ਹੜ੍ਹਾਂ ਦੀ ਮਾਰ: ਕਾਰਗਰ ਹੱਲ ਲਈ ਕੀ ਕਰਨਾ ਲੋੜੀਏ...
ਹਰ ਵਰ੍ਹੇ ਕਰੀਬ 32 ਅਰਬ ਏਕੜ ਫੁੱਟ ਪਾਣੀ ਧਰਤੀ ’ਤੇ ਵਗਦਾ ਹੋਇਆ (ਜਦ ਤੱਕ ਅਜਿਹੇ ਪਾਣੀ ਦੇ ਕੁਝ ਕੁ ਹਿੱਸੇ ਨੂੰ ਅਸੀਂ ਰੋਕ ਕੇ ਖੜ੍ਹਾ ਕੇ ਜਾਂ ਮੋੜ ਕੇ ਵਰਤਣ ਨਹੀਂ ਸਾਂ ਲੱਗ ਪਏ) ਸਾਗਰਾਂ ਵੱਲ ਜਾਂਦਾ ਸੀ। ਪਹਿਲ-ਪਲੱਕੜਿਆਂ ਵਿਚ ਸਹਿਜ ਤੋਰੇ, ਹੁਣ ਦੁੜੰਗੇ ਮਾਰਦਾ। ਭਾਰਤ ਵਿਚ ਅਜੇ ਵੀ ਪ੍ਰਤੀ ਸਾਲ ਤਕਰੀਬਨ 4000 ਅਰਬ ਘਣ ਮੀਟਰ ਪਾਣੀ ਜਲ-ਚੱਕਰਾਂ ਰਾਹੀਂ ਉੱਗਦਾ ਤੇ ਵਰਸਦਾ ਹੈ। ਇਸ ਗੇੜ ਵਿੱਚ ਘੁੰਮਦੇ ਸਾਲਾਨਾ ਜਲ ਨੂੰ ਜੇਕਰ ਸਮੁੰਦਰਾਂ, ਨਦੀਆਂ, ਦਰਿਆਵਾਂ, ਜਲ ਕੁੰਡਾਂ ਜਾਂ ਜ਼ਮੀਨ ਵਿੱਚ ਸਮੋਣ ਦੀ ਬਜਾਏ ਸਾਲਮ ਪੱਧਰੀ ਧਰਤੀ ’ਤੇ ਵਿਛਾ ਦੇਈਏ ਤਾਂ ਸਮੁੱਚੀ ਸਤਹਿ ਉੱਤੇ ਇਹ ਤਿੰਨ ਫੁੱਟ ਉੱਚਾ ਖੜ੍ਹ ਜਾਵੇਗਾ। ਹੁਣ ਸਾਡੇ ਲਾਲਚਾਂ ਅਤੇ ਅਚੇਤ-ਸੁਚੇਤ ਗ਼ਲਤੀਆਂ ਕਾਰਨ ਦੇਸ਼ ਦੇ ਕੁੱਲ ਧਰਾਤਲੀ ਖਿੱਤੇ ਦਾ ਅੱਠਵਾਂ ਹਿੱਸਾ ਹੜ੍ਹਾਂ ਦੀ ਮਾਰ ਹੇਠ ਹੈ; ਕੋਈ ਸੂਬਾ ਜ਼ਿਆਦਾ ਅਤੇ ਕੋਈ ਕੁਝ ਘੱਟ; ਕੋਈ ਕਦੇ-ਕਦੇ ਤੇ ਕੋਈ ਹਰ ਵਰ੍ਹੇ।
ਪੰਜਾਬ ਵਿੱਚ ਤਿੱਖੇ ਹੜ੍ਹਾਂ ਅਤੇ ਜਲ ਸੰਕਟ ਦਾ ਇਤਿਹਾਸ ਉਦੋਂ ਹੀ ਸ਼ੁਰੂ ਹੋਇਆ, ਜਦੋਂ ਅਸੀਂ ਕੁਦਰਤੀ ਟੋਏ, ਢਾਬਾਂ, ਛੰਬ ਆਦਿ ਫਨਾਹ ਕਰਨੇ ਸ਼ੁਰੂ ਕਰ ਦਿੱਤੇ; ਜਲ ਵਹਿਣਾਂ ਅਤੇ ਜਲ ਕੁੰਡਾਂ ਉੱਤੇ ਕਬਜ਼ੇ ਕਰਨ ਲੱਗੇ। ਜੇ ਪਾਣੀ ਰੁਕੇਗਾ ਨਹੀਂ, ਤਦ ਵਗੇਗਾ ਹੀ। ਜ਼ਿਆਦਾ ਮਾਤਰਾ ’ਚ, ਬੇਤਰਤੀਬਾ ਅਤੇ ਤੇਜ਼ ਵਗੇਗਾ ਤਾਂ ਜਲ ਸੈਲਾਬ ਦਾ ਕਾਰਨ ਵੀ ਬਣੇਗਾ। ਅਸਾਵੇਂ ਵਿਕਾਸ, ਢੁੱਕਵੀਂ ਨਿਕਾਸੀ ਅਤੇ ਜਲ ਪ੍ਰਬੰਧ ਦੀਆਂ ਕਾਰਗਰ ਯੋਜਨਾਵਾਂ ਤੇ ਸੁਹਿਰਦ ਅਮਲ ਦੀ ਅਣਹੋਂਦ ਕਾਰਨ ਅਸੀਂ ਹਰ ਵਰ੍ਹੇ ਬਰਸਾਤਾਂ ’ਚ ਰੁੜ੍ਹਦੇ ਅਤੇ ਖੁਸ਼ਕ ਮੌਸਮਾਂ ’ਚ ਸੁੱਕਦੇ ਹਾਂ। ਕਦੇ ਸੁਘੜ ਦਰਿਆਵਾਂ ਦਾ ਡੈਲਟਾ ਹੋਣ ਕਾਰਨ ਸਾਡੇ ਖਿੱਤੇ ਦੀ ਮਿੱਟੀ ਬੜੀ ਜ਼ਰਖੇਜ਼ ਸੀ/ਹੈ, ਜਿਹੜੀ ਹਰ ਫ਼ਸਲ ਪੈਦਾ ਕਰਨ ਦੇ ਸਮਰੱਥ ਸੀ। ਸਿੱਟਾ- ਸਾਧਨ-ਸਮਰੱਥ ਸੱਭਿਆਤਾਵਾਂ ਦਾ ਆਰੰਭ ਅਤੇ ਉਥਾਨ ਹੋਇਆ। ਇਹੀ ਕਾਰਨ ਸੀ ਕਿ ਬੇਗਾਨੀਆਂ ਧਰਤੀਆਂ ਦੇ ਲੋਕ ਇਸ ਵੱਲ ਖਿੱਚੇ ਤੁਰੇ ਆਏ ਪਰ ਪਾਣੀ ਵਜੋਂ ਅਮੀਰੀ ਕਾਰਨ ਬਹੁ-ਪਰਤੀ ਨੁਕਸਾਨ ਵੀ ਇਸ ਧਰਤੀ ਨੂੰ ਸਹਿਣੇ ਪਏ ਜਿਨ੍ਹਾਂ ਵਿੱਚੋਂ ਇੱਕ ਸੀ- ਵਾਰ-ਵਾਰ ਹੜ੍ਹ ਰੂਪੀ ਕੁਦਰਤੀ ਤ੍ਰਾਸਦੀ; ਜਿਹੜੀ ਹੁਣ ਕੁਦਰਤੀ ਦੀ ਬਜਾਏ ਮਨੁੱਖ ਸਿਰਜਤ ਵੱਧ ਹੈ। ਮੁੱਖ ਕਾਰਨ ਹੈ: ਮਨੁੱਖੀ ਲਾਲਚ, ਕੁਦਰਤ ਨਾਲ ਬੇਮੇਚ ਅਤੇ ਗ਼ੈਰ-ਯੋਜਨਾਵੱਧ ‘ਵਿਕਾਸ’।
ਫੈਮਿਨ ਇਨਕੁਆਰੀ ਕਮਿਸ਼ਨ ਨੇ 1944 ਵਿੱਚ ਹੀ ਸਪੱਸ਼ਟ ਕਹਿ ਦਿੱਤਾ ਸੀ, “ਮੀਂਹ ਵਾਲਾ ਜਲ ਸਿਰਫ ਕੁਦਰਤੀ ਜਾਂ ਢੁੱਕਵੇਂ ਮਸਨੂਈ ਜਲ ਕੁੰਡਾਂ ’ਚ ਹੀ ਸਾਂਭਿਆ ਜਾ ਸਕਦਾ ਹੈ। ਆਉਣ ਵਾਲੇ ਸਮੇਂ ਵਿੱਚ ਜਲ ਸੰਕਟ ਅਤੇ ਹੜ੍ਹ ਸੁਰੱਖਿਆ ਦੇ ਟਕਸਾਲੀ ਉਪਾਅ ਹਿੱਤ ਸਿਰਫ ਕੁਦਰਤੀ ਜਲ ਕੁੰਡ (ਛੰਬ, ਢਾਬਾਂ, ਤਾਲ), ਤਾਲਾਬ, ਟੋਭੇ ਅਤੇ ਕੁਦਰਤੀ ਜਲ ਵਹਿਣਾਂ ’ਤੇ ਸਮਰੱਥ ਮਸਨੂਈ ਯੋਜਨਾਵਾਂ ਹੀ ਕਾਰਗਰ ਹਨ। ਪਾਣੀ ਸਿਰਫ ਤੇ ਸਿਰਫ ਇਨ੍ਹਾਂ ਰਾਹੀਂ ਹੀ ਧਰਤੀ ’ਚ ਸੰਚਾਰ ਕਰਵਾਇਆ ਜਾਂ ਬਹੁ-ਪੱਖੀ ਕਾਰਜਾਂ ਲਈ ਸਾਂਭਿਆ ਜਾ ਸਕਦਾ ਹੈ।” ਜਲ ਮਾਹਿਰ ਵਿਸ਼ਵਾਸ ਕਾਲੇ ਅਨੁਸਾਰ, “ਵੀਹਵੀਂ ਸਦੀ ਦੇ ਅੱਧ ਤੋਂ ਬਾਅਦ, ਪਹਿਲੇ ਹੜ੍ਹਾਂ ਦੇ ਮੁਕਾਬਲੇ ਵੱਡੇ ਆਕਾਰ ਦੇ ਹੜ੍ਹ ਜ਼ਿਆਦਾ ਆਉਣੇ ਸ਼ੁਰੂ ਹੋ ਗਏ। ਗਿਣਤੀ ਵਜੋਂ ਹੜ੍ਹ ਭਾਵੇਂ ਘੱਟ ਆਏ ਪਰ ਹੁਣ ਬਹੁ-ਪਰਤੀ ਅਤੇ ਵੱਡੇ ਨੁਕਸਾਨ ਹੁੰਦੇ ਹਨ। ਕਾਰਨ: ਮਨੁੱਖੀ ਲਾਲਚ, ਜੰਗਲਾਂ ਦਾ ਤਬਾਹੀ ਅਤੇ ਪਹਾੜਾਂ ਵਿੱਚ ਬੇਕਿਰਕ ਦਖਲਅੰਦਾਜ਼ੀ।”
ਜੰਗਲਾਂ ਅਤੇ ਪਹਾੜਾਂ ਦੀ ਬੇਹੁਰਮਤੀ ਕਾਰਨ ਭਾਰਤ ਦੀ ਕਰੀਬ 11 ਕਰੋੜ ਏਕੜ ਭੋਇੰ ਹੜ੍ਹਾਂ ਦੀ ਮਾਰ ਹੇਠ ਆ ਚੁੱਕੀ ਹੈ, ਜਿਸ ਵਿੱਚ ਪੰਜਾਬ ਵੀ ਸ਼ਾਮਿਲ ਹੈ। ਰੁੰਡ-ਮਰੁੰਡ ਪਹਾੜਾਂ ਦਾ ਮਲਬਾ ਵਗਦੇ ਪਾਣੀ ਨੂੰ ਜਲ ਮਾਰਗਾਂ ਤੋਂ ਭਟਕਾ ਕੇ ਜਲ ਸੈਲਾਬ ਦਾ ਕਾਰਨ ਵੀ ਬਣ ਰਿਹਾ ਹੈ ਅਤੇ ਜਲ ਸੰਗ੍ਰਹਿਾਂ ਦੀ ਜਲ ਗ੍ਰਹਿਣ ਸਮੱਰਥਾ ਵੀ ਘਟਾ ਰਿਹਾ ਹੈ। ਬਨਸਪਤੀ ਕੱਜਣ (botanic or vegetation cover) ਵਗਦੇ ਪਾਣੀ ਦੀ ਗਤੀ ਘਟਾ ਕੇ ਜਾਂ ਰੋਕ ਜਾਂ ਖੜ੍ਹਾ ਕੇ ਨਾ ਸਿਰਫ ਹੜ੍ਹ ਦਰ ਘਟਾਉਂਦੇ ਹਨ ਸਗੋਂ ਜੜ੍ਹਾਂ ਰਾਹੀਂ ਧਰਤੀ ’ਚ ਭੇਜ ਕੇ ਭਵਿੱਖ ਲਈ ਸੁਰੱਖਿਅਤ ਵੀ ਕਰਦੇ ਸਨ। ਇੱਕ ਵਰਗ ਕਿਲੋਮੀਟਰ ਬਹੁ-ਭਾਂਤੀ ਸੰਘਣਾ ਜੰਗਲ 50 ਹਜ਼ਾਰ ਘਣ ਮੀਟਰ ਵਰਖੇਈ ਪਾਣੀ ਧਰਤੀ ’ਚ ਸੰਚਾਰ ਕਰ ਸਕਦਾ ਹੈ। ਇੱਕ ਹੈਕਟੇਅਰ ਨੰਗੇ/ਢਾਲਵੇਂ ਰਕਬੇ ਤੋਂ ਪ੍ਰਤੀ ਸਾਲ 30 ਟਨ ਮਿੱਟੀ ਖੁਰ/ਰੁੜ੍ਹ ਜਾਂਦੀ ਹੈ। ਜਦੋਂ ਪਾਣੀ ਢਲਾਣ ਤੋਂ ਉਤਰਦਾ ਹੈ, ਉਥੇ ਜੇ ਧਰਤੀ ਬਨਸਪਤੀ ਵਿਹੂਣੀ ਹੋਵੇ, ਤਦ ਮਹਿਜ਼ ਦੁੱਗਣੀ ਗਤੀ ’ਤੇ ਹੀ ਭੂਮੀ ਦੀ ਕੱਟ-ਵੱਢ ਚਾਰ ਗੁਣਾ, ਮਾਦਾ ਚੁੱਕ ਲਿਜਾਣ ਦੀ ਸਮੱਰਥਾ ਬੱਤੀ ਗੁਣਾ ਅਤੇ ਰੋੜ੍ਹ ਸ਼ਕਤੀ ਚੌਹਟ ਗੁਣਾ ਹੋ ਜਾਂਦੀ ਹੈ। ਸਾਡੇ ਅਚੇਤ-ਸੁਚੇਤ ਉਜੱਡਪੁਣੇ ਨਾਲ ਜੇ ਜਲ ਗਤੀ ਤਿੰਨ ਗੁਣਾ ਹੋ ਜਾਵੇ ਤਾਂ ਰੋੜ੍ਹਨ/ਮਧੋਲਣ ਦੀ ਸਮੱਰਥਾ 729 ਗੁਣਾ ਹੋ ਜਾਂਦੀ ਹੈ। ਨੰਗੇ/ਢਾਲਵੇਂ ਖਿੱਤਿਆਂ ਅਤੇ ਜਰਜਰ ਪਹਾੜਾਂ ਵਿੱਚ ਇਹ ਭਾਣਾ ਹੋਰ ਵੀ ਡਰਾਉਣੇ ਰੂਪ ’ਚ ਵਾਪਰਦਾ ਹੈ। ਸਿੱਟੇ ਵਜੋਂ ਜਲ ਵਹਿਣਾਂ, ਦਰਿਆਵਾਂ ਅਤੇ ਸਾਗਰਾਂ ਦਾ ਮੁਹਾਂਦਰਾ ਬਦਲ ਰਿਹਾ ਹੈ।
ਹੜ੍ਹਾਂ ਤੋਂ ਬਚਣ ਲਈ ਸਾਨੂੰ ਜਲ ਵਹਿਣਾਂ ਦੇ ਕੁਦਰਤੀ ਲਾਂਘੇ (ਜੋ ਹਥਿਆ ਲਏ ਗਏ ਹਨ) ਬਹਾਲ ਕਰਨੇ ਪੈਣਗੇ। ਧੁੱਸੀ ਬੰਨ੍ਹਾਂ ਤੇ ਡਰੇਨਾਂ ਨੂੰ ਮਜ਼ਬੂਤ ਤੇ ਕਾਰਗਰ ਬਣਾਉਣਾ ਪਵੇਗਾ। ਸਾਂਝੇ ਜਲ ਸਰੋਤਾਂ ਹੇਠਲੀ ਜ਼ਮੀਨ, ਕੁਦਰਤੀ ਜਲ ਮਾਰਗਾਂ ’ਤੇ ਕੀਤੇ ਨਾਜਾਇਜ਼ ਕਬਜ਼ੇ ਅਤੇ ਵਹਿਣਾਂ ਅੱਗੇ ਕੀਤੀਆਂ ਉਸਾਰੀਆਂ ਹਰ ਹਾਲ ਖ਼ਤਮ ਕਰਨੀਆਂ ਪੈਣਗੀਆਂ। ਭੂਗੋਲਿਕ ਅਤੇ ਪ੍ਰਾਪਤ ਸਥਿਤੀ ਅਨੁਸਾਰ ਮੀਂਹ ਦੀ ਹਰ ਤਿੱਪ ਕਮਾਉਣ ਲਈ ਹਰ ਸੰਭਵ ਉਪਾਅ ਕਰਨੇ ਪੈਣਗੇ। ਪਹਾੜ ਸਰ-ਸਬਜ਼ ਕਰਨੇ ਪੈਣਗੇ। ਪਹਾੜੀ ਖਿੱਤੇ ’ਚ ਮੁੱਖ ਖੱਡ ਵਿੱਚ ਸ਼ਾਮਿਲ ਹੁੰਦੀਆਂ ਛੋਟੀਆਂ ਖੱਡਾਂ ਦੇ ਮੁਹਾਣਿਆਂ ’ਤੇ ਹੀ ਪਾਣੀ ਰੋਕਣ/ਖੜ੍ਹਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਮੁੱਖ ਚੋਅ (ਖੱਡਾਂ) ਵਗਦੇ ਰਹਿਣੇ ਚਾਹੀਦੇ ਹਨ ਕਿਉਂਕਿ ਜਲ, ਤਲ ਅਤੇ ਚੌਗਿਰਦਾ ਨਮੀ ਨੂੰ ਸਾਵਾਂ ਰੱਖਣ ਵਿੱਚ ਅਹਿਮ ਹਿੱਸਾ ਪਾਉਂਦੇ ਹਨ। ਵਿਹੜਿਆਂ, ਛੱਤਾਂ, ਖੇਤਾਂ ਅਤੇ ਹਰ ਕਿਸਮ ਦੇ ਜਲ ਵਹਿਣਾਂ ’ਚ ਵਗਦੇ ਪਾਣੀ ਨੂੰ ਸਾਂਭਣ, ਧਰਤੀ ਅੰਦਰ ਭੇਜਣ ਅਤੇ ਯੋਗ ਵਰਤੋਂ ਲਈ ਸੰਭਵ ਸਥਿਤੀ ਅਨੁਸਾਰ ਸਸਤੇ ਤੇ ਕਾਰਗਰ ਤਰੀਕੇ ਤੇ ਤਕਨੀਕਾਂ ਅਪਣਾਉਣੀਆਂ ਪੈਣਗੀਆਂ। ਗ਼ੈਰ-ਵਿਗਿਆਨਕ ਖਣਨ ਰੋਕਣੀ ਪਵੇਗੀ। ਦੇਖਣ ਵਿੱਚ ਆਇਆ ਹੈ ਕਿ ਜਲ ਵਹਿਣਾਂ ਦੇ ਬੰਨ੍ਹ ਤੱਕ ਖੁਰਚ ਲਏ ਜਾਂਦੇ ਹਨ। ਇਹੀ ਨਹੀਂ, ਬੇਕਿਰਕ ਖਣਨ ਲਾਈਨਾਂ/ਪੁਲਾਂ ਹੇਠ ਵੀ ਹੋ ਰਹੀ ਹੈ। ਅਹਿਮ ਨੁਕਤਾ ਇਹ ਕਿ ਦਰਿਆਵਾਂ, ਹੈੱਡਵਰਕਸਾਂ ਅਤੇ ਡੈਮਾਂ ਦਾ ਮੁਕੰਮਲ ਕੰਟਰੋਲ ਅਤੇ ਵਗਦੇ ਪਾਣੀਆਂ ਬਾਰੇ ਨੀਤੀਗਤ ਫ਼ੈਸਲੇ ਸਿਰਫ ਤੇ ਸਿਰਫ ਸਬੰਧਿਤ ਸੂਬੇ ਦੇ ਹੀ ਹੱਥ ਵੱਸ ਹੋਵੇ। ਸਭ ਤੋਂ ਵੱਧ, ਆਲਮੀ ਤਪਸ਼ ਘਟਾਉਣ ਅਤੇ ਸਾਵਾਂ ਮੀਂਹ ਵਰ੍ਹਾਉਣ ’ਚ ਸਹਾਈ ਹੁੰਦੇ ਕਾਰਕਾਂ ਅਤੇ ਜੰਗਲਾਂ ਦੀ ਬਹਾਲੀ ਲਈ ਸਮੂਹਿਕ ਯਤਨ ਜੁਟਾਉਣੇ ਪੈਣਗੇ। ਇਹ ਕਾਰਜ ਕੋਈ ਵੀ ਸਰਕਾਰ ਇਕੱਲਿਆਂ ਨਹੀਂ ਕਰ ਸਕਦੀ, ਇਸ ਵਿੱਚ ਸਭ ਨੂੰ ਹੱਥ ਵੰਡਾਉਣਾ ਪਵੇਗਾ।
ਮੀਂਹ ਦਾ ਸੁਖਦ ਲਾਹਾ ਲੈਣ ਲਈ ਲੰਮੇਰੀਆਂ, ਚਿਰ ਸਥਾਈ, ਕੁਦਰਤ ਮੇਚਵੀਆਂ ਤੇ ਸਿਆਣੀਆਂ ਯੋਜਨਾਵਾਂ ਅਤੇ ਦ੍ਰਿੜ ਇੱਛਾ ਸ਼ਕਤੀ ਦੀ ਲੋੜ ਹੈ ਪਰ ਇਹ ਸਿਰਫ ਕੁਦਰਤ ਅਤੇ ਲੋਕ ਪੱਖੀ ਨਿਜ਼ਾਮ ’ਚ ਹੀ ਸੰਭਵ ਹੈ। ਮੀਂਹ ਵਾਲਾ ਪਾਣੀ ਸਾਂਭਣ, ਕਮਾਉਣ-ਵਰਤਾਉਣ ’ਚ ਸ਼ਾਇਦ ਓਨਾ ਖਰਚ ਨਹੀਂ ਆਵੇਗਾ, ਜਿੰਨਾ ਹਰ ਸਾਲ ਪਹਿਲਾਂ ਗੁਆਉਣ, ਮਗਰੋਂ ਮੁੜ ਭਰਪਾਈ ਉੱਤੇ ਅਸੀਂ ਖਰਚ ਕਰਦੇ ਹਾਂ। ਆਰਥਿਕ ਨੁਕਸਾਨ ਦੀ ਪੂਰਤੀ ਤਾਂ ਹੋ ਜਾਵੇਗੀ ਪਰ ਮੋਇਆਂ ਨੂੰ ਕੌਣ ਮੌੜ ਲਿਆਵੇਗਾ?
ਪਹਿਲਕਦਮੀ ਜਿਹੜੀ ਰਲ-ਮਿਲ ਕੇ ਤੁਰੰਤ ਵਿੱਢਣ ਦੀ ਲੋੜ ਹੈ, ਉਹ ਹੈੈ:
ਖੇਤ ਦੀ ਮਿੱਟੀ ਖੇਤ ’ਚ, ਖੇਤ ਦਾ ਪਾਣੀ ਖੇਤ ’ਚ।
ਪਿੰਡ ਦੀ ਮਿੱਟੀ ਪਿੰਡ ਵਿੱਚ, ਪਿੰਡ ਦਾ ਪਾਣੀ ਪਿੰਡ ਵਿੱਚ।
ਇਹ ਨਾਅਰਾ ਡੂੰਘੇ ਅਰਥ ਅਤੇ ਹਾਂਦਰੂ ਸਿੱਟੇ ਸਮੋਈ ਬੈਠਾ ਹੈ। ਜਲ ਸੰਕਟ ਅਤੇ ਹੜ੍ਹਾਂ ਦੇ ਕਾਰਗਰ ਹੱਲ ਦਾ ਢੁੱਕਵਾਂ ‘ਰਾਮ ਬਾਣ’ ਇਹੀ ਹੈ। ਮੀਂਹ ਪੈਣ ਦੇ ਮਾਮਲੇ ਵਿੱਚ ਵੀ ਭਾਵੇਂ ਵਾਹਵਾ ਗੜਬੜ ਹੋ ਗਈ ਹੈ, ਪਰ ਇਹ ਜਿੰਨਾ ਵੀ ਅਤੇ ਜਿੱਥੇ ਵੀ ਪੈਂਦਾ ਹੈ, ਇਹਨੂੰ ਸੰਭਾਲਣ ਅਤੇ ਢੁੱਕਵੀਂ ਨਿਕਾਸੀ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ।
ਸੰਪਰਕ: 94634-39075