ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਉਮਰ ਤੇ ਮੈਰਾਥਨ ਦੇ ਸ਼ਾਹ ਸਵਾਰ ਸਨ ਫੌਜਾ ਸਿੰਘ

ਡਾ. ਕ੍ਰਿਸ਼ਨ ਕੁਮਾਰ ਰੱਤੂ ਦੁਨੀਆ ਦਾ ਜਿ਼ੰਦਾ ਅਜੂਬਾ ਬਣੇ ਰਹਿਣ ਵਾਲੇ ਮੈਰਾਥਨ ਦੌੜਾਕ ਫੌਜਾ ਸਿੰਘ ਹੁਣ ਇਸ ਦੁਨੀਆ ਵਿੱਚ ਦੌੜਦੇ ਹੋਏ ਨਹੀਂ ਦਿਸਣਗੇ। ਉਹ ਪੂਰੀ ਦੁਨੀਆ ਦੀਆਂ ਸੜਕਾਂ ’ਤੇ ਖੰਡੇ ਦੇ ਲੋਗੋ ਵਾਲੀ ਸਫ਼ੇਦ ਟੀ-ਸ਼ਰਟ ਨਾਲ ਇਸ ਤਰ੍ਹਾਂ ਚਲਦੇ ਸਨ...
Advertisement

ਡਾ. ਕ੍ਰਿਸ਼ਨ ਕੁਮਾਰ ਰੱਤੂ

ਦੁਨੀਆ ਦਾ ਜਿ਼ੰਦਾ ਅਜੂਬਾ ਬਣੇ ਰਹਿਣ ਵਾਲੇ ਮੈਰਾਥਨ ਦੌੜਾਕ ਫੌਜਾ ਸਿੰਘ ਹੁਣ ਇਸ ਦੁਨੀਆ ਵਿੱਚ ਦੌੜਦੇ ਹੋਏ ਨਹੀਂ ਦਿਸਣਗੇ। ਉਹ ਪੂਰੀ ਦੁਨੀਆ ਦੀਆਂ ਸੜਕਾਂ ’ਤੇ ਖੰਡੇ ਦੇ ਲੋਗੋ ਵਾਲੀ ਸਫ਼ੇਦ ਟੀ-ਸ਼ਰਟ ਨਾਲ ਇਸ ਤਰ੍ਹਾਂ ਚਲਦੇ ਸਨ ਜਿਵੇਂ ਰੁਮਕਦੀ ਹੋਈ ਹਵਾ ਦਾ ਰੁਮਕਦਾ ਬੁੱਲਾ ਯਾਦਾਂ ਦੀ ਕਹਾਣੀ ਕਹਿੰਦਾ ਹੋਵੇ। ਇਹ ਸੀ ਦੁਨੀਆ ਦੇ ਮਹਾਨ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਜ਼ਿੰਦਗੀ ਤੇ ਸ਼ਖ਼ਸੀਅਤ ਦੀ ਪਛਾਣ।
Advertisement

ਸੋਮਵਾਰੀਂ ਹੋਏ ਸੜਕ ਹਾਦਸੇ ਵਿੱਚ ਉਨ੍ਹਾਂ ਇਸ ਦੁਨੀਆ ਤੋਂ ਰੁਖ਼ਸਤ ਲੈ ਲਈ। ਉਹ ਉਮਰ ਨੂੰ ਮਖ਼ੌਲ ਕਰਨ ਵਾਲੇ 114 ਵਰ੍ਹਿਆਂ ਦੇ ਬਜ਼ੁਰਗ ਨੌਜਵਾਨ ਦੌੜਾਕ ਸਨ। ਉਨ੍ਹਾਂ ਨਾਲ ਘੰਟਿਆਂ ਬੱਧੀ ਨਾ ਮੁੱਕਣ ਵਾਲੀਆਂ ਯਾਦਾਂ ਅਤੇ ਗੱਲਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਸੀ ਤੇ ਫਿਰ ਜਿ਼ੰਦਗੀ ਦਾ ਘੱਟ ਖੰਡ ਵਾਲੀ ਚਾਹ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ ਜੋ ਕਦੀ ਮੁੱਕਣ ਦਾ ਨਾਂ ਨਹੀਂ ਸੀ ਲੈਂਦਾ। ਉਹ ਸਾਊ ਅਤੇ ਭਲੇ ਆਦਮੀ ਸਨ ਜਿਨ੍ਹਾਂ ਨੇ ਜ਼ਿੰਦਗੀ ਦੇ ਬਹੁਤ ਸਾਰੇ ਹਾਦਸਿਆਂ ਨੂੰ ਬਹੁਤ ਨਜ਼ਦੀਕ ਤੋਂ ਦੇਖਿਆ ਸੀ ਤੇ ਅਜਿਹੇ ਹੀ ਕਾਰ ਹਾਦਸੇ ਵਿੱਚ ਉਹ ਜਲੰਧਰ ਵਿੱਚ ਇਸ ਦੁਨੀਆ ਤੋਂ ਅਚਾਨਕ ਰੁਖ਼ਸਤ ਹੋ ਗਏ।

ਪੂਰੀ ਦੁਨੀਆ ਵਿੱਚ ਪਗੜੀ ਵਾਲਾ ਤੂਫਾਨ, ਰਨਿੰਗ ਬਾਬਾ ਤੇ ਸੁਪਰ ਸਿੱਖ ਵਰਗੇ ਤਗ਼ਮਿਆਂ ਨਾਲ ਮੈਰਾਥਨ ਦੌੜ ਦੀ ਧਾਕ ਜਮਾਉਣ ਵਾਲੇ ਫੌਜਾ ਸਿੰਘ ਦਾ ਜਨਮ ਪਹਿਲੀ ਅਪਰੈਲ 1911 ਨੂੰ ਜਲੰਧਰ ਨੇੜੇ ਬਿਆਸ ਪਿੰਡ ਵਿੱਚ ਹੋਇਆ। ਬਾਅਦ ਵਿੱਚ ਉਨ੍ਹਾਂ ਭਾਰਤੀ ਮੂਲ ਦੇ ਸਿੱਖ ਅਥਲੀਟ ਵਜੋਂ ਬ੍ਰਿਟਿਸ਼ ਨਾਗਰਿਕ ਦੀ ਹੈਸੀਅਤ ਵਿੱਚ 2003 ਵਿੱਚ 92 ਸਾਲ ਦੀ ਉਮਰ ਵਿੱਚ ਟੋਰਾਂਟੋ ਮੈਰਾਥਨ ਵਿੱਚ ਹਿੱਸਾ ਲੈ ਕੇ ਵਿਸ਼ਵ ਰਿਕਾਰਡ ਬਣਾਇਆ। ਉਨ੍ਹਾਂ ਆਪਣੇ ਜੀਵਨ ਵਿੱਚ ਵੱਡੀ ਉਮਰ ਵਿੱਚ ਜਜ਼ਬਾਤੀ ਹੋ ਕੇ ਦੌੜਨਾ ਸ਼ੁਰੂ ਕੀਤਾ ਤੇ ਫਿਰ ਉਮਰ ਭਰ ਅੰਤਿਮ ਸਾਹਾਂ ਤੱਕ ਉਹ ਹਵਾ ਨਾਲ ਗੱਲਾਂ ਕਰਦੇ ਹੋਏ ਜ਼ਿੰਦਗੀ ਨੂੰ ਮਾਣਦੇ ਰਹੇ। ਕਈ ਕੌਮਾਂਤਰੀ ਖੇਡ ਬ੍ਰਾਂਡਾਂ ਨੇ ਉਨ੍ਹਾਂ ਨੂੰ ਸਾਈਨ ਵੀ ਕੀਤਾ। 2004 ਵਿੱਚ ਲੋਕਾਂ ਨੇ ਫੌਜਾ ਸਿੰਘ ਨੂੰ ਸਪੋਰਟਸ ਵੇਅਰ ਨਿਰਮਾਤਾ ਐਡੀਡਾਸ ਦੇ ਸਮਰਥਨ ਵਿੱਚ ਵਿਸ਼ਵ ਪ੍ਰਸਿੱਧ ਖਿਡਾਰੀਆਂ ਡੇਵਿਡ ਬੈਕਹੈਮ ਅਤੇ ਮੁਹੰਮਦ ਅਲੀ ਦੇ ਨਾਲ ਖੜ੍ਹਾ ਦੇਖਿਆ ਗਿਆ। ਕਿਸੇ ਪੰਜਾਬੀ ਅਥਲੀਟ ਲਈ ਇਹ ਬੜੇ ਮਾਣ-ਮੱਤੇ ਸੁਨਹਿਰੀ ਪਲ ਸਨ ਜਿਨ੍ਹਾਂ ਨੂੰ ਉਹ ਬੜੇ ਮਾਣ ਨਾਲ ਦੱਸਦੇ ਸਨ।

