ਛਾਬੇ ’ਚ ਪਏ ਡੱਡੂ
ਪ੍ਰੋ. ਮੋਹਣ ਸਿੰਘ
ਪਹਿਲਾ ਬਾਈਸਾਈਕਲ ਜਾਂ ਸਕੂਟਰ, ਪਹਿਲਾ ਚਲਾਨ (ਜੇ ਕੋਈ ਹੋਇਆ ਹੋਵੇ) ਜਾਂ ਪਹਿਲੀ ਨੌਕਰੀ ਸਾਰੀ ਉਮਰ ਯਾਦ ਰਹਿੰਦੀ ਹੈ। ਮੇਰੀ ਪਹਿਲੀ ਨੌਕਰੀ ਜੈਂਤੀਪੁਰ ਰੇਲਵੇ ਸਟੇਸ਼ਨ ਅਤੇ ਨਾਲ ਹੀ ਪੈਂਦੇ ਬੱਸ ਅੱਡੇ ਦੇ ਦਰਮਿਆਨ ਨਵੇਂ ਖੁੱਲ੍ਹੇ ਪ੍ਰਾਈਵੇਟ ਸਕੂਲ ਵਿੱਚ ਬਤੌਰ ਸਾਇੰਸ ਮਾਸਟਰ ਹੋਈ। ਮੇਰਾ ਨਿਯੁਕਤੀ ਪੱਤਰ ਹੈੱਡਮਾਸਟਰ ਇੰਦਰਜੀਤ ਸਿੰਘ ਬੋਪਾਰਾਏ ਜੋ ਮੇਰੇ ਵੱਡੇ ਭਰਾ ਦੇ ਦੋਸਤ ਦੇ ਦੋਸਤ ਸਨ, ਨੇ ਮੇਰੇ ਘਰ, ਮੇਰੇ ਮੇਜ਼ ’ਤੇ ਹੀ ਲਿਖਿਆ ਸੀ ਅਤੇ ਪੰਜਾਹ ਰੁਪਏ ਅਗਾਊਂ ਵੀ ਦਿੱਤੇ ਸਨ। ਟਰੇਨ ਦਾ ਪਾਸ ਬਣਵਾਇਆ ਅਤੇ ਕੰਮ ਸ਼ੁਰੂ ਕਰ ਦਿੱਤਾ।
ਸਕੂਲ ਪੁਰਾਣੀ ਜਿਹੀ ਕੋਠੀ ਵਿੱਚ ਸੀ ਅਤੇ ਬਿਲਡਿੰਗ ਤੋਂ ਹਟ ਕੇ, ਪੈਲੀ ਵਿੱਚ ਇੱਕ ਕੋਠਾ ਸੀ ਜਿਸ ਨੂੰ ਉਹ ਸਕੂਲ ਦੀ ਪ੍ਰਯੋਗਸ਼ਾਲਾ ਕਹਿੰਦੇ ਸਨ। ਕੋਠੇ ਦੀ ਇੱਕ ਬਾਰੀ ਸੀ ਜੋ ਕਦੀ ਕਿਸੇ ਨੇ ਖੋਲ੍ਹੀ ਨਹੀਂ ਸੀ ਅਤੇ ਦਰਵਾਜ਼ਾ ਵੀ ਸੰਗਲ ਵਾਲੇ ਕੁੰਡੇ ਨਾਲ ਬੰਦ ਹੁੰਦਾ ਸੀ। ਮੈਂ ਲੜਕਿਆਂ ਨੂੰ ਨਾਲ ਲੈ ਕੇ ਪ੍ਰਯੋਗਸ਼ਾਲਾ ਖੋਲ੍ਹੀ, ਕੁਝ ਚਿਰ ਖੁੱਲ੍ਹੀ ਰੱਖੀ; ਬਾਰੀ ਖੋਲ੍ਹੀ ਅਤੇ ਇੱਕ-ਇੱਕ ਕਰ ਕੇ ਸ਼ੀਸ਼ੇ ਦਾ ਸਮਾਨ ਬਾਹਰ ਕੱਢਿਆ, ਸਾਫ਼ ਕੀਤਾ/ਕਰਵਾਇਆ। ਅਪਰੇਟਸ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਦੇ ਨਾਉਂ ਦੱਸੇ। ਪੈਲੀ ਵਿੱਚ ਹੀ ਟੇਬਲ ਰੱਖ ਕੇ ਆਕਸੀਜਨ, ਕਾਰਬਨ ਡਾਇਆਕਸਾਈਡ, ਹਾਈਡਰੋਜਨ ਗੈਸਾਂ ਤਿਆਰ ਕੀਤੀਆਂ। ਬੱਚਿਆਂ ਨੇ ਕਦੇ ਤੇਜ਼ਾਬ ਜਾਂ ਕੋਈ ਰਸਾਇਣਕ ਸਾਲਟ ਨਹੀਂ ਸੀ ਦੇਖਿਆ। ਬੱਚਿਆਂ ਦੀ ਖੁਸ਼ੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਦੋਂ ਦੇ ਉਥੇ ਰਹੇ ਵਿਦਿਅਰਾਥੀ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਕੈਮਿਸਟਰੀ ਵਿਭਾਗ ਤੋਂ ਰਿਟਾਇਰਡ ਡਾ. ਅਵਤਾਰ ਸਿੰਘ ਉਪਲ ਮੁਤਾਬਿਕ, ਮੈਥੋਂ ਪਹਿਲਾਂ ਉੱਥੇ ਸ਼ਿਵ ਬਟਾਲਵੀ ਅਧਿਆਪਕ ਰਹਿ ਚੁੱਕਾ ਸੀ। ਮੈਂ ਬਹੁਤ ਕੁਝ ਪੜ੍ਹਾਉਣ ਵੇਲੇ ਸਿੱਖਿਆ।
ਸਕੂਲ ਸਮੇਂ ਤੋਂ ਬਾਅਦ ਦਾ ਸਮਾਂ ਮੈਂ ਸਟੇਸ਼ਨ ਦੇ ਪਲੈਟਫਾਰਮ ’ਤੇ ਲੋਹੇ ਦੀਆਂ ਬਾਹੀਆਂ ਵਾਲੇ ਬੈਂਚ ’ਤੇ ਬਿਤਾਉਂਦਾ ਕਿਉਂਕਿ ਸਿੰਗਲ ਲਾਈਨ ਹੈ, ਪਲੈਟਫਾਰਮ ਇੱਕੋ ਪਾਸੇ ਹੁੰਦਾ ਸੀ। ਆਲੇ-ਦੁਆਲੇ ਰੇਲਵੇ ਦਾ ਜੰਗਲਾ ਅਤੇ ਕੁਝ ਟਾਹਲੀਆਂ। ਪਠਾਨਕੋਟ ਤੋਂ ਅੰਮ੍ਰਿਤਸਰ ਜਾਣ ਵਾਲੀ ਗੱਡੀ ਸ਼ਾਮ ਪੰਜ ਕੁ ਵਜੇ ਆਉਂਦੀ ਸੀ। ਇੱਕ ਦਿਨ ਸਟੇਸ਼ਨ ਮਾਸਟਰ ਦੇ ਦਫ਼ਤਰੋਂ ਕੁਰਸੀ ਵੀ ਆ ਗਈ। ਉਸ ਦਾ ਲੜਕਾ ਇੱਥੇ ਹੀ ਪੜ੍ਹਦਾ ਸੀ। ਪਲੈਟਫਾਰਮ ਬਿਲਕੁਲ ਸੁੰਨਾ ਹੁੰਦਾ ਸੀ। ਚਾਰ ਕੁ ਵਜੇ ਸਟੇਸ਼ਨ ਮਾਸਟਰ ਵੱਲੋਂ ਚਾਹ ਦਾ ਕੱਪ ਆਪਣੇ ਆਪ ਪਹੁੰਚ ਜਾਂਦਾ ਸੀ।
ਇੱਕ ਦਿਨ ਹੈੱਡਮਾਸਟਰ ਬੋਪਾਰਾਏ ਨੇ ਪੁੱਛਿਆ ਕਿ ਟਰੇਨ ਵਿੱਚ ਟਾਈਮ ਕਿਵੇਂ ਗੁਜ਼ਾਰਦਾ ਹੈਂ? ਮੈਂ ਕਿਹਾ, “ਬਸ ਟਾਹਲੀਆਂ ਗਿਣੀ ਜਾਈਦੀਆਂ।” ਉਨ੍ਹਾਂ ਮੈਨੂੰ ਦੋਸਤੋਵਸਕੀ ਦਾ ਨਾਵਲ ‘ਕਰਾਈਮ ਐਂਡ ਪਨਿਸ਼ਮੈਂਟ’ ਫੜਾ ਦਿੱਤਾ ਤੇ ਕਿਹਾ, “ਪੜ੍ਹੀਂ।” ਹਫ਼ਤੇ ਕੁ ਬਾਅਦ ਇੱਕ ਹੋਰ, ਤੇ ਫਿਰ ਇੱਕ ਹੋਰ…। ਰੂਸੀ ਸਾਹਿਤ ਤੋਂ ਆਰੰਭ ਹੋ ਕੇ ਮੇਰਾ ਰੁਝਾਨ ਅੰਗਰੇਜ਼ੀ ਸਾਹਿਤ ਵੱਲ ਹੋ ਗਿਆ। ਬੋਪਾਰਾਏ ਜੀ ਨੇ ਮੈਨੂੰ ਪੜ੍ਹਨੇ ਲਾ ਦਿੱਤਾ। ਹਾਰਡੀ ਅਤੇ ਡਿਕਨਜ਼ ਨਾਲ ਵਾਕਫ਼ੀ ਹੋ ਗਈ। ਬਾਅਦ ’ਚ ਤਾਂ ਐੱਮਏ ਵੀ ਹੋ ਗਈ।
ਇੱਕ ਦਿਨ ਸਕੂਲ ਤੋਂ ਛੇਤੀ ਵਿਹਲਾ ਹੋ ਗਿਆ। ਮੱਸਿਆ ਵੀ ਸੀ। ਟਰੇਨ ਸ਼ਾਮੀਂ ਆਉਣੀ ਸੀ, ਇਸ ਲਈ ਬੱਸ ’ਚ ਆਉਣ ਦਾ ਸਬੱਬ ਬਣ ਗਿਆ। ਕੱਥੂਨੰਗਲ ਤੋਂ ਅੰਮ੍ਰਿਤਸਰ ਨੂੰ ਕਈ ਲੋਕੀਂ ਪੈਦਲ ਵੀ ਜਾਂਦੇ ਦੇਖੇ ਜਾ ਸਕਦੇ ਸਨ। ਡਰਾਈਵਰ ਨੇ ਬਰੇਕ ਲਾਈ। ਬੱਸ ਖਲੋ ਗਈ ਪਰ ਕੋਈ ਚਡਿ਼੍ਹਆ ਉਤਰਿਆ ਨਾ। ਅਸਲ ’ਚ ਦੋ ਆਦਮੀ ਬਾਹਾਂ ਕੱਢ-ਕੱਢ ਕੇ ਆਪਸ ’ਚ ਗੱਲਾਂ ਕਰਦੇ ਜਾ ਰਹੇ ਸਨ। ਡਰਾਈਵਰ ਨੇ ਸਮਝਿਆ, ਰੋਕਣ ਲਈ ਇਸ਼ਾਰਾ ਹੈ... ਹਾਸਾ ਪੈ ਗਿਆ। ਅਗਲੇ ਸਟੌਪ ’ਤੇ ਇੱਕ ਆਦਮੀ ਵੱਡਾ ਸਾਰਾ ਟੋਕਰਾ ਪੌੜੀਆਂ ਸਾਹਮਣੇ ਰੱਖ ਕੇ ਆਪ ਅਗਲੇ ਪਾਸੇ ਕਿਸੇ ਖਾਲੀ ਸੀਟ ’ਤੇ ਬੈਠ ਗਿਆ, ਬੇਫ਼ਿਕਰ।
ਉਦੋਂ 11ਵੀਂ-12ਵੀਂ ਜਮਾਤ ਕਾਲਜਾਂ ਵਿੱਚ ਹੁੰਦੀ ਸੀ। ਜਿਨ੍ਹਾਂ ਨੇ ਮੈਡੀਕਲ ਲਾਈਨ ’ਚ ਜਾਣਾ ਹੁੰਦਾ ਸੀ, ਉਨ੍ਹਾਂ ਲਈ ਕਾਕਰੋਚ, ਡੱਡੂ, ਖਰਗੋਸ਼ ਆਦਿ ਦੀ ਚੀਰ-ਫਾੜ (ਡਿਸੈੱਕਸ਼ਨ) ਜ਼ਰੂਰੀ ਵਿਸ਼ਾ ਜਾਂ ਮੁਹਾਰਤ ਹੁੰਦੀ। ਹਰੇਕ ਕੋਲ ਆਪੋ-ਆਪਣਾ ਡਿਸੈੱਕਸ਼ਨ ਬਾਕਸ ਹੁੰਦਾ ਸੀ।
