ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹਾਂ ਦੀ ਮਾਰ: ਮੁੜ ਇਤਿਹਾਸ ਸਿਰਜ ਰਿਹਾ ਪੰਜਾਬ

ਜੇਕਰ ਘਰ ਵਿੱਚ ਪਾਣੀ ਵੜ ਗਿਆ ਹੁੰਦਾ, ਗਹਿਣਾ ਗੱਟਾ ਹੜ੍ਹ ਗਿਆ ਹੁੰਦਾ, ਘਰ ਵਿੱਚ ਪਏ ਟੀ ਵੀ, ਫਰਿੱਜ, ਕੁਰਸੀਆਂ, ਮੇਜ਼, ਪੇਟੀਆਂ, ਅਲਮਾਰੀਆਂ, ਬੈੱਡ, ਸੋਫੇ, ਸਕੂਟਰ, ਮੋਟਰਸਾਈਕਲ, ਗੱਡੀਆਂ, ਕਾਗਜ਼ ਪੱਤਰ, ਕੱਪੜੇ, ਭਾਂਡੇ, ਕਿਤਾਬਾਂ, ਪਾਈ-ਪਾਈ ਜੋੜ ਕੇ ਬਣਾਇਆ ਘਰ ਦਾ ਸਮਾਨ ਪਾਣੀ...
Advertisement

ਜੇਕਰ ਘਰ ਵਿੱਚ ਪਾਣੀ ਵੜ ਗਿਆ ਹੁੰਦਾ, ਗਹਿਣਾ ਗੱਟਾ ਹੜ੍ਹ ਗਿਆ ਹੁੰਦਾ, ਘਰ ਵਿੱਚ ਪਏ ਟੀ ਵੀ, ਫਰਿੱਜ, ਕੁਰਸੀਆਂ, ਮੇਜ਼, ਪੇਟੀਆਂ, ਅਲਮਾਰੀਆਂ, ਬੈੱਡ, ਸੋਫੇ, ਸਕੂਟਰ, ਮੋਟਰਸਾਈਕਲ, ਗੱਡੀਆਂ, ਕਾਗਜ਼ ਪੱਤਰ, ਕੱਪੜੇ, ਭਾਂਡੇ, ਕਿਤਾਬਾਂ, ਪਾਈ-ਪਾਈ ਜੋੜ ਕੇ ਬਣਾਇਆ ਘਰ ਦਾ ਸਮਾਨ ਪਾਣੀ ਵਿੱਚ ਗਲ਼ ਗਿਆ ਹੁੰਦਾ, ਪਸ਼ੂ-ਡੰਗਰ ਵੀ ਮਰ ਗਏ ਹੁੰਦੇ ਤਾਂ ਹੜ੍ਹ ਆਉਣ ਦੀ ਪੀੜ ਮਹਿਸੂਸ ਕਰ ਸਕਦਾ। ਫਿ਼ਲਹਾਲ ਮੇਰੇ ਕੋਲ ਹਮਦਰਦੀ ਜਤਾਉਣ, ਚਵਾਨੀ ਕੁ ਦਾਨ ਦੇਣ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਤੋਂ ਇਲਾਵਾ ਕੁਝ ਨਹੀਂ। ਪਾਣੀ ਪਿੰਡਾਂ ਵਿੱਚ ਭਰਨ ਦੇ ਨਾਲ-ਨਾਲ ਭਾਵੇਂ ਪੰਜਾਬੀਆਂ ਦੀਆਂ ਅੱਖਾਂ ਵਿੱਚ ਵੀ ਆ ਗਿਆ ਹੈ, ਪਰ ਇਸ ਦੇ ਬਾਵਜੂਦ ਇਹ ਪੰਜਾਬੀਆਂ ਦੇ ਹੌਸਲੇ ਨੂੰ ਨਾ ਗਾਲ਼ ਸਕਿਆ, ਨਾ ਡੁਬੋ ਸਕਿਆ ਤੇ ਨਾ ਮਾਰ ਸਕਿਆ; ਪੰਜਾਬੀਆਂ ਦੀ ਚੜ੍ਹਦੀ ਕਲਾ, ਜੁਰਅਤ ਤੇ ਮੜਕ, ਤੋਰ ਤੇ ਟੌਰ, ਲੋਰ ਤੇ ਜ਼ੋਰ, ਸੱਚ ਨਾਲ ਖੜ੍ਹਨ, ਸੱਚ ਪਿੱਛੇ ਅੜਨ, ਹਾਰ ਨਾਲ ਲੜਨ ਵਾਲੀ ਪੰਜਾਬੀਆਂ ਦੀ ਭਾਵਨਾ ਅਜੇ ਵੀ ਕਾਇਮ ਹੈ।

