ਹੜ੍ਹ, ਖੇਤੀਬਾੜੀ ਅਤੇ ਪੰਜਾਬ ਦੇ ਹਿੰਮਤੀ ਨੌਜਵਾਨ
ਪੰਜਾਬ ਵਿੱਚ ਇਸ ਸਾਲ ਆਏ ਹੜ੍ਹ 1988 ਤੋਂ ਜ਼ਿਆਦਾ ਭਿਆਨਕ ਹਨ। ਇਨ੍ਹਾਂ ਹੜ੍ਹਾਂ ਵਿੱਚ ਪਹਿਲੀ ਵਾਰ ਪੰਜਾਬ ਦੇ ਸਾਰੇ 23 ਜ਼ਿਲ੍ਹੇ, 2000 ਤੋਂ ਉੱਪਰ ਪਿੰਡ ਅਤੇ 4 ਲੱਖ ਦੇ ਕਰੀਬ ਲੋਕ ਪ੍ਰਭਾਵਿਤ ਹੋਏ ਅਤੇ 4.5 ਲੱਖ ਏਕੜ ਰਕਬੇ ਥੱਲੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਕੁਝ ਸਰਕਾਰੀ ਸਕੂਲਾਂ ਅਤੇ ਹੋਰ ਇਮਾਰਤਾਂ ਵਿੱਚ ਪਾਣੀ ਭਰ ਗਿਆ ਅਤੇ ਉਨ੍ਹਾਂ ਦਾ ਨੁਕਸਾਨ ਹੋਇਆ ਹੈ।
ਹੜ੍ਹਾਂ ਵਿੱਚ ਪ੍ਰਭਾਵਿਤ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਸਰਕਾਰੀ ਯਤਨਾਂ ਤੋਂ ਕਿਤੇ ਪਹਿਲਾਂ ਹਿੰਮਤੀ ਨੌਜਵਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਭ ਤੋਂ ਅੱਗੇ ਆਏ। ਇਨ੍ਹਾਂ ਨੇ ਛੋਟੇ ਕਿਸਾਨਾਂ ਦੀ ਕਣਕ ਦੀ ਬਿਜਾਈ ਤੱਕ ਅਤੇ ਹੋਰ ਲੋਕਾਂ ਦਾ ਮਦਦ ਜਾਰੀ ਰੱਖਣ ਦਾ ਅਹਿਦ ਵੀ ਕੀਤਾ। ਨੌਜਵਾਨਾਂ ਦੀ ਅਜਿਹੀ ਮਦਦ ਅਤੇ ਅਹਿਦ ਆਪਣੇ-ਆਪ ਵਿੱਚ ਬਹੁਤ ਕੁਝ ਸਾਹਮਣੇ ਲਿਆਉਂਦੇ ਹਨ, ਭਾਵੇਂ ਸਮੇਂ-ਸਮੇਂ ਉੱਪਰ ਮੁਲਕ ਦੇ ਸਮਾਜ ਦੇ ਕੁਝ ਵਰਗ ਇਨ੍ਹਾਂ ਨੌਜਵਾਨਾਂ ਨੂੰ ਵਿਹਲੜ, ਨਸ਼ੇ ਕਰਨ ਵਾਲੇ ਆਦਿ ਆਦਿ ਗਰਦਾਨਦੇ ਰਹੇ ਹਨ।
