ਸ਼ਿਕਵੇ ਤੋਂ ਸ਼ਲਾਘਾ ਤੱਕ
ਪ੍ਰਿੰਸੀਪਲ ਵਿਜੈ ਕੁਮਾਰ
ਬੱਚੇ ਦੀ ਆਮਦ ਦੀ ਸੂਚਨਾ ਤੋਂ ਬਾਅਦ ਪੁੱਤਰ ਅੱਗੇ ਸਵਾਲ ਸੀ ਕਿ ਉਹ ਆਪਣੀ ਪਤਨੀ (ਸਾਡੀ ਨੂੰਹ) ਨੂੰ ਕਿਸ ਹਸਪਤਾਲ ਅਤੇ ਕਿਹੜੇ ਡਾਕਟਰ ਨੂੰ ਦਿਖਾਵੇ। ਫਿਰ ਉਹਨੇ ਆਪਣੇ ਇਕ ਜਮਾਤੀ ਜਿਸ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਬੱਚਾ ਹੋਇਆ ਸੀ, ਦੀ ਸਲਾਹ ਲੈ ਕੇ ਹਸਪਤਾਲ ਅਤੇ ਡਾਕਟਰ ਦੀ ਚੋਣ ਕਰ ਲਈ ਪਰ ਪਤਨੀ ਨੂੰ ਤਿੰਨ-ਚਾਰ ਵਾਰ ਡਾਕਟਰ ਕੋਲ ਦਿਖਾਉਣ ਤੋਂ ਬਾਅਦ ਪੁੱਤਰ ਦੀ ਬਹੁਤੀ ਤਸੱਲੀ ਨਾ ਹੋਈ। ਉਹਨੂੰ ਡਾਕਟਰ ਦੀ ਬੋਲ-ਚਾਲ ਹੀ ਚੰਗੀ ਨਹੀਂ ਸੀ ਲੱਗੀ। ਉਹਨੇ ਇਹੀ ਗੱਲ ਮੇਰੇ ਧਿਆਨ ਵਿੱਚ ਲਿਆਂਦੀ। ਮੈਂ ਆਪਣੀ ਸਮਝ ਮੁਤਾਬਿਕ ਸਲਾਹ ਦਿੱਤੀ, “ਕਾਹਲ ਨਾ ਕਰੋ, ਐਨੀ ਛੇਤੀ ਕਿਸੇ ਬਾਰੇ ਕੋਈ ਧਾਰਨਾ ਨਹੀਂ ਬਣਾਈਦੀ। ਜੇ ਲੋਕ ਉਹਨੂੰ ਗੁਣੀ ਡਾਕਟਰ ਕਹਿੰਦੇ ਆ, ਫਿਰ ਉਹਦੇ ਗੁਣਾਂ ਵੱਲ ਦੇਖੋ।” ਫਿਰ ਜਿਵੇਂ-ਜਿਵੇਂ ਪੁੱਤਰ ਤੇ ਨੂੰਹ ਦਾ ਉਸ ਡਾਕਟਰ ਕੋਲ ਜਾਣਾ ਵਧਦਾ ਗਿਆ, ਉਵੇਂ-ਉਵੇਂ ਉਹ ਉਹਦੀ ਕਾਰਜ-ਕੁਸ਼ਲਤਾ ਦੇ ਮੁਰੀਦ ਹੁੰਦੇ ਗਏ। ਅਸਲ ਵਿੱਚ ਡਾਕਟਰ ਬਹੁਤੀ ਚੰਗੀ ਤਰ੍ਹਾਂ ਗੱਲ ਨਹੀਂ ਸੀ ਕਰਦੀ ਅਤੇ ਪੁੱਤਰ-ਨੂੰਹ ਦਾ ਇਹ ਸ਼ਿਕਵਾ ਬਰਕਰਾਰ ਰਿਹਾ।
ਬੱਚੇ ਦੇ ਜਨਮ ਦੀ ਤਾਰੀਖ ਨੇੜੇ ਆ ਚੁੱਕੀ ਸੀ; ਇਸ ਵਾਰ ਡਾਕਟਰ ਨੇ ਮੁਆਇਨੇ ਤੋਂ ਬਾਅਦ ਦੋਹਾਂ ਨੂੰ ਇਹ ਕਹਿ ਕੇ ਚੁਕੰਨਾ ਕਰ ਦਿੱਤਾ ਕਿ ਹੁਣ ਧਿਆਨ ਰੱਖਣ ਦੀ ਲੋੜ ਹੈ, ਕਿਸੇ ਵੇਲੇ ਵੀ ਹਸਪਤਾਲ ਆਉਣਾ ਪੈ ਸਕਦਾ ਹੈ। ਹਸਪਤਾਲ ਤੋਂ ਘਰ ਆਇਆਂ ਅਜੇ ਦੋ ਕੁ ਘੰਟੇ ਹੀ ਹੋਏ ਸਨ ਕਿ ਹਸਪਤਾਲ ਜਾਣਾ ਪੈ ਗਿਆ। ਮੈਂ ਅਤੇ ਮੇਰੀ ਪਤਨੀ ਵੀ ਉਨ੍ਹਾਂ ਨਾਲ ਹੋ ਲਏ। ਜਣੇਪੇ ਵਾਲੇ ਕਮਰੇ ਵਿਚ ਨੂੰਹ ਦੇ ਪਹੁੰਚਦਿਆਂ ਸਾਰ ਸਬੰਧਿਤ ਡਾਕਟਰ ਪਹੁੰਚ ਗਈ। ਉਹਨੇ ਆਉਂਦਿਆਂ ਹੀ ਮੁਆਇਨਾ ਕਰ ਕੇ ਦੱਸ ਦਿੱਤਾ ਕਿ ਅੱਜ ਬੱਚੇ ਦਾ ਜਨਮ ਹੋ ਜਾਵੇਗਾ।