ਵਰ੍ਹਾ 2020 ਕਿਸਾਨ ਅੰਦੋਲਨ ਫਤਿਹ ਦੀ ਯਾਦ ਦਿਵਾਉਂਦਿਆਂ ਪੰਜਾਬ ਇੱਕ ਵਾਰ ਫਿਰ ਜਿਊਂਦੀ ਜਾਗਦੀ ਮਿਸਾਲ ਪੈਦਾ ਕਰ ਕੇ ਇਤਿਹਾਸ ਸਿਰਜ ਰਿਹਾ ਹੈ, ਜੋ ਹਸ਼ਰਾਂ ਤੱਕ ਮਿਟਾਇਆ ਨਹੀਂ ਜਾ ਸਕਦਾ। ਇਸ ਦਾ ਸਬੂਤ ਭਾਵੇਂ ਕਿਸ਼ਤੀਆਂ ਰਾਹੀਂ ਜਾਂ ਕਿਸੇ ਵੀ ਹੀਲੇ-ਵਸੀਲੇ ਹੜ੍ਹ ਮਾਰਿਆਂ ਤੱਕ ਪਹੁੰਚਣ ਵਾਲੇ ਅਤੇ ਉਨ੍ਹਾਂ ਤੱਕ ਕਿਸੇ ਵੀ ਤਰ੍ਹਾਂ ਦੀ ਮਦਦ ਪਹੁੰਚਾ ਰਹੇ ਦਾਨੀ ਸੱਜਣ, ਜਿਨ੍ਹਾਂ ਵਿੱਚ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਕਿਸਾਨ ਜਥੇਬੰਦੀਆਂ, ਸਰਕਾਰੀ ਜਾਂ ਪ੍ਰਾਈਵੇਟ ਕਰਮਚਾਰੀਆਂ ਦੀਆਂ ਯੂਨੀਅਨਾਂ, ਸਮਾਜਿਕ ਤੇ ਧਾਰਮਿਕ ਹਸਤੀਆਂ, ਮੰਤਰੀ ਮੰਡਲ, ਸੰਸਦ ਮੈਂਬਰਾਂ, ਵਿਧਾਇਕਾਂ, ਸਿਆਸੀ ਪਾਰਟੀਆਂ, ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚੋਂ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀਆਂ, ਸਰਕਾਰੀ ਜਾਂ ਪ੍ਰਾਈਵੇਟ ਬੋਰਡਾਂ, ਕਮੇਟੀਆਂ, ਵਿਦੇਸ਼ੀ ਜਥੇਬੰਦੀਆਂ, ਐੱਨ ਆਰ ਆਈ ਭੈਣਾਂ ਭਰਾਵਾਂ, ਛੋਟੇ-ਵੱਡੇ ਘਰਾਂ ਵਿੱਚ ਵਸਦੇ ਲੋਕ, ਮਦਦ ਪਹੁੰਚਾ ਰਹੇ ਹਰ ਆਮ ਇਨਸਾਨ ਅਤੇ ਹੋਰਨਾਂ ਵੱਲੋਂ ਤਾਂ ਦਿੱਤਾ ਹੀ ਜਾ ਰਿਹਾ ਹੈ, ਪੰਜਾਬੀਆਂ ਦੇ ਵੱਡੇ ਹੌਸਲੇ ਦਾ ਸਬੂਤ ਹੜ੍ਹਾਂ ’ਚ ਘਿਰੇ ਲੋਕ ਵੀ ਦੇ ਰਹੇ ਹਨ। ਜਦੋਂ ਕੋਈ ਦਾਨੀ ਸੱਜਣ ਉਨ੍ਹਾਂ ਤੱਕ ਪਹੁੰਚਦਾ ਹੈ ਤਾਂ ਉਨ੍ਹਾਂ ਦਾ ਇਹ ਕਹਿਣਾ ਕਿ “ਚਾਹ ਦੀ ਪਤੀਲੀ ਧਰੀ ਹੋਈ ਐ, ਪੀ ਕੇ ਜਾਇਓ”, ਇਹ ਸੁਣ ਇੱਕ ਦਾਨੀ ਸੱਜਣ ਬੋਲਿਆ, “ਧੰਨ ਹੈ ਪੰਜਾਬੀਆਂ ਦਾ ਜੇਰਾ... ਇੰਨੇ ਸੰਤਾਪ ਵਿੱਚ ਵੀ ਇਨ੍ਹਾਂ ਦੇ ਮੱਥੇ ’ਤੇ ਰੌਣਕ... ਵਾਹ!”

