ਸਾਂਝ ਸੁਵੱਲੀ
ਸਿਡਨੀ ਤੋਂ ਬੋਸਟਨ ਯੂਨਿਵਰਸਿਟੀ ਲਈ ਉਡਾਣ ਦੀ ਉਡੀਕ ਵਿੱਚ ਸਾਂ। ਹਵਾਈ ਅੱਡੇ ’ਤੇ ਫੁਰਸਤ ਦੇ ਪਲਾਂ ਵਿੱਚ ਵੱਟਸਐਪ ਖੋਲ੍ਹਿਆ ਤਾਂ ਸਾਂ ਫਰਾਂਸਿਸਕੋ ਨੇੜੇ ਰਹਿੰਦੇ ਨਸੀਬ ਭੂਆ ਜੀ ਦਾ ਭੇਜਿਆ ਪੋਸਟਰ ਨਜ਼ਰੀਂ ਪਿਆ। ਪੰਜਾਬੀ ਮਾਂ ਬੋਲੀ ਦੇ ਭਾਵਪੂਰਤ ਸ਼ਬਦਾਂ ਵਿੱਚ ਸੰਜੋਇਆ...
ਸਿਡਨੀ ਤੋਂ ਬੋਸਟਨ ਯੂਨਿਵਰਸਿਟੀ ਲਈ ਉਡਾਣ ਦੀ ਉਡੀਕ ਵਿੱਚ ਸਾਂ। ਹਵਾਈ ਅੱਡੇ ’ਤੇ ਫੁਰਸਤ ਦੇ ਪਲਾਂ ਵਿੱਚ ਵੱਟਸਐਪ ਖੋਲ੍ਹਿਆ ਤਾਂ ਸਾਂ ਫਰਾਂਸਿਸਕੋ ਨੇੜੇ ਰਹਿੰਦੇ ਨਸੀਬ ਭੂਆ ਜੀ ਦਾ ਭੇਜਿਆ ਪੋਸਟਰ ਨਜ਼ਰੀਂ ਪਿਆ। ਪੰਜਾਬੀ ਮਾਂ ਬੋਲੀ ਦੇ ਭਾਵਪੂਰਤ ਸ਼ਬਦਾਂ ਵਿੱਚ ਸੰਜੋਇਆ ਪੋਸਟਰ ਪਹਿਲੀ ਨਜ਼ਰੇ ਮਨ ਨੂੰ ਭਾਅ ਗਿਆ। ਇਹ ਉੱਥੇ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਦੇਸ਼ ਭਗਤਾਂ ਦੀ ਯਾਦ ਵਿੱਚ ਲਗਾਏ ਜਾਣ ਵਾਲੇ ਮੇਲੇ ਦਾ ਸੱਦਾ ਪੱਤਰ ਸੀ। ਵਿਦੇਸ਼ਾਂ ਵਿੱਚ ਪਹੁੰਚ ਕੇ ਵੀ ਆਪਣੀ ਧਰਤੀ ਤੇ ਆਪਣੇ ਵਿਰਸੇ ਨਾਲ ਸਾਂਝ ਦਿਲ ਨੂੰ ਸੁਖਦ ਅਹਿਸਾਸ ਦੇ ਗਈ। ਮਨ ’ਤੇ ਨਾਨਾ ਜੀ ਦੇ ਬੋਲਾਂ ਨੇ ਦਸਤਕ ਦਿੱਤੀ, ‘ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ, ਦੇਸ਼ ਭਗਤਾਂ ਦੀ ਸੋਚ ਲੋਕਾਂ ਤੱਕ ਲੈ ਕੇ ਜਾਣਾ ਤੇ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹਿਣਾ ਮਨੁੱਖ ਦੇ ਜਿਊਂਦੇ ਜਾਗਦੇ ਹੋਣ ਦੀ ਪਛਾਣ ਬਣਦਾ ਹੈ।’
