ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਾਵੋ ਨੀ ਕੋਈ ਮੋੜ ਲਿਆਵੋ...

ਦੀਪ ਦੇਵਿੰਦਰ ਸਿੰਘ ਰਾਤ ਦੀ ਲੱਥੀ ਕਿਣ-ਮਿਣ ਸਵੇਰ ਹੋਣ ਤੱਕ ਵੀ ਜਾਰੀ ਸੀ। ਉੱਚੀਆਂ ਨੀਵੀਂਆਂ ਛੱਤਾਂ ਦੇ ਪਰਨਾਲਿਆਂ ’ਚੋਂ ਲਗਾਤਾਰ ਡਿੱਗਦਾ ਪਾਣੀ ਮੀਂਹ ਦੀ ਇਕਸਾਰਤਾ ਦੀ ਹਾਮੀ ਭਰ ਰਿਹਾ ਸੀ। ਸਵੇਰੇ ਤੜਕੇ ਘਰੋਂ ਨਿਕਲੇ ਅਸੀਂ ਚਹੁੰ ਜਣਿਆਂ ਨੇ ਵਾਹਵਾ ਪੈਂਡਾ...
Advertisement

ਦੀਪ ਦੇਵਿੰਦਰ ਸਿੰਘ

ਰਾਤ ਦੀ ਲੱਥੀ ਕਿਣ-ਮਿਣ ਸਵੇਰ ਹੋਣ ਤੱਕ ਵੀ ਜਾਰੀ ਸੀ। ਉੱਚੀਆਂ ਨੀਵੀਂਆਂ ਛੱਤਾਂ ਦੇ ਪਰਨਾਲਿਆਂ ’ਚੋਂ ਲਗਾਤਾਰ ਡਿੱਗਦਾ ਪਾਣੀ ਮੀਂਹ ਦੀ ਇਕਸਾਰਤਾ ਦੀ ਹਾਮੀ ਭਰ ਰਿਹਾ ਸੀ। ਸਵੇਰੇ ਤੜਕੇ ਘਰੋਂ ਨਿਕਲੇ ਅਸੀਂ ਚਹੁੰ ਜਣਿਆਂ ਨੇ ਵਾਹਵਾ ਪੈਂਡਾ ਤੈਅ ਕਰ ਲਿਆ ਸੀ। ਰਸਤਾ ਮੇਰੇ ਲਈ ਕੋਈ ਓਪਰਾ ਨਹੀਂ ਸੀ। ਇਸੇ ਰਸਤੇ ਮੈਂ ਛੋਟੇ ਹੁੰਦਿਆਂ ਭੂਆ ਦੇ ਪਿੰਡ ਕਈ ਵਾਰੀ ਗਿਆ ਸਾਂ।

Advertisement

ਨਵੇਂ ਬਣੇ ਬਾਈਪਾਸ ’ਤੇ ਚੜ੍ਹਦੇ ਸਾਰ ਭੂਆ ਦਾ ਪਿੰਡ ਖੱਬੇ ਹੱਥ ਰਹਿ ਗਿਆ ਸੀ। ਮੈਂ ਉਸ ਪਿੰਡ ਦੀ ਜੂਹ ਵੱਲ ਗਹੁ ਨਾਲ ਝਾਤੀ ਮਾਰਦਾ ਹਾਂ। ਸੋਚ ਕਈ ਵਰ੍ਹੇ ਪਿਛਾਂਹ ਨੂੰ ਸਰਕਦੀ ਹੈ। ਨਿੱਕੇ ਹੁੰਦਿਆਂ ਅਸੀਂ ਅਕਸਰ ਭੂਆ ਦੇ ਪਿੰਡ ਆਉਂਦੇ ਸਾਂ। ਭੂਆ ਆਪਣੇ ਨੀਵੇਂ ਜਿਹੇ ਘਰ ਦੀਆਂ ਛੱਤਾਂ ’ਤੇ ਖਲੋਤੀ ਸਾਡੀਆਂ ਕੱਛਾਂ ’ਚ ਹੱਥ ਦੇ ਕੇ ਸਾਨੂੰ ਵਾਰੀਵਾਰੀ ਸਿਰ ਤੋਂ ਉਪਰ ਚੁੱਕ ਲੈਂਦੀ ਤੇ ਅੱਡੀਆਂ ਚੁੱਕ ਕੇ ਹੋਰ ਉੱਚੀ ਹੁੰਦਿਆਂ ਰਾਵੀਉਂ ਪਾਰ ਕਰਤਾਰਪੁਰ ਸਾਹਿਬ ਦੇ ਗੁੰਬਦ ਦੇਖਣ ਲਈ ਕਹਿੰਦੀ। ਸਾਹਮਣੇ ਰੁੱਖਾਂ ਦੇ ਸੰਘਣੇ ਝੁੰਡਾਂ ’ਚੋਂ ਧੁੱਪ ਵਿੱਚ ਨਿੰਮ੍ਹਾ-ਨਿੰਮ੍ਹਾ ਚਮਕਦੇ ਗੁੰਬਦ ਕਦੀ-ਕਦੀ ਸਾਡੀ ਨਜ਼ਰੀ ਚੜ੍ਹਦੇ। ਅਸੀਂ ਚਾਂਬਲ-ਚਾਂਬਲ ਇਕ ਦੂਜੇ ਨੂੰ ਦੱਸਦੇ।

ਭੂਆ ਦੇ ਜਿਊਂਦੇ ਜੀਅ ਤਾਂ ਇਹ ਲਾਂਘਾ ਨਾ ਖੁੱਲ੍ਹਿਆ, ਪਰ ਸ਼ਾਇਦ ਉਹਦੇ ਦੋਵੇਂ ਵੇਲੇ ਜੋੜੇ ਹੱਥਾਂ ਦੀ ਸੁਣੀ ਗਈ ਸੀ। ਉਹਦੇ ਪਿੰਡ ਦੀ ਜੂਹ ਪਿੱਛੇ ਰਹਿ ਗਈ ਸੀ ਤੇ ਅਸੀਂ ਨਵੇਂ ਬਣੇ ਕਾਰੀਡੋਰ ਦੇ ਮੁੱਖ ਲਾਂਘੇ ਅੱਗੇ ਜਾ ਖਲੋਤੇ ਸਾਂ। ਪਿਉ-ਦਾਦੇ ਤੋਂ ਜਿਸ ਰਾਵੀ ਕੰਢੇ ਗੁਰੂ ਬਾਬੇ ਦੇ ਜਿਸ ਸਥਾਨ ਬਾਰੇ ਸੁਣਦੇ ਰਹੇ ਸਾਂ, ਉਸ ਰਾਵੀ ਨੂੰ ਪਾਰ ਕਰਦਿਆਂ ਮੇਰਾ ਹਉਕਾ ਨਿਕਲਿਆ ਸੀ। ਬਾਬੇ ਨਾਨਕ ਦੇ ਅੰਤਿਮ ਵੇਲੇ ਉਪਰ ਵਾਲੀ ਚਾਦਰ ਵਾਂਗ ਹੀ ਇਹ ਦਰਿਆ ਵੀ ਅੱਧਾ-ਅੱਧਾ ਵੰਡਿਆ ਗਿਆ ਸੀ। ਸੰਤਾਲੀ ਵਾਲੀ ਵੰਡ ਦੀ ਲਕੀਰ ਇਹਦੇ ਕਲ-ਕਲ ਕਰਦੇ ਚਾਂਦੀ ਰੰਗੇ ਪਾਣੀ ਦੇ ਉੱਪਰੋਂ ਵੀ ਗੁਜ਼ਰੀ ਸੀ। ਸਿਆਣਿਆਂ ਦਾ ਕਥਨ ਕਿ ‘ਪਾਣੀ ’ਤੇ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੁੰਦਾ’, ਮੈਨੂੰ ਝੂਠਾ-ਝੂਠਾ ਜਿਹਾ ਲੱਗਿਆ ਸੀ।

ਸੈਂਕੜੇ ਏਕੜ ’ਚ ਫੈਲਿਆ ਬਾਬੇ ਦਾ ਇਹ ਸਥਾਨ ਮਨ ਨੂੰ ਟੁੰਬਦਾ ਵੀ ਹੈ ਤੇ ਸਕੂਨ ਵੀ ਦਿੰਦਾ। ਬਾਬਾ ਇਨ੍ਹਾਂ ਔੜ ਮਾਰੀਆਂ ਜ਼ਮੀਨਾਂ ਨੂੰ ਸਿੰਜਦਾ ਰਿਹਾ।

