ਪ੍ਰੇਰਨਾ ਵਾਲੇ ਸਫ਼ਰ ਦੀਆਂ ਪੈੜਾਂ
ਪਾਵੇਲ ਕੁੱਸਾ ਦੋ ਜੁਲਾਈ ਨੂੰ ਕਮਿਊਨਿਸਟ ਲਹਿਰ ਦੀ ਅਹਿਮ ਆਗੂ ਸ਼ਖ਼ਸੀਅਤ ਗੁਰਦਿਆਲ ਸਿੰਘ ਪਹਾੜਪੁਰ 81 ਵਰ੍ਹਿਆਂ ਦੀ ਸ਼ਾਨਾਮੱਤੀ ਜ਼ਿੰਦਗੀ ਦਾ ਸਫ਼ਰ ਮੁਕਾ ਗਏ ਪਰ ਇਹ ਨਿਵੇਕਲਾ ਸਫ਼ਰ ਲੋਕ ਮੁਕਤੀ ਦੇ ਰਾਹਾਂ ਦੇ ਪਾਂਧੀਆਂ ਲਈ ਰੌਸ਼ਨੀ ਦੇ ਸੋਮੇ ਵਜੋਂ ਚਾਨਣ ਵੰਡਦਾ...
ਪਾਵੇਲ ਕੁੱਸਾ
ਦੋ ਜੁਲਾਈ ਨੂੰ ਕਮਿਊਨਿਸਟ ਲਹਿਰ ਦੀ ਅਹਿਮ ਆਗੂ ਸ਼ਖ਼ਸੀਅਤ ਗੁਰਦਿਆਲ ਸਿੰਘ ਪਹਾੜਪੁਰ 81 ਵਰ੍ਹਿਆਂ ਦੀ ਸ਼ਾਨਾਮੱਤੀ ਜ਼ਿੰਦਗੀ ਦਾ ਸਫ਼ਰ ਮੁਕਾ ਗਏ ਪਰ ਇਹ ਨਿਵੇਕਲਾ ਸਫ਼ਰ ਲੋਕ ਮੁਕਤੀ ਦੇ ਰਾਹਾਂ ਦੇ ਪਾਂਧੀਆਂ ਲਈ ਰੌਸ਼ਨੀ ਦੇ ਸੋਮੇ ਵਜੋਂ ਚਾਨਣ ਵੰਡਦਾ ਰਹੇਗਾ।
ਕਾਮਰੇਡ ਗੁਰਦਿਆਲ ਸਿੰਘ 1960ਵਿਆਂ ਦੇ ਤਰਥੱਲੀਆਂ ਭਰਪੂਰ ਸਾਲਾਂ ਦੀ ਪੈਦਾਵਾਰ ਸਨ ਜਦੋਂ ਦੁਨੀਆ ਭਰ ’ਚ ਨੌਜਵਾਨ ਵਿਦਿਆਰਥੀ ਨਵੇਂ ਸਮਾਜ ਦੀ ਉਸਾਰੀ ਦੀ ਮੰਜ਼ਿਲ ਨੂੰ ਆਪਣੇ ਅਕੀਦੇ ਬਣਾ ਕੇ ਸੰਗਰਾਮਾਂ ਦੇ ਮੈਦਾਨ ’ਚ ਨਿੱਤਰ ਰਹੇ ਸਨ। ਮੁਲਕ ਦੇ ਵੀ ਹਜ਼ਾਰਾਂ ਨੌਜਵਾਨਾਂ ਨੇ ਕਿਰਤੀ ਲੋਕਾਈ ਦੀ ਮੁਕਤੀ ਲਈ ਸਮਾਜ ਦੀ ਇਨਕਲਾਬੀ ਕਾਇਆ ਪਲਟੀ ਖ਼ਾਤਰ ਜ਼ਿੰਦਗੀ ਅਰਪਿਤ ਕਰਨ ਦਾ ਰਾਹ ਫੜਿਆ ਸੀ ਪਰ ਇਸ ਲੰਮੇ ਸਫ਼ਰ ਚੋਂ ਵਿਰਲੇ ਹਨ ਜਿਹੜੇ ਜਵਾਨੀ ਵੇਲੇ ਚੁਣੇ ਇਸ ਰਸਤੇ ’ਤੇ ਅੰਤਿਮ ਸਾਹਾਂ ਤੱਕ ਡਟੇ ਰਹੇ। ਗੁਰਦਿਆਲ ਸਿੰਘ ਇਨ੍ਹਾਂ ਵਿਰਲਿਆਂ ’ਚ ਸ਼ੁਮਾਰ ਸਨ ਜਿਨ੍ਹਾਂ ਦੇ ਸਾਹਾਂ ’ਚ ਇਨਕਲਾਬ ਦਾ ਮਿਸ਼ਨ ਰਚਿਆ ਹੋਇਆ ਸੀ। 57-58 ਸਾਲ ਦੇ ਲੰਮੇ ਸਿਆਸੀ ਸਫ਼ਰ ਦਾ ਬਿਖੜਾ ਪੈਂਡਾ ਨਾ ਉਨ੍ਹਾਂ ਨੂੰ ਥਕਾ ਸਕਿਆ, ਨਾ ਕਮਿਊਨਿਸਟ ਇਨਕਲਾਬੀ ਲਹਿਰ ਦੇ ਸੰਕਟ ਤੇ ਉਤਰਾਅ-ਚੜ੍ਹਾਅ ਉਨ੍ਹਾਂ ਨੂੰ ਕਦੇ ਰਸਤਿਓਂ ਥਿੜਕਾ ਸਕੀਆਂ।
