DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਵੱਡੀ ਵਡਿਆਈ

ਪ੍ਰਕਾਸ਼ ਪੁਰਬ ’ਤੇ
  • fb
  • twitter
  • whatsapp
  • whatsapp
Advertisement

ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਸੇਵਾ ਅਤੇ ਸਦ ਗੁਣਾਂ ਨਾਲ ਭਰਪੂਰ ਹੈ। ਉਨ੍ਹਾਂ ਵੱਲੋਂ ਸੱਚੇ ਸਿਦਕ ਨਾਲ ਨਿਭਾਈ ਨਿਸ਼ਕਾਮ ਸੇਵਾ ਵਰਗੀ ਮਿਸਾਲ ਦੁਨੀਆ ਦੇ ਇਤਿਹਾਸ ਅੰਦਰ ਕਿਤੇ ਨਹੀਂ ਮਿਲਦੀ। ਉਨ੍ਹਾਂ ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਕਾਰਜ ਕੀਤੇ ਤੇ ਲੋਕਾਈ ਨੂੰ ਆਤਮਿਕ, ਧਾਰਮਿਕ, ਸਮਾਜਿਕ ਜੀਵਨ ਦੇ ਹਰ ਪੱਖ ਨੂੰ ਸਾਰਥਿਕ ਬਣਾਉਣ ਲਈ ਜੁਗਤਿ ਸਮਝਾਈ। ਆਪ ਜੀ ਦੇ ਜੀਵਨ ਦੀ ਵਡਿਆਈ ਨੂੰ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੇ ਇਉਂ ਬਿਆਨ ਕੀਤਾ ਹੈ:

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥

Advertisement

ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਚੂਨਾ ਮੰਡੀ ਲਾਹੌਰ ਦੇ ਵਸਨੀਕ ਸ੍ਰੀ ਹਰਿਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਘਰ ਕੱਤਕ ਵਦੀ 2, ਸੰਮਤ 1591 (ਸੰਨ 1534) ਨੂੰ ਹੋਇਆ। ਉਨ੍ਹਾਂ ਦਾ ਨਾਮ ਜੇਠਾ ਰੱਖਿਆ। ਬਾਲ ਅਵਸਥਾ ਵਿੱਚ ਹੀ ਆਪ ਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉਠ ਗਿਆ। ਆਪ ਦੇ ਬਚਪਨ ਦਾ ਬਹੁਤਾ ਸਮਾਂ ਨਾਨਕੇ ਘਰ ਪਿੰਡ ਬਾਸਰਕੇ (ਅੰਮ੍ਰਿਤਸਰ) ਵਿਚ ਬੀਤਿਆ ਜਿਥੇ ਆਪ ਘੁੰਗਣੀਆਂ ਵੇਚ ਕੇ ਘਰ ਦੇ ਨਿਰਬਾਹ ਵਿਚ ਹਿੱਸਾ ਪਾਉਂਦੇ ਰਹੇ। ਬਾਸਰਕੇ ਸ੍ਰੀ ਗੁਰੂ ਅਮਰਦਾਸ ਜੀ ਦੀ ਨਗਰੀ ਸੀ ਜਿਥੋਂ ਅਕਸਰ ਸੰਗਤ ਗੁਰੂ ਜੀ ਦੇ ਦਰਸ਼ਨਾ ਨੂੰ ਗੋਇੰਦਵਾਲ ਜਾਂਦੀ ਸੀ। ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੀ ਤਾਂਘ ਸਦਕਾ ਆਪ ਵੀ ਬਾਸਰਕੇ ਗਿੱਲਾਂ ਤੋਂ ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਗੁਰੂ ਦਰਬਾਰ ਵਿਚ ਸਵੇਰੇ ਸ਼ਾਮ ਕਥਾ ਕੀਰਤਨ ਸਰਵਣ ਕਰਦਿਆਂ ਆਪ ਗੁਰੂ ਘਰ ਦੀ ਨਿਸ਼ਕਾਮ ਸੇਵਾ ਡਟ ਕੇ ਕਰਦੇ। ਇਸ ਦੌਰਾਨ ਭਾਈ ਜੇਠਾ ਜੀ ਨੇ ਆਪਣੇ ਨਿਰਬਾਹ ਲਈ ਘੁੰਗਣੀਆਂ ਵੇਚਣ ਦੀ ਕਾਰ ਵੀ ਜਾਰੀ ਰੱਖੀ। ਆਪ ਦੀ ਨਿਮਰਤਾ, ਸੇਵਾ-ਸਿਮਰਨ, ਕਿਰਤ ਅਤੇ ਨੇਕ ਸੁਭਾਅ ਦੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਆਪ ਜੀ ਨਾਲ ਕਰ ਦਿੱਤਾ। ਗੁਰੂ ਘਰ ਦਾ ਦਾਮਾਦ ਬਣ ਕੇ ਵੀ ਭਾਈ ਜੇਠਾ ਜੀ ਨੇ ਲੋਕ ਲਾਜ ਦੀ ਪਰਵਾਹ ਨਾ ਕੀਤੀ ਅਤੇ ਦਿਨ-ਰਾਤ ਗੁਰੂ ਘਰ ਦੀ ਸੇਵਾ ਵਿਚ ਤੱਤਪਰ ਰਹੇ। ਸ੍ਰੀ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਦਾ ਸੇਵਾ ਭਾਵ ਤੇ ਅਣਥੱਕ ਘਾਲ ਦੇਖ ਕੇ ਬਹੁਤ ਪ੍ਰਸੰਨ ਸਨ। ਉਹ ਜੇਠਾ ਜੀ ਨੂੰ ਰਾਮਦਾਸ ਕਹਿ ਕੇ ਬਲਾਉਂਦੇ ਸਨ ਜਿਸ ਤੋਂ ਸੰਗਤਾਂ ਵਿਚ ਉਨ੍ਹਾਂ ਦਾ ਇਹੀ ਨਾਮ ਪੱਕ ਗਿਆ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਤੋਂ ਬਾਅਦ ਆਪ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ।