ਕਮਰੇ ਅੰਦਰ ਜਾਣ ਦੀ ਮਨਾਹੀ ਸੀ। ਉੱਧਰ, ਡਾਕਟਰ ਤਿੰਨ ਵਜੇ ਆਪਣੇ ਡਾਕਟਰ ਪਤੀ ਨਾਲ ਘਰ ਚਲੀ ਜਾਂਦੀ ਸੀ। ਪੁੱਤਰ ਦੇ ਮਨ ਵਿਚ ਖ਼ਦਸ਼ਾ ਸੀ ਕਿ ਜੇ ਡਾਕਟਰ ਤਿੰਨ ਵਜੇ ਘਰ ਚਲੀ ਗਈ ਤਾਂ ਡਿਊਟੀ ਉੱਤੇ ਦੂਜੀ ਡਾਕਟਰ ਆ ਜਾਵੇਗੀ। ਉਹ ਚਾਹੁੰਦਾ ਸੀ ਕਿ ਪਹਿਲੀ ਡਾਕਟਰ ਨੂੰ ਕੇਸ ਬਾਰੇ ਪੂਰੀ ਜਾਣਕਾਰੀ ਹੈ, ਇਸ ਲਈ ਡਿਊਟੀ ’ਤੇ ਉਹੀ ਰਹਿਣੀ ਚਾਹੀਦੀ ਹੈ। ਉਡੀਕਦਿਆਂ ਸਾਢੇ ਚਾਰ ਵੱਜ ਚੁੱਕੇ ਸਨ। ਨਰਸ ਨਾਲ ਗੱਲਬਾਤ ਦੌਰਾਨ ਇਲਮ ਹੋਇਆ ਕਿ ਡਾਕਟਰ ਤਾਂ ਬੱਚੇ ਦੇ ਜਨਮ ਤੱਕ ਨਾ ਖਾਣਾ ਖਾਂਦੇ ਤੇ ਨਾ ਹੀ ਘਰ ਜਾਂਦੇ। ਉਨ੍ਹਾਂ ਦਾ ਡਾਕਟਰ ਪਤੀ ਘਰ ਜਾ ਚੁੱਕਾ ਸੀ। ਹੁਣ ਉਹਨੇ ਫੋਨ ਕਰਨ ’ਤੇ ਹੀ ਡਾਕਟਰ ਨੂੰ ਲੈਣ ਆਉਣਾ ਸੀ।
ਉੱਧਰ, ਨੂੰਹ ਨੂੰ ਤਕਲੀਫ਼ ਬਹੁਤ ਜਿ਼ਆਦਾ ਸੀ। ਪੁੱਤਰ ਚਾਹੁੰਦਾ ਸੀ ਕਿ ਡਾਕਟਰ ਅਪ੍ਰੇਸ਼ਨ ਕਰ ਕੇ ਨੂੰਹ ਨੂੰ ਤਕਲੀਫ਼ ਤੋਂ ਰਾਹਤ ਦਿਵਾਏ ਪਰ ਡਾਕਟਰ ਵਾਰ-ਵਾਰ ਉਡੀਕਣ ਲਈ ਕਹਿ ਰਹੀ ਸੀ। ਆਖਿ਼ਰ ਡਾਕਟਰ ਨੇ ਨਰਸ ਹੱਥ ਸਾਨੂੰ ਸੁਨੇਹਾ ਭੇਜ ਦਿੱਤਾ ਕਿ ਉਹ ਪੰਜ ਮਿੰਟ ਹੋਰ ਉਡੀਕੇਗੀ, ਉਸ ਤੋਂ ਬਾਅਦ ਅਪ੍ਰੇਸ਼ਨ ਕਰ ਦੇਵੇਗੀ। ਇਹ ਪੰਜ ਮਿੰਟ ਪੰਜ ਘੰਟਿਆਂ ਜਿੱਡੇ ਹੋ ਗਏ ਪਰ ਬਿਨਾ ਅਪ੍ਰੇਸ਼ਨ ਤੋਂ ਹੀ ਬੱਚੀ ਦਾ ਜਨਮ ਹੋ ਗਿਆ ਤੇ ਡਾਕਟਰ ਉਦੋਂ ਤੱਕ ਘਰ ਨਹੀਂ ਗਈ ਜਦੋਂ ਤੱਕ ਉਹਨੂੰ ਭਰੋਸਾ ਨਹੀਂ ਹੋ ਗਿਆ ਕਿ ਬੱਚਾ ਤੇ ਮਾਂ ਬਿਲਕੁਲ ਠੀਕ ਹਨ। ਹੁਣ ਪੁੱਤਰ ਕੋਲੋਂ ਵੀ ਡਾਕਟਰ ਦਾ ਗੁਣਗਾਨ ਸੁਣਨ ਨੂੰ ਮਿਲ ਰਿਹਾ ਸੀ।
