ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਦਬੀਰਾਂ ਨਾਲ ਬਦਲਦੀਆਂ ਤਕਦੀਰਾਂ

ਗੱਲ ਕੋਈ ਛੇ ਦਹਾਕੇ ਪੁਰਾਣੀ ਹੈ। ਮੈਂ ਆਪਣੇ ਪਿੰਡ ਰੌੜੀ (ਤਹਿਸੀਲ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਿੱਚ ਰਹਿੰਦਾ ਸੀ, ਜੋ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਹੋਇਆ ਹੈ। ਸਕੂਲ ਵਿੱਚ ਪੜ੍ਹਦਾ-ਪੜ੍ਹਦਾ ਕੁਝ ਘਰੇਲੂ ਹਾਲਾਤ ਕਰ ਕੇ ਪੜ੍ਹਾਈ ਛੱਡ...
Advertisement

ਗੱਲ ਕੋਈ ਛੇ ਦਹਾਕੇ ਪੁਰਾਣੀ ਹੈ। ਮੈਂ ਆਪਣੇ ਪਿੰਡ ਰੌੜੀ (ਤਹਿਸੀਲ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਿੱਚ ਰਹਿੰਦਾ ਸੀ, ਜੋ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਹੋਇਆ ਹੈ। ਸਕੂਲ ਵਿੱਚ ਪੜ੍ਹਦਾ-ਪੜ੍ਹਦਾ ਕੁਝ ਘਰੇਲੂ ਹਾਲਾਤ ਕਰ ਕੇ ਪੜ੍ਹਾਈ ਛੱਡ ਗਿਆ। ਜੇ ਕਹਾਂ ਕਿ ਮੈਥੋਂ ਪੜ੍ਹਾਈ ਛੁਡਵਾ ਦਿੱਤੀ ਗਈ ਤਾਂ ਇਹ ਵੀ ਗ਼ਲਤ ਨਹੀਂ ਹੋਵੇਗਾ। ਮੈਂ ਮੱਝੀਆਂ ਚਰਾਈਆਂ, ਲੁਧਿਆਣੇ ਦੀਆਂ ਹੌਜ਼ਰੀਆਂ ਵਿੱਚ ਜੁਰਾਬਾਂ ਬਣਾਈਆਂ ਤੇ ਘਿਓ ਵੇਚਿਆ। ਦਸ-ਬਾਰਾਂ ਸਾਲ ਦੀ ਉਮਰ ਵਿੱਚ ਜ