DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਾਜ਼ਾ ਵਿੱਚ ਖੁਰਾਕ ਤੇ ਦਵਾਈਆਂ ’ਤੇ ਰੋਕ: ਨਸਲਕੁਸ਼ੀ ਦਾ ਖ਼ਦਸ਼ਾ

ਗਾਜ਼ਾ ਵਿੱਚ ਮਨੁੱਖੀ ਸੰਕਟ ਬਹੁਤ ਗੰਭੀਰ ਹੋ ਗਿਆ ਹੈ। ਉਥੇ ਸਖ਼ਤ ਨਾਕਾਬੰਦੀ ਅਤੇ ਬੇਹੱਦ ਸੀਮਤ ਸਹਾਇਤਾ ਪਹੁੰਚਣ ਕਾਰਨ ਭੁੱਖਮਰੀ ਵਾਲੇ ਹਾਲਾਤ ਬਹੁਤ ਵਿਗੜ ਗਏ ਹਨ। ਉਥੇ ਭੁੱਖੇ, ਕਮਜ਼ੋਰ ਅਤੇ ਬਿਮਾਰ ਲੋਕਾਂ ਨੂੰ ਕਦੇ ਵੀ ਕੋਈ ਮਹਾਮਾਰੀ ਅਪਣੀ ਲਪੇਟ ਵਿੱਚ ਲੈ...
  • fb
  • twitter
  • whatsapp
  • whatsapp
Advertisement

ਗਾਜ਼ਾ ਵਿੱਚ ਮਨੁੱਖੀ ਸੰਕਟ ਬਹੁਤ ਗੰਭੀਰ ਹੋ ਗਿਆ ਹੈ। ਉਥੇ ਸਖ਼ਤ ਨਾਕਾਬੰਦੀ ਅਤੇ ਬੇਹੱਦ ਸੀਮਤ ਸਹਾਇਤਾ ਪਹੁੰਚਣ ਕਾਰਨ ਭੁੱਖਮਰੀ ਵਾਲੇ ਹਾਲਾਤ ਬਹੁਤ ਵਿਗੜ ਗਏ ਹਨ। ਉਥੇ ਭੁੱਖੇ, ਕਮਜ਼ੋਰ ਅਤੇ ਬਿਮਾਰ ਲੋਕਾਂ ਨੂੰ ਕਦੇ ਵੀ ਕੋਈ ਮਹਾਮਾਰੀ ਅਪਣੀ ਲਪੇਟ ਵਿੱਚ ਲੈ ਸਕਦੀ ਹੈ।

ਸੰਯੁਕਤ ਰਾਸ਼ਟਰ ਦੀ ਸਹਾਇਤਾ ਨਾਲ ਚੱਲਣ ਵਾਲੀ ਇੰਟੀਗ੍ਰੇਟਿਡ ਫੂਡ ਸਕਿਓਰਿਟੀ ਫੇਜ਼ ਕਲਾਸੀਫਿਕੇਸ਼ਨ (ਆਈਪੀਸੀ) ਦੀ 25 ਜੁਲਾਈ 2025 ਦੀ ਰਿਪੋਰਟ ਪੁਸ਼ਟੀ ਕਰਦੀ ਹੈ ਕਿ ਗਾਜ਼ਾ ਦੇ ਜ਼ਿਆਦਾਤਰ ਖੇਤਰਾਂ ’ਚ ਭੁੱਖਮਰੀ ਦੀਆਂ ਸਭ ਹੱਦਾਂ ਪਾਰ ਹੋ ਗਈਆਂ ਹਨ। ਗਾਜ਼ਾ ਸਿਟੀ ਵੀ ਗੰਭੀਰ ਭੁੱਖਮਰੀ ਦਾ ਸ਼ਿਕਾਰ ਹੈ। ਮਈ ਤੋਂ ਸਤੰਬਰ 2025 ਦੇ ਦਰਮਿਆਨ, ਗਾਜ਼ਾ ਦੀ ਪੂਰੀ ਆਬਾਦੀ (ਲਗਭਗ 21 ਲੱਖ ਲੋਕ) ਭੁੱਖਮਰੀ ਸੰਕਟ ਜਾਂ ਇਸ ਤੋਂ ਵੀ ਉੱਪਰਲੀ ਪੱਧਰ ਦੀ ਭੋਜਨ ਥੁੜ੍ਹ ਦਾ ਸਾਹਮਣਾ ਕਰ ਰਹੀ ਹੈ, ਜਿਸ ਵਿੱਚੋਂ 4.7 ਲੱਖ ਲੋਕ (22%) ਫੇਜ਼ 5 (ਤਬਾਹੀ ਦੀ ਹਾਲਤ) ਵਿੱਚ ਹਨ, ਜੋ ਖ਼ੁਰਾਕ ਦੀ ਥੁੜ੍ਹ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਵਿੱਚ ਵਿਆਪਕ ਭੁੱਖਮਰੀ, ਗੰਭੀਰ ਕੁਪੋਸ਼ਣ ਅਤੇ ਵਧਦੀ ਮੌਤ ਦਰ ਸ਼ਾਮਿਲ ਹਨ।

Advertisement

ਅਪਰੈਲ ਤੋਂ ਜੁਲਾਈ ਦੇ ਮੱਧ ਤੱਕ 20,000 ਤੋਂ ਵੱਧ ਬੱਚਿਆਂ ਨੂੰ ਗੰਭੀਰ ਕੁਪੋਸ਼ਣ ਦੇ ਇਲਾਜ ਲਈ ਹਸਪਤਾਲਾਂ ਵਿੱਚ ਦਾਖਲ ਕੀਤਾ ਗਿਆ, ਜਿਨ੍ਹਾਂ ਵਿੱਚੋਂ 3,000 ਤੋਂ ਵੱਧ ਮਾਮਲੇ ਬਹੁਤ ਗੰਭੀਰ ਸਨ। ਗਾਜ਼ਾ ਸਿਹਤ ਮੰਤਰਾਲੇ ਨੇ 17 ਜੁਲਾਈ ਤੋਂ ਬਾਅਦ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਭੁੱਖ ਨਾਲ ਹੋਈਆਂ ਘੱਟੋ-ਘੱਟ 16 ਮੌਤਾਂ ਦੀ ਰਿਪੋਰਟ ਕੀਤੀ। 28 ਜੁਲਾਈ ਤੱਕ ਕੁੱਲ 147 ਮੌਤਾਂ ਹੋਈਆਂ, ਜਿਨ੍ਹਾਂ ਵਿੱਚ 88 ਬੱਚੇ ਸ਼ਾਮਿਲ ਸਨ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦਾ ਖ਼ਦਸ਼ਾ ਹੈ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਅਗਲੇ 11 ਮਹੀਨਿਆਂ ਵਿੱਚ 71,000 ਬੱਚਿਆਂ ਅਤੇ 17,000 ਗਰਭਵਤੀ ਜਾਂ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਤੁਰੰਤ, ਕੁਪੋਸ਼ਣ ਦੇ ਇਲਾਜ ਦੀ ਲੋੜ ਪੈ ਜਾਣੀ ਹੈ।

