DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੂਰਨਮਾਸ਼ੀ

ਗੱਲ ਕੁਝ ਸਾਲ ਪੁਰਾਣੀ ਹੈ। ਨਸ਼ਾ ਛੁਡਾਊ ਕੇਂਦਰ ਦੇ ਦਫ਼ਤਰ ’ਚ ਬੈਠਾ ਸੀ, ਡਿਪਟੀ ਕਮਿਸ਼ਨਰ ਦਾ ਫੋਨ ਆਇਆ- ਇੱਕ ਵਿਧਵਾ ਆਪਣੇ ਨਸ਼ੱਈ ਪੁੱਤ ਨੂੰ ਨਾਲ ਲੈ ਕੇ ਪੇਸ਼ ਹੋਈ ਹੈ, ਪੁੱਤ ਤੋਂ ਪੋਟਾ-ਪੋਟਾ ਦੁਖੀ ਹੈ, ਮੁੰਡਾ ਦੋ ਬੱਚਿਆਂ ਦਾ ਬਾਪ...
  • fb
  • twitter
  • whatsapp
  • whatsapp
Advertisement

ਗੱਲ ਕੁਝ ਸਾਲ ਪੁਰਾਣੀ ਹੈ। ਨਸ਼ਾ ਛੁਡਾਊ ਕੇਂਦਰ ਦੇ ਦਫ਼ਤਰ ’ਚ ਬੈਠਾ ਸੀ, ਡਿਪਟੀ ਕਮਿਸ਼ਨਰ ਦਾ ਫੋਨ ਆਇਆ- ਇੱਕ ਵਿਧਵਾ ਆਪਣੇ ਨਸ਼ੱਈ ਪੁੱਤ ਨੂੰ ਨਾਲ ਲੈ ਕੇ ਪੇਸ਼ ਹੋਈ ਹੈ, ਪੁੱਤ ਤੋਂ ਪੋਟਾ-ਪੋਟਾ ਦੁਖੀ ਹੈ, ਮੁੰਡਾ ਦੋ ਬੱਚਿਆਂ ਦਾ ਬਾਪ ਹੈ, ਮੁੰਡੇ ਨੇ ਵੀ ਨਸ਼ਾ ਛੱਡਣ ਦੀ ਇੱਛਾ ਪ੍ਰਗਟਾਈ ਹੈ, ਤੁਹਾਡੇ ਕੋਲ ਭੇਜ ਰਿਹਾਂ; ਦੇਖੋ ਜੇ ਭਟਕਿਆ ਮੁੰਡਾ ਲੀਹ ’ਤੇ ਆ ਜਾਵੇ। ਬਜ਼ੁਰਗ ਇਸ ਉਮਰ ਵਿੱਚ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ।...

ਮੇਰੇ “ਠੀਕ ਐ ਸਰ” ਕਹਿਣ ਤੋਂ ਕੁਝ ਸਮੇਂ ਬਾਅਦ ਬਜ਼ੁਰਗ ਔਰਤ ਅਤੇ ਮੁੰਡਾ ਆ ਗਏ। ਔਰਤ ਦੀ ਮਾਨਸਿਕ ਤੇ ਸਰੀਰਕ ਹਾਲਤ ਬਹੁਤ ਮਾੜੀ ਸੀ। ਉਹਨੂੰ ਆਦਰ ਨਾਲ ਕੁਰਸੀ ’ਤੇ ਬਿਠਾਇਆ। ਉਹਦੇ ਨੈਣਾਂ ’ਚੋਂ ਛਮ-ਛਮ ਹੰਝੂ ਵਗ ਰਹੇ ਸਨ ਜਿਨ੍ਹਾਂ ਵਿੱਚੋਂ ਉਹਦੇ ਇਕਲੌਤੇ ਪੁੱਤ ਵੱਲੋਂ ਉਹਦੀ ਝੋਲੀ ਪਾਈਆਂ ਪੀੜਾਂ, ਜਿ਼ੰਮੇਵਾਰੀ ਦੀ ਪੰਡ, ਲੋੜਾਂ ਤੇ ਥੁੜਾਂ ਦੀ ਸ਼ਿਕਾਰ ਅਤੇ ਲੋਕਾਂ ਵੱਲੋਂ ਪੁੱਤ ਦੇ ਮਿਲੇ ਉਲਾਂਭਿਆਂ ਦਾ ਬੋਝ ਝਲਕ ਰਿਹਾ ਸੀ।

