ਉਮੀਦ ਦਾ ਫੁੱਲ
ਇੱਕ ਦੁਪਹਿਰ ਸਾਡੇ ਪਰਿਵਾਰ ਦੇ ਇਕ ਜਾਣਕਾਰ ਬਜ਼ੁਰਗ ਸੱਜਣ ਸਾਨੂੰ ਮਿਲਣ ਆਏ। ਉਨ੍ਹਾਂ ਦੀ ਲੰਮੀ ਚਿੱਟੀ ਦਾੜ੍ਹੀ ਅਤੇ ਸੁੰਦਰ ਤਰੀਕੇ ਨਾਲ ਸਜਾਈ ਦਸਤਾਰ ਕਾਰਨ ਉਨ੍ਹਾਂ ਦਾ ਹੁਲੀਆ ਮੇਰੇ ਮਰਹੂਮ ਪਿਤਾ ਨਾਲ ਬਹੁਤ ਮਿਲਦਾ-ਜੁਲਦਾ ਸੀ। ਜਿਵੇਂ ਹੀ ਮੈਂ ਉਨ੍ਹਾਂ ਨੂੰ ‘ਜੀ ਆਇਆਂ’ ਆਖਿਆ, ਮੇਰੇ ਪੰਜ ਸਾਲ ਦੇ ਪੁੱਤਰ ਦੀਆਂ ਅੱਖਾਂ ਉਨ੍ਹਾਂ ਨੂੰ ਦੇਖ ਕੇ ਹੈਰਾਨੀ ਨਾਲ ਖੁੱਲ੍ਹੀਆਂ ਰਹਿ ਗਈਆਂ। ਉਹ ਸਿਰਫ਼ ਡੇਢ ਸਾਲ ਦਾ ਸੀ ਜਦੋਂ ਮੇਰੇ ਪਿਤਾ ਜੀ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਅਤੇ ਆਪਣੇ ਪਿੱਛੇ ਨਿੱਘੀਆਂ ਯਾਦਾਂ ਛੱਡ ਗਏ ਸਨ। ਉਦੋਂ ਤੋਂ ਮੇਰਾ ਪੁੱਤਰ ਸਾਡੇ ਘਰ ਡਰਾਇੰਗ ਰੂਮ ਦੀ ਕੰਧ ’ਤੇ ਲੱਗੀ ਹੋਈ ਫੋਟੋ ਵਿੱਚ ਆਪਣੇ ਦਾਦਾ ਜੀ ਨੂੰ ਦੇਖਦਾ ਵੱਡਾ ਹੋਇਆ ਹੈ। ਉਹ ਅਕਸਰ ਉਨ੍ਹਾਂ ਬਾਰੇ ਸਾਡੇ ਕੋਲੋਂ ਸਵਾਲ ਪੁੱਛਦਾ ਰਹਿੰਦਾ ਹੈ ਅਤੇ ਸ਼ਾਇਦ ਉਨ੍ਹਾਂ ਦਾ ਵਿਛੋੜਾ ਦਿਲ ਦੀਆਂ ਗਹਿਰਾਈਆਂ ਤੱਕ ਮਹਿਸੂਸ ਕਰਦਾ ਹੈ।
ਜਿਵੇਂ ਹੀ ਮੇਰੇ ਪੁੱਤਰ ਦੀ ਨਜ਼ਰ ਮਹਿਮਾਨ ’ਤੇ ਪਈ, ਉਹ ਕੁਝ ਪਲਾਂ ਲਈ ਜਿਵੇਂ ਸਥਿਰ ਹੋ ਗਿਆ ਅਤੇ ਫਿਰ ਅਚਾਨਕ ਉਸ ਦਾ ਚਿਹਰਾ ਖੁਸ਼ੀ ਨਾਲ ਚਮਕ ਉੱਠਿਆ। ਉਹ ਬਿਨਾਂ ਝਿਜਕੇ ਉਨ੍ਹਾਂ ਕੋਲ ਭੱਜਿਆ ਗਿਆ ਅਤੇ ਆਪਣੀਆਂ ਨਿੱਕੀਆਂ-ਨਿੱਕੀਆਂ ਬਾਹਾਂ ਨਾਲ ਉਨ੍ਹਾਂ ਨੂੰ ਗਲਵੱਕੜੀ ਪਾ ਲਈ। ਬੱਚੇ ਦਾ ਮੋਹ ਦੇਖ ਕੇ ਬਜ਼ੁਰਗ ਪਹਿਲਾਂ ਤਾਂ ਹੈਰਾਨ ਰਹਿ ਗਏ, ਫਿਰ ਉਨ੍ਹਾਂ ਨੇ ਉਸ ਨੂੰ ਪਿਆਰ ਨਾਲ ਪਲੋਸਣ ਤੋਂ ਬਾਅਦ ਮੇਰੇ ਵੱਲ ਦੇਖਿਆ। ਸਾਡੇ ਸਾਰਿਆਂ ਵਿਚਕਾਰ ਅਣਕਹੀ ਸਮਝ ਸੀ- ਇਕ ਮਾਸੂਮ ਪਿਆਰ ਦੀ ਪ੍ਰਵਾਨਗੀ, ਜੋ ਹੁਣੇ- ਹੁਣੇ ਸਾਡੇ ਸਾਹਮਣੇ ਪ੍ਰਗਟ ਹੋਇਆ ਸੀ।
ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਮੇਰਾ ਪੁੱਤਰ ਮਹਿਮਾਨ ਦੇ ਕਲਾਵੇ ਵਿੱਚੋਂ ਛੁੱਟ ਕੇ ਆਪਣੀ ਵੱਡੀ ਭੈਣ ਕੋਲ ਭੱਜਿਆ ਗਿਆ, “ਦੀਦੀ, ਦੀਦੀ... ਦਾਦਾ ਜੀ ਵਾਪਸ ਆ ਗਏ! ਜਿਹੜੇ ਦਾਦਾ ਜੀ ਗੁਰੂ ਸਾਹਿਬ ਕੋਲ ਚਲੇ ਗਏ ਸਨ, ਜਿਨ੍ਹਾਂ ਦੀ ਫੋਟੋ ਦੀਵਾਰ ’ਤੇ ਲੱਗੀ ਹੈ, ਉਹ ਵਾਪਸ ਆ ਗਏ!” ਉਹਨੇ ਇਕੋ ਸਾਹ ਵਿੱਚ ਹੀ ਸਭ ਕੁਝ ਕਹਿ ਦਿੱਤਾ ਸੀ। ਵਿਸ਼ਵਾਸ ਅਤੇ ਖੁਸ਼ੀ ਨਾਲ ਭਰੇ ਉਸ ਦੇ ਬੋਲਾਂ ਨੇ ਸਾਨੂੰ ਅੰਦਰ ਤੱਕ ਭਾਵੁਕ ਕਰ ਦਿੱਤਾ। ਮੇਰੀ ਅੱਠ ਸਾਲ ਦੀ ਧੀ ਹੰਝੂਆਂ ਭਰੀਆਂ ਅੱਖਾਂ ਨਾਲ ਕਦੇ ਮੇਰੇ ਵੱਲ ਤੇ ਕਦੇ ਆਪਣੀ ਮੰਮੀ ਵੱਲ ਦੇਖ ਰਹੀ ਸੀ; ਜਿਵੇਂ ਪੁੱਛ ਰਹੀ ਹੋਵੇ ਕਿ ਉਹਦੇ ਨਿੱਕੇ ਵੀਰ ਨੂੰ ਕੋਈ ਸਮਝਾ ਕਿਉਂ ਨਹੀਂ ਰਿਹਾ, ਪਰ ਉਸ ਪਲ ਅਸੀਂ ਮਾਸੂਮ ਬੱਚੇ ਦੇ ਕੋਮਲ ਜਿਹੇ ਦਿਲ ਨੂੰ ਤੋੜਨ ਤੋਂ ਅਸਮਰੱਥ ਸੀ।
ਮੌਕਾ ਸੰਭਾਲਦੇ ਹੋਏ ਮਹਿਮਾਨ ਨੇ ਮੇਰੇ ਪੁੱਤਰ ਨੂੰ ਗੋਦੀ ਚੁੱਕ ਲਿਆ। ਉਨ੍ਹਾਂ ਪਿਆਰ ਭਰੀ ਮੁਸਕਰਾਹਟ ਨਾਲ ਕਿਹਾ, “ਬੇਟਾ, ਦਾਦਾ ਜੀ ਹਮੇਸ਼ਾ ਤੁਹਾਡੇ ਨਾਲ ਹਨ। ਤੁਹਾਡੇ ਦਿਲ ਵਿੱਚ, ਤੁਹਾਡੀਆਂ ਯਾਦਾਂ ਵਿੱਚ ਅਤੇ ਇਸ ਘਰ ਅੰਦਰ ਪਸਰੇ ਪਿਆਰ ਵਿੱਚ ਵਿਆਪਕ ਹਨ।” ਮੇਰਾ ਪੁੱਤਰ ਭਾਵੇਂ ਇਨ੍ਹਾਂ ਡੂੰਘੇ ਸ਼ਬਦਾਂ ਦੇ ਅਰਥ ਨਹੀਂ ਸਮਝ ਸਕਿਆ, ਪਰ ਉਸ ਨੇ ਖੁਸ਼ੀ ਨਾਲ ਸਿਰ ਹਿਲਾਇਆ। ਉਸ ਦੇ ਭਾਣੇ ਤਾਂ ਉਸ ਦੇ ਦਾਦਾ ਜੀ ਉਸ ਕੋਲ ਵਾਪਸ ਆ ਗਏ ਸਨ।