ਪੰਜਾਬ ਦੇ ਨੌਜਵਾਨਾਂ ਨੂੰ ਵਿਹਲੜ ਗਰਦਾਨਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਮੁਲਕ ਦੀ ਆਜ਼ਾਦੀ ਤੋਂ ਬਾਅਦ 1950 ਵਿੱਚ ਯੋਜਨਾ ਕਮਿਸ਼ਨ ਬਣਿਆ ਅਤੇ 1951 ਤੋਂ ਪੰਜ ਸਾਲਾ ਯੋਜਨਾਵਾਂ ਦੀ ਸ਼ੁਰੂਆਤ ਹੋਈ। ਮੁਲਕ ਦੂਜੀ ਸੰਸਾਰ ਜੰਗ ਤੋਂ ਅਨਾਜ ਥੁੜ੍ਹ ਦਾ ਸਾਹਮਣਾ ਕਰ ਰਿਹਾ ਸੀ। ਇਸ ਥੁੜ੍ਹ ਉੱਤੇ ਕਾਬੂ ਪਾਉਣ ਲਈ ਪਹਿਲੀ ਪੰਜ ਸਾਲਾ ਯੋਜਨਾ ਵਿੱਚ ਮੁੱਖ ਤਰਜੀਹ ਖੇਤੀਬਾੜੀ ਖੇਤਰ ਦੇ ਵਿਕਾਸ ਨੂੰ ਦਿੱਤੀ ਗਈ ਜਿਸ ਸਦਕਾ ਇਸ ਥੁੜ੍ਹ ਉੱਤੇ ਕਾਬੂ ਪਾਇਆ ਜਾ ਸਕਿਆ। ਦੂਜੀ ਪੰਜ ਸਾਲਾ ਯੋਜਨਾ ਵਿੱਚ ਮੁੱਖ ਤਰਜੀਹ ਖੇਤੀਬਾੜੀ ਖੇਤਰ ਦੀ ਥਾਂ ਉਦਯੋਗਿਕ ਖੇਤਰ ਦੇ ਵਿਕਾਸ ਨੂੰ ਦਿੱਤੀ ਗਈ ਜਿਸ ਕਾਰਨ ਮੁੜ ਤੋਂ ਮੁਲਕ ਵਿੱਚ ਅਨਾਜ ਪਦਾਰਥਾਂ ਦੀ ਥੁੜ੍ਹ ਦੇਖੀ ਜਾਣ ਲੱਗੀ। 1964-66 ਦੇ ਦੋ ਸਾਲਾਂ ਦੌਰਾਨ ਵਿੱਚ ਪਏ ਸੋਕੇ ਨੇ ਅਨਾਜ ਥੁੜ੍ਹ ਬਹੁਤ ਵਧਾ ਦਿੱਤੀ। ਲੋਕਾਂ ਅਨਾਜ ਮੁਹੱਈਆ ਕਰਵਾਉਣ ਲਈ ਸਮੇਂ ਦੀ ਸਰਕਾਰ ਨੂੰ ਬਾਹਰਲੇ ਮੁਲਕਾਂ ਅੱਗੇ ਠੂਠਾ ਫੜਨਾ ਪਿਆ। ਅਖ਼ੀਰ, ਅਮਰੀਕਾ ਦੀਆਂ ਸ਼ਰਤਾਂ ਮੰਨਦਿਆਂ ਉੱਥੋਂ ਪੀ ਐੱਲ-480 ਅਧੀਨ ਅਨਾਜ ਮੰਗਵਾਉਣਾ ਸ਼ੁਰੂ ਕੀਤਾ। ਇਸ ਸਮੱਸਿਆ ਉੱਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨੇ ‘ਖੇਤੀਬਾੜੀ ਦਾ ਨਵੀਂ ਜੁਗਤ’ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਇਹ ਜੁਗਤ ਵੱਧ ਝਾੜ ਦੇਣ ਵਾਲੇ ਬੀਜਾਂ, ਯਕੀਨੀ ਸਿੰਜਾਈ, ਰਸਾਇਣਕ ਖਾਦਾਂ, ਕੀਟਨਾਸ਼ਕਾਂ, ਨਦੀਨਨਾਸ਼ਕਾਂ ਤੇ ਹੋਰ ਰਸਾਇਣਿਕ ਪਦਾਰਥਾਂ, ਮਸ਼ੀਨਰੀ ਅਤੇ ਖੇਤੀਬਾੜੀ ਦੇ ਆਧੁਨਿਕ ਢੰਗਾਂ ਦਾ ਪੁਲੰਦਾ ਸੀ। ਸਰਕਾਰ ਨੇ ਪੰਜਾਬ ਦੇ ਹਿੰਮਤੀ ਕਿਸਾਨਾਂ, ਖੇਤ ਮਜ਼ਦੂਰਾਂ, ਪੇਂਡੂ ਛੋਟੇ ਕਾਰੀਗਰਾਂ ਅਤੇ ਇੱਥੋਂ ਦੇ ਅਮੀਰ ਕੁਦਰਤੀ ਸਾਧਨਾਂ, ਜਿਨ੍ਹਾਂ ਵਿੱਚ ਭੂਮੀ ਦੀ ਸਿਹਤ ਤੇ ਜ਼ਮੀਨ ਹੇਠਲੇ ਪਾਣੀ ਦਾ ਠੀਕ ਪੱਧਰ ਅਹਿਮ ਸਨ, ਨੂੰ ਧਿਆਨ ਵਿੱਚ ਰੱਖਦਿਆਂ ਇਸ ਜੁਗਤ ਨੂੰ ਤਰਜੀਹੀ ਤੌਰ ’ਤੇ ਸਭ ਤੋਂ ਪਹਿਲਾਂ ਪੰਜਾਬ ਵਿੱਚ ਸ਼ੁਰੂ ਕੀਤਾ। ਪੰਜਾਬ ਦੇ ਹਿੰਮਤੀ ਕਿਸਾਨਾਂ, ਖੇਤ ਮਜ਼ਦੂਰਾਂ, ਪੇਂਡੂ ਛੋਟੇ ਕਾਰੀਗਰਾਂ ਦੀ ਹੱਡ-ਭੰਨਵੀਂ ਮਿਹਨਤ ਅਤੇ ਇੱਥੋਂ ਦੇ ਅਮੀਰ ਕੁਦਰਤੀ ਸਾਧਨਾਂ ਦੀ ਲੋੜੋਂ ਵੱਧ ਵਰਤੋਂ ਸਦਕਾ ਮੁਲਕ ਵਿੱਚ ਅਨਾਜ ਪਦਾਰਥਾਂ ਦੀ ਭਾਰੀ ਥੁੜ੍ਹ ਉੱਪਰ ਕਾਬੂ ਪਾਇਆ ਜਾ ਸਕਿਆ।
ਉਂਝ, ਇਸ ਜੁਗਤ ਤਹਿਤ ਨਦੀਨਨਾਸ਼ਕਾਂ ਅਤੇ ਮਸ਼ੀਨਰੀ ਦੀ ਵੱਡੇ ਪੱਧਰ ਉੱਤੇ ਵਰਤੋਂ ਨੇ ਇੱਥੋਂ ਦੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਛੋਟੇ ਕਾਰੀਗਰਾਂ ਦੇ ਰੁਜ਼ਗਾਰ ਨੂੰ ਵੱਡੇ ਪੱਧਰ ਉੱਤੇ ਘਟਾਇਆ ਜਿਸ ਕਾਰਨ ਖੇਤੀਬਾੜੀ ਖੇਤਰ ਵਾਲੇ ਨੌਜਵਾਨਾਂ ਨੂੰ ਵਿਹਲੜ ਗਰਦਾਨਿਆ ਜਾਣ ਲੱਗਿਆ। ਇਸ ਬਾਬਤ ਧਿਆਨ ਮੰਗਦਾ ਇੱਕ ਹੋਰ ਅਹਿਮ ਪੱਖ ਇਹ ਵੀ ਹੈ ਕਿ ਖੇਤੀਬਾੜੀ ਖੇਤਰ ਵਿੱਚ ਕੰਮ ਕਰਨ ਵਾਲੇ ਕਿਰਤੀਆਂ ਦੀ ਅਸਲ ਆਮਦਨ ਲਗਾਤਾਰ ਘਟ ਰਹੀ ਹੈ ਅਤੇ ਉਨ੍ਹਾਂ ਦੀ ਮਿਹਨਤ ਨਾ ਕਰਨ ਦੀ ਰੁਚੀ ਦਿਖਾਈ ਦਿੰਦੀ ਹੈ। ਇਸ ਤੱਥ ਨੂੰ ਉਨ੍ਹਾਂ ਦਾ ਕਸੂਰ ਨਹੀਂ ਮੰਨਿਆ ਜਾ ਸਕਦਾ। ਸਰਮਾਏਦਾਰ ਜਗਤ ਪੱਖੀ ਸੋਚ ਵਾਲੇ ਅਰਥ ਵਿਗਿਆਨੀ ਸ਼ੁਲਜ਼ ਨੇ 1964 ’ਚ ਛਪੀ ਆਪਣੀ ਪੁਸਤਕ ‘Transforming Traditional Agriculture’ ਵਿੱਚ ਸਪੱਸ਼ਟ ਕੀਤਾ ਹੈ ਕਿ ਰਵਾਇਤੀ ਖੇਤੀਬਾੜੀ ਵਿੱਚ ਕਿਸਾਨ ਘੱਟ ਕੰਮ ਕਰਨ ਦੀ ਰੁਚੀ ਇਸ ਲਈ ਨਹੀਂ ਰੱਖਦੇ ਕਿ ਉਹ ਨਿਕੰਮੇ ਹਨ ਸਗੋਂ ਅਜਿਹਾ ਇਸ ਲਈ ਹੈ ਕਿਉਂਕਿ ਖੇਤੀਬਾੜੀ ਵਿੱਚ ਕੰਮ ਕਰਨ ਦੇ ਇਵਜ਼ ਵਜੋਂ ਉਨ੍ਹਾਂ ਦੇ ਪੱਲੇ ਬਹੁਤ ਘੱਟ ਪੈਂਦਾ ਹੈ।
ਖੇਤੀਬਾੜੀ ਖੇਤਰ ਵਿੱਚ ਲਗਾਤਾਰ ਘਟ ਰਹੀ ਸ਼ੁੱਧ ਆਮਦਨ, ਉਦਯੋਗਿਕ ਖੇਤਰ ਵਿੱਚ ਘਟ ਰਿਹਾ ਰੁਜ਼ਗਾਰ ਅਤੇ ਸੇਵਾਵਾਂ ਦੇ ਖੇਤਰ ਵਿੱਚ ਕੁਝ ਰੁਜ਼ਗਾਰ ਦੀਆਂ ਸੰਭਾਵਨਾਵਾਂ ਦੇ ਬਾਵਜੂਦ ਬਹੁਤ ਘੱਟ ਤਨਖਾਹ ਅਤੇ ਉਸ ਲਈ ਵੀ ਆਮ ਕਰ ਕੇ ਕੰਮਪਿਊਟਰ ਦੀ ਵਰਤੋਂ ਦੀ ਮੁੱਢਲੀ ਜਾਣਕਾਰੀ ਦਾ ਜ਼ਰੂਰੀ ਹੋਣਾ ਪੰਜਾਬ ਦੇ ਨੌਜਵਾਨਾਂ ਦੇ ਬਾਹਰਲੇ ਮੁਲਕਾਂ ਵਿੱਚ ਪਰਵਾਸ ਦੇ ਰੁਝਾਨ ਲਈ ਜ਼ਿੰਮੇਵਾਰ ਦਿਖਾਈ ਦਿੰਦੇ ਹਨ। ਪਿਛਲੇ ਕੁਝ ਅਰਸੇ ਦੌਰਾਨ ਪੰਜਾਬ ਦੇ ਨੌਜਵਾਨਾਂ ਨੇ ਚੰਗੀ ਜ਼ਿੰਦਗੀ ਦੇ ਵੱਡੇ-ਵੱਡੇ ਸੁਪਨੇ ਸਿਰਜ ਕੇ ਬਾਹਰਲੇ ਮੁਲਕਾਂ, ਖ਼ਾਸ ਕਰ ਕੇ ਕੈਨੇਡਾ ਵਿੱਚ ਪਰਵਾਸ ਕੀਤਾ ਹੈ ਪਰ ਉੱਨਤ ਮੁਲਕਾਂ ਵਿੱਚ ਘਟ ਰਹੇ ਰੁਜ਼ਗਾਰ ਦੇ ਮੌਕਿਆਂ ਕਾਰਨ ਪੰਜਾਬ ਵਿੱਚੋਂ ਪਰਵਾਸ ਕਰ ਕੇ ਗਏ ਵੱਡੀ ਗਿਣਤੀ ਨੌਜਵਾਨਾਂ ਲਈ ਉੱਥੇ ਰੁਜ਼ਗਾਰ ਪ੍ਰਾਪਤ ਕਰਨਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ।
ਸਮਾਜ ਦੇ ਕੁਝ ਵਰਗਾਂ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਫੁਕਰੇ ਗਰਦਾਨਣ ਦਾ ਰੁਝਾਨ ਦੇਖਣ ਨੂੰ ਮਿਲਦਾ ਹੈ। ਨੌਜਵਾਨਾਂ ਉੱਤੇ ਸਿੱਖ ਧਰਮ, 1947 ’ਚ ਮੁਲਕ ਵੰਡ ਸਮੇਂ ਬਾਰ ਵਿੱਚੋਂ ਆਏ ਲੋਕਾਂ ਅਤੇ ਪੰਜਾਬ ਵਿੱਚੋਂ ਪਹਿਲਾਂ ਥੋੜ੍ਹੀ ਗਿਣਤੀ ਵਿੱਚ ਬਾਹਰਲੇ ਮੁਲਕਾਂ ’ਚ ਪਰਵਾਸ ਕਰ ਗਏ ਲੋਕਾਂ ਦੇ ਵਧੀਆ ਰਹਿਣ-ਸਹਿਣ ਦਾ ਪ੍ਰਭਾਵ ਹੈ। ਮਹਿਲਾਂ ਵਰਗੀਆਂ ਕੋਠੀਆਂ, ਮਹਿੰਗੀਆਂ ਕਾਰਾਂ ਨੂੰ ਸਾਰੇ ਪੰਜਾਬੀ ਨੌਜਵਾਨਾਂ ਦੁਆਰਾ ਹੰਢਾਈਆਂ ਜਾ ਰਹੀਆਂ ਵਿਲਾਸਤਾਵਾਂ ਦੱਸਿਆ ਜਾ ਰਿਹਾ ਹੈ; ਹਕੀਕਤ ’ਚ ਇਨ੍ਹਾਂ ਵਿਲਾਸਤਾਵਾਂ ਦਾ ਆਨੰਦ, ਕੁਝ ਕੁ ਅਤਿ ਦਰਜੇ ਦੇ ਅਮੀਰਾਂ ਤੱਕ ਸੀਮਤ ਹੈ। ਧਿਆਨ ਮੰਗਦਾ ਇੱਕ ਪੱਖ ਇਹ ਵੀ ਹੈ ਕਿ ਸਰਮਾਏਦਾਰੀ ਪੱਖੀ ਆਰਥਿਕ ਵਾਧੇ ਦੇ ਮਾਡਲ ਨੂੰ ਭਾਰਤ ਸਮੇਤ ਦੁਨੀਆ ਦੇ ਜ਼ਿਆਦਾਤਰ ਮੁਲਕਾਂ ਵਿੱਚ ਅਪਣਾਏ ਜਾਣ ਕਾਰਨ ਅਮੀਰਾਂ ਅਤੇ ਗ਼ਰੀਬਾਂ ਵਿੱਚ ਆਰਥਿਕ ਪਾੜਾ ਲਗਾਤਾਰ ਵਧ ਰਿਹਾ ਹੈ। ਕੁਝ ਅਮੀਰਾਂ ਦੇ ਫੁਕਰਪੁਣੇ ਦਾ ਕੁਝ ਕੁ ਅਸਰ ਗ਼ਰੀਬਾਂ ਉੱਪਰ ਪੈਣਾ ਵੀ ਸੁਭਾਵਿਕ ਹੈ। ਪੰਜਾਬੀ ਨੌਜਵਾਨਾਂ ਨੂੰ ਫੁਕਰੇ ਗਰਾਦਨਣ ਵਾਲੇ ਸਮਾਜ ਦੇ ਕੁਝ ਵਰਗ ਇਹ ਦਲੀਲ ਵੀ ਦਿੰਦੇ ਹਨ ਕਿ ਇਹ ਵਿਆਹਾਂ, ਭੋਗਾਂ ਅਤੇ ਹੋਰ ਸਮਾਜਿਕ ਰੀਤੀ-ਰਿਵਾਜਾਂ ਉੱਪਰ ਰਜਵਾੜਿਆਂ ਵਾਂਗ ਖ਼ਰਚ ਕਰਦੇ ਹਨ। ਇਹ ਦਲੀਲ ਬਿਲਕੁਲ ਥੋਥੀ ਹੈ; ਮੁੱਠੀ ਭਰ ਅਮੀਰਾਂ ਵੱਲੋਂ ਸਮਾਜਿਕ ਰੀਤੀ-ਰਿਵਾਜਾਂ ਉੱਪਰ ਕੀਤੇ ਰਜਵਾੜਿਆਂ ਵਰਗੇ ਖ਼ਰਚਿਆਂ ਨੂੰ ਆਮ ਪੰਜਾਬੀ ਨੌਜਵਾਨਾਂ ਸਿਰ ਮੜ੍ਹਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਆਮ ਪੰਜਾਬੀ ਨੌਜਵਾਨ ਜੋ ਇੱਥੋਂ ਦੇ ਨੌਜਵਾਨ ਵਰਗ ਦਾ ਵੱਡਾ ਹਿੱਸਾ ਹਨ, ਆਪਣੇ ਸਮਾਜਿਕ ਰੀਤੀ-ਰਿਵਾਜਾਂ ਦੇ ਸਬੰਧ ਵਿੱਚ ਕੁਝ ਖ਼ਰਚ ਜ਼ਰੂਰ ਕਰਦੇ ਹਨ ਜਿਹੜਾ ਕਦੇ-ਕਦਾਈ ਉਨ੍ਹਾਂ ਦੇ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਹੈ, ਪਰ ਇਹ ਚੇਤੇ ਰੱਖਣਾ ਵੀ ਜ਼ਰੂਰੀ ਹੈ ਕਿ ਆਮ ਲੋਕਾਂ ਦਾ ਵੀ ਘੱਟੋ-ਘੱਟ ਸੱਭਿਆਚਾਰਕ ਪੱਧਰ ਹੁੰਦਾ ਹੈ। ਉਨ੍ਹਾਂ ਨੂੰ ਆਪਣੀਆਂ ਖੁਸ਼ੀਆਂ-ਗ਼ਮੀਆਂ, ਰਿਸ਼ਤੇਦਾਰਾਂ ਅਤੇ ਹੋਰ ਸਨੇਹੀਆਂ ਨਾਲ ਸਾਂਝੀਆਂ ਕਰਨ ਲਈ 50-100 ਵਿਅਕਤੀਆਂ ਦਾ ਇਕੱਠ ਕਰਨਾ ਪੈਂਦਾ ਹੈ।
ਸਮਾਜ ਦੇ ਕੁਝ ਵਰਗਾਂ, ਖ਼ਾਸ ਕਰ ਕੇ ਕੁਝ ਕੁ ਬੁੱਧੀਜੀਵੀਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਨੌਜਵਾਨ ਵੱਡੀ ਪੱਧਰ ਉੱਤੇ ਨਸ਼ਈ ਹਨ। ਜੇ ਉੱਨਤ ਮੁਲਕਾਂ ਦੇ ਲੋਕਾਂ ਅੰਦਰ ਨਸ਼ਿਆਂ ਦੀ ਵਰਤੋਂ ਨੂੰ ਦੇਖਿਆ ਜਾਵੇ ਤਾਂ ਪੰਜਾਬ ਦਾ ਰੈਂਕ ਕਿਤੇ ਥੱਲੇ ਆਉਂਦਾ ਹੈ। ਨਸ਼ਿਆਂ ਦੀ ਵਰਤੋਂ ਦੇ ਅਨੇਕ ਕਾਰਨਾਂ ਵਿੱਚੋਂ ਜ਼ਿਆਦਾ ਅਮੀਰਾਂ ਦੁਆਰਾ ਨਸ਼ਿਆਂ ਦੀ ਵਰਤੋਂ ਅਤੇ ਅਮੀਰਾਂ ਤੇ ਗ਼ਰੀਬਾਂ ਵਿਚਕਾਰ ਵਧ ਰਿਹਾ ਆਰਥਿਕ ਪਾੜਾ ਵੀ ਅਹਿਮ ਹਨ। ਉੱਨਤ ਮੁਲਕਾਂ ਵਿੱਚ ਪਦਾਰਥਵਾਦੀ ਅਤੇ ਨਿੱਜਵਾਦੀ ਰੁਚੀਆਂ ਦੀ ਸਿਖਰ ਕਰ ਕੇ ਉੱਥੇ ਰਹਿ ਰਹੇ ਪਰਿਵਾਰਾਂ ਉੱਪਰ ਨਸ਼ਾ ਕਰਨ ਵਾਲਿਆਂ ਦਾ ਘੱਟ ਅਸਰ ਹੁੰਦਾ ਹੈ ਪਰ ਪੰਜਾਬ ਸਮੇਤ ਪੂਰੇ ਮੁਲਕ ਵਿੱਚ ਨਸ਼ਾ ਕਰਨ ਵਾਲਿਆਂ ਦਾ ਮਾੜਾ ਪ੍ਰਭਾਵ ਸਿਰਫ਼ ਉਸ ਦੇ ਪਰਿਵਾਰ ਤੱਕ ਸੀਮਤ ਨਾ ਹੋ ਕੇ, ਉਸ ਦੇ ਦੂਰ-ਨੇੜੇ ਦੇ ਰਿਸ਼ਤੇਦਾਰਾਂ ਅਤੇ ਬਾਕੀ ਦੇ ਸਮਾਜ ਉੱਪਰ ਵੀ ਪੈਂਦਾ ਹੈ।
ਪੂਰੇ ਮੁਲਕ ਸਮੇਤ ਪੰਜਾਬ ਵਿੱਚ ਵੀ ਜਨਸੰਖਿਆ ਲਾਭ ਅੰਸ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਸਮੇਂ ਦੀ ਲੋੜ ਹੈ ਕਿ ਪੰਜਾਬ ਦੇ ਹਿੰਮਤੀ ਨੌਜਵਾਨਾਂ ਤੋਂ ਅਰਥ ਵਿਵਸਥਾ ਦੇ ਵੱਖ-ਵੱਖ ਖੇਤਰਾਂ ਵਿੱਚ ਸੇਵਾਵਾਂ ਲੈਣ ਅਤੇ ਉਨ੍ਹਾਂ ਨੂੰ ਨਪੀੜਨ ਤੋਂ ਬਚਾਉਣ ਲਈ ਉਨ੍ਹਾਂ ਖਿਲਾਫ਼ ਕੂੜ ਪ੍ਰਚਾਰ ਬੰਦ ਕਰਨਾ ਚਾਹੀਦਾ ਹੈ। ਇਸ ਲਈ ਜ਼ਰੂਰੀ ਹੈ ਕਿ ਪੰਜਾਬ ਸਮੇਤ ਪੂਰੇ ਮੁਲਕ ਵਿੱਚ ਆਰਥਿਕ ਵਾਧੇ ਦਾ ਉਹ ਮਾਡਲ ਅਪਣਾਇਆ ਜਾਵੇ ਜਿਸ ਦੁਆਰਾ ਸਾਰੇ ਲੋਕਾਂ, ਖ਼ਾਸ ਕਰ ਕੇ ਨੌਜਵਾਨਾਂ ਦੀਆਂ ਮੁਢਲੀਆਂ ਲੋੜਾਂ (ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਸੰਭਾਲ, ਸਾਫ਼ ਵਾਤਾਵਰਨ ਅਤੇ ਸਮਾਜਿਕ ਸੁਰੱਖਿਆ) ਸਤਿਕਾਰਯੋਗ ਢੰਗ ਨਾਲ ਪੂਰੀਆਂ ਹੋ ਸਕਣ।
*ਸਾਬਕਾ ਪ੍ਰੋਫੈਸਰ, ਅਰਥ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।