ਜਦੋਂ ਕਦੇ ਭਾਰੀ ਮੀਂਹ ਪੈਂਦਾ ਤਾਂ ਪਿੰਡਾਂ ਦੇ ਸਾਰੇ ਛੱਪੜ ਨੱਕੋ-ਨੱਕ ਭਰ ਜਾਂਦੇ ਤੇ ਦੜ ਵੱਟ ਕੇ ਬੈਠੇ ਡੱਡੂ ਕੰਢਿਆਂ ’ਤੇ ਆ ਕੇ ਗੜੈਂ-ਗੜੈਂ ਨਾਲ ਮਾਹੌਲ ਵਿੱਚ ਆਪਣੀ ਹਾਜ਼ਰੀ ਦਾ ਸਬੂਤ ਦਿੰਦੇ। ਵੱਡੇ-ਵੱਡੇ ਹਰੇ-ਪੀਲੇ ਰੰਗ ਦੇ ਡੱਡੂ ਬਰਸਾਤ ਵਿੱਚ ਆਮ ਦੇਖੇ ਜਾ ਸਕਦੇ ਸਨ। ਪਾਣੀ ਦੇ ਲਾਗੇ ਰਹਿਣ ਵਾਲੇ ਇਸ ਜੀਵ ਦੇ ਦੰਦ ਨਹੀਂ ਹੁੰਦੇ। ਇਸ ਨੂੰ ਫੜਨ ਲੱਗੋ ਤਾਂ ਉਸੇ ਵੇਲੇ ਭੁੜਕ ਕੇ ਨਿਕਲ ਜਾਂਦਾ ਹੈ। ਤੁਰਦਾ ਬਹੁਤ ਘੱਟ ਹੈ। ਮੱਛਰ ਵਰਗੇ ਮਕੌਡਿ਼ਆਂ ਦਾ ਸ਼ਿਕਾਰ ਕਰਦਾ ਹੈ, ਆਪਣੀ ਜ਼ੁਬਾਨ ਨਾਲ।
ਮੱਸਿਆ ਵਾਲਾ ਦਿਨ ਸੀ। ਬੱਸ ਆਪਣੀ ਚਾਲੇ ਜਾ ਰਹੀ ਸੀ। ਕੋਈ ਸੀਟ ਖਾਲੀ ਨਹੀਂ ਸੀ। ਔਰਤਾਂ ਦੀ ਗਿਣਤੀ ਬਹੁਤੀ ਨਹੀਂ ਸੀ। ਕੁਝ ਸਵਾਰੀਆਂ ਪਾਈਪ ਫੜ ਕੇ ਖਲੋਤੀਆਂ ਵੀ ਹੋਈਆਂ ਸਨ। ਪਤਾ ਨਹੀਂ ਕੀ ਹੋਇਆ, ਅਚਾਨਕ ਭਗਦੜ ਮਚ ਗਈ। ਕੋਈ ਇੱਧਰ, ਕੋਈ ਉੱਧਰ। ਕੰਡਕਟਰ ਵੀ ਹੈਰਾਨ ਕਿ ਸਵਾਰੀਆਂ ਨੂੰ ਹੋ ਕੀ ਗਿਆ! ਚੀਕ ਚਿਹਾੜਾ ਪੂਰਾ। ਡਰਾਈਵਰ ਨੂੰ ਬੱਸ ਰੋਕਣੀ ਪਈ ਪਰ ਭਗਦੜ ਉਸੇ ਤਰ੍ਹਾਂ।
ਕਹਿੰਦੇ ਨੇ ਉਦਮੀ ਲੋਕ ਪਰਿਵਰਤਨ ਵਿੱਚੋਂ, ਹਾਲਾਤ ਵਿੱਚੋਂ ਆਪਣਾ ਅਵਸਰ ਲੱਭ ਲੈਂਦੇ ਹਨ, ਰੁਜ਼ਗਾਰ ਪੈਦਾ ਕਰ ਲੈਂਦੇ ਹਨ। ਸਕੂਲਾਂ ਕਾਲਜਾਂ ਵਿੱਚ ਡੱਡੂਆਂ ਦੀ ਮੰਗ ਤਾਂ ਸੀ। ਉਸ ਬਸ ਵਿੱਚ, ਗੇਟ ’ਤੇ ਰੱਖਿਆ ਹੋਇਆ ਟੋਕਰਾ ਡੱਡੂਆਂ ਨਾਲ ਭਰਿਆ ਹੋਇਆ ਸੀ ਪਰ ਕਿਸੇ ਨੂੰ ਇਸ ਦਾ ਪਤਾ ਨਹੀਂ ਸੀ। ਮੇਰੇ ਲਾਗੇ ਬੈਠੇ ਲੜਕੇ ਨੇ ਐਵੇਂ ਉਤਸੁਕਤਾ ਵਿੱਚ ਟੋਕਰੇ ਦੀ ਉਪਰਲੀ ਨਿੱਕੀ ਜਿਹੀ, ਭਿੱਜੀ ਹੋਈ ਬੋਰੀ ਚੁੱਕ ਦਿੱਤੀ। ਉਹ ਤ੍ਰਭਕਿਆ ਤੇ ਬੋਰੀ ਉਸ ਪਾਸੋਂ ਡਿੱਗ ਪਈ। ਉਸੇ ਵੇਲੇ ਵੱਡਾ ਸਾਰਾ ਡੱਡੂ ਇੱਧਰ ਉੱਧਰ ਭੁੜਕ ਕੇ ਸੀਟਾਂ ਥੱਲੇ ਲੁਕ ਗਿਆ। ਦੇਖਦੇ-ਦੇਖਦੇ ਹੋਰ ਕਈ ਡੱਡੂ ਇੱਧਰ-ਉੱਧਰ ਭੁੜਕ ਗਏ। ਮਾਲਕ ਨੂੰ ਪਤਾ ਲੱਗਾ। ਉਸ ਦਾ ਤਾਂ ਇਹ ਪੇਸ਼ਾ ਸੀ, ਵਪਾਰ ਦਾ ਮਾਲ ਸੀ। ਬੜੀ ਮਿਹਨਤ ਨਾਲ ਪਿੰਡੋ-ਪਿੰਡ ਜਾ ਕੇ ਡੱਡੂ ਇਕੱਠੇ ਕਰਦਾ ਸੀ ਅਤੇ ਕਾਲਜਾਂ ਨੂੰ ਸਪਲਾਈ ਕਰਦਾ ਸੀ। ਇੱਕ ਡੱਡੂ ਸ਼ਾਇਦ ਦੋ ਜਾਂ ਚਾਰ ਆਨਿਆਂ ਦਾ। ਕਹਿ ਲਵੋ, ਉਹਦੀ ਟੋਕਰੀ ਵਿੱਚ ‘ਦੁਆਨੀਆਂ’, ‘ਚੁਆਨੀਆਂ’ ਨੂੰ ਲੱਤਾਂ ਲੱਗੀਆਂ ਹੋਈਆਂ ਸਨ ਪਰ ਇਸ ਕਾਰਜ ਵਿੱਚ ਕੋਈ ਉਸ ਦੀ ਮਦਦ ਨਹੀਂ ਸੀ ਕਰ ਰਿਹਾ। ਕਈ ਡੱਡੂ ਬੱਸ ’ਚੋਂ ਬਾਹਰ ਵੀ ਡਿੱਗੇ ਅਤੇ ਉਸ ਮਾਲਕ ਨੂੰ ਸਮਝ ਨਾ ਆਵੇ ਕਿ ਕੀ ਕਰਾਂ? ਟੋਕਰੀ ਵਿੱਚ ਇੱਕ ਨੂੰ ਪਾਵੇ ਤਾਂ ਦੂਜਾ ਨਿਕਲ ਜਾਵੇ। ਬੋਰੀ ਪਰੇ ਪਈ ਸੀ।
ਛੇ ਦਹਾਕੇ ਪੁਰਾਣੀ ਇਹ ਘਟਨਾ ਯਾਦ ਕਰ ਕੇ ਹਾਸਾ ਵੀ ਆਉਂਦਾ ਹੈ ਅਤੇ ਅਜੋਕੇ ਸਿਆਸੀ ਮੰਜ਼ਰ ਨਾਲ ਮੁਕਾਬਲਾ ਬਦੋਬਦੀ ਹੋ ਜਾਂਦਾ ਹੈ। ਕਿਸੇ ਸਿਆਸੀ ਪਾਰਟੀ ਦਾ ਕੋਈ ਪ੍ਰੋਗਰਾਮ ਨਹੀਂ। ਬੱਸ ਆਪਣੇ ਸਿਆਸੀ ਡੱਡੂਆਂ ਨੂੰ ‘ਟੋਕਰੀ’ ਵਿੱਚ ਰੱਖਣਾ ਹੈ, ਇਹੀ ਉਨ੍ਹਾਂ ਸਿਆਸਤਦਾਨਾਂ ਦੀ ਉਸਤਾਦੀ ਹੈ। ਤੱਕੜੀ ਦੇ ਛਾਬੇ ਵਿੱਚ ਤੋਲਣ ਦੇ ਯਤਨਾਂ ਵਜੋਂ ਰੱਖੀ ‘ਡੱਡੂਆਂ ਦੀ ਪੰਸੇਰੀ’ ਨਿਰੀ ਕਲਪਨਾ ਨਹੀਂ।