ਭਲੇ ਦਿਨ ਭੋਲ਼ੇ ਲੋਕ
ਸਿਆਣੇ ਕਹਿੰਦੇ ਹਨ, ਜ਼ਮਾਨੇ ਨਾਲ ਲੋਕ ਬਦਲਦੇ ਤੇ ਲੋਕਾਂ ਨਾਲ ਜ਼ਮਾਨਾ। ਜਿਸ ਤਰ੍ਹਾਂ ਸੱਪ ਲਈ ਕੁੰਜ ਉਤਾਰਨੀ ਜ਼ਰੂਰੀ ਹੋ ਜਾਂਦੀ, ਉਸੇ ਤਰ੍ਹਾਂ ਸਮੇਂ ਲਈ ਕਰਵਟ ਬਦਲਣੀ ਜ਼ਰੂਰੀ ਹੋ ਜਾਂਦੀ ਹੈ। ਛੱਪੜਾਂ, ਟੋਭਿਆਂ ਵਿੱਚ ਖੜ੍ਹਾ ਪਾਣੀ ਬਦਬੂ ਮਾਰਨ ਲੱਗ ਜਾਂਦਾ ਅਤੇ ਦਰਿਆਵਾਂ ਦਾ ਵਗਦਾ ਪਾਣੀ ਹਮੇਸ਼ਾ ਤਰੋ-ਤਾਜ਼ਾ ਰਹਿੰਦਾ। ਇਹ ਸਭ ਕੁਝ ਕੁਦਰਤੀ ਨੇਮ ਅਧੀਨ ਵਾਪਰਦਾ। ਪੁਰਾਣੇ ਵੇਲਿਆਂ ਨੂੰ ਕੁਝ ਲੋਕ ‘ਭਲੇ ਦਿਨ’ ਕਹਿ ਕੇ ਯਾਦ ਕਰਦੇ ਹਨ।
ਉਨ੍ਹਾਂ ਦਿਨਾਂ ਵਿੱਚ ਪਿੰਡਾਂ ਦੇ ਘਰਾਂ ਦੀਆਂ ਕੰਧਾਂ ਭਿੱਤਾਂ ਦੀਆਂ ਹੁੰਦੀਆਂ ਸਨ। ਛੱਤਾਂ ਘਾਹ-ਫੂਸ ਦੀਆਂ। ਹੇਠਾਂ ਅਣ-ਘੜੇ ਸ਼ਤੀਰ ਤੇ ਵਿੰਗੀਆਂ ਟੇਢੀਆਂ ਕੜੀਆਂ। ਬਰਸਾਤਾਂ ਵਿੱਚ ਇਹੋ ਜਿਹੀਆਂ ਛੱਤਾਂ ਚੋਣੀਆਂ ਆਮ ਗੱਲ ਸੀ। ਜਦੋਂ ਰਾਤ ਨੂੰ ਛੱਤਾਂ ਚੋਣੀਆਂ ਤਾਂ ਅਸੀਂ ਕਿਤੇ ਥਾਲ਼ੀ, ਕਿਤੇ ਪਰਾਤ, ਕਿਤੇ ਛੰਨਾ ਤੇ ਕਿਤੇ ਬਾਲਟੀ ਰੱਖ ਦਿੰਦੇ। ਪਾਣੀ ਟਪਕਣ ਨਾਲ ਹਰ ਭਾਂਡੇ ਵਿੱਚੋਂ ਵੱਖਰੀ-ਵੱਖਰੀ ਤਰ੍ਹਾਂ ਦੀ ਟੰਨ-ਟੰਨ ਦੀ ਆਵਾਜ਼ ਆਉਂਦੀ। ਘਰ ਦੇ ਸਾਰੇ ਜੀਅ ਇਸ ਟੰਨ-ਟੰਨ ਤੋਂ ਦੁਖੀ ਹੁੰਦੇ ਪਰ ਮੈਨੂੰ ਇੰਝ ਲਗਦਾ ਸੀ ਜਿਵੇਂ ਸੰਗੀਤ ਹੋਵੇ। ਮੇਰੀ ਇਹ ਗੱਲ ਸੁਣ ਕੇ ਘਰ ਕਹਿੰਦੇ, “ਇਹ ਚੰਦਰਾ ਇਹੀ ਚਾਹੁੰਦਾ ਕਿ ਹਰ ਰੋਜ਼ ਕੋਠਾ ਚੋਵੇ।”
ਭਾਰਤ ਪਾਕਿਸਤਾਨ ਦੀ ਦੂਜੀ ਜੰਗ ਤੋਂ ਬਾਅਦ ਛੋਟੇ ਰੇਡੀਓ (ਟਰਾਂਜਿਸਟਰ) ਚੱਲ ਪਏ। ਖਬਰਾਂ ਤੇ ਗੀਤ ਸੁਣਨ ਲਈ ਪਿੰਡਾਂ/ਸ਼ਹਿਰਾਂ ਦੇ ਲੋਕ ਧੜਾ-ਧੜ ਟਰਾਂਜਿਸਟਰ ਖਰੀਦਣ ਲੱਗੇ। ਰਿਸ਼ਤੇਦਾਰੀਆਂ ਵਿੱਚ, ਵਿਆਹ-ਸ਼ਾਦੀ ਵਿੱਚ ਜਾਣ ਵੇਲੇ ਲੋਕ ਅਕਸਰ ਹੱਥਾਂ ਵਿੱਚ ਟਰਾਂਜਿਸਟਰ ਵਜਾਉਂਦੇ ਹੀ ਜਾਂਦੇ। ਇਸ ਤੋਂ ਪਹਿਲਾਂ ਸਰਦੇ-ਪੁੱਜਦੇ ਘਰਾਂ ਵਿੱਚ ਟਰੰਕਾਂ ਵਰਗੇ ਵੱਡੇ ਆਕਾਰ ਦੇ ਰੇਡੀਓ ਹੁੰਦੇ ਸਨ। ਸਵਿੱਚ ਦਬਾਉਣ ਤੋਂ ਪੰਦਰਾਂ-ਵੀਹ ਮਿੰਟਾਂ ਬਾਅਦ ਉਸ ਵਿੱਚੋਂ ਭਾਰੀ ਜਿਹੀ ਆਵਾਜ਼ ਵਾਲੇ ਕਿਸੇ ਬੰਦੇ ਦੇ ਬੋਲਣ ਦੀ ਆਵਾਜ਼ ਆਉਂਦੀ। ਇੱਕ ਦਿਨ ਮੈਂ ਆਪਣੇ ਦੋਸਤ ਦੇ ਘਰ ਰੇਡੀਓ ਸੁਣਨ ਚਲਾ ਗਿਆ। ਉਸ ਦੀ ਮਾਂ ਨੂੰ ਪੁੱਛਿਆ, “ਚਾਚੀ ਜੀ, ਇਹ ਰੇਡੀਓ ਐਨੀ ਦੇਰ ਬਾਅਦ ਕਿਉਂ ਬੋਲਦੈ...।” ਸਿੱਧੀ-ਸਾਦੀ ਅਨਪੜ੍ਹ ਚਾਚੀ ਨੇ ਅੰਦਾਜ਼ਾ ਜਿਹਾ ਲਾ ਕੇ ਕਿਹਾ, “ਮੈਨੂੰ ਤਾਂ ਇਉਂ ਲੱਗਦਾ ਪੁੱਤ, ਬਈ ਜਦੋਂ ਅਸੀਂ ਬਟਨ ਘੁਮਾਉਂਦੇ ਆਂ, ਉਦੋਂ ਭਾਈ ਉਠਦੈ, ਫਿਰ ਤਿਆਰ ਹੁੰਦੈ... ਫਿਰ ਕੁਰਸੀ ’ਤੇ ਬੈਠਦੈ, ਇਸ ਕਰ ਕੇ ਸ਼ਾਇਦ ਟੈਮ ਲੱਗ ਜਾਂਦਾ ਹੋਵੇ।”
ਪਿੰਡ ਦਾ ਦਿੱਲੀ ਰਹਿੰਦਾ ਇੱਕ ਬੰਦਾ ਪਿੰਡ ਆਉਣ ਵੇਲੇ ਟਰਾਂਜਿਸਟਰ ਲੈ ਆਇਆ। ਉਹਨੇ ਆਉਂਦਿਆਂ ਹੀ ਉੱਚੀ ਆਵਾਜ਼ ਵਿੱਚ ਰੇਡੀਓ ਲਾ ਕੇ ਵਿਹੜੇ ਵਿੱਚ ਰੱਖ ਦਿੱਤਾ। ਇੱਕ ਦੂਜੇ ਤੋਂ ਸੁਣ-ਸੁਣਾ ਕੇ ਪਿੰਡ ਦੇ ਲੋਕ ਰੇਡੀਓ ਦੇਖਣ ਉਹਦੇ ਵਿਹੜੇ ਵਿੱਚ ਇਕੱਠੇ ਹੋ ਗਏ। ਕੋਈ ਉਹਨੂੰ ਅੱਗਿਓਂ ਦੇਖੇ, ਕੋਈ ਪਿੱਛਿਓਂ। ਬਹੁਤੇ ਨਿਆਣੇ ਪਿੱਛੋਂ ਮੋਰੀਆਂ ’ਚੋਂ ਝਾਤੀ ਮਾਰ ਕੇ ਇੱਕ ਦੂਜੇ ਨੂੰ ਹੈਰਾਨੀ ਪੁੱਛਦੇ ਰਹੇ, “ਯਾਰ ਇਹ ਨ੍ਹੀਂ ਪਤਾ ਲਗਦਾ ਕਿ ਗੌਣ ਆਲੇ ਬੰਦੇ ਕਿੱਥੇ ਬੈਠੇ ਐ...।” ਉਹ ਰੇਡੀਓ ਰਾਤ ਪੈਣ ਤੱਕ ਵੱਜਦਾ ਰਿਹਾ, ਗੀਤ ਚਲਦੇ ਰਹੇ। ਰੋਟੀ ਖਾਣ ਵੇਲੇ ਉਹਦੀ ਮਾਂ ਨੇ ਰੇਡੀਓ ਦੇ ਪਿੱਛੋਂ ਆਵਾਜ਼ ਮਾਰ ਕੇ ਕਿਹਾ, “ਪੁੱਤ ਬੱਸ ਕਰੋ, ਤੁਸੀਂ ਵੀ ਰੋਟੀ-ਟੁੱਕ ਖਾਓ ਤੇ ਸੌਂ ਜਾਓ।” ਜਦੋਂ ਕਾਫੀ ਦੇਰ ਤੱਕ ਰੇਡੀਓ ਬੰਦ ਨਾ ਹੋਇਆ ਤਾਂ ਮਾਤਾ ਗੁੱਸੇ ਨਾਲ ਬੋਲੀ, “ਭੌਂਕੀ ਜਾਓ ਫਿਰ... ਖਸਮਾਂ ਨੂੰ ਖਾਣੇ...।”
ਉਦੋਂ ਗਰੀਬੀ ਦਾਆਵੇ ਵਾਲੇ ਦਿਨ ਸਨ। ਲੋਕਾਂ ਕੋਲ ਨਾ ਪੈਸਾ ਸੀ, ਨਾ ਬੈਂਕ। ਘਰ ਦਾ ਸਾਰਾ ਬੈਂਕ ਬੈਲੇਂਸ ਘਰ ਦੀਆਂ ਸੁਆਣੀਆਂ ਚੁੰਨੀ ਦੇ ਲੜ ਨਾਲ ਬੰਨ੍ਹੀ ਰੱਖਦੀਆਂ। ਸੁਆਣੀਆਂ ਘਰ ਦੇ ਗਹਿਣੇ-ਗੱਟੇ ਕਿਸੇ ਲਾਲ ਕੱਪੜੇ ’ਚ ਬੰਨ੍ਹ ਕੇ ਪਿੱਤਲ ਦੀ ਗੜਵੀ ਵਿੱਚ ਪਾ ਕੇ ਸੰਦੂਕ ਦੀ ਕਿਸੇ ਨੁੱਕਰੇ ਕੱਪੜਿਆਂ ਹੇਠ ਲਕੋ ਕੇ ਰੱਖ ਦਿੰਦੀਆਂ। ਕੱਪੜੇ ਰੱਖਣ ਲਈ ਨਾ ਗੋਦਰੇਜ ਦੀਆਂ ਅਲਮਾਰੀਆਂ ਸਨ ਤੇ ਨਾ ਹੈਂਗਰ। ਲੰਮੇ ਬਾਂਸ ਦੇ ਡੰਡੇ ਨੂੰ ਦੋਹਾਂ ਸਿਰਿਆਂ ’ਤੇ ਲੰਮੀਆਂ ਰੱਸੀਆਂ ਬੰਨ੍ਹ ਕੇ ਕੰਧ ਦੇ ਦੋਹੀਂ ਪਾਸੀ ਕਿੱਲਾਂ ਗੱਡ ਕੇ ਬੰਨ੍ਹ ਦਿੱਤਾ ਜਾਂਦਾ ਜਿਸ ਨੂੰ ‘ਬਿਲਿੰਗ’ ਕਹਿੰਦੇ ਸਨ। ਸਾਰੇ ਕੱਪੜੇ ਇਸ ਬਿਲਿੰਗ ’ਤੇ ਹੀ ਟੰਗੇ ਜਾਂਦੇ।