Advertisement

ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ, 60-65 ਸਾਲ ਦੇ ਬਜ਼ੁਰਗ ਨੇ ਹੜ੍ਹ ਦੇ ਪਾਣੀ ਵਿੱਚੋਂ ਲੰਘਦੇ-ਲੰਘਦੇ ਹੀ ਚੂਲ਼ਾ ਲੈ ਕੇ ਆਪਣੇ ਬੁੱਲ੍ਹਾਂ ਨੂੰ ਲਾ ਲਿਆ ਤੇ ਉਹ ਆਪਣਾ ਦਾੜ੍ਹਾ ਤੇ ਮੁੱਛਾਂ ਸੈੱਟ ਕਰ ਕੇ ਇਉਂ ਤੁਰ ਰਿਹਾ ਸੀ, ਜਿਵੇਂ ਕੋਈ ਮਹਾਰਾਜਾ ਹੋਵੇ। ਇੱਕ ਹੋਰ ਹੜ੍ਹ ਦਾ ਮਾਰਿਆ ਦੁੱਖ ਸੁਣਾਉਂਦਾ-ਸੁਣਾਉਂਦਾ ਜਦੋਂ ਪਾਣੀ ਪਾਰ ਕਰਨ ਲਈ ਹਵਾ ਨਾਲ ਭਰੀ ਟਿਊਬ ਵਿੱਚ ਚੜ੍ਹਨ ਲੱਗਿਆ ਤਾਂ ਟਿਊਬ ਅਚਾਨਕ ਪਲਟ ਗਈ, ਜਿਸ ਕਾਰਨ ਗਲੋਟਣੀਆਂ ਖਾ ਕੇ ਉਹ ਦਰਮਿਆਨੇ ਜਿਹੇ ਪਾਣੀ ਵਿੱਚ ਪਲਟ ਗਿਆ। ਇਹ ਹਾਸੋਹੀਣਾ ਕਰਤੱਵ ਦੇਖ ਕੋਲ ਖੜ੍ਹੇ ਸੱਜਣ ਇਉਂ ਹੱਸਣ ਲੱਗੇ, ਜਿਉਂ ਕਿਸੇ ਵਿਆਹ ਵਿੱਚ ਨਾਨਕਾ ਮੇਲ ਇਕੱਠਾ ਹੋਇਆ ਹੋਵੇ। ਇੱਕ ਬਾਪੂ ਵੱਲੋਂ ਪਾਣੀ ਵਿੱਚੋਂ ਕੁੱਤੇ ਨੂੰ ਬਾਹਰ ਕੱਢਣ ਵਾਲੀ ਤਸਵੀਰ ਕੌਣ ਭੁੱਲਿਆ ਹੋਵੇਗ? ਇੰਨੇ ਭਿਆਨਕ ਦੁੱਖ ਵਿੱਚ ਵੀ ਪੰਜਾਬੀਆਂ ਦੇ ਮੂੰਹ ਵਿੱਚ ਸ਼ੁਕਰ ਹੈ ਅਤੇ ਹੱਥਾਂ ਵਿੱਚ ਸੇਵਾ ਹੈ।