ਸੋਚਿਆ, ਦੂਜੇ ਦਿਨ ਡਾਕਟਰ ਰਾਊਂਡ ’ਤੇ ਆਵੇਗੀ, ਬੱਚੇ ਤੇ ਮਾਂ ਨੂੰ ਦੇਖ ਕੇ ਨਰਸਾਂ ਨੂੰ ਹਦਾਇਤਾਂ ਦੇ ਜਾਵੇਗੀ ਕਿ ਮਰੀਜ਼ ਨੇ ਕਿਹੜੀ ਦਵਾਈ ਕਿਸ ਤਰ੍ਹਾਂ ਲੈਣੀ ਹੈ, ਕੀ-ਕੀ ਪਰਹੇਜ਼ ਰੱਖਣੇ ਹਨ ਤੇ ਕਦੋਂ ਦਿਖਾਉਣ ਆਉਣਾ ਹੈ ਪਰ ਹੋਇਆ ਐਨ ਉਲਟ। ਡਾਕਟਰ ਨੇ ਪੁੱਤਰ ਨੂੰ ਇੱਕ-ਇੱਕ ਗੱਲ ਆਪ ਸਮਝਾਈ ਤੇ ਬਿਨਾ ਅਪ੍ਰੇਸ਼ਨ ਬੱਚਾ ਹੋਣ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਮੇਰੀ ਪਤਨੀ ਨੇ ਡਾਕਟਰ ਨੂੰ ਸਵਾਲ ਕੀਤਾ, “ਡਾਕਟਰ ਸਾਹਿਬ, ਪੁੱਤਰ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਤੁਸੀਂ ਅਪ੍ਰੇਸ਼ਨ ਨਾ ਕਰਨ ਲਈ ਹੀ ਜ਼ੋਰ ਪਾਈ ਗਏ, ਬਾਕੀ ਡਾਕਟਰ ਤਾਂ ਝੱਟ ਅਪ੍ਰੇਸ਼ਨ ਕਰ ਦਿੰਦੇ?”
ਡਾਕਟਰ ਦਾ ਜਵਾਬ ਓਨਾ ਹੀ ਹੈਰਾਨੀ ਭਰਿਆ ਸੀ, “ਮੈਂ ਡਾਕਟਰ ਹੋਣ ਦੇ ਨਾਲ-ਨਾਲ ਮਾਂ ਵੀ ਆਂ। ਜਾਣਦੀ ਆਂ ਕਿ ਅਪ੍ਰੇਸ਼ਨ ਤੋਂ ਬਾਅਦ ਮਾਂ ਨੂੰ ਜਿ਼ੰਦਗੀ ਭਰ ਕਿਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦੈ। ਅਪ੍ਰੇਸ਼ਨ ਤਾਂ ਅਸੀਂ ਉਦੋਂ ਕਰਦੇ ਆਂ ਜਦੋਂ ਕੋਈ ਪੇਸ਼ ਨਾ ਚੱਲੇ।”
ਹੁਣ ਅਸੀਂ ਉਡੀਕ ਰਹੇ ਸਾਂ ਕਿ ਨਰਸਾਂ ਕਹਿਣਗੀਆਂ- ‘ਪੈਸੇ ਜਮ੍ਹਾਂ ਕਰਵਾ ਕੇ ਆਓ, ਉਸ ਤੋਂ ਬਾਅਦ ਤੁਹਾਨੂੰ ਛੁੱਟੀ ਕਰਾਂਗੇ’ ਪਰ ਨਰਸ ਸਾਨੂੰ ਉਸ ਕਮਰੇ ਵਿਚ ਲੈ ਗਈ ਜਿੱਥੇ ਡਾਕਟਰ ਨੇ ਪੁੱਤਰ ਅਤੇ ਨੂੰਹ ਤੋਂ ਕੇਕ ਕਟਵਾਇਆ, ਬੱਚੀ ਹੋਣ ਦੀਆਂ ਵਧਾਈਆਂ ਦਿੱਤੀਆਂ ਤੇ ਸ਼ੁਭ ਕਾਮਨਾਵਾਂ ਦੇ ਕੇ ਸਾਨੂੰ ਵਿਦਾ ਕੀਤਾ।
ਅਸੀਂ ਸਾਰੇ ਡਾਕਟਰ ਦੇ ਵਿਹਾਰ ਅਤੇ ਉਹਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦੇ ਸਾਹ ਨਹੀਂ ਸਾਂ ਲੈ ਰਹੇ।
ਸੰਪਰਕ: 98726-27136