ਪਿੰਡ ਦੀ ਜ਼ਮੀਨ ਮਾਰੂ ਸੀ। ਪਿੰਡਾਂ ਵਿੱਚ ਗਰੀਬੀ ਦਾ ਪਹਿਰਾ ਸੀ। ਕੁਝ ਲੋਕ ਡੰਗਰ-ਪਸ਼ੂ ਵੇਚ ਕੇ ਗੁਜ਼ਾਰਾ ਕਰਦੇ ਸਨ। ਵਿਰਲਾ-ਟਾਵਾਂ ਬੰਦਾ ਫੌਜ ਅਤੇ ਪੁਲੀਸ ਵਿੱਚ ਨੌਕਰ ਸੀ। ਉਸ ਜ਼ਮਾਨੇ ਵਿੱਚ ਇੱਕ ਰੁਪਏ, ਦਸ ਰੁਪਏ ਅਤੇ ਸਭ ਤੋਂ ਵੱਡਾ ਨੋਟ ਸੌ ਰੁਪਏ ਦਾ ਹੁੰਦਾ ਸੀ। ਦਸ ਦਾ ਨੋਟ ਕਿਸੇ ਅਚਨਚੇਤੀ ਬਿਪਤਾ ਨਾਲ ਨਜਿੱਠਣ ਲਈ ਕਾਫੀ ਹੁੰਦਾ ਸੀ।
ਸੌ ਦੇ ਨੋਟ ਦਾ ਤਾਂ ਕਹਿਣਾ ਹੀ ਕੀ ਸੀ! ਕਿਸੇ ਸਰਦੇ ਪੁੱਜਦੇ ਬੰਦੇ ਦੇ ਘਰ ਹੀ ਇਸ ਦਾ ਨਿਵਾਸ ਹੁੰਦਾ ਸੀ। ਉਨ੍ਹੀਂ ਦਿਨੀਂ ਜੇ ਕਿਸੇ ਨੇ ਸੌ ਦਾ ਨੋਟ ਤੁੜਵਾਉਣਾ ਹੋਵੇ ਤਾਂ ਸ਼ਹਿਰ ਵਿੱਚ ਦਸ ਦੁਕਾਨਾਂ ’ਤੇ ਘੁੰਮਣਾ ਪੈਂਦਾ ਸੀ।
ਸਾਡੇ ਪਿੰਡ ਦੇ ਠੇਕੇਦਾਰ ਕਹਾਉਂਦੇ ਸਰਦਾਰ ਨੇ ਆਪਣੇ ਮੁੰਡੇ ਦੇ ਵਿਆਹ ਮੌਕੇ ਕੁੜਮਾਂ ਨੂੰ ਖੱਟ ਦਿਖਾਉਣ ਵੇਲੇ ਗਹਿਣਿਆਂ ਨਾਲ ਸੌ ਦਾ ਨੋਟ ਰੱਖਣ ਦਾ ਫ਼ੈਸਲਾ ਕਰ ਲਿਆ। ਠੇਕੇਦਾਰ ਨੇ ਮੁੰਡੇ ਦੇ ਵਿਆਹ ਦੀ ਖੁਸ਼ੀ ਵਿੱਚ ਇੰਨੀ ਸ਼ਰਾਬ ਪੀ ਲਈ ਕਿ ਸੌ ਦਾ ਨੋਟ ਕਿਤੇ ਰਸਤੇ ਵਿੱਚ ਡਿੱਗ ਪਿਆ। ਮੌਕੇ ’ਤੇ ਜਦੋਂ ਜੇਬ੍ਹ ਵਿੱਚੋਂ ਸੌ ਦਾ ਨੋਟ ਨਾ ਨਿਕਲਿਆ ਤਾਂ ਸਰਦਾਰ ਪਾਣੀ-ਪਾਣੀ ਹੋ ਗਿਆ। ਸ਼ਰਮਸਾਰ ਹੋਇਆਂ ਉਹਨੇ ਰੱਜ ਕੇ ਸ਼ਰਾਬ ਪੀ ਲਈ ਤੇ ਵਾਪਸ ਮੁੜਨ ਵੇਲੇ ਰਾਹ ਵਿੱਚ ਪੈਂਦੇ ਖੂਹ ਵਿੱਚ ਛਾਲ ਮਾਰ ਦਿੱਤੀ।
... ਪਿੰਡ ਦਾ ਇਹ ਸ਼ਖ਼ਸ ਜੇ ਅੱਜ ਪਿੰਡ ਦਾ ਗੇੜਾ ਲਾਵੇ ਤਾਂ ਉਹ ਇਹ ਦੇਖ ਕੇ ਹੈਰਾਨ ਹੋ ਜਾਵੇ ਕਿ ਜਿਸ ਸੌ ਰੁਪਏ ਪਿੱਛੇ ਉਹਨੇ ਆਪਣੀ ਜਾਨ ਗੁਆਈ, ਉਸ ਦੇ ਅੱਜ ਬਾਜ਼ਾਰ ਵਿੱਚ ਕਿਲੋ ਛੋਲੇ ਵੀ ਨਹੀਂ ਆਉਂਦੇ ਅਤੇ ਭਿਖਾਰੀ ਸੌ ਰੁਪਈਆ ਲੈ ਕੇ ‘ਥੈਂਕ ਯੂ’ ਵੀ ਨਹੀਂ ਕਹਿੰਦਾ।
ਸੰਪਰਕ: 88378-08371