ਹੜ੍ਹ ਤੋਂ ਬਚਣ ਅਤੇ ਬਚਾਉਣ ਵਾਲੇ ਪੰਜਾਬੀ ਦੋਹਰੇ ਪਾਸਿਓਂ ਚੜ੍ਹਦੀ ਕਲਾ ਦਾ ਸਬੂਤ ਦੇ ਰਹੇ ਹਨ। ਇੱਕ ਦੂਜੇ ਦੇ ਮੋਢਿਆਂ ’ਤੇ ਹੱਥ ਮਾਰ ਕੇ ਕਹਿ ਦੇਣਾ, “ਕੋਈ ਨਾ, ਦਿਲ ਨਾ ਸੁੱਟ... ਮਿਹਨਤ ਕਰਨ ਆਲ਼ੇ ਆਂ, ਮੁੜ ਬਣਾ ਲਵਾਂਗੇ ਸਭ ਕੁਝ। ਖੌਰੇ ਇਸ ਤਬਾਹੀ ਵਿੱਚ ਵੀ ਉਸ ਦਾ ਕੋਈ ਰਾਜ਼ ਹੋਵੇ।” ਇਹੀ ਤਾਂ ਹੈ ਜੋ ਹਰ ਹਾਲਾਤ ਵਿੱਚ ਪੰਜਾਬੀਆਂ ਦੇ ਚੜ੍ਹਦੀ ਕਲਾ ਵਿੱਚ ਹੋਣ ਦਾ ਸਬੂਤ ਦਿੰਦਾ ਹੈ। ਇਨ੍ਹਾਂ ਦੇ ਹੌਸਲੇ ਤਾਂ ਉਦੋਂ ਨਹੀਂ ਢਹੇ, ਜਦੋਂ ਇਨ੍ਹਾਂ ਦੇ ਬੰਦ-ਬੰਦ ਕੱਟੇ ਗਏ, ਚਰਖੜੀਆਂ ’ਤੇ ਚਾੜ੍ਹਿਆ ਗਿਆ, ਆਰਿਆਂ ਨਾਲ ਚੀਰਿਆ, ਰੂੰਅ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਗਈ, ਉਬਲਦੀਆਂ ਦੇਗਾਂ ਵਿੱਚ ਸਾੜ ਦਿੱਤਾ ਗਿਆ, ਸਿਰਾਂ ਨਾਲੋਂ ਖੋਪੜੀਆਂ ਅੱਡ ਕਰ ਦਿੱਤੀਆਂ ਗਈਆਂ। ਇਹ ਚਾਰ ਦਿਨਾਂ ਦਾ ਮਹਿਮਾਨ ਪਾਣੀ ਪੰਜਾਬੀਆਂ ਦੇ ਹੌਸਲੇ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਕਿਉਂਕਿ ਪਾਣੀ ਨੂੰ ਮਖੌਲ ਕਰ ਕੇ ਸਾਡੇ ਲੋਕ ਇਉਂ ਆਖ ਰਹੇ ਹਨ, “ਮੈਂ ਪੰਜਾਬ ਬੋਲਦਾ ਹਾਂ।”

ਪੰਜਾਬੀਆਂ ਨੇ ਬੇਸ਼ੱਕ, ਸੰਤਾਪ ਝੱਲਿਆ ਅਤੇ ਲੰਗੜੇ ਹੋਏ ਪੰਜਾਬੀ ਮੁੜ ਪੈਰਾਂ ’ਤੇ ਖੜ੍ਹੇ ਹੋ ਗਏ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਨ੍ਹਾਂ ਨੂੰ ਦਰਦ ਨਹੀਂ ਹੁੰਦਾ। ਧਾਰਮਿਕ ਸਥਾਨਾਂ, ਸਕੂਲਾਂ, ਹੋਰ ਕਈ ਅਦਾਰਿਆਂ, ਘਰਾਂ ਵਿੱਚ ਅਤੇ ਹਮਦਰਦੀ ਜਤਾਉਣ ਵਾਲੇ ਹਰ ਇੱਕ ਪ੍ਰਾਣੀ ਦੀ ਜ਼ੁਬਾਨ ’ਤੇ ਆਈ ਰਾਹਤ ਦੀ ਮੰਗ ਵਾਲੀ ਅਰਦਾਸ ਪੰਜਾਬੀਆਂ ਨੂੰ ਹੋ ਰਹੇ ਦਰਦ ਦੀ ਹੀ ਉਦਾਹਰਨ ਹੈ। ਇਸ ਵਕਤ ਮਾਝੇ ਦਾ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ ਜ਼ਿਆਦਾਤਾਰ ਦੋ ਹੀ ਤਬਕੇ ਹਨ: ਇੱਕ ਜੋ ਵਿਦੇਸ਼ਾਂ ਵਿੱਚ ਹਨ ਤੇ ਪਿੱਛੇ ਉਨ੍ਹਾਂ ਦੇ ਘਰਾਂ ਨੂੰ ਤਾਲੇ ਲੱਗੇ ਹਨ; ਦੂਜੇ ਜੋ ਖੇਤੀਬਾੜੀ ਕਰ ਕੇ, ਮਿੱਟੀ ਨਾਲ ਮਿੱਟੀ ਹੋ ਕੇ ਆਪਣਾ ਢਿੱਡ ਪਾਲ ਰਹੇ ਹਨ। ਮਹਿੰਗਾਈ ਦੇ ਇਸ ਦੌਰ ਵਿੱਚ ਪਾਣੀ ਨਾਲ ਗਲ਼ ਚੁੱਕੇ ਪੂਰੇ ਘਰ ਨੂੰ ਦੁਬਾਰਾ ਸੁਰਜੀਤ ਕਰਨ ਲਈ ਹਰ ਪ੍ਰਭਾਵਿਤ ਪਰਿਵਾਰ ਨੂੰ ਘੱਟੋ-ਘੱਟ 15 ਤੋਂ 20 ਲੱਖ ਰੁਪਏ ਦੀ ਲੋੜ ਹੈ। ਕਈਆਂ ਦੇ ਤਾਂ ਜੋੜੇ ਪੈਸੇ ਤੇ ਗਹਿਣੇ ਵੀ ਹੜ੍ਹ ਚੁੱਕੇ ਹਨ। ਕਈਆਂ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਤੱਕ ਗਲ਼ ਚੁੱਕੀਆਂ ਹਨ। ਸਾਉਣੀ ਦੀ ਫਸਲ ਵੀ ਉਨ੍ਹਾਂ ਕਰਜ਼ਾ ਚੁੱਕ ਕੇ ਲਾਈ ਸੀ, ਜੋ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ।