ਗੁਰਗੱਦੀ ’ਤੇ ਸੁਭਾਇਮਾਨ ਹੋਣ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੀ ਬੁਲੰਦੀ ਲਈ ਅਨੇਕ ਕਾਰਜ ਕੀਤੇ ਜਿਸ ਨਾਲ ਗੁਰੂ ਘਰ ਦੀ ਵਡਿਆਈ ਚੁਫੇਰੇ ਫੈਲੀ। ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਆਪ ਜੀ ਦਾ ਅਹਿਮ ਕਾਰਜ ਹੈ। ਸ੍ਰੀ ਗੁਰੂ ਰਾਮਦਾਸ ਜੀ ਤੀਸਰੇ ਪਾਤਸ਼ਾਹ ਜੀ ਦੇ ਹੁਕਮ ਨਾਲ ਇਥੇ ਆਏ ਅਤੇ ਸਰੋਵਰ ਦੀ ਖੁਦਵਾਈ ਆਰੰਭ ਕਰਵਾਈ। ਇਹ ਸਰੋਵਰ ਸੰਤੋਖਸਰ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸੇ ਦੌਰਾਨ ਆਪ ਨੇ ਨਗਰ ‘ਗੁਰੂ ਕਾ ਚੱਕ’ ਵਸਾਇਆ ਜੋ ਬਾਅਦ ਵਿਚ ‘ਰਾਮਦਾਸਪੁਰ/ਚੱਕ ਰਾਮਦਾਸ’ ਦੇ ਨਾਂ ਨਾਲ ਜਾਣਿਆ ਗਿਆ ਅਤੇ ਫਿਰ ‘ਸ੍ਰੀ ਅੰਮ੍ਰਿਤਸਰ’ ਵਜੋਂ ਮਸ਼ਹੂਰ ਹੋਇਆ। ਇਸ ਨਗਰ ਨੂੰ ਆਬਾਦ ਕਰਨ ਲਈ ਆਪ ਨੇ ਵੱਖ-ਵੱਖ ਹੁਨਰਾਂ ਦੇ ਕਿਰਤੀਆਂ ਨੂੰ ਇਥੇ ਵਸਾਇਆ। ਇਤਿਹਾਸ ਅਨੁਸਾਰ ਇਹ ਵੱਖ-ਵੱਖ ਤਰ੍ਹਾਂ ਦੇ 52 ਕਿੱਤਿਆਂ ਨਾਲ ਸਬੰਧਿਤ ਲੋਕ ਸਨ। ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਇਆ ਇਹ ਨਗਰ ਮਨੁੱਖੀ ਬਰਾਬਰੀ ਅਤੇ ਭਰਾਤਰੀ ਭਾਵ ਦੀ ਮਿਸਾਲ ਬਣਿਆ।