ਬਾਕੀ ਸਾਰਾ ਦਿਨ ਮੇਰਾ ਪੁੱਤਰ ਬੜੀ ਉਤਸੁਕਤਾ ਨਾਲ ਸਾਡੇ ਮਹਿਮਾਨ ਨੂੰ ਖਿਡੌਣੇ ਦਿਖਾਉਣ, ਆਪਣੀਆਂ ਗੱਲਾਂ ਸਾਂਝੀਆਂ ਕਰਨ ਅਤੇ ਉਨ੍ਹਾਂ ਦੇ ਪਿਆਰ ਦਾ ਆਨੰਦ ਲੈਣ ਵਿਚ ਮਸਰੂਫ ਰਿਹਾ। ਉਹਨੂੰ ਪੂਰਾ ਯਕੀਨ ਸੀ ਕਿ ਉਹ ਪਰਮ ਪਿਤਾ ਪਰਮਾਤਮਾ ਦੀ ਦੁਨੀਆ ਤੋਂ ਵਾਪਸ ਆਏ ਸਨ। ਬਜ਼ੁਰਗ ਮਹਿਮਾਨ ਵੀ ਬੜੇ ਚਾਅ ਨਾਲ ਦੋਵਾਂ ਬੱਚਿਆਂ ਨਾਲ ਖੇਡਦੇ ਰਹੇ ਅਤੇ ਉਸ ਭੂਮਿਕਾ ਨੂੰ ਬਾਖੂਬੀ ਨਿਭਾਉਂਦੇ ਰਹੇ ਜੋ ਅਣਜਾਣੇ ਵਿੱਚ ਮੇਰੇ ਪੁੱਤਰ ਨੇ ਉਨ੍ਹਾਂ ਨੂੰ ਦੇ ਦਿੱਤੀ ਸੀ।
ਉਸ ਸ਼ਾਮ ਜਿਵੇਂ ਹੀ ਮਹਿਮਾਨ ਦੁਬਾਰਾ ਆਉਣ ਦਾ ਵਾਅਦਾ ਕਰ ਕੇ ਵਾਪਸ ਜਾਣ ਲੱਗੇ ਤਾਂ ਮੇਰਾ ਪੁੱਤਰ ਜੋਸ਼ ਨਾਲ ਉਨ੍ਹਾਂ ਵੱਲ ਹੱਥ ਹਿਲਾਉਂਦਾ ਹੋਇਆ ਵਿਦਾਈ ਦੇਣ ਲੱਗਾ। ਉਸ ਦੇ ਮਨ ਅੰਦਰ ਇੰਨੀ ਤਸੱਲੀ ਸੀ, ਮਾਨੋ ਵਿਛੋੜੇ ਦੀ ਤਪਸ਼ ਪ੍ਰੇਮ ਦੀ ਵਰਖਾ ਨਾਲ ਬੁਝ ਗਈ ਸੀ।
ਬਚਪਨ ਦੀ ਇਸ ਮਾਸੂਮੀਅਤ ਨੇ ਯਾਦਾਂ ਅਤੇ ਹਕੀਕਤ ਵਿਚਕਾਰ ਸੀਮਾਵਾਂ ਨੂੰ ਧੁੰਦਲਾ ਕਰ ਦਿੱਤਾ ਸੀ। ਮੇਰੇ ਪਿਤਾ ਜੀ ਹੁਣ ਸਰੀਰਕ ਤੌਰ ’ਤੇ ਭਾਵੇਂ ਸਾਡੇ ਨਾਲ ਨਹੀਂ, ਪਰ ਉਨ੍ਹਾਂ ਦੀ ਮੌਜੂਦਗੀ ਸਾਡੇ ਘਰ ਵਿੱਚ, ਦਿਲਾਂ ਵਿੱਚ ਅਤੇ ਸਭ ਤੋਂ ਵੱਧ ਮੇਰੇ ਲਾਡਲੇ ਦੀਆਂ ਅੱਖਾਂ ਵਿੱਚ ਡੂੰਘਾਈ ਨਾਲ ਮਹਿਸੂਸ ਕੀਤੀ ਜਾ ਸਕਦੀ ਹੈ।
ਇਸ ਸ਼ਾਨਦਾਰ ਅਨੁਭਵ ਨੇ ਬਹੁਤ ਵੱਡੀ ਸਚਾਈ ਵੱਲ ਧਿਆਨ ਦਿਵਾਇਆ ਕਿ ਪਿਆਰ ਸਮੇਂ ਅਤੇ ਸਥਾਨ ਤੋਂ ਪਰੇ ਹੈ, ਤੇ ਬੁਰੇ ਵਕਤ ਵਿੱਚ ਵੀ ਉਮੀਦ ਦਾ ਫੁੱਲ ਅਚਨਚੇਤ ਬੇਹੱਦ ਖ਼ੂਬਸੂਰਤ ਤਰੀਕੇ ਨਾਲ ਖਿੜਨ ਦਾ ਤਰੀਕਾ ਲੱਭ ਲੈਂਦਾ ਹੈ।
ਸੰਪਰਕ: 98150-85016