ਪਰਵਾਜ਼
ਡਾ. ਇਕਬਾਲ ਸਿੰਘ ਸਕਰੌਦੀ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਜਲੀ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾਅ ਰਿਹਾ ਸਾਂ। ਨਵੰਬਰ ਦੇ ਪਹਿਲੇ ਹਫ਼ਤੇ ਮੈਂ ਕਿਸੇ ਪ੍ਰਾਈਵੇਟ ਕਾਲਜ ਦੇ ਡੰਮੀ ਦਾਖ਼ਲੇ ਦੀ ਪੜਤਾਲ ਕਰਨ ਪਿੱਛੋਂ ਲਹਿਰਾ ਗਾਗਾ ਤੋਂ ਵਾਪਸ ਆ ਰਿਹਾ ਸਾਂ। ਛਾਜਲੀ ਪਿੰਡ ਤੋਂ ਬਾਹਰਵਾਰ ਗੱਡੀਆਂ ਵਾਲਿਆਂ ਦੀਆਂ ਝੁੱਗੀਆਂ ਝੌਂਪੜੀਆਂ ਸਨ। ਉੱਥੇ ਕੁਝ ਬੱਚਿਆਂ ਨੂੰ ਖੇਡਦਿਆਂ ਦੇਖ ਕੇ ਆਪਣੀ ਕਾਰ ਇੱਕ ਪਾਸੇ ਲਾ ਦਿੱਤੀ। ਜਿਉਂ ਹੀ ਇਨ੍ਹਾਂ ਝੌਂਪੜੀ ਨੁਮਾ ਛੋਟੇ-ਛੋਟੇ ਘਰਾਂ ਵਿੱਚ ਗਿਆ, ਬੱਚਿਆਂ ਦੀਆਂ ਮਾਵਾਂ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਬੁੜ-ਬੁੜ ਕਰਨ ਲੱਗ ਪਈਆਂ। ਉਨ੍ਹਾਂ ਵਿੱਚੋਂ ਇੱਕ ਔਰਤ ਗੁੱਸੇ ਵਿੱਚ ਭਰੀ ਪੀਤੀ ਮੈਨੂੰ ਬੋਲੀ, “ਅਸੀਂ ਆਪਣੇ ਬੱਚਿਆਂ ਨੂੰ ਸਕੂਲੇ ਪੜ੍ਹਨੇ ਨੀਂ ਲੌਣਾ।”
ਤੀਹ ਬੱਤੀ ਸਾਲ ਦੀ ਇੱਕ ਸੁਆਣੀ ਨੂੰ ਮੈਂ ਕਿਹਾ, “ਭੈਣ, ਮੈਂ ਤੁਹਾਡੇ ਬੱਚਿਆਂ ਨੂੰ ਆਪਣੇ ਸਕੂਲ ਦਾਖ਼ਲ ਕਰਨ ਲਈ ਤਾਂ ਆਇਆ ਈ ਨੀ। ਮੈਂ ਤਾਂ ਆਪਣੀ ਛੋਟੀ ਭੈਣ ਦੇ ਘਰ ਚਾਹ ਪੀਣ ਆਇਆ ਹਾਂ।” ਮੇਰੇ ਮੂੰਹੋਂ ‘ਭੈਣ’ ਸੁਣ ਕੇ ਅਤੇ ਬੋਲਾਂ ਵਿੱਚ ਨਿਮਰਤਾ ਦੇਖ ਉਹਦਾ ਗੁੱਸਾ ਜਿਵੇਂ ਖੰਭ ਲਾ ਕੇ ਉੱਡ-ਪੁੱਡ ਗਿਆ ਹੋਵੇ। ਉਹਨੇ ਵਾਣ ਦੇ ਢਿੱਲੇ ਜਿਹੇ ਮੰਜੇ ਵੱਲ ਇਸ਼ਾਰਾ ਕਰ ਕੇ ਮੈਨੂੰ ਬੈਠਣ ਲਈ ਕਿਹਾ, ਤੇ ਆਪ ਚਾਹ ਧਰਨ ਲਈ ਇੱਕ ਝੌਂਪੜੀ ਵੱਲ ਚਲੀ ਗਈ। ਮੈਂ ਬੜੇ ਸਹਿਜ ਭਾਅ ਮੰਜੇ ਉੱਤੇ ਬੈਠ ਗਿਆ। ਚੌਦਾਂ ਪੰਦਰਾਂ ਛੋਟੇ ਬਾਲ ਇੱਧਰ ਉੱਧਰ ਖੇਡਦੇ ਫਿਰਦੇ ਸਨ। ਉਨ੍ਹਾਂ ਵਿੱਚੋਂ ਚਾਰ ਬੱਚੇ ਝਿਜਕਦੇ-ਝਿਜਕਦੇ ਮੇਰੇ ਕੋਲ ਆ ਗਏ। ਉਨ੍ਹਾਂ ਵਿੱਚੋਂ ਇੱਕ ਛੋਟੀ ਬੱਚੀ ਦੇ ਹੱਥ ਵਿੱਚ ਪਲਾਸਟਿਕ ਦਾ ਖਿਡੌਣਾ ਪਿਸਤੌਲ ਸੀ। ਇੱਕ ਹੋਰ ਮੁੰਡੇ ਦੇ ਹੱਥ ਵਿੱਚ ਪਲਾਸਟਿਕ ਦੀ ਹੀ ਖਿਡੌਣਾ ਸਟੇਨਗੰਨ ਸੀ। ਮੈਂ ਉਨ੍ਹਾਂ ਨੂੰ ਪਿਆਰ ਨਾਲ ਆਪਣੇ ਕੋਲ ਬੁਲਾਇਆ। ਝਿਜਕਦੇ ਜਿਹੇ ਉਹ ਮੇਰੇ ਕੋਲ ਆ ਗਏ। ਫਿਰ ਹੌਲੀ-ਹੌਲੀ ਮੇਰੇ ਨਾਲ ਗੱਲੀਂ ਪੈ ਗਏ। ਕਈ ਬੱਚਿਆਂ ਦੀਆਂ ਮਾਵਾਂ ਵੀ ਮੰਜੇ ਨੇੜੇ ਆ ਗਈਆਂ ਸਨ।
ਖਿਡੌਣੇ ਵਾਲੇ ਬੱਚਿਆਂ ਨੂੰ ਪਿਆਰ ਨਾਲ ਕਿਹਾ, “ਜੇ ਤੁਸੀਂ ਮੇਰੇ ਸਕੂਲ ਵਿੱਚ ਪੜ੍ਹਨ ਲਈ ਆਓਗੇ ਤਾਂ ਮੈਂ ਤੁਹਾਨੂੰ ਪੜ੍ਹਾ ਕੇ ਕਮਾਂਡੋ ਬਣਾ ਦਿਆਂਗਾ। ਜਦੋਂ ਤੁਸੀਂ ਫ਼ੌਜ ਵਿੱਚ ਭਰਤੀ ਹੋਵੋਗੇ, ਤਦ ਤੁਹਾਨੂੰ ਅਸਲੀ ਪਿਸਤੌਲ ਅਤੇ ਅਸਲੀ ਸਟੇਨਗੰਨ ਮਿਲੇਗੀ।” ਮੈਂ ਮਹਿਸੂਸ ਕੀਤਾ ਕਿ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਉੱਤੇ ਮੇਰੀਆਂ ਗੱਲਾਂ ਦਾ ਕੁਝ ਅਸਰ ਹੋ ਰਿਹਾ ਸੀ। ਉਸੇ ਸਮੇਂ ਉਸ ਕਬੀਲੇ ਦਾ ਮੁਖੀ ਵੀ ਉੱਥੇ ਆ ਗਿਆ ਸੀ। ਮੈਂ ਉਹਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਮੇਰੇ ਸਕੂਲ ਪੜ੍ਹਨ ਲਈ ਭੇਜੋ। ਮੁਖੀ ਨੇ ਵਾਅਦਾ ਕੀਤਾ ਕਿ ਉਹ ਕੱਲ੍ਹ ਨੂੰ ਇਸ ਬਸਤੀ ਦੇ ਸਾਰੇ ਬੱਚਿਆਂ ਨੂੰ ਸਕੂਲੇ ਪੜ੍ਹਨ ਲਈ ਭੇਜ ਦੇਵੇਗਾ। ਮੈਂ ਚਾਹ ਪੀਤੀ, ਛੋਟੀ ਭੈਣ ਨੂੰ ਫ਼ਤਹਿ ਬੁਲਾਈ ਤੇ ਵਾਪਸ ਆਪਣੇ ਸਕੂਲ ਆ ਗਿਆ।
ਅਗਲੇ ਦਿਨ ਬਸਤੀ ਦੇ ਸੋਲ਼ਾਂ ਬੱਚੇ ਕੋਮਲ, ਮਨਪ੍ਰੀਤ, ਰੀਨਾ, ਕਾਜਲ, ਸਿਮਰਨ, ਰਮਨ, ਅੰਜੂ, ਝਾਂਜਰ, ਸੰਮੂ, ਅਰਮਾਨ, ਸਾਹਿਲ, ਦਿਲਦਾਰ, ਰਮਨਜੀਤ, ਸ਼ਾਇਰਾ, ਨਜ਼ਮਾ ਆਪੋ-ਆਪਣੀਆਂ ਮਾਵਾਂ ਨਾਲ ਸਕੂਲ ਪਹੁੰਚ ਗਏ। ਆਪਣੇ ਵੱਲੋਂ ਮੈਂ ਵੀ ਤਿਆਰੀ ਕੀਤੀ ਹੋਈ ਸੀ। ਸੋਲ਼ਾਂ ਬਸਤੇ ਖ਼ਰੀਦ ਕੇ ਉਨ੍ਹਾਂ ਵਿੱਚ ਚਾਰ-ਚਾਰ ਕਾਪੀਆਂ, ਰੰਗਦਾਰ ਪੈਂਸਲਾਂ, ਸਕੇਲ ਅਤੇ ਸਟੇਸ਼ਨਰੀ ਦਾ ਹੋਰ ਸਮਾਨ ਪਾ ਕੇ ਰੱਖੇ ਹੋਏ ਸਨ। ਆਪਣੇ ਹੱਥੀਂ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ। ਫਿਰ ਇਨ੍ਹਾਂ ਬੱਚਿਆਂ ਨੂੰ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਛਾਜਲੀ ਦੀਆਂ ਚਾਰ ਇਸਤਰੀ ਅਧਿਆਪਕਾਵਾਂ ਨੂੰ ਬੁਲਾ ਕੇ ਉੱਥੇ ਦਾਖ਼ਲ ਕਰਵਾ ਦਿੱਤਾ।
ਇਸ ਗੱਲ ਨੂੰ ਪੰਜ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਕਬੀਲੇ ਦੇ ਮੁਖੀ ਤੋਂ ਪਤਾ ਲੱਗਾ ਹੈ ਕਿ ਉਹ ਸੋਲ਼ਾਂ ਦੇ ਸੋਲ਼ਾਂ ਬੱਚੇ ਪਿੰਡ ਦੇ ਸੈਕੰਡਰੀ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਪੜ੍ਹ ਰਹੇ ਹਨ।
ਸੰਪਰਕ: 84276-85020