ਵੱਤਰ ਆਈ ਭੋਇੰ ’ਤੇ ਹਲ਼ ਵਾਹਿਆ, ਝੋਲੀ ਵਿਚਲੇ ਦਾਣਿਆਂ ਦਾ ਛੱਟਾ ਵਾਹੀ ਜ਼ਮੀਨ ’ਤੇ ਦਿੱਤਾ। ਧਰਤੀ ਮਾਂ ਦੀ ਹਿੱਕ ’ਤੇ ਉੱਗੇ ਰਿਜ਼ਕ ਦੇ ਤੀਲ੍ਹੇ-ਤੀਲ੍ਹੇ ਨੂੰ ਬਾਬੇ ਨੇ ਹੱਥੀਂ ਵੱਢਿਆ ਤੇ ਝਾੜਿਆ-ਝੰਬਿਆ ਸੀ ਅਤੇ ‘ਸਭਨਾ ਜੀਆ ਕਾ ਇਕੁ ਦਾਤਾ’ ਦੇ ਸੰਕਲਪ ਤਹਿਤ ਗਰੀਬ-ਗੁਰਬੇ ਦੀ ਤਲੀ ’ਤੇ ਧਰਦਿਆਂ ਵੰਡ ਕੇ ਛਕਣ ਦਾ ਸੰਦੇਸ਼ ਦਿੱਤਾ ਸੀ। ਗੁਰੂ ਬਾਬੇ ਦੀ ਇਬਾਦਤ ਗਾਹ ’ਤੇ ਦੋਹਾਂ ਪਾਸਿਆਂ ਦੇ ਲੋਕ ਜੁੜੇ ਨੇ। ਇੱਕ-ਦੂਜੇ ਨਾਲ ਗੱਲਾਂ ਕਰਦੇ ਨੇ। ਪਿਆਰ ਦੀਆਂ। ਸਾਂਝ ਦੀਆਂ। ਇੱਧਰੋਂ-ਉਧਰੋਂ ਉੱਜੜ ਗਿਆਂ ਦੀਆਂ ਗੱਲਾਂ। ਖੜ੍ਹੀ ਭੀੜ ਵਿੱਚੋਂ ਝਿਜਕਦਾ-ਝਿਜਕਦਾ ਜਿਹਾ ਇੱਕ ਬਜ਼ੁਰਗ ਮੇਰੇ ਕੋਲ ਆਣ ਖਲੋਂਦਾ। ਕਹਿੰਦਾ- “ਨਾਰੋਵਾਲ ਲਾਗੇ ਕਿਸੇ ਪਿੰਡੋਂ ਆਇਆਂ। ਇੱਧਰੋਂ ਜੰਡਿਆਲੇ ਲਾਗਲੇ ਪਿੰਡੋਂ ਸੰਤਾਲੀ ਵੇਲੇ ਉੱਜੜ ਕੇ ਗਿਆਂ ਆਪਣੇ ਵੱਡੇ ਵਡੇਰਿਆਂ ਨਾਲ।” ਉਹ ਦੱਸਦਾ ਕਿ ਉਹਦੇ ਪਿੰਡ ਦੇ ਇੱਕ ਪਾਸੇ ਰੇਲ ਪਟੜੀ ਸੀ ਤੇ ਇੱਕ ਪਾਸੇ ਵੱਡੀ ਨਹਿਰ, ਜਿਹਦੀ ਪਟੜੀ ਦੇ ਕੰਢੇ-ਕੰਢੇ ਉਹ ਆਪਣੇ ਹਾਣੀਆਂ ਨਾਲ ਮਾਲ-ਡੰਗਰ ਚਾਰਦਾ ਰਿਹਾ ਸੀ। ਥੋੜ੍ਹਾ ਨੇੜੇ ਹੁੰਦਿਆਂ ਕਹਿੰਦਾ- “ਆਪਣੀ ਜਨਮ ਭੋਇੰ ਦੇਖਣ ਦੀ ਤਾਂਘ ਐ ਦਿਲ ਵਿੱਚ।” ਪਿੱਛੇ ਦੋ ਕੋਠੜੀਆਂ ਤੇ ਅੱਗੇ ਦਲਾਨ ਵਾਲਾ ਘਰ ਸੀ ਉਨ੍ਹਾਂ ਦਾ। ਆਪਣੇ ਘਰ ਨੂੰ ਮੁੜਦੀ ਉਹ ਖਰਾਸੀਆਂ ਵਾਲੀ ਗਲੀ ਦੀ ਮਿੱਟੀ ਮੱਥੇ ਨੂੰ ਲਾਉਣ ਲਈ ਚਿੱਤ ਤਰਸਦਾ ਜਿਹਦੇ ਇੱਕ ਖੂੰਜੇ ’ਚ ਖੂਹੀ ਸੀ, ਜਿੱਥੋਂ ਸਾਰੇ ਰਲ ਕੇ ਪਾਣੀ ਪੀਂਦੇ ਸਨ।