ਉਹ 60ਵਿਆਂ ਦੇ ਮਗਰਲੇ ਅੱਧ ’ਚ ਵਿਦਿਆਰਥੀ ਲਹਿਰ ਦੇ ਕਾਫ਼ਲੇ ਵਿੱਚ ਸ਼ਾਮਿਲ ਹੋਏ ਅਤੇ ਉਸ ਦੌਰ ਦੇ ਮਕਬੂਲ ਵਿਦਿਆਰਥੀ ਆਗੂ ਦਰਸ਼ਨ ਬਾਗੀ ਦੀ ਪ੍ਰੇਰਨਾ ਤੇ ਸਾਥ ਨਾਲ ਵਿਦਿਆਰਥੀ ਲਹਿਰ ਦੀਆਂ ਆਗੂ ਸਫਾਂ ’ਚ ਨਿੱਤਰੇ। ਇਨਕਲਾਬੀ ਲਹਿਰ ’ਚ ਉਨ੍ਹਾਂ ਦੀ ਸ਼ੁਰੂਆਤ ਦਾ ਦੌਰ ਪੰਜਾਬ ਦੀ ਵਿਦਿਆਰਥੀ ਲਹਿਰ ਦੇ ਸ਼ਾਨਾਮੱਤੇ ਇਤਿਹਾਸ ਦਾ ਹੀ ਅਹਿਮ ਦੌਰ ਹੈ, ਜਦੋਂ ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਮਕਬੂਲ ਜਥੇਬੰਦੀ ਵਜੋਂ ਪੰਜਾਬ ਦੇ ਵਿਦਿਆਰਥੀਆਂ ਦੀ ਸਮੂਹਿਕ ਹਸਤੀ ਦਾ ਚਿੰਨ੍ਹ ਬਣ ਕੇ ਉਭਰੀ। ਇਹੀ ਉਹ ਸਮਾਂ ਸੀ ਜਦੋਂ ਪੱਛਮੀ ਬੰਗਾਲ ਦੀ ਕਿਸਾਨ ਬਗਾਵਤ ਨਾਲ ਹਲੂਣੀ ਗਈ ਪੰਜਾਬ ਦੀ ਜਵਾਨੀ ਲੋਕ ਮੁਕਤੀ ਦੇ ਮਿਸ਼ਨ ਨੂੰ ਪ੍ਰਣਾਈ ਜਾ ਰਹੀ ਸੀ ਪਰ ਇਨਕਲਾਬੀ ਲਹਿਰ ਅੰਦਰ ਆਏ ਖੱਬੇ ਮਾਅਰਕੇਬਾਜ਼ ਰੁਝਾਨ ਨੇ ਪੀਐੱਸਯੂ ਦੀ ਲੀਡਰਸ਼ਿਪ ਨੂੰ ਵੀ ਲਪੇਟ ’ਚ ਲੈ ਲਿਆ ਸੀ ਤੇ ਜਥੇਬੰਦੀ ਦੀ ਲੀਡਰਸ਼ਿਪ ਦੇ ਵੱਡੇ ਹਿੱਸੇ ਨੇ ਜਨਤਕ ਜਥੇਬੰਦੀ ਨੂੰ ਇਨਕਲਾਬ ਦੇ ਰਾਹ ਦਾ ਰੋੜਾ ਕਰਾਰ ਦੇ ਦਿੱਤਾ। ਕਾਮਰੇਡ ਗੁਰਦਿਆਲ ਅਜਿਹੇ ਔਖੇ ਵੇਲਿਆਂ ’ਚ ਇਸ ਰੁਝਾਨ ਦੀ ਪਛਾਣ ਕਰਨ ਵਾਲੇ ਅਤੇ ਵਿਦਿਆਰਥੀ ਜਥੇਬੰਦੀ ਦੇ ਮਹੱਤਵ ਨੂੰ ਸਮਝਣ ਵਾਲੇ ਮੁੱਢਲੇ ਇਨਕਲਾਬੀਆਂ ’ਚ ਸ਼ੁਮਾਰ ਸਨ। ਇਸ ਮੌਕੇ ਉਹ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਜੂਦ ਦੀ ਰਾਖੀ ਲਈ ਅੱਗੇ ਆਏ। ਪੀਐੱਸਯੂ ਨੂੰ ਮੁੜ ਜਥੇਬੰਦ ਕਰਨ ਲਈ ਨਾਭਾ ਕਨਵੈਨਸ਼ਨ ਜਥੇਬੰਦ ਕੀਤੀ ਗਈ ਅਤੇ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਵਜੋਂ ਜਿ਼ੰਮੇਵਾਰੀ ਓਟੀ। ਇਨਕਲਾਬੀ ਜਨਤਕ ਮੁਹਾਵਰੇ ਵਿੱਚ ਪੀਐੱਸਯੂ ਦਾ ਐਲਾਨਨਾਮਾ ਤਿਆਰ ਕੀਤਾ ਗਿਆ ਤੇ ਪ੍ਰਵਾਨ ਹੋਇਆ। ‘ਵਿਦਿਆਰਥੀ ਸੰਘਰਸ਼’ ਪਰਚੇ ਦਾ ਅੰਕ 6 ਪ੍ਰਕਾਸ਼ਿਤ ਕੀਤਾ। ਇਹ ਦਸਤਾਵੇਜ਼ ਅਤੇ ਉਨ੍ਹਾਂ ਦੀਆਂ ਇਹ ਕੋਸ਼ਿਸ਼ਾਂ ਪੀਐੱਸਯੂ ਦੇ ਅਗਲੇ ਸਫ਼ਰ ਲਈ ਪਾਏਦਾਰ ਆਧਾਰ ਬਣੀਆਂ ਅਤੇ 1971 ਵਿੱਚ ਪ੍ਰਿਥੀਪਾਲ ਸਿੰਘ ਰੰਧਾਵਾ ਦੀ ਅਗਵਾਈ ’ਚ ਮੁੜ ਜਥੇਬੰਦ ਹੋਈ ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਮੁੜ ਜਨਤਕ ਘੋਲ਼ਾਂ ਦੇ ਰਾਹ ਤੋਰ ਲਿਆ।
ਕਮਿਊਨਿਸਟ ਇਨਕਲਾਬੀ ਵਜੋਂ ਉਹ ਮਾਰਕਸਵਾਦ-ਲੈਨਿਨਵਾਦ ਤੇ ਮਾਓ ਵਿਚਾਰਧਾਰਾ ਨਾਲ ਸਿਧਾਂਤਕ ਵਫਾਦਾਰੀ ਦੀ ਮਿਸਾਲ ਬਣ ਕੇ ਨਿਭੇ। ਉਹ ਮਰਹੂਮ ਕਮਿਊਨਿਸਟ ਇਨਕਲਾਬੀ ਆਗੂ ਹਰਭਜਨ ਸੋਹੀ ਦੇ ਸੰਗੀ ਸਾਥੀ ਤੇ ਉਨ੍ਹਾਂ ਦੀ ਸਿਆਸੀ ਵਿਚਾਰਧਾਰਕ ਵਿਰਾਸਤ ਦੇ ਡਟਵੇਂ ਪਹਿਰੇਦਾਰ ਸਨ। ਇਨਕਲਾਬੀ ਸਿਆਸਤ ਅਤੇ ਵਿਚਾਰਧਾਰਾ ਦੇ ਆਧਾਰ ’ਤੇ ਪੰਜਾਬ ਅੰਦਰ ਇਨਕਲਾਬੀ ਜਨਤਕ ਲਹਿਰ ਦੀ ਉਸਾਰੀ ’ਚ ਉਨ੍ਹਾਂ ਦਾ ਮਹੱਤਵਪੂਰਨ ਅਗਵਾਨੂੰ ਰੋਲ਼ ਰਿਹਾ। ਇਨਕਲਾਬੀ ਲੀਹ ਦੀ ਯੁੱਧ ਨੀਤੀ ਤੇ ਦਾਅਪੇਚਾਂ ਨੂੰ ਲਾਗੂ ਕਰਨ, ਹਾਲਤ ਦੀਆਂ ਸੰਭਾਵਨਾਵਾਂ ਨੂੰ ਪਛਾਨਣ ਤੇ ਸੀਮਤਾਈਆਂ ਨੂੰ ਸਰ ਕਰਨ ਲਈ ਲੰਮੇ ਦਾਅ ਦੀਆਂ ਵਿਉਂਤਾਂ ਘੜਨ ਤੇ ਲਾਗੂ ਕਰਨ ’ਚ ਉਨ੍ਹਾਂ ਦੀ ਵਿਸ਼ੇਸ਼ ਸਮਰੱਥਾ ਤੇ ਮੁਹਾਰਤ ਉੱਭਰ ਕੇ ਸਾਹਮਣੇ ਆਈ। ਲੰਮੇ ਸਿਆਸੀ ਸਫ਼ਰ ਦੌਰਾਨ ਉਹ ਇਨਕਲਾਬੀ ਜਨਤਕ ਲੀਹ ਦੇ ਝੰਡਾਬਰਦਾਰਾਂ ’ਚ ਸ਼ੁਮਾਰ ਰਹੇ। ਕਮਿਊਨਿਸਟ ਇਨਕਲਾਬੀਆਂ ਦੀ ਸਾਂਝ ਉਸਾਰਨ ਤੇ ਏਕਤਾ ਨੂੰ ਅੱਗੇ ਵਧਾਉਣ ’ਚ ਵੀ ਉਨ੍ਹਾਂ ਮੋਹਰੀ ਭੂਮਿਕਾ ਅਦਾ ਕੀਤੀ ਤੇ ਇਸ ਕਾਰਜ ਦੀਆਂ ਸਮੱਸਿਆਵਾਂ ਨੂੰ ਅਮਲੀ ਤੌਰ ’ਤੇ ਹੱਲ ਕਰਨ ਵਿੱਚ ਅਗਵਾਈ ਕੀਤੀ। ਪੰਜਾਬ ’ਚ ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ਅੰਦਰ ਲੋਕ ਟਾਕਰਾ ਉਸਾਰਨ ਦੇ ਕਾਰਜਾਂ ਦੀ ਅਮਲੀ ਅਗਵਾਈ ਵਿੱਚ ਵੀ ਉਨ੍ਹਾਂ ਦੀ ਮੋਹਰੀ ਭੂਮਿਕਾ ਰਹੀ। ਇਸ ਲੰਮੇ ਸਫਰ ਦੌਰਾਨ ਉਨ੍ਹਾਂ ਵੱਖ-ਵੱਖ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ’ਚ ਸੂਬਾਈ ਤੇ ਕੇਂਦਰੀ ਪੱਧਰ ’ਤੇ ਆਗੂ ਜ਼ਿੰਮੇਵਾਰੀਆਂ ਨਿਭਾਈਆਂ।
ਪੰਜਾਬ ਦੀ ਸੰਗਰਾਮੀ ਲੋਕ ਲਹਿਰ ਅੱਜ ਜੇ ਮੁਲਕ ਦੀ ਲਹਿਰ ਅੰਦਰ ਆਪਣਾ ਵਿਲੱਖਣ ਸਥਾਨ ਰੱਖਦੀ ਹੈ ਤੇ ਇਸ ਮੁਕਾਮ ’ਤੇ ਪਹੁੰਚੀ ਹੈ ਤਾਂ ਇਸ ਦੀ ਉਸਾਰੀ ਦੀਆਂ ਨੀਹਾਂ ’ਚ ਕਾਮਰੇਡ ਗੁਰਦਿਆਲ ਵਰਗੇ ਕਿੰਨੇ ਹੀ ਸਾਥੀਆਂ ਦੀ ਜੀਵਨ ਭਰ ਦੀ ਘਾਲਣਾ ਪਈ ਹੈ। ਉਨ੍ਹਾਂ ਦੇ ਜਾਣ ਮਗਰੋਂ ਵੀ ਉਨ੍ਹਾਂ ਦੀ ਅਜਿਹੀ ਭੂਮਿਕਾ ਇਨਕਲਾਬੀ ਲਹਿਰ ਦੇ ਅਗਲੇ ਸਫ਼ਰ ਲਈ ਪ੍ਰੇਰਨਾ ਬਣਦੀ ਰਹੇਗੀ।
ਸੰਪਰਕ: 94170-54015