ਜਹਾਜ਼ ਨੇ ਉਡਾਣ ਭਰੀ ਤਾਂ ਆਲੇ-ਦੁਆਲੇ ਬੈਠੇ ਸਾਥੀ ਮੁਸਾਫ਼ਿਰਾਂ ਵੱਲ ਧਿਆਨ ਗਿਆ। ਆਪਸ ਵਿੱਚ ਗੱਲਾਂ ਕਰਦੇ, ਹੱਸਦੇ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਉਤਾਵਲੇ ਨਜ਼ਰ ਆਏ। ਕੁਝ ਮੁਸਾਫ਼ਿਰ ਸ਼ਾਂਤਚਿੱਤ ਬੈਠੇ ਪੁਸਤਕਾਂ ਨਾਲ ਸੰਵਾਦ ਰਚਾ ਰਹੇ ਸਨ। ਪੁਸਤਕਾਂ ਨਾਲ ਅਜਿਹਾ ਸਨੇਹ ਮੈਨੂੰ ਬਾਬਾ ਫ਼ਰੀਦ ਆਗਮਨ ਪੁਰਬ ਦੇ ਮੇਲੇ ’ਤੇ ਲੈ ਗਿਆ। ਫ਼ਰੀਦਕੋਟ ਦੇ ਡੈਂਟਲ ਕਾਲਿਜ ਵਿੱਚ ਪੜ੍ਹਦਿਆਂ ਚਾਰ ਸਾਲ ਮੈਂ ਮਾਲਵੇ ਦੇ ਉਸ ਪ੍ਰਸਿੱਧ ਮੇਲੇ ਨੂੰ ਨੇੜਿਓਂ ਵੇਖ ਸਕਿਆ ਸਾਂ। ਮੇਲੇ ਵਿਚਲੇ ਖੇਡ ਮੁਕਾਬਲੇ, ਨਾਟਕ ਤੇ ਸਾਹਿਤਕ ਸਮਾਗਮ ਸੁਹਿਰਦ ਲੋਕਾਂ ਦੀ ਪਹਿਲੀ ਪਸੰਦ ਹੁੰਦੇ। ਬਰਜਿੰਦਰਾ ਕਾਲਜ ਵਿੱਚ ਲਗਦਾ ਪੁਸਤਕਾਂ ਦਾ ਮੇਲਾ ਵਿਦਿਆਰਥੀਆਂ, ਪਾਠਕਾਂ, ਅਧਿਆਪਕਾਂ ਤੇ ਲੇਖਕਾਂ ਲਈ ਸੌਗਾਤ ਬਣ ਕੇ ਆਉਂਦਾ। ਇਨ੍ਹਾਂ ਪੁਸਤਕ ਮੇਲਿਆਂ ਦਾ ਰੰਗ ਹੀ ਅਨੋਖਾ ਹੈ- ਪੁਸਤਕਾਂ ਨਾਲ ਸੰਵਾਦ ਕਰਦੇ, ਮਿਲਦੇ-ਗਿਲਦੇ, ਹੱਸਦੇ ਤੇ ਗੱਲਾਂ ਕਰਦੇ ਸਾਹਿਤ ਪ੍ਰੇਮੀ। ਅਕਸਰ ਇਨ੍ਹਾਂ ਮੌਕਿਆਂ ’ਤੇ ਲੇਖਕਾਂ ਨਾਲ ਰੂਬਰੂ ਹੋਣ ਦਾ ਮੌਕਾ ਪੜ੍ਹਨ ਦੀ ਚੇਟਕ ਹੋਰ ਡੂੰਘੀ ਕਰ ਜਾਂਦਾ ਹੈ।
ਆਗਮਨ ਪੁਰਬ ਵਾਲੇ ਦਿਨਾਂ ਵਿੱਚ ਡੈਂਟਲ ਕਾਲਜ ਦਾ ਮਾਹੌਲ ਹੀ ਵੱਖਰਾ ਹੁੰਦਾ। ਬਾਹਰਲੇ ਰਾਜਾਂ ਤੋਂ ਆਏ ਵਿਦਿਆਰਥੀ ਇਨ੍ਹਾਂ ਦਿਨਾਂ ਦੌਰਾਨ ਉੱਥੇ ਜੁੜੀ ਸੰਗਤ ਨੂੰ ਵੇਖ ਪੰਜਾਬੀਆਂ ਦੀ ਸਭਿਆਚਾਰ ਤੇ ਵਿਰਸੇ ਪ੍ਰਤੀ ਬੇਪਨਾਹ ਮੁਹੱਬਤ ਤੋਂ ਸਦਕੇ ਜਾਂਦੇ। ਸਾਡੇ ਪ੍ਰਿੰਸੀਪਲ ਆਖਦੇ ਸਨ, ‘‘ਲੋਕਾਂ ਨੂੰ ਜੀਵਨ ਦਾ ਸਹੀ ਰਾਹ ਵਿਖਾਉਣ ਵਾਲੇ ਬਾਬਾ ਫ਼ਰੀਦ ਜਿਹੇ ਸੂਫ਼ੀ, ਦਰਵੇਸ਼ ਕਵੀ, ਦੇਸ਼ ਭਗਤ ਤੇ ਦੇਸ਼ ਲਈ ਮਰ ਮਿਟਣ ਵਾਲੇ ਸ਼ਹੀਦ ਸਦਾ ਲਈ ਅਮਰ ਹੋ ਜਾਂਦੇ ਹਨ। ਜਿਊਂਦੇ ਜੀਅ ਆਪਣੇ ਕਰਮ ਨਾਲ ਤੇ ਮੌਤ ਮਗਰੋਂ ਆਪਣੀ ਦੇਣ ਸਦਕਾ ਉਹ ਸਦਾ ਲਈ ਲੋਕਾਂ ਦੇ ਮਨਾਂ ਵਿੱਚ ਵਸ ਜਾਂਦੇ ਹਨ। ਜਿਊਣ ਦਾ ਸਹੀ ਉਦੇਸ਼ ਆਉਣ ਵਾਲੀਆਂ ਪੀੜ੍ਹੀਆਂ ਦਾ ਰਾਹ ਰੁਸ਼ਨਾਉਣਾ ਹੀ ਹੋਣਾ ਚਾਹੀਦਾ ਹੈ।’’
ਬੋਸਟਨ ਪਹੁੰਚ ਕੇ ਆਪਣੀ ਰਿਹਾਇਸ਼ ਵੱਲ ਰੁਖ਼ ਕੀਤਾ। ਅਗਲੇ ਦਿਨ ਯੂਨੀਵਰਸਿਟੀ ਵਿੱਚ ਛੁੱਟੀ ਹੋਣ ਕਰਕੇ ਸ਼ਹਿਰ ਦੀ ਲਾਇਬਰੇਰੀ ਦਾ ਪਤਾ ਲਾਇਆ। ਉੱਥੇ ਪਹੁੰਚਿਆ ਤਾਂ ਬਹੁ-ਮੰਜ਼ਿਲੀ ਸੁੰਦਰ ਇਮਾਰਤ ਵੇਖਣ ਨੂੰ ਮਿਲੀ। ਇਹ ਇੰਜੀਨੀਅਰਿੰਗ ਤੇ ਆਰਕੀਟੈਕਚਰ ਦੀ ਅਨੋਖੀ ਮਿਸਾਲ ਹੈ। ਇਮਾਰਤ ਦੇ ਬਾਹਰ ਸੈਲਾਨੀਆਂ ਦੀ ਭੀੜ ਸੀ। ਇਹ ਸਭ ਲਾਇਬਰੇਰੀ ਦੀ ਇਮਾਰਤ ਵਿੱਚ ਬਣੀ ਆਰਟ ਗੈਲਰੀ ਵੇਖਣ ਆਏ ਸਨ। ਅਮਰੀਕਾ ਦੇ ਹੋਰਨਾਂ ਰਾਜਾਂ ਤੇ ਵਿਦੇਸ਼ ਤੋਂ ਆਏ ਸੈਲਾਨੀ ਗੈਲਰੀ ਵਿੱਚ ਲੱਗੀਆਂ ਮੂੰਹੋਂ ਬੋਲਦੀਆਂ ਕਲਾਕ੍ਰਿਤਾਂ ਵੇਖਦਿਆਂ ਆਨੰਦ ਮਾਣ ਰਹੇ ਸਨ। ਅੰਦਰ ਲਾਇਬਰੇਰੀ ਹਾਲ ਵਿਦਿਆਰਥੀਆਂ ਤੇ ਸਾਹਿਤ ਪ੍ਰੇਮੀਆਂ ਨਾਲ ਭਰਿਆ ਮਿਲਿਆ। ਸਾਹਿਤ, ਕਲਾ ਤੇ ਜ਼ਿੰਦਗੀ ਦੀ ਸਾਂਝ ਦਾ ਅਜਿਹਾ ਦ੍ਰਿਸ਼ ਮਨ ਨੂੰ ਅਸੀਮ ਖ਼ੁਸ਼ੀ ਨਾਲ ਭਰ ਗਿਆ।
ਮਨ ਨੂੰ ਅਹਿਸਾਸ ਹੋਇਆ, ਗਿਆਨ ਤੇ ਚੇਤਨਾ ਜ਼ਿੰਦਗੀ ਦੀ ਸ਼ਾਹ ਰਗ ਹੈ ਜੋ ਹਰ ਮੰਜ਼ਿਲ ’ਤੇ ਪਹੁੰਚਣ ਵਿੱਚ ਸਾਡਾ ਮਾਰਗ ਦਰਸ਼ਨ ਕਰਦੀ ਹੈ। ਇਹ ਸਾਨੂੰ ਅੱਗੇ ਵਧਣ ਲਈ ਪ੍ਰੇਰਦੀ ਹੈ ਤੇ ਇਸ ਦਾ ਰਾਹ ਸਾਹਿਤ ਤੇ ਕਲਾ ਵਿੱਚੋਂ ਹੋ ਕੇ ਗੁਜ਼ਰਦਾ ਹੈ। ਸਾਹਿਤ ਜਿੱਥੇ ਸਾਨੂੰ ਦੇਸ਼ ਦੁਨੀਆ ਦੀ ਸੈਰ ਕਰਵਾਉਂਦਾ ਹੈ, ਉੱਥੇ ਹੀ ਸਾਡੀ ਵਿਰਾਸਤ ਨਾਲ ਵੀ ਜੋੜਦਾ ਹੈ। ਇਹ ਸਾਨੂੰ ਧਰਤੀ ਮਾਂ ਦੇ ਕਲਾਵੇ ਵਿੱਚ ਲਿਆ ਬਿਠਾਉਂਦਾ ਹੈ। ਦੂਜੇ ਪਾਸੇ ਕਲਾ ਜ਼ਿੰਦਗੀ ਦੀ ਬੁੱਕਲ ਨੂੰ ਸੁਹਜ, ਸਿਆਣਪ ਤੇ ਸਫ਼ਲਤਾ ਦੇ ਚਾਨਣ ਨਾਲ ਰੌਸ਼ਨ ਕਰਦੀ ਹੈ ਤੇ ਮਨੁੱਖ ਨੂੰ ਜਿਊਣਾ ਸਿਖਾਉਂਦੀ ਹੈ। ਇਹ ਸਾਨੂੰ ਰਾਹ ਵਿਚਲੀ ਹਰ ਔਕੜ ਨਾਲ ਨਜਿੱਠਣ ਦਾ ਗੁਰ ਸਮਝਾਉਂਦੀ ਹੈ। ਕਲਾ ਸਾਡੇ ਮਨ ਦੇ ਹਨੇਰੇ ਕੋਨਿਆਂ ਲਈ ਪਹੁ-ਫੁਟਾਲਾ ਬਣ ਕੇ ਆਉਂਦੀ ਹੈ।
ਦੇਸ਼ ਦੁਨੀਆ ਦੇ ਵਿਦਿਆਰਥੀਆਂ ਦੀ ਸੰਗਤ ਮਾਣਨ ਦਾ ਇਹ ਅਵਸਰ ਨਿਵੇਕਲਾ ਸੀ। ਰੁੱਖਾਂ ਤੇ ਫੁੱਲ ਬੂਟਿਆਂ ਵਿੱਚ ਘਿਰੇ ਪੜ੍ਹਨ ਵਾਲੇ ਕਮਰੇ ਤੇ ਚੁਫ਼ੇਰੇ ਪਸਰੀ ਸ਼ਾਂਤੀ। ਪੜ੍ਹਾਉਣ ਵਾਲੇ ਉੱਚ ਕੋਟੀ ਦੇ ਖੋਜੀ ਤੇ ਵਿਦਵਾਨ। ਮਨੁੱਖ ਦਾ ਆਪਣੀ ਜ਼ਿੰਦਗੀ ਵਿੱਚ ਪਰਿਵਾਰ, ਸਕੂਲ ਤੇ ਅਧਿਆਪਕਾਂ ਨਾਲ ਸਾਂਝ ਦਾ ਪੜਾਅ ਪਹਿਲਾ ਹੈ। ਗਿਆਨ ਹਾਸਲ ਕਰਨ ਦੇ ਸਫ਼ਰ ਵਿੱਚ ਜਦੋਂ ਮਨੁੱਖ ਦਾ ਵਾਹ ਪੁਸਤਕਾਂ, ਗਿਆਨ ਲਈ ਉਤਸੁਕ ਖੋਜੀਆਂ ਤੇ ਸੂਝਵਾਨ ਵਿਦਵਾਨਾਂ ਨਾਲ ਪੈਂਦਾ ਹੈ ਤਾਂ ਸਿੱਖਿਆ ਹਾਸਲ ਕਰਨ ਦਾ ਅਮਲ ਹੋਰ ਰਵਾਨੀ ਫੜ ਲੈਂਦਾ ਹੈ। ਪਹਿਲਾਂ ਗਿਆਨ ਪ੍ਰਾਪਤੀ ਤੇ ਮਗਰੋਂ ਕਿਰਤ ਮਨੁੱਖ ਨੂੰ ਜ਼ਿੰਦਗੀ ਵਿੱਚ ਆਉਣ ਵਾਲੀ ਹਰ ਮੁਸੀਬਤ ਨਾਲ ਨਜਿੱਠਣ ਦਾ ਬਲ ਦਿੰਦੀ ਹੈ। ਸਭਨਾਂ ਭੇਦ ਵਿਤਕਰਿਆਂ ਨੂੰ ਮਿਟਾ ਬਰਾਬਰੀ ਤੇ ਖੁਸ਼ਹਾਲੀ ਦਾ ਪ੍ਰਤੀਕ ਬਣੀ ਇਹ ਸੁਵੱਲੀ ਸਾਂਝ ਚੰਗੇਰੇ ਭਵਿੱਖ ਦਾ ਰਾਹ ਹੈ।
ਈ-ਮੇਲ: drashmeet98@gmail.com