2 ਮਾਰਚ 2025 ਤੋਂ ਸ਼ੁਰੂ ਹੋਈ ਲਗਭਗ ਮੁਕੰਮਲ ਨਾਕਾਬੰਦੀ ਨੇ ਮਨੁੱਖੀ ਸਹਾਇਤਾ ਨੂੰ ਗਾਜ਼ਾ ਵਿੱਚ ਦਾਖਲ ਹੋਣ ਤੋਂ ਰੋਕਿਆ ਹੋਇਆ ਹੈ। ਸਰਹੱਦੀ ਨਾਕੇ ਢਾਈ-ਤਿੰਨ ਮਹੀਨਿਆਂ ਤੋਂ ਪੂਰੀ ਤਰ੍ਹਾਂ ਬੰਦ ਹਨ ਜੋ ਹੁਣ ਤੱਕ ਦਾ ਸਭ ਤੋਂ ਲੰਮਾ ਸਮਾਂ ਹੈ। 1,16,000 ਮੀਟ੍ਰਿਕ ਟਨ ਭੋਜਨ ਸਹਾਇਤਾ, ਜੋ 10 ਲੱਖ ਲੋਕਾਂ ਵਾਸਤੇ ਚਾਰ ਮਹੀਨਿਆਂ ਲਈ ਕਾਫੀ ਹੈ, ਗਾਜ਼ਾ ਦੇ ਬਾਹਰ ਸਰਹੱਦੀ ਨਾਕਿਆਂ ਉਤੇ ਰੁਕੀ ਪਈ ਹੈ। ਗਾਜ਼ਾ ਹਿਊਮੈਨਿਟੇਰੀਅਨ ਫਾਊਂਡੇਸ਼ਨ ਦਾ ਦਾਅਵਾ ਹੈ ਕਿ ਉਸ ਨੇ ਕਰੀਬ 8.9 ਕਰੋੜ ਪੈਕਿਟ ਵੰਡੇ ਹਨ, ਪਰ ਇਨ੍ਹਾਂ ’ਚੋਂ ਜ਼ਿਆਦਾਤਰ ਖਾਣ ਲਈ ਤਿਆਰਸ਼ੁਦਾ ਨਹੀਂ, ਖਾਣਾ ਪਕਾਉਣ ਲਈ ਪਾਣੀ ਤੇ ਬਾਲਣ ਦੀ ਲੋੜ ਹੈ, ਜਿਨ੍ਹਾਂ ਦੀ ਸਖ਼ਤ ਕਮੀ ਹੈ। ਸਹਾਇਤਾ ਵੰਡ ਕੇਂਦਰਾਂ ਤੱਕ ਪਹੁੰਚਣਾ ਬਹੁਤ ਖ਼ਤਰਨਾਕ ਹੋ ਚੁੱਕਾ ਹੈ। 27 ਮਈ ਤੋਂ ਲਗਭਗ 1,000 ਲੋਕ ਇਜ਼ਰਾਇਲੀ ਫ਼ੌਜ ਨੇ ਉਦੋਂ ਮਾਰ-ਮੁਕਾਏ ਜਦੋਂ ਉਹ ਸਹਾਇਤਾ ਵੰਡ ਕੇਂਦਰਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੇ ਸਨ।

ਆਈਪੀਸੀ ਦੀ ਰਿਪੋਰਟ ਅਨੁਸਾਰ, ਹਰ ਤੀਜਾ ਗਾਜ਼ਾ ਵਾਸੀ ਕਈ-ਕਈ ਦਿਨ ਬਿਨਾਂ ਖਾਣੇ ਦੇ ਰਹਿੰਦਾ ਹੈ। 25 ਜੁਲਾਈ ਨੂੰ ਉੱਤਰੀ ਗਾਜ਼ਾ ਦੇ 81% ਪਰਿਵਾਰਾਂ ਨੇ ਮਾੜੇ ਭੋਜਨ ਦੀ ਰਿਪੋਰਟ ਵੀ ਕੀਤੀ; ਅਪਰੈਲ ਮਹੀਨੇ ਇਹ ਅੰਕੜਾ 33% ਸੀ। ਗਾਜ਼ਾ ਵਾਸੀ ਜਿਊਂਦੇ ਰਹਿਣ ਲਈ ਅਤਿ ਦੇ ਬੁਰੇ ਹਾਲਾਤ, ਜਿਵੇਂ ਕੂੜੇ ਵਿੱਚੋਂ ਖਾਣਾ ਲੱਭਣਾ, ਜਾਨਵਰਾਂ ਦਾ ਚਾਰਾ ਖਾਣਾ ਜਾਂ ਖੁਰਾਕ ਵੰਡ ਕੇਂਦਰਾਂ ਤੱਕ ਪਹੁੰਚਣ ਲਈ ਜਾਨ ਜੋਖਿ਼ਮ ਵਿੱਚ ਪਾਉਣ ਵਰਗੇ ਤਰੀਕਿਆਂ ਦਾ ਸਹਾਰਾ ਲੈ ਰਹੇ ਹਨ। ਸਥਾਨਕ ਖੇਤੀਬਾੜੀ ਢਾਂਚਾ ਬਰਬਾਦ ਹੋ ਚੁੱਕਾ ਹੈ, 70% ਤੋਂ ਵੱਧ ਫ਼ਸਲ ਖੇਤਾਂ ਵਿੱਚ ਹੀ ਨਸ਼ਟ ਹੋਣ ਅਤੇ ਦੋ-ਤਿਹਾਈ ਤੋਂ ਵੱਧ ਖੂਹ ਨਾਕਾਰਾ ਹੋਣ ਕਾਰਨ ਸਥਾਨਕ ਭੋਜਨ ਉਤਪਾਦਨ ਤਕਰੀਬਨ ਠੱਪ ਹੋ ਗਿਆ ਹੈ।