ਫੌਜਾ ਸਿੰਘ ਨੇ ਯੂਨਾਈਟਿਡ ਕਿੰਗਡਮ (ਯੂਕੇ) ਵਿੱਚ ਆਪਣੇ ਉਮਰ ਵਰਗ (90 ) ਵਿੱਚ 200 ਮੀਟਰ, 400 ਮੀਟਰ, 800 ਮੀਟਰ, ਮੀਲ ਅਤੇ 3000 ਮੀਟਰ ਦੇ ਰਿਕਾਰਡ ਕਾਇਮ ਕੀਤੇ। ਇਹ ਧਿਆਨ ਦੇਣ ਯੋਗ ਹੈ ਕਿ ਉਨ੍ਹਾਂ ਇਹ ਸਾਰੇ ਰਿਕਾਰਡ ਇੱਕੋ ਸਮੇਂ 94 ਮਿੰਟਾਂ ਵਿੱਚ ਬਣਾਏ ਸਨ।

ਮੈਨੂੰ ਪਰਿਵਾਰਕ ਤੌਰ ’ਤੇ ਉਨ੍ਹਾਂ ਨਾਲ ਵਿਚਰਨ ਦਾ ਮੌਕਾ ਮਿਲਿਆ। ਜਲੰਧਰ ਵਿੱਚ ਅਤੇ ਮੇਰੇ ਨਾਲ ਜਿੰਨੀ ਵਾਰੀ ਵੀ ਉਹ ਘਰ ਆਏ, ਪਰਿਵਾਰ ਦੇ ਵੱਡੇ ਜੀਅ ਵਾਂਗ ਵਿਚਰਦੇ ਅਸ਼ੀਰਵਾਦ ਦਿੰਦੇ ਰਹੇ। ਉਹ ਕਿਸੇ ਵੀ ਪ੍ਰਹੇਜ਼ ਤੋਂ ਬਿਨਾਂ ਸਾਦਾ ਦਾਲ-ਰੋਟੀ ਤੇ ਮਿਠਾਈ ਖਾ ਲੈਂਦੇ ਸਨ। ਉਹ ਅਲੱਗ ਇਨਸਾਨ ਸਨ ਜੋ ਮੁਹੱਬਤ, ਪਿਆਰ ਤੇ ਨਿਮਰਤਾ ਨਾਲ ਭਰੇ ਹੋਏ ਸਨ। ਫੌਜਾ ਸਿੰਘ ਦੱਸਦੇ ਸਨ ਕਿ ਉਨ੍ਹਾਂ ਦਾ ਦੁਨੀਆ ਦਾ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਬਣਨ ਦਾ ਰਾਜ ਸਾਦਗੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਹੈ। ਉਨ੍ਹਾਂ 100 ਸਾਲ ਦੀ ਉਮਰ ਵਿੱਚ ਟੋਰਾਂਟੋ (ਕੈਨੇਡਾ) ਦੀ ਦੌੜ ਪੂਰੀ ਕੀਤੀ। ਉਹ ਕਹਿੰਦੇ ਸਨ ਕਿ ਇਹ ਸਭ ਤਣਾਅ ਤੋਂ ਬਚਣ ਕਾਰਨ ਹੈ। ਉਨ੍ਹਾਂ ਅਨੁਸਾਰ ਦੌੜਨਾ ਰੱਬ ਦੀ ਇਬਾਦਤ ਹੈ ਤੇ ਇਸ ਨਾਲ ਮਨ ਤੇ ਸਰੀਰ ਦੀ ਇਕਾਗਰਤਾ ਵਿੱਚ ਵਾਧਾ ਹੁੰਦਾ ਹੈ, ਇਉਂ ਤੁਸੀਂ ਲੰਮਾ ਸਮਾਂ ਜਿਊ ਸਕਦੇ ਹੋ। ਅਸਲ ਵਿੱਚ ਇਹੀ ਉਨ੍ਹਾਂ ਦੀ ਲੰਮੀ ਉਮਰ ਦਾ ਰਾਜ਼ ਸੀ। ਉਹ ਕਹਿੰਦੇ ਹੁੰਦੇ ਸਨ- “ਕੋਈ ਵੀ ਚੀਜ਼ ਜੋ ਕਰਨ ਲਾਇਕ ਹੈ, ਉਹ ਮੁਸ਼ਕਿਲ ਤਾਂ ਹੋਵੇਗੀ।” ਉਹ 100 ਸਾਲ ਦੇ ਦੌੜਾਕ ਸਨ ਜਿਸ ਨੇ ਟੋਰਾਂਟੋ ਵਾਟਰਫਰੰਟ ਈਵੈਂਟ ਵਿੱਚ 8 ਘੰਟੇ 25 ਮਿੰਟ ਅਤੇ 16 ਸਕਿੰਟਾਂ ਵਿੱਚ ਮੈਰਾਥਨ ਪੂਰੀ ਕਰ ਕੇ ਦੁਨੀਆ ਦਾ ਸਭ ਤੋਂ ਵੱਧ ਉਮਰ ਵਾਲਾ ਰਿਕਾਰਡ ਬਣਾਇਆ।

