ਚੌਮੁਖੀਆ ਚਿਰਾਗ਼
ਰੋਜ਼ ਦੇ ਕੰਮ-ਕਾਰ ਵਿੱਚ ਰੁੱਝੇ ਮੇਰੇ ਦਿਮਾਗ ਨੇ ਇੱਕ ਦਿਨ ਇੱਕ ਪਲ ਦਾ ਸਾਹ ਲਿਆ। ਮੈਨੂੰ ਅਚਾਨਕ ਅਹਿਸਾਸ ਹੋਇਆ ਕਿ ਜਿਊਣ ਲਈ ਜ਼ਿੰਦਗੀ ਬਹੁਤ ਛੋਟੀ ਹੈ। ਇਨਸਾਨ ਨੂੰ ਆਪਣੇ ਦਿਲ ਦੀ ਸ਼ਾਂਤੀ ਤੇ ਸਕੂਨ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ...
ਰੋਜ਼ ਦੇ ਕੰਮ-ਕਾਰ ਵਿੱਚ ਰੁੱਝੇ ਮੇਰੇ ਦਿਮਾਗ ਨੇ ਇੱਕ ਦਿਨ ਇੱਕ ਪਲ ਦਾ ਸਾਹ ਲਿਆ। ਮੈਨੂੰ ਅਚਾਨਕ ਅਹਿਸਾਸ ਹੋਇਆ ਕਿ ਜਿਊਣ ਲਈ ਜ਼ਿੰਦਗੀ ਬਹੁਤ ਛੋਟੀ ਹੈ। ਇਨਸਾਨ ਨੂੰ ਆਪਣੇ ਦਿਲ ਦੀ ਸ਼ਾਂਤੀ ਤੇ ਸਕੂਨ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ ਤਾਂ ਜੋ ਅਸੀਂ ਤਰੋਤਾਜ਼ਾ ਹੋ ਕੇ ਮੁੜ ਨਵੀਂ ਊਰਜਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਸਕੀਏ। ਕੁਦਰਤ ਦੇ ਅੰਗ-ਸੰਗ ਰਹਿ ਕੇ ਮਨੁੱਖ ਨੂੰ ਆਪਣੇ ਜੀਵਨ ਦੇ ਉਦੇਸ਼ ਬਾਰੇ ਮੁੜ ਨਵੇਂ ਸਿਰੇ ਤੋਂ ਸੋਚਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਨਿਰੰਤਰ ਚੱਲਦੀ ਆ ਰਹੀ ਜ਼ਿੰਮੇਵਾਰੀਆਂ ਦੀ ਰੇਲਗੱਡੀ ਦੀਆਂ ਬਰੇਕਾਂ ਲਾ ਕੇ ਜ਼ਰਾ ਤਾਜ਼ਾ ਦਮ ਹੋ ਜਾਵੇ।
ਖ਼ਿਆਲਾਂ ਦੀ ਇਸ ਰੌਸ਼ਨੀ ਨੇ ਮਨ ਦਾ ਰੌਂਅ ਬਦਲਿਆ ਤੇ ਮੈਂ ਪਰਿਵਾਰ ਨਾਲ ਕੁਝ ਦਿਨ ਕੁਦਰਤ ਦੇ ਅੰਗ-ਸੰਗ ਰਹਿਣ ਲਈ ਨਵਾਂ ਸਫ਼ਰ ਵਿੱਢ ਲਿਆ। ਕਈ ਘੰਟਿਆਂ ਦੇ ਸਫ਼ਰ ਤੋਂ ਬਾਅਦ ਹਰਿਆਵਲ ਨਾਲ ਭਰੀਆਂ ਨਿੱਕੀਆਂ ਪਹਾੜੀਆਂ ਵੇਖਦਿਆਂ ਹੀ ਮਨ ਦੇ ਅੰਬਰ ’ਚੋਂ ਫ਼ਿਕਰਾਂ ਦਾ ਬੋਝ ਲਹਿਣ ਲੱਗਾ। ਪਹਾੜਾਂ ਦੇ ਸਿਖਰ ਵੱਲ ਜਾਂਦੀ ਵਲ ਖਾਂਦੀ ਸੜਕ ’ਤੇ ਹੌਲੀ ਰਫ਼ਤਾਰ ਨਾਲ ਚੱਲਦੀ ਕਾਰ ਮੈਨੂੰ ਇਹ ਸਮਝਾਉਂਦੀ ਪ੍ਰਤੀਤ ਹੋਈ ਕਿ ਜ਼ਿੰਦਗੀ ਦੀ ਘੁੰਮਣਘੇਰੀ ਨੂੰ ਸਮਝਣ ਲਈ ਮਨੁੱਖ ਨੂੰ ਵੀ ਠਹਿਰਾਅ ਅਤੇ ਸਬਰ ਸਿਦਕ ਦੀ ਲੋੜ ਹੁੰਦੀ ਹੈ। ਕਾਹਲ ਨਾਲ ਹਰ ਵੇਲੇ ਦੁਰਘਟਨਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਮੰਜ਼ਿਲ ’ਤੇ ਪਹੁੰਚਣ ਲਈ ਸਿਰਫ਼ ਤੇਜ਼ ਕਦਮਾਂ ਦੀ ਲੋੜ ਨਹੀਂ ਹੁੰਦੀ, ਸਗੋਂ ਸਹਿਜੇ ਤੇ ਸਾਵਧਾਨੀ ਨਾਲ ਪੁੱਟੇ ਕਦਮ ਵੀ ਮੰਜ਼ਿਲ ਤੱਕ ਪਹੁੰਚਣਾ ਯਕੀਨੀ ਬਣਾਉਂਦੇ ਹਨ। ਹਿੰਮਤ ਅਤੇ ਮਿਹਨਤ ਸਦਕਾ ਅਸੀਂ ਆਪਣੇ ਜੀਵਨ ਦੀਆਂ ਸਾਰੀਆਂ ਚੋਟੀਆਂ ਸਰ ਕਰ ਸਕਦੇ ਹਾਂ। ਅਗਲੇ ਪੜਾਅ ’ਤੇ ਪੈਂਡਾ ਹੋਰ ਤਿੱਖਾ ਹੋਇਆ ਤਾਂ ਕਾਰ ਦੀ ਰਫ਼ਤਾਰ ਹੋਰ ਹੌਲੀ ਹੋ ਗਈ। ਸੜਕ ਦੇ ਨਾਲ ਨਾਲ ਸਿਰ ਚੁੱਕੀ ਖੜ੍ਹੇ ਹਰੇ-ਭਰੇ ਦਰੱਖ਼ਤ ਮਨ ਦੀ ਦਹਿਲੀਜ਼ ’ਤੇ ਖੁਸ਼ੀ ਦੀ ਇਬਾਰਤ ਲਿਖਦੇ ਮਹਿਸੂਸ ਹੋਏ। ਹਵਾ ਨਾਲ ਝੂਮਦੇ, ਹੱਸਦੇ, ਗੱਲਾਂ ਕਰਦੇ ਲੱਗੇ। ਜਿਵੇਂ ਕਹਿ ਰਹੇ ਹੋਣ ਕਿ ਜੇਕਰ ਸਾਡੀਆਂ ਜੜ੍ਹਾਂ ਮਜ਼ਬੂਤ ਹੋਣ ਤਾਂ ਅਸੀਂ ਜੀਵਨ ਵਿੱਚ ਬਹੁਤ ਦੂਰ ਤੱਕ ਫੈਲ ਸਕਦੇ ਹਾਂ। ਸਾਡੀਆਂ ਜੜ੍ਹਾਂ ਜਿੰਨੀਆਂ ਡੂੰਘੀਆਂ ਹੋਣਗੀਆਂ, ਸਾਡੇ ਉੱਚਾ ਉੱਠਣ ਦੀ ਸੰਭਾਵਨਾ ਓਨੀ ਹੀ ਪੱਕੀ ਹੁੰਦੀ ਜਾਵੇਗੀ। ਜਿਨ੍ਹਾਂ ਦਰੱਖ਼ਤਾਂ ਦੀਆਂ ਜੜ੍ਹਾਂ ਸਾਥ ਛੱਡ ਦਿੰਦੀਆਂ ਹਨ ਉਹ ਹਲਕੀ ਹਵਾ ਦੇ ਬੁੱਲੇ ਨਾਲ ਵੀ ਡਿੱਗ ਪੈਂਦੇ ਹਨ। ਕਮਜ਼ੋਰ ਜੜ੍ਹਾਂ ਵਾਲਾ ਇਨਸਾਨ ਔਖੀ ਘੜੀ ਆਉਣ ਤੋਂ ਪਹਿਲਾਂ ਹੀ ਢਹਿ-ਢੇਰੀ ਹੋ ਜਾਂਦਾ ਹੈ। ਉਸ ਵਿੱਚ ਉੱਚਾ ਉੱਠਣ, ਫੈਲਣ ਤੇ ਪੱਸਰਨ ਦੀ ਤਾਂਘ ਮਰ ਜਾਂਦੀ ਹੈ।
ਇੱਕ ਛੋਟਾ ਪਹਾੜੀ ਪਿੰਡ ਲੰਘਦਿਆਂ ਸੜਕ ਤੋਂ ਥੋੜ੍ਹਾ ਥੱਲੇ ਪਹਾੜੀ ਦੇ ਪੈਰਾਂ ਵਿੱਚ ਬਣਿਆ ਇੱਕ ਢਾਬਾ ਨਜ਼ਰ ਆਇਆ। ਦਿਲ ਕੀਤਾ ਉੱਥੇ ਰੁਕ ਕੇ ਕੁਝ ਖਾ-ਪੀ ਲਿਆ ਜਾਵੇ। ਢਾਬੇ ਦੇ ਮਾਲਕ ਨੇ ਨਿੱਘੀ ਮੁਸਕਾਨ ਨਾਲ ‘ਜੀ ਆਇਆਂ’ ਆਖਿਆ। ਸਾਥੋਂ ਦਾਲ-ਸਬਜ਼ੀ ਦੀ ਪਸੰਦ ਪੁੱਛਦਿਆਂ ਖਾਣਾ ਪਰੋਸਿਆ। ਲੱਕੜ ਦੇ ਬੈਂਚਾਂ ’ਤੇ ਬੈਠ ਅਸੀਂ ਉਹ ਸੁਆਦੀ ਖਾਣਾ ਖਾਧਾ। ਢਾਬੇ ਦਾ ਖਾਣਾ ਮੈਨੂੰ ਮੇਰੇ ਪੇਕੇ ਪਿੰਡ ਘੋਲੀਆ ਕਲਾਂ ਲੈ ਗਿਆ। ਦਹਾਕੇ ਪਹਿਲਾਂ ਅਸੀਂ ਚਾਰ ਭੈਣ-ਭਰਾ ਸਵੇਰ-ਸ਼ਾਮ ਚੌਂਕੇ ਵਿੱਚ ਬੀਬੀ ਦੇ ਆਲੇ-ਦੁਆਲੇ ਪਈਆਂ ਪੀੜ੍ਹੀਆਂ ਜਾ ਮੱਲਦੇ। ਇੱਕ ਦੂਜੇ ਤੋਂ ਵਧ ਕੇ ਰੋਟੀਆਂ ਖਾਂਦੇ। ਬੀਬੀ ਅਕਸਰ ਆਖਦੀ ਸੀ, ‘ਪੁੱਤ ਸਦਾ ਰੱਜ ਕੇ ਖਾਇਆ ਕਰੋ, ਪਰ ਸਿਰਫ਼ ਖਾਣ ਨੂੰ ਹੀ ਜੀਵਨ ਨਾ ਸਮਝ ਲੈਣਾ। ਜਿਵੇਂ ਜਿਊਣ ਲਈ ਖਾਣਾ ਜ਼ਰੂਰੀ ਹੈ ਉਵੇਂ ਹੀ ਜ਼ਿੰਦਗੀ ਲਈ ਕੰਮ ਤੇ ਮਿਹਨਤ ਵੀ ਜ਼ਰੂਰੀ ਹਨ। ਕੰਮ ਤੋਂ ਬਿਨਾਂ ਜਿਊਣ ਦਾ ਕੋਈ ਅਰਥ ਨਹੀਂ। ਸਾਰਿਆਂ ਦੇ ਭਲੇ ਲਈ ਕੀਤੇ ਚੰਗੇ ਤੇ ਨੇਕ ਕੰਮ ਬੰਦੇ ਦੇ ਸਿਰ ਦਾ ਤਾਜ ਬਣਦੇ ਹਨ।’ ਢਾਬੇ ਦੇ ਆਸ-ਪਾਸ ਛੋਟੇ ਛੋਟੇ ਖੇਤਾਂ ਵਿੱਚ ਕੰਮ ਕਰਦੇ ਪਹਾੜੀ ਲੋਕਾਂ ਵੱਲ ਨਜ਼ਰ ਗਈ। ਉਹ ਫ਼ਸਲ ਵਿੱਚੋਂ ਕਾਂਗਿਆਰੀ ਕੱਢ ਰਹੇ ਸਨ। ਪੰਛੀਆਂ ਦੀਆਂ ਆਵਾਜ਼ਾਂ ਤੇ ਨਾਲ ਖਹਿੰਦੀ ਠੰਢੀ ਪੌਣ ਉਨ੍ਹਾਂ ਲਈ ਊਰਜਾ ਬਣੀ ਨਜ਼ਰ ਆਈ। ਪਹਾੜਾਂ ਦੀ ਗੋਦ ਵਿੱਚ ਲਹਿਰਾਉਂਦੀ ਫ਼ਸਲ ਕਿਸਾਨਾਂ ਦੇ ਚਿਹਰਿਆਂ ਦਾ ਨੂਰ ਸੀ। ਸੁਖਾਵੇਂ ਦ੍ਰਿਸ਼ ਮਾਣਦਿਆਂ ਅਸੀਂ ਅੱਗੇ ਤੁਰ ਪਏ। ਦਰੱਖ਼ਤਾਂ, ਫੁੱਲ-ਬੂਟਿਆਂ ਤੇ ਹਰੇ ਕਚੂਰ ਨਜ਼ਰ ਆਉਂਦੇ ਪਹਾੜਾਂ ਦੀ ਖੂਬਸੂਰਤੀ ਦਾ ਕੋਈ ਮੁੱਲ ਨਹੀਂ। ਸਾਰੇ ਪਰਿਵਾਰ ਦੇ ਚਿਹਰੇ ’ਤੇ ਝਲਕ ਰਹੀ ਖੁਸ਼ੀ ਪਹਾੜੀ ਸਫ਼ਰ ਦਾ ਜਲੌਅ ਬਿਆਨ ਰਹੀ ਸੀ।
ਰਮਣੀਕ ਪਹਾੜੀ ਸਥਾਨ ’ਤੇ ਪਹੁੰਚ ਕੇ ਚੌਗਿਰਦੇ ਵਿੱਚ ਪੱਸਰੀ ਹਰਿਆਵਲ ਦਾ ਆਨੰਦ ਮਾਣਿਆ। ਜ਼ਿੰਦਗੀ ਦੀ ਭੱਜ-ਦੌੜ ਤੋਂ ਦੂਰ ਕੁਦਰਤ ਦੀ ਗੋਦ ਵਿੱਚ ਦਰੱਖ਼ਤਾਂ ਤੇ ਪੰਛੀਆਂ ਦਾ ਸਾਥ ਜੀਵਨ ਦੇ ਅਰਥ ਸਮਝਾ ਗਿਆ। ਜੀਵਨ ਦੇ ਹਰ ਪੜਾਅ ’ਤੇ ਰੁੱਖਾਂ ਦੇ ਸਾਥ ਦੀ ਛਾਂ ਮਨੁੱਖ ਨਾਲ ਵਫ਼ਾ ਨਿਭਾਉਂਦੀ ਹੈ। ਪੰਛੀ ਜ਼ਿੰਦਗੀ ਦੀ ਜਿਊਣ ਤਾਂਘ ਨੂੰ ਪ੍ਰਵਾਜ਼ ਦਿੰਦੇ ਹਨ। ਸਾਂਝਾਂ ਵਿੱਚ ਪਰੋਈ ਜ਼ਿੰਦਗੀ ਹਰੇਕ ਮੁਸ਼ਕਲ ਦਾ ਸਾਹਮਣਾ ਕਰਨ ਦੇ ਸਮਰੱਥ ਹੁੰਦੀ ਹੈ ਜੋ ਮਨੁੱਖੀ ਸ਼ਖ਼ਸੀਅਤ ਨੂੰ ਸੁਹਜ, ਸਲੀਕੇ ਤੇ ਸਬਰ ਦੀ ਗੁੜ੍ਹਤੀ ਦਿੰਦੀ ਹੈ। ਜ਼ਿੰਦਗੀ ਰਿਸ਼ਤਿਆਂ ਦੇ ਹਾਰ ਦਾ ‘ਅਮੁੱਲਾ ਮੋਤੀ’ ਹੈ। ਜੇਕਰ ਇਹ ਕਿਸੇ ਉੱਚੇ ਸੁੱਚੇ ਮਕਸਦ ਤੇ ਆਦਰਸ਼ ਦੇ ਲੇਖੇ ਲੱਗੇ ਤਾਂ ਇਸ ਦਾ ਕੋਈ ਸਾਨੀ ਨਹੀਂ। ਅਜਿਹਾ ਜੀਵਨ ‘ਚੌਮੁਖੀਆ ਚਿਰਾਗ’ ਹੁੰਦਾ ਹੈ, ਜਿਸ ਦੀ ਸੁਨਿਹਰੀ ਲੋਅ ਜੀਵਨ ਰਾਹਾਂ ’ਤੇ ਚਾਨਣ ਬਣ ਪੱਸਰਦੀ ਹੈ।
ਈ ਮੇਲ: rashpinderpalkaur@gmail.com

