਿਤ ਛਕਾਉਣ ਵਾਲੀ ਮਹਾਨ ਪਰੰਪਰਾ ਦੇ ਅਸਲ ਮਕਸਦ ਨੂੰ ਕਿਉਂ ਛੁਟਿਆਇਆ ਜਾ ਰਿਹਾ ਹੈ? ਕਿਸਾਨ ਅੰਦੋਲਨ ’ਚ ਮਜ਼ਦੂਰ ਕਿਸਾਨ ਏਕਤਾ ਦੇ ਨਾਅਰੇ ਦੀ ਬਦੌਲਤ ਜਿੱਤ ਹਾਸਲ ਕਰਨ ਵਾਲੀ ਬਹੁਗਿਣਤੀ ਕਿਸਾਨੀ ਦੇ ਮਨਾਂ ’ਚ ਪੱਥਰ ਵਾਂਗ ਜਮਾਂ ਹੋਇਆ ਇਹ ਜਾਤੀ ਪਾੜਾ ਕਿਉਂ ਖਤਮ ਨਹੀਂ ਹੋ ਰਿਹਾ? ਚੰਗਾ ਲੱਗਾ ਕਿ ਪਿੰਡ ਚੰਦਭਾਨ ਦੇ ਬੇਕਸੂਰ ਮਜ਼ਦੂਰਾਂ ਨੂੰ ਜੇਲ੍ਹਾਂ ਵਿਚੋਂ ਬਿਨਾਂ ਸ਼ਰਤ ਕਢਾਉਣ ਅਤੇ ਦੋਸ਼ੀ ਧਨਾਢ ਖਿ਼ਲਾਫ਼ ਪਰਚਾ ਦਰਜ ਕਰਾਉਣ ਦੇ ਮਿਸਾਲੀ ਸੰਘਰਸ਼ ’ਚ ਕਿਸਾਨ ਜਥੇਬੰਦੀਆਂ ਨੇ ਵੀ ਮੋਢੇ ਨਾਲ ਮੋਢਾ ਲਾਇਆ। ਅੱਜ ਦੇ ਲੁੱਟ ਤੇ ਜਬਰ ਦੇ ਯੁੱਗ ’ਚ ਮਜ਼ਦੂਰ ਕਿਸਾਨ ਏਕਤਾ ਹੀ ਹਰ ਹੱਕੀ ਸੰਘਰਸ਼ ਦੀ ਜਿੱਤ ਅਤੇ ਰਾਜ ਤੇ ਸਮਾਜ ਬਦਲੀ ਦੀ ਇੱਕੋ-ਇੱਕ ਗਾਰੰਟੀ ਹੈ।

ਸੰਪਰਕ (ਵਟਸਐਪ): 94170-67344

Advertisement
×