ਪੀੜ ’ਚ ਘਿਰਿਆਂ ਅੱਗੇ ਇੱਕ ਹੋਰ ਡੂੰਘਾ ਦੁੱਖ ਇੰਤਜ਼ਾਰ ਕਰ ਰਿਹਾ ਹੈ, ਜੋ ਖੇਤਾਂ ਨੂੰ ਮੁੜ ਤੋਂ ਠੀਕ ਕਰਨ ਦਾ ਹੈ। ਹਾੜ੍ਹੀ ਦੀ ਫ਼ਸਲ ਦੇ ਅਗੇਤੇ ਪ੍ਰਬੰਧ ਤਾਂ ਕੀ ਕਰਨੇ ਹਨ, ਇਹ ਸਮੇਂ ਸਿਰ ਬੀਜੀ ਜਾ ਸਕੇ, ਇਸੇ ਆਸ ਨੂੰ ਪੂਰਾ ਕਰਨ ਦੀ ਚੁਣੌਤੀ ਨੇ ਹੜ੍ਹਾਂ ਵਿੱਚ ਘਿਰੇ ਪੰਜਾਬੀਆਂ ਦੀ ਨੀਂਦ ਉਡਾ ਦਿੱਤੀ ਹੈ। ਘਰ-ਬਾਰ ਦਾ ਸਮਾਨ ਇਕੱਠਾ ਕਰਨ ਦੀ ਚਿੰਤਾ ’ਚ ਕੱਖੋਂ ਹੌਲੇ ਹੋ ਰਹੇ ਹਨ। ਨਵੇਂ ਪਸ਼ੂ ਖਰੀਦ ਕੇ ਦੁੱਧ ਦਾ ਡੰਗ ਸਾਰਨ ਦੀ ਚਿੰਤਾ ਵੀ ਹੈ। ਨਸ਼ਟ ਹੋ ਚੁੱਕੇ ਸਾਮਾਨ ਦਾ ਪੰਜਾਬੀ ਕੀ ਕਰਨਗੇ? ਅੱਖਾਂ ਸਾਹਮਣੇ ਮਿਹਨਤ ਕਰ ਕੇ ਬਣਾਏ ਸਮਾਨ ਦੀ ਤਬਾਹੀ ਦਾ ਮੰਜ਼ਰ ਆਉਣ ’ਤੇ ਉਨ੍ਹਾਂ ਨੂੰ ਦਰਦ ਨਹੀਂ ਹੁੰਦਾ ਹੋਵੇਗਾ? ਇਹ ਸਵਾਲ ਪੱਕੀ ਥਾਂ ’ਤੇ ਬੈਠੇ ਇਨਸਾਨ ਨੂੰ ਵੀ ਸੋਚਾਂ ’ਚ ਪਾ ਦਿੰਦਾ ਹੈ।