Advertisement

ਕਾਗਜ਼ੀ ਕਾਰਵਾਈ ਤੋਂ ਬਾਅਦ ਮਾਈ ਦਾ ਫੋਨ ਨੰਬਰ ਫਾਈਲ ’ਤੇ ਨੋਟ ਕੀਤਾ ਤੇ ਦਿਲਾਸਾ ਦਿੰਦਿਆਂ ਕਿਹਾ, “ਅਸੀਂ ਹਰ ਸੰਭਵ ਕੋਸਿ਼ਸ਼ ਕਰਾਂਗੇ ਕਿ ਤੇਰੇ ਪੁੱਤ ਦਾ ਨਸ਼ਾ ਛੁਡਵਾ ਕੇ ਚੰਗਾ ਪੁੱਤ, ਚੰਗਾ ਬਾਪ ਤੇ ਚੰਗਾ ਪਤੀ ਬਣਾ ਕੇ ਭੇਜੀਏ। ਬੱਸ, ਤੁਸੀਂ ਵਾਰ-ਵਾਰ ਇੱਥੇ ਗੇੜਾ ਨਹੀਂ ਮਾਰਨਾ। ਹਾਂ, ਜੇ ਅਸੀਂ ਬੁਲਾਈਏ ਤਾਂ ਪੈਰ ਜੁੱਤੀ ਨਹੀਂ ਪਾਉਣੀ, ਤੁਰੰਤ ਆ ਜਾਣਾ।” ਮਾਈ ਮੇਰੀਆਂ ਗੱਲਾਂ ਧਿਆਨ ਨਾਲ ਸੁਣਦਿਆਂ ਸਹਿਮਤੀ ਵਿੱਚ ਸਿਰ ਹਿਲਾਉਂਦੀ ਰਹੀ। ਜਦੋਂ ਮਾਈ ਨੂੰ ਸੰਪਰਕ ਲਈ ਦੋ ਹੋਰ ਫੋਨ ਨੰਬਰ ਦੇਣ ਲਈ ਕਿਹਾ ਤਾਂ ਉਹਦਾ ਜਵਾਬ ਸੀ, “ਹਾਲਾਂ ਤਾਂ ਜੀ ਇੱਕ ਨੰਬਰ ਹੀ ਲਿਖ ਲਵੋ, ਧੂਰੀ ਜਾ ਕੇ ਦੂਜਾ ਨੰਬਰ ਲਿਖਵਾ ਦਿਆਂਗੀ।”