5 ਫੁੱਟ 8 ਇੰਚ ਲੰਮੇ ਅਤੇ ਤਰਵੰਜਾ ਕਿਲੋ ਤੋਂ ਥੋੜ੍ਹਾ ਜ਼ਿਆਦਾ ਵਜ਼ਨ ਵਾਲੇ ਫੌਜਾ ਸਿੰਘ ਆਪਣੀ ਭਾਰੀ ਪੱਗ ਅਤੇ ਹਲਕੀ ਦਾੜ੍ਹੀ ਹੇਠਾਂ ਪਤਲੀ ਜਿਹੀ ਸ਼ਖ਼ਸੀਅਤ ਸਨ। ਕਈ ਵਾਰੀ ਉਹ ਪਰਿਵਾਰ ਤੋਂ ਲੁਕ ਕੇ ਦੌੜਨ ਵਾਸਤੇ ਚਲੇ ਗਏ ਤੇ ਰਿਕਾਰਡ ਬਣਾ ਕੇ ਵਾਪਸ ਆਏ। ਇਕ ਵਾਰ ਉਨ੍ਹਾਂ ਦੱਸਿਆ, “ਕਈ ਰਿਕਾਰਡਾਂ ਬਾਰੇ ਮੈਂ ਇੰਨਾ ਚਿੰਤਤ ਸੀ ਕਿ ਮੈਂ ਸ਼ਾਇਦ ਇਹ ਪੂਰਾ ਨਾ ਕਰ ਸਕਾਂ। ਕਿਸੇ ਨੂੰ ਨਹੀਂ ਦੱਸਿਆ ਕਿ ਦੌੜ ਵਿੱਚ ਹਿੱਸਾ ਲੈ ਰਿਹਾ ਹਾਂ। ਮੈਂ ਬੱਸ ਉਹ ਰਿਕਾਰਡ ਤੋੜਨਾ ਚਾਹੁੰਦਾ ਸੀ।” ਇਹੀ ਉਨ੍ਹਾਂ ਦੀ ਸਫਲਤਾ ਦਾ ਰਾਜ਼ ਹੈ। ਇਸ ਦਾ ਜਿ਼ਕਰ ਉਨ੍ਹਾਂ ਆਪਣੀਆਂ ਕਈ ਮੁਲਾਕਾਤਾਂ ਵਿੱਚ ਕੀਤਾ ਸੀ। ਇੱਕ ਵਾਰ ਉਹ 1976 ਵਿੱਚ 98 ਸਾਲ ਦੇ ਗਰੀਕ ਅਥਲੀਟ ਦੇ ਰਿਕਾਰਡ ਦੀ ਗੱਲ ਕਰ ਰਹੇ ਸਨ- “ਇਸ ਦੌੜ ਵਿੱਚ ਮੇਰੀ ਗਤੀ ਘੱਟ ਹੋ ਗਈ ਪਰ ਉਸ ਬੁੱਢੇ ਆਦਮੀ ਦੀ ਸੋਚ ਨੇ ਮੈਨੂੰ ਆਖਿ਼ਰੀ ਚਾਰ ਮੀਲ ਤੱਕ ਪ੍ਰੇਰਿਤ ਕੀਤਾ ਅਤੇ ਰੱਬ ਨੇ ਵੀ।”

ਫੌਜਾ ਸਿੰਘ ਕਹਿੰਦੇ ਸਨ, “ਦੌੜਨ ਨੇ ਮੈਨੂੰ ਮਕਸਦ ਅਤੇ ਸ਼ਾਂਤੀ ਦਾ ਅਹਿਸਾਸ ਦਿੱਤਾ। ਛੋਟੀਆਂ-ਛੋਟੀਆਂ ਗੱਲਾਂ ਦੀ ਚਿੰਤਾ ਕਿਉਂ ਕਰਨੀ? ਮੈਂ ਤਣਾਅ ਨਹੀਂ ਲੈਂਦਾ। ਤੁਸੀਂ ਕਦੇ ਨਹੀਂ ਸੁਣਿਆ ਕਿ ਕੋਈ ਖੁਸ਼ੀ ਨਾਲ ਮਰ ਗਿਆ।”