ਮੈਂ ਉਸ ਬਜ਼ੁਰਗ ਵੱਲ ਨਿਗ੍ਹਾ ਭਰ ਕੇ ਦੇਖਦਾਂ। ਉਹਦੀਆਂ ਅੱਖਾਂ ਨਮ ਨੇ। ਚਿਹਰੇ ’ਤੇ ਉੱਭਰ ਆਈਆਂ ਝੁਰੜੀਆਂ ਹੋਰ ਗਹਿਰੀਆਂ ਹੋ ਗਈਆਂ। ਉਹਦੇ ਬਿਰਧ ਚਿਹਰੇ ’ਤੇ ਹੇਰਵਾ ਅਤੇ ਅੱਖਾਂ ’ਚ ਵਿਚਾਰਗੀ ਹੈ। ਮੇਰਾ ਮਨ ਭਰ ਆਉਂਦੈ। ਮੈਂ ਹੌਲੀ ਜਿਹੀ ਕਹਿੰਨਾ- “ਬਾਬਾ ਪੌਣੀ ਸਦੀ ਲੰਘਗੀ ਉਨ੍ਹਾਂ ਵੇਲਿਆਂ ਨੂੰ। ਨਾ ਉਹ ਪਿੰਡ ਰਹੇ ਹੁਣ ਤੇ ਨਾ ਹੀ ਤੇਰੇ ਵੇਲਿਆਂ ਦੇ ਉਹ ਲੋਕ ਰਹੇ ਐ।” ਬਾਬਾ ਮੈਨੂੰ ਅੱਧ ਵਿਚਾਲਿਓਂ ਟੋਕਦਿਆਂ ਕਹਿੰਦਾ, “ਪਾੜ੍ਹਿਆ ਮੈਨੂੰ ਪਤੈ ਪਿੰਡ ਬਦਲ ਗਏ ਹੋਣਗੇ, ਘਰ-ਕੋਠੇ ਵੀ ਉਦੋਂ ਵਾਲੇ ਨਹੀਂ ਹੋਣਗੇ। ਉਹੋ ਜਿਹੇ ਲੋਕ ਵੀ ਹੁਣ ਨਹੀਂ ਹੋਣਗੇ ਪਰ ਆਪਣੇ ਪਿੰਡ ਨੂੰ ਜਾਂਦੇ ਰਾਹ ’ਤੇ ਪਿੰਡ ਦੀਆਂ ਗਲੀਆਂ ਕਦੇ ਵੀ ਨਹੀਂ ਬਦਲਦੀਆਂ ਹੁੰਦੀਆਂ।”

ਮੈਂ ਨਿਰਉੱਤਰ ਜਿਹਾ ਹੋਇਆ ਬਾਬੇ ਵੱਲ ਝਾਕਦਾਂ। ਉਹ ਸਰਹੱਦੀ ਤਾਰਾਂ ਤੋਂ ਪਾਰ ਦੂਰ ਖ਼ਲਾਅ ’ਚ ਮੁੜ-ਮੁੜ ਝਾਕਣ ਦੀ ਕੋਸ਼ਿਸ਼ ਕਰਦਾ, ਜਿਵੇਂ ਉਹ ਆਪਣੀ ਜੰਮਣ-ਭੋਇੰ ’ਤੇ ਖਲੋਤਾ ਆਪਣੇ ਹਾਣੀਆਂ ਨੂੰ ਹਾਕਾਂ ਮਾਰ ਰਿਹਾ ਹੋਵੇ। ਅਸਮਾਨ ਵਿਚ ਛਾਈ ਕਾਲੀ ਘਟਾ ਹੋਰ ਸੰਘਣੀ ਹੋ ਰਹੀ ਹੈ। ਕਿਣ-ਮਿਣ ਪਹਿਲਾਂ ਵਾਂਗ ਜਾਰੀ ਹੈ। ਮਹੀਨ ਅਤੇ ਤਿੱਖੀਆਂ ਕਣੀਆਂ ਮੱਥੇ ਵਿਚ ਵੱਜਣ ਲੱਗੀਆਂ ਹਨ। ਖੜ੍ਹੀ ਭੀੜ ਛਾਉਰੇ ਦਾ ਰੁਖ਼ ਕਰਨ ਲੱਗੀ ਹੈ।

ਬਾਬਾ ਵੀ ਬਿਨਾਂ ਕੁਝ ਹੋਰ ਕਿਹਾਂ ਮੋਢੇ ’ਤੇ ਰੱਖੇ ਸਾਫੇ ਨਾਲ ਅੱਖਾਂ ਪੂੰਝਦਾ ਭੀੜ ਦੇ ਪਿੱਛੇ-ਪਿੱਛੇ ਜਾਣ ਲਗਦਾ।

ਮੈਂ ਤੁਰੇ ਜਾਂਦੇ ਬਾਬੇ ਨੂੰ ਪਿਛਾੜੀਉਂ ਝਾਕਦਾਂ।

ਉਹ ਸਹਿਜ-ਸਹਿਜ ਕਦਮ ਪੁੱਟਦਾ ਇਉਂ ਲਗਦਾ ਜਿਉਂ ਉਹਦੇ ਪੈਰਾਂ ਵਾਲਾ ਪੈਂਡਾ ਮੁੱਕਣ ’ਚ ਨਾ ਆਉਂਦਾ ਹੋਵੇ।

ਸੰਪਰਕ: 98721-65707

Advertisement