ਮਾਈ ਆਸਵੰਦ ਨਜ਼ਰਾਂ ਨਾਲ ਵਿੰਹਦਿਆਂ ਅਜੇ ਨਸ਼ਾ ਛੁਡਾਊ ਕੇਂਦਰ ਦੇ ਗੇਟ ਤੋਂ ਬਾਹਰ ਹੀ ਗਈ ਸੀ ਕਿ ਮੇਰੇ ਧਿਆਨ ਵਿੱਚ ਆਇਆ- ਮਾਈ ਦਾ ਫੋਨ ਨੰਬਰ ਚੈੱਕ ਕਰ ਲਵਾਂ, ਮਰੀਜ਼ ਨੂੰ ਕੋਈ ਦਿੱਕਤ ਆ ਸਕਦੀ ਹੈ... ਫੋਨ ਨੰਬਰ ਮਿਲਾਇਆ ਤਾਂ ਕੰਪਿਊਟਰ ’ਤੇ ਆਵਾਜ਼ ਆਈ ਕਿ ਫੋਨ ਬੰਦ ਹੈ। ਕਰਮਚਾਰੀ ਭੇਜ ਕੇ ਮਾਈ ਨੂੰ ਵਾਪਸ ਬੁਲਾਇਆ। ਫੋਨ ਬਾਰੇ ਪੁੱਛਿਆ ਤਾਂ ਉਹਦਾ ਗੱਚ ਭਰ ਆਇਆ, “ਜੀ, ਫੋਨ ਰੀਚਾਰਜ ਕਰਵਾਉਣ ਵਾਲੈ।” ਉਹਦੇ ਚਿਹਰੇ ’ਤੇ ਬੇਵਸੀ ਦੇ ਚਿੰਨ੍ਹ ਉਭਰ ਆਏ ਸਨ। ਕਰਮਚਾਰੀ ਨੂੰ ਪੈਸੇ ਦੇ ਕੇ ਮਾਈ ਦਾ ਫੋਨ ਰੀਚਾਰਜ ਕਰਵਾਇਆ ਤੇ ਉਹ ਅਸੀਸਾਂ ਦਿੰਦੀ ਚਲੀ ਗਈ।

ਨਸ਼ੱਈ ਨੂੰ ਨਸ਼ਾ ਮੁਕਤ ਕਰਨ ਲਈ ਜਿੱਥੇ ਦੁਆ ਅਤੇ ਦਵਾਈ ਦੀ ਲੋੜ ਹੈ, ਉਥੇ ਉਹਨੂੰ ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜਨਾ ਵੀ ਜ਼ਰੂਰੀ ਹੈ। ਨਸ਼ਾ ਛੁਡਾਊ ਕੇਂਦਰ ਵਿੱਚ ਇਹ ਕਿਰਿਆਵਾਂ ਨਿਯਮਬਧ ਕਰਵਾਈਆਂ ਜਾਂਦੀਆਂ। ਹਰ ਰੋਜ਼ ਸ਼ਾਮ ਨੂੰ ਤਿੰਨ ਕੁ ਘੰਟੇ ਮੈਂ ਉਨ੍ਹਾਂ ਨਾਲ ਗੁਜ਼ਾਰਦਾ। ਯੋਗ, ਮੈਡੀਟੇਸ਼ਨ ਅਤੇ ਕੌਂਸਲਿੰਗ ਮੇਰੀ ਜਿ਼ੰਮੇਵਾਰੀ ਦਾ ਅਹਿਮ ਹਿੱਸਾ ਸਨ। ਮਰੀਜ਼ਾਂ ਨਾਲ ਮੋਹ, ਅਪਣੱਤ ਤੇ ਸਤਿਕਾਰ ਦਾ ਰਿਸ਼ਤਾ ਸਿਰਜਿਆ ਹੋਇਆ ਸੀ। ਜਦੋਂ ਕਿਸੇ ਨੂੰ ‘ਪੁੱਤ’ ਕਹਿ ਕੇ ਬੁੱਕਲ ’ਚ ਲੈਂਦਾ ਤਾਂ ਉਹਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੁੰਦੀਆਂ ਤੇ ਉਹ ਮੈਨੂੰ ਹਮਦਰਦ ਸਮਝ ਕੇ ਬਿਨਾਂ ਕਿਸੇ ਲੁਕੋ ਤੋਂ ਨਸ਼ੇ ਦੀ ਲਪੇਟ ’ਚ ਆਉਣ ਦੇ ਕਾਰਨ ਵੀ ਦੱਸ ਦਿੰਦੇ, ਨਾਲ ਨਸ਼ਾ ਛੱਡਣ ਲਈ ਦ੍ਰਿੜ ਇੱਛਾ ਸ਼ਕਤੀ ਦਾ ਪ੍ਰਗਟਾਵਾ ਵੀ ਕਰਦੇ। ਮੈਂ ਹਮੇਸ਼ਾ ਜ਼ੋਰ ਦਿੰਦਾ ਰਿਹਾ ਹਾਂ ਕਿ ਨਸ਼ੱਈ ਖਲਨਾਇਕ ਨਹੀਂ, ਪੀੜਤ ਹਨ; ਇਨ੍ਹਾਂ ਨਾਲ ਪੀੜਤਾਂ ਵਾਲੇ ਵਰਤਾਉ ਰਾਹੀਂ ਇਨ੍ਹਾਂ ਦੇ ਹਿੱਸੇ ਆਈ ਪੀੜ ਦੂਰ ਕਰ ਕੇ ਨਸ਼ਾ ਮੁਕਤ ਕੀਤਾ ਜਾਵੇ।

ਕਰਮਜੀਤ ਨਾਂ ਦਾ ਉਹ ਨੌਜਵਾਨ ਕੌਂਸਲਿੰਗ ਸਮੇਂ ਮੇਰੀਆਂ ਗੱਲਾਂ ਧਿਆਨ ਨਾਲ ਸੁਣਦਾ। ਦਸ ਕੁ ਦਿਨ ਬੀਤ ਗਏ। ਉਹ ਸਹੀ ਦਿਸ਼ਾ ਵੱਲ ਜਾ ਰਿਹਾ ਸੀ, ਪਰ ਹਰ ਸਮੇਂ ਚਿੰਤਾ ’ਚ ਰਹਿੰਦਾ। ਗੁੰਮ-ਸੁੰਮ ਜਿਹਾ, ਕਿਸੇ ਨਾਲ ਵਾਧੂ ਗੱਲ ਨਹੀਂ ਸੀ ਕਰਦਾ। ਇੱਕ ਦਿਨ ਸ਼ਾਮ ਨੂੰ ਕੌਂਸਲਿੰਗ ਪਿੱਛੋਂ ਉਹਨੇ ਨਿਮਰਤਾ ਨਾਲ ਕਿਹਾ, “ਸਰ, ਮੈਂ ਥੋਡੇ ਨਾਲ ਇਕੱਲਿਆਂ ਗੱਲ ਕਰਨੀ ਐ।” ਮੈਂ ਆਪ ਚਾਹੁੰਦਾ ਸੀ ਕਿ ਉਹ ਆਪਣੇ ਮਨ ਦਾ ਬੋਝ ਹਲਕਾ ਕਰੇ। ਮੈਂ ਉਹਨੂੰ ਅਲੱਗ ਕਮਰੇ ਵਿੱਚ ਲੈ ਗਿਆ। ਮੰਜੇ ’ਤੇ ਆਹਮੋ-ਸਾਹਮਣੇ ਬੈਠ ਗਏ। ਉਹਦੇ ਮੋਢੇ ’ਤੇ ਹੱਥ ਰੱਖਦਿਆਂ ਪਿਆਰ ਨਾਲ ਪੁੱਛਿਆ, “ਦੱਸ ਪੁੱਤ, ਕੀ ਤਕਲੀਫ ਐ?”