ਫੌਜਾ ਸਿੰਘ 1995 ਵਿੱਚ ਆਪਣੀ ਪਤਨੀ ਅਤੇ ਪੁੱਤਰ ਦੀ ਮੌਤ ਤੋਂ ਬਾਅਦ ਇੰਗਲੈਂਡ ਚਲੇ ਗਏ ਸਨ। ਉਹ ਪੂਰਬੀ ਲੰਡਨ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਰਹੇ। ਉਹ ਬਹੁਤ ਸਾਦਾ ਜੀਵਨ ਬਤੀਤ ਕਰਦੇ ਸਨ। ਉਨ੍ਹਾਂ 89 ਸਾਲ ਦੀ ਉਮਰ ਵਿੱਚ ਹੀ ਗੰਭੀਰਤਾ ਨਾਲ ਦੌੜਨਾ ਸ਼ੁਰੂ ਕੀਤਾ ਸੀ। ਕਹਿੰਦੇ ਸਨ, “ਇਹ ਉਨ੍ਹਾਂ ਦੀ ਚੰਗੀ ਕਿਸਮਤ ਸੀ ਜਿਸ ਨੇ ਉਨ੍ਹਾਂ ਨੂੰ ਸਾਬਕਾ ਪੇਸ਼ਾਵਰ ਦੌੜਾਕ ਹਰਮੰਦਰ ਸਿੰਘ ਨਾਲ ਮਿਲਵਾਇਆ ਤੇ ਉਹ ਲੰਡਨ ਮੈਰਾਥਨ ਵਿੱਚ ਸ਼ਾਮਲ ਹੋ ਗਏ।” ਹਰਮੰਦਰ ਸਿੰਘ ਉਨ੍ਹਾਂ ਦੇ ਟ੍ਰੇਨਰ ਅਤੇ ਦੋਸਤ ਬਣੇ। ਹਰਮੰਦਰ ਸਿੰਘ ਕਹਿੰਦੇ ਸਨ, “ਇਹ ਮੇਰੇ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਇੱਕ ਦਰਜਨ ਤੋਂ ਵੱਧ ਪੂਰੀਆਂ ਅਤੇ ਅੱਧੀ ਮੈਰਾਥਨ ਪੂਰੀਆਂ ਕੀਤੀਆਂ। ਉਹ ਇਸ ਸਭ ਕਾਸੇ ਪ੍ਰਤੀ ਹਮੇਸ਼ਾ ਸਜੱਗ ਰਹੇ। ਪਿਛਲੇ ਸਾਲ ਉਨ੍ਹਾਂ ਦੀ ਸਿਹਤ ਜਾਂਚ ਤੋਂ ਪਤਾ ਲੱਗਾ ਸੀ ਕਿ ਉਨ੍ਹਾਂ ਦੀਆਂ ਹੱਡਅਿਾਂ 35 ਸਾਲ ਦੇ ਬੰਦੇ ਵਰਗੀਆਂ ਹਨ।” ਉਂਝ, ਉਨ੍ਹਾਂ ਦਾ ਦਾਅਵਾ ਸੀ ਕਿ ਉਹ ਕਦੇ ਦੁੱਧ ਨਹੀਂ ਪੀਂਦੇ। ਬਲਗਮ ਜਮ੍ਹਾਂ ਹੋਣ ਦੇ ਡਰ ਤੋਂ ਉਹ ਦੁੱਧ ਤੋਂ ਦੂਰ ਹੀ ਰਹਿੰਦੇ ਸਨ। ਖ਼ੁਰਾਕ ਬਾਰੇ ਪੁੱਛਣ ’ਤੇ ਉਹ ਹੱਸ ਛੱਡਦੇ, “ਮੈਂ ਘੰਟਿਆਂ ਤੱਕ ਗੱਲ ਕਰ ਸਕਦਾ ਹਾਂ, ਪਰ ਇਹ ਕੋਈ ਨਵੀਂ ਜਾਂ ਜਾਦੂਈ ਚੀਜ਼ ਨਹੀਂ ਹੈ। ਪੰਜਾਬੀ ਜਾਣਦੇ ਹਨ ਕਿ ਖਾਣ-ਪੀਣ ਦੀ ਕੀ ਅਹਿਮੀਅਤ ਹੈ, ਪਰ ਮੈਂ ਸਿਰਫ਼ ਉਹੀ ਖਾਂਦਾ ਹਾਂ ਜਿੰਨਾ ਮੈਨੂੰ ਲੋੜ ਹੈ: ਥੋੜ੍ਹੀ ਜਿਹੀ ਦਾਲ ਤੇ ਰੋਟੀ, ਗੋਭੀ ਤੇ ਚਾਹ। ਜੇ ਮੈਂ ਹਰ ਵੇਲੇ ਪੇਟ ਭਰ ਕੇ ਖਾਵਾਂ ਤਾਂ ਸ਼ਾਇਦ ਮਰ ਜਾਵਾਂ।”

ਫੌਜਾ ਸਿੰਘ ਹਰ ਰੋਜ਼ 10 ਤੋਂ 15 ਕਿਲੋਮੀਟਰ ਦੌੜਦੇ ਸਨ। ਉਹ ਕਹਿੰਦੇ ਸਨ “ਤੁਹਾਨੂੰ ਆਪਣਾ ਇੰਜਣ ਚੱਲਦਾ ਰੱਖਣਾ ਪੈਂਦਾ ਹੈ।” ਉਨ੍ਹਾਂ ਆਪਣੀਆਂ ਮੁਲਾਕਾਤਾਂ ਵਿੱਚ ਵਾਰ-ਵਾਰ ਦੱਸਿਆ ਕਿ ਉਨ੍ਹਾਂ ਨੂੰ ਰੁਪਏ ਪੈਸੇ ਵਿੱਚ ਕੋਈ ਦਿਲਚਸਪੀ ਨਹੀਂ, ਮੈਂ ਦਾਨ ਕਰ ਦਿੰਦਾ ਹਾਂ” ਉਹ ਆਪਣੇ ਸਪਾਂਸਰਸ਼ਿਪ ਸੌਦੇ ਬਾਰੇ ਕਹਿੰਦੇ ਹੁੰਦੇ ਸਨ, “ਪੈਸਾ ਬਚਾਇਆ, ਖਰਚਿਆ, ਗੁਆਇਆ ਅਤੇ ਕਮਾਇਆ ਜਾ ਸਕਦਾ ਹੈ। ਮੇਰੀ ਉਮਰ ਵਿੱਚ ਸਿਰਫ਼ ਇਹੀ ਕਰਨਾ ਵਧੀਆ ਲੱਗਦਾ ਹੈ।”

ਉਹ ਹਮੇਸ਼ਾ ਠੀਕ-ਠਾਕ ਰਹਿਣ ’ਤੇ ਜ਼ੋਰ ਦਿੰਦੇ ਸਨ। ਕਹਿੰਦੇ ਸਨ, “ਹਰ ਕੋਈ ਇਸ ਬੁੱਢੇ ਨਾਲ ਗੱਲ ਕਰਨਾ ਚਾਹੁੰਦਾ ਹੈ... ਇਹ ਸਭ ਦੌੜਨ ਕਾਰਨ ਹੈ, ਸਾਰੇ ਲੋਕ ਮੈਨੂੰ ਇਸੇ ਕਰ ਕੇ ਇੰਨਾ ਪਿਆਰ ਦਿੰਦੇ ਹਨ... ਇਹ ਜਿ਼ੰਦਗੀ ਵਾਹਿਗੁਰੂ ਨੇ ਮਾਨਣ ਵਾਸਤੇ ਦਿੱਤੀ ਹੈ, ਇਸ ਨੂੰ ਮਾਣੋ।” ਫੌਜਾ ਸਿੰਘ ਸੱਚਮੁੱਚ ਲੰਮੀ ਪਾਰੀ ਖੇਡ ਕੇ ਇਸ ਦੁਨੀਆ ਤੋਂ ਰੁਖ਼ਸਤ ਹੋਏ। ਉਨ੍ਹਾਂ ਜੋ ਕਾਰਨਾਮੇ ਕਰ ਦਿਖਾਏ, ਉਹ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੇ। ਸਾਡੇ ਸਮਿਆਂ ਦੇ ਇਸ ਮਹਾਨ ਦੌੜਾਕ ਦੀਆਂ ਯਾਦਾਂ ਸਾਨੂੰ ਹਮੇਸ਼ਾ ਹੱਲਾਸ਼ੇਰੀ ਦਿੰਦੀਆਂ ਰਹਿਣਗੀਆਂ।

*ਲੇਖਕ ਦੂਰਦਰਸ਼ਨ ਦੇ ਸਾਬਕਾ ਉਪ ਮਹਾਨਿਰਦੇਸ਼ਕ ਹਨ।

ਸੰਪਰਕ: 94787-30156

Advertisement