ਮਸੰਦ ਪ੍ਰਣਾਲੀ ਦਾ ਆਰੰਭ ਵੀ ਆਪ ਦਾ ਅਹਿਮ ਫੈਸਲਾ ਸੀ। ਮਸੰਦਾਂ ਨੇ ਗੁਰੂ ਘਰ ਦੇ ਪ੍ਰਚਾਰ-ਪ੍ਰਸਾਰ ਲਈ ਅਹਿਮ ਭੂਮਿਕਾ ਨਿਭਾਈ। ਮਸੰਦ ਸਿੱਖੀ ਦੇ ਉਹ ਪ੍ਰਚਾਰਕ ਸਨ ਜੋ ਸੰਗਤਾਂ ਤੋਂ ਗੁਰੂ ਘਰ ਲਈ ਭੇਟਾ ਇਕੱਠੀ ਕਰਦੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਰੰਭ ਕੀਤੀ ਲੰਗਰ ਦੀ ਮਰਯਾਦਾ ਨੂੰ ਅੱਗੇ ਤੋਰਨ ਵਿਚ ਵੀ ਆਪ ਦਾ ਵਡਮੁੱਲਾ ਯੋਗਦਾਨ ਹੈ।

ਸ੍ਰੀ ਗੁਰੂ ਰਾਮਦਾਸ ਜੀ ਨੇ ਬਾਣੀ ਰਚਦਿਆਂ ਅਮੁੱਲ ਤੇ ਵੱਡਾ ਭੰਡਾਰ ਮਨੁੱਖਤਾ ਦੀ ਝੋਲੀ ਪਾਇਆ। ਬਾਣੀ ਮਨੁੱਖ ਮਾਤਰ ਲਈ ਸੁੱਖਾਂ ਦਾ ਖ਼ਜ਼ਾਨਾ ਤੇ ਆਤਮਿਕ ਆਨੰਦ ਦੇਣ ਵਾਲੀ ਹੈ। ਇਸ ਵਿਚ ਮਨੁੱਖ ਮਾਤਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮੌਜੂਦ ਹੈ। ਇਹ ਸਾਡੀ ਅਧਿਆਤਮਿਕ ਤੇ ਸਮਾਜਿਕ ਅਗਵਾਈ ਕਰਦੀ ਹੋਈ ਚੰਗਾ ਜੀਵਨ ਜਿਊਣ ਲਈ ਮਾਰਗ ਦਰਸ਼ਨ ਦਿੰਦੀ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਉਪਦੇਸ਼, ਜੀਵਨ ਨੂੰ ਅੰਮ੍ਰਿਤਮਈ ਬਣਾਉਣ ਵਾਲੇ ਹਨ। ਉਨ੍ਹਾਂ ਦੇ ਕਾਰਜ ਮਨੁੱਖ ਨੂੰ ਆਤਮਿਕ ਤੇ ਸਮਾਜਿਕ ਵਿਕਾਸ ਅਤੇ ਵਿਗਾਸ ਦਾ ਰਾਹ ਦਿਖਾਉਂਦੇ ਹਨ। ਉਨ੍ਹਾਂ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਸਮੂਹ ਸਿੱਖ ਜਗਤ ਨੂੰ ਅਪੀਲ ਹੈ ਕਿ ਆਉ ਆਪਾਂ ਗੁਰੂ ਸਾਹਿਬ ਦੇ ਮਹਾਨ ਜੀਵਨ ਨੂੰ ਯਾਦ ਕਰਦਿਆਂ ਆਪਣੇ ਅੰਦਰ ਨਿਮਰਤਾ, ਸੇਵਾ ਅਤੇ ਸਿਮਰਨ ਦੇ ਭਾਵ ਪੈਦਾ ਕਰਦੇ ਹੋਏ ਸਿੱਖ ਪੰਥ ਦੇ ਸਿਧਾਂਤਾਂ ਨੂੰ ਵਿਹਾਰਕ ਜੀਵਨ ਦਾ ਹਿੱਸਾ ਬਣਾਈਏ।

*ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

Advertisement
×