ਸਾਫ ਪਾਣੀ, ਸਫਾਈ ਅਤੇ ਸਿਹਤ ਸੇਵਾਵਾਂ ਦੀ ਘਾਟ ਨੇ ਸੰਕਟ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ, ਜਿਸ ਕਾਰਨ ਕੁਪੋਸ਼ਣ ਅਤੇ ਬਿਮਾਰੀਆਂ ਇੱਕ ਦੂਜੇ ਨੂੰ ਵਧਾ ਰਹੀਆਂ ਹਨ। ਹਸਪਤਾਲ, ਵੱਡੇ ਪੈਮਾਨੇ ’ਤੇ ਜ਼ਖ਼ਮੀਆਂ ਦੀ ਭੀੜ ਨਾਲ ਜੂਝ ਰਹੇ ਹਨ। ਇਕੱਲੇ ਰਫਾਹ ਦੇ ਹਸਪਤਾਲ ਵਿੱਚ ਪਿਛਲੇ ਇੱਕ ਮਹੀਨੇ ਵਿੱਚ 2,200 ਮਰੀਜ਼ਾਂ ਦਾ ਇਲਾਜ ਕੀਤਾ ਗਿਆ, ਜਿਥੋਂ ਦੀਆਂ ਸਰਜਰੀ ਟੀਮਾਂ ਰੋਜ਼ਾਨਾ 40 ਤੱਕ ਐਮਰਜੈਂਸੀ ਸਰਜਰੀਆਂ ਕਰ ਰਹੀਆਂ ਹਨ।

ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਚਿਤਾਵਨੀ ਦੇ ਰਹੀਆਂ ਹਨ ਕਿ ਜੇ ਤੁਰੰਤ ਅਤੇ ਬਿਨਾਂ ਰੋਕ-ਟੋਕ ਸਹਾਇਤਾ ਪਹੁੰਚ ਨਾ ਮਿਲੀ ਤਾਂ ਹਾਲਾਤ ਹੋਰ ਵਿਗੜ ਜਾਣਗੇ। ਭੀੜ-ਭੜੱਕੇ ਅਤੇ ਜਿਊਣ ਦੀਆਂ ਬੇਹੱਦ ਮਾੜੇ ਹਾਲਾਤ ਕਾਰਨ ਵਿਆਪਕ ਬਿਮਾਰੀਆਂ ਜਾਂ ਮਹਾਮਾਰੀ ਫ਼ੈਲਣ ਦਾ ਖ਼ਤਰਾ ਸਾਹਮਣੇ ਆਣ ਖੜ੍ਹਾ ਹੋਇਆ ਹੈ।

ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ, ਜਿਵੇਂ ਸੰਸਾਰ ਸਿਹਤ ਸੰਗਠਨ ਦੇ ਡਾਇਰੈਕਟਰ ਟੈਡਰੋਸ ਗੈਬਰੇਯੇਸਸ ਅਤੇ ਵਿਸ਼ਵ ਖੁਰਾਕ ਪ੍ਰੋਗਰਾਮ ਦੀ ਕਾਰਜਕਾਰੀ ਨਿਰਦੇਸ਼ਕ ਸਿੰਡੀ ਮੈਕੇਨ ਨੇ ਇਸ ਸੰਕਟ ਨੂੰ ‘ਮਨੁੱਖ ਦਾ ਲਿਆਂਦਾ ਸੰਕਟ’ ਕਰਾਰ ਦਿੱਤਾ ਹੈ ਅਤੇ ਤੁਰੰਤ ਜੰਗਬੰਦੀ ਤੇ ਬਿਨਾਂ ਰੋਕ-ਟੋਕ ਸਹਾਇਤਾ ਪਹੁੰਚ ਦਿੱਤੇ ਜਾਣ ਦੀ ਮੰਗ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਇਜ਼ਰਾਈਲ ਦੀਆਂ ਕਾਰਵਾਈਆਂ ਨੂੰ ‘ਮਿੱਥ ਕੇ ਚਲਾਈ ਜਾ ਰਹੀ ਭੁੱਖਮਰੀ ਦੀ ਮੁਹਿੰਮ’ ਕਰਾਰ ਦਿੱਤਾ ਹੈ ਅਤੇ ਕੁਝ ਹੋਰਨਾਂ ਨੇ ਇਸ ਨੂੰ ਨਸਲਕੁਸ਼ੀ ਵਾਲੀ ਹਿੰਸਾ ਕਿਹਾ ਹੈ। ਉਂਝ, ਕੌਮਾਂਤਰੀ ਦਬਾਅ ਦੇ ਬਾਵਜੂਦ ਇਜ਼ਰਾਇਲੀ ਨਾਕਾਬੰਦੀ ਜਾਰੀ ਹੈ। ‘ਐਕਸ’ ਉੱਤੇ ਅਨੇਕ ਪੋਸਟਾਂ ਗਾਜ਼ਾ ਵਿੱਚ ‘ਭੁੱਖਮਰੀ ਦੇ ਖੇਤਰ’ ਦੇ ਚਿੰਤਾ ਵਾਲੇ ਹਾਲਾਤ ਨੂੰ ਦਰਸਾਉਂਦੇ ਹਨ, ਜਿਨ੍ਹਾਂ ’ਚ 20 ਜੁਲਾਈ ਨੂੰ ਇੱਕੋ ਦਿਨ ਭੁੱਖਮਰੀ ਨਾਲ 18 ਮੌਤਾਂ ਅਤੇ 17,000 ਬੱਚਿਆਂ ਦੇ ਸਿਰ ’ਤੇ ਮੰਡਰਾ ਰਹੇ ਜਾਨਲੇਵਾ ਕੁਪੋਸ਼ਣ ਦੇ ਖ਼ਤਰੇ ਦੀ ਰਿਪੋਰਟ ਹੈ। ਇਹ ਪੋਸਟਾਂ ਲੋਕਾਂ ਵੱਲੋਂ ਕੂੜੇ ਵਿੱਚੋਂ ਖਾਣਾ ਲੱਭਣ ਅਤੇ ਖੁਰਾਕ ਸਹਾਇਤਾ ਨੂੰ ਹਥਿਆਰ ਵਜੋਂ ਵਰਤਣ ਵਿੱਚ ਨਾਕਾਬੰਦੀ ਦੀ ਭੂਮਿਕਾ ’ਤੇ ਜ਼ੋਰ ਦਿੰਦੀਆਂ ਹਨ।

ਗਾਜ਼ਾ ਵਿੱਚ ਹਾਲਾਤ ਬਹੁਤ ਗੰਭੀਰ ਹਨ। ਸਿਰਫ ਫੌਰੀ ਜੰਗਬੰਦੀ ਅਤੇ ਵੱਡੇ ਪੈਮਾਨੇ ’ਤੇ ਖੁਰਾਕ ਤੇ ਦਵਾਈਆਂ ਤੁਰੰਤ ਪਹੁੰਚਾਉਣ ਨਾਲ ਹੀ ਇਸ ਭੁੱਖਮਰੀ ਅਤੇ ਮਾਨਵੀ ਤ੍ਰਾਸਦੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਸੰਸਾਰ ਦੀ ਜਨਤਾ ਵੱਲੋਂ ਇਜ਼ਰਾਈਲ ਤੇ ਅਮਰੀਕਾ ਖ਼ਿਲਾਫ਼ ਵੱਡਾ ਜਨਤਕ ਤੇ ਸਿਆਸੀ ਦਬਾਅ ਉਸਾਰਨ ਤੋਂ ਇਲਾਵਾ ਇਹ ਟੀਚੇ ਹਾਸਲ ਕਰਨ ਦਾ ਕੋਈ ਹੋਰ ਰਸਤਾ ਨਜ਼ਰ ਨਹੀਂ ਆਉਂਦਾ।

ਸੰਪਰਕ: 94172-33404

Advertisement
×