ਉਹਦਾ ਚਿਹਰਾ ਹੋਰ ਗੰਭੀਰ ਹੋ ਗਿਆ। ਉਹਨੇ ਗਲਾ ਸਾਫ਼ ਕਰਦਿਆਂ ਕਿਹਾ, “ਸਰ, ਹੁਣ ਤੱਕ ਤਾਂ ਮੈਂ ਕਦੇ ਆਪਣੇ ਪਰਿਵਾਰ ਬਾਰੇ ਸੋਚਿਆ ਹੀ ਨਹੀਂ ਸੀ। ਬੱਸ, ਦਿਨ ਰਾਤ ਨਸ਼ੇ ’ਚ ਟੱਲੀ ਰਿਹਾਂ। ਮੇਰੀ ਮਾਂ ਕਈ ਘਰਾਂ ਵਿੱਚ ਕੰਮ ਕਰ ਕੇ ਪਰਿਵਾਰ ਪਾਲ ਰਹੀ ਐ ਪਰ ਸਰ, ਹੁਣ ਸੋਝੀ ਆਈ ਐ... ਜਿਸ ਘਰ ਅਸੀਂ ਕਿਰਾਏ ’ਤੇ ਰਹਿੰਦੇ ਆਂ, ਉਸ ਘਰ ਦਾ ਆਲਾ-ਦੁਆਲਾ ਠੀਕ ਨਹੀਂ। ਮੇਰੇ ਬੱਚਿਆਂ ਤੇ ਪਤਨੀ ’ਤੇ ਇਸ ਦਾ ਬੁਰਾ ਅਸਰ ਪੈਂਦਾ ਹੋਵੇਗਾ। ਬੱਸ, ਮੈਨੂੰ ਹਰ ਵੇਲੇ ਇਹੋ ਚਿੰਤਾ ਰਹਿੰਦੀ।” ਉਹਦੀ ਗੱਲ ਸੁਣ ਕੇ ਸਕੂਨ ਮਿਲਿਆ। ਘੱਟੋ-ਘੱਟ ਇਹ ਪਰਿਵਾਰ ਦੀ ਚਿੰਤਾ ਤਾਂ ਕਰਨ ਲੱਗਿਐ!

ਅਗਲੇ ਦਿਨ ਡਿਪਟੀ ਕਮਿਸ਼ਨਰ ਨੂੰ ਮਿਲਿਆ। ਮੁੰਡੇ ਦੇ ਨਸ਼ਾ ਮੁਕਤੀ ਵੱਲ ਸਹੀ ਕਦਮਾਂ ਦੇ ਨਾਲ-ਨਾਲ ਉਹਦਾ ਦੁੱਖ ਵੀ ਸਾਂਝਾ ਕੀਤਾ। ਉਨ੍ਹਾਂ ਹੌਸਲਾ ਦਿੱਤਾ, “ਕੋਈ ਨਹੀਂ, ਆਪਾਂ ਉਹਦੇ ਪਰਿਵਾਰ ਨੂੰ ਸੰਗਰੂਰ ਲੈ ਆਉਨੇ ਆਂ। ਉਹਦਾ ਥਹੁ-ਟਿਕਾਣਾ ਦੱਸ ਦੇਣਾ।” ਅਗਲੇ ਦਿਨ ਹੀ ਕਿਸੇ ਅਧਿਕਾਰੀ ਦੀ ਡਿਊਟੀ ਲਾ ਕੇ ਡਿਪਟੀ ਕਮਿਸ਼ਨਰ ਨੇ ਪਰਿਵਾਰ ਦੀ ਰਿਹਾਇਸ਼ ਸੰਗਰੂਰ ਕਰ ਦਿੱਤੀ। ਇਸ ਸੂਚਨਾ ਨਾਲ ਮੁੰਡਾ ਚਿੰਤਾ ਮੁਕਤ ਹੋ ਗਿਆ।

ਹੁਣ ਉਹ ਦਿਨ-ਬਦਿਨ ਤੰਦਰੁਸਤ ਹੋਣ ਦੇ ਨਾਲ-ਨਾਲ ਆਗਿਆਕਾਰ, ਅਨੁਸ਼ਾਸਨ ਪ੍ਰੇਮੀ ਹੋਣ ਦੇ ਨਾਲ-ਨਾਲ ਦਾਖਲ ਨਸ਼ੱਈ ਮਰੀਜ਼ਾਂ ਵਿੱਚ ਘੁਲ-ਮਿਲ ਵੀ ਗਿਆ। ਉਹਦੇ ਪੂਰਨ ਤੰਦਰੁਸਤ ਹੋਣ ’ਤੇ ਡਿਪਟੀ ਕਮਿਸ਼ਨਰ ਨੂੰ ਵੀ ਇਤਲਾਹ ਕੀਤੀ। ਮਗਰੋਂ ਮੈਂ ਸਮੇਂ-ਸਮੇਂ ਉਹਦਾ ਪਤਾ ਕਰਦਾ ਰਿਹਾ, ਉਹਦੀ ਗ੍ਰਹਿਸਥ ਗੱਡੀ ਲੀਹ ’ਤੇ ਪੈ ਗਈ ਸੀ।

10 ਜੁਲਾਈ 2025 ਨੂੰ ਗੁਰੂ ਪੂਰਨਿਮਾ (ਪੂਰਨਮਾਸ਼ੀ) ਵਾਲੇ ਦਿਨ ਮੈਂ ਅੰਤਾਂ ਦਾ ਉਦਾਸ ਸੀ। ਉਸ ਦਿਨ ਇੱਕ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਆਪਣੇ ਪ੍ਰਿੰਸੀਪਲ ਦਾ ਸਕੂਲ ਕੈਂਪਸ ਵਿੱਚ ਹੀ ਕਤਲ ਕਰ ਦਿੱਤਾ ਸੀ। ਅਧਿਆਪਕਾਂ ਤੇ ਵਿਦਿਆਰਥੀਆਂ ਦੇ ਤਿੜਕ ਰਹੇ ਰਿਸ਼ਤਿਆਂ ਬਾਰੇ ਸੋਚਾਂ ਵਿੱਚ ਘਿਰਿਆ ਹੋਇਆ ਸਾਂ ਕਿ ਬੂਹੇ ’ਤੇ ਦਸਤਕ ਹੋਈ... ਸਾਹਮਣੇ ਕਰਮਜੀਤ ਖੜ੍ਹਾ ਸੀ, ਹੱਥ ਵਿੱਚ ਮਠਿਆਈ ਦਾ ਡੱਬਾ। ਉਹਨੇ ਮਠਿਆਈ ਵਾਲਾ ਡੱਬਾ ਫੜਾਇਆ ਅਤੇ ਆਦਰ ਵਜੋਂ ਪੈਰਾਂ ਵਿੱਚ ਝੁਕ ਗਿਆ, “ਸਰ, ਅੱਜ ਗੁਰੂ ਪੂਰਨਿਮਾ ਐ। ਤੁਸੀਂ ਮੇਰੀ ਜ਼ਿੰਦਗੀ ਦੇ ਗੁਰੂ ਹੋ। ਤੁਸੀਂ ਮੈਨੂੰ ਭਟਕੇ ਹੋਏ ਨੂੰ ਸਹੀ ਦਿਸ਼ਾ ਦਿਖਾਈ।” ਉਹਦੇ ਹੱਥ ਸ਼ੁਕਰਾਨੇ ਵਜੋਂ ਜੁੜੇ ਹੋਏ ਸਨ। ਗੱਲਾਂ-ਬਾਤਾਂ ਦੌਰਾਨ ਉਹਨੇ ਦੱਸਿਆ, “ਮੈਂ ਤੇ ਮੇਰੀ ਪਤਨੀ ਮਾਰੂਤੀ ਕੰਪਨੀ ’ਚ ਕੰਮ ਕਰਦੇ ਆਂ। ਬੱਚੇ ਚੰਗੇ ਸਕੂਲ ’ਚ ਪੜ੍ਹਦੇ। ਮਾਂ ਹੁਣ ਲੋਕਾਂ ਦੇ ਘਰੀਂ ਕੰਮ ਕਰਨ ਨਹੀਂ ਜਾਂਦੀ। ਸੱਚੀਂ ਸਰ, ਜ਼ਿੰਦਗੀ ਬਹੁਤ ਖੂਬਸੂਰਤ ਐ।”

ਸੰਪਰਕ: 94171-48866

Advertisement
×