ਸਰਕਾਰਾਂ ਪਿਛਲੇ ਵਰ੍ਹਿਆਂ ਦੌਰਾਨ ਹੋਏ ਨੁਕਸਾਨ ਦਾ ਮੁਆਵਜ਼ਾ ਅਜੇ ਤੱਕ ਵੀ ਨਹੀਂ ਦੇ ਸਕੀਆਂ। ਨਵੇਂ ਨੁਕਸਾਨ ਦੇ ਮੁਆਵਜ਼ੇ ਦੀ ਉਮੀਦ ਕਿੱਥੋਂ ਕੀਤੀ ਜਾਵੇ? ਇੱਕ ਰਿਪੋਰਟ ਅਨੁਸਾਰ, 2021 ਤੋਂ ਲੈ ਕੇ 2023 ਤੱਕ ਦੇ ਹੜ੍ਹ ਪੀੜਤਾਂ ਦੇ 79 ਪਰਿਵਾਰਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ। ਪ੍ਰਸ਼ਾਸਨ ਨੇ ਗਿਰਦਾਵਰੀ ਰਿਪੋਰਟ ਹੀ ਜਮ੍ਹਾਂ ਨਹੀਂ ਕਰਵਾਈ। 15-15 ਦਿਨਾਂ ਦੇ ਬੱਚਿਆਂ ਨੂੰ ਗੋਦੀ ਵਿੱਚ ਲੈ ਕੇ ਪੰਜਾਬੀ ਹੜ੍ਹ ਮਾਰੇ ਇਲਾਕਿਆਂ ਵਿੱਚ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਅਗਾਂਹ ਦੀਵਾਲੀ ਆ ਰਹੀ ਹੈ। ਅਜੇ ਤਾਂ ਬੱਤੀਆਂ ਵੀ ਨਹੀਂ ਵੱਟੀਆਂ ਸੀ ਕਿ ਪੰਜਾਬੀਆਂ ਦੇ ਘਰਾਂ ਵਿੱਚ ਤਿਉਹਾਰ ਮੌਕੇ ਬਲਣ ਵਾਲੇ ਦੀਵੇ ਪਹਿਲਾਂ ਹੀ ਬੁਝ ਗਏ। ਉਂਝ, ਬੱਤੀਆਂ ਵੱਟ ਕੇ ਪੰਜਾਬੀ ਕਰਨਗੇ ਵੀ ਕੀ? ਇਨ੍ਹਾਂ ਨੂੰ ਬਾਲਣ ਵਾਲੇ ਸਾਂਭੇ ਹੋਏ ਦੀਵੇ ਤਾਂ ਪਾਣੀ ਵਿੱਚ ਰੁੜ੍ਹ ਗਏ!

ਸਰਕਾਰਾਂ ਵੱਲੋਂ ਅਣਡਿੱਠ ਕਰਨ, ਲੋੜੀਂਦੀ ਮਦਦ ਨਾ ਦੇਣ ਤੇ ਮਗਰਮੱਛ ਦੇ ਹੰਝੂਆਂ ਦੇ ਬਾਵਜੂਦ, ਟੁੱਟੀਆਂ ਆਸਾਂ ਤੇ ਉਮੀਦਾਂ, ਤਬਾਹ ਹੋਏ ਸੰਦਾਂ ਤੇ ਸਮਾਨ, ਉੱਜੜ ਚੁੱਕੇ ਖੇਤਾਂ ਤੇ ਮਰ ਚੁੱਕੇ ਡੰਗਰ-ਪਸ਼ੂਆਂ, ਮਿਹਨਤ ਦੀ ਕਮਾਈ ਗਲ਼ ਜਾਣ, ਘਰ ਢਹਿਣ ਦੇ ਬਾਵਜੂਦ ਪੰਜਾਬੀ ਮੁੜ ਉੱਠਣਗੇ, ਕਿਉਂਕੀ ਇਨ੍ਹਾਂ ਦੇ ਹੌਸਲੇ, ਚੜ੍ਹਦੀ ਕਲਾ, ਟੌਹਰ ਅਤੇ ਜ਼ੋਰ ਨੂੰ ਦੁਨੀਆ ਦੀ ਕੋਈ ਆਫ਼ਤ ਨਾ ਹਰਾ ਸਕਦੀ ਹੈ, ਨਾ ਤੋੜ ਸਕਦੀ ਹੈ, ਨਾ ਮਾਰ ਸਕਦੀ ਹੈ। ਇਤਿਹਾਸ ਗਵਾਹ ਹੈ।

ਸੰਪਰਕ: 99148-11835

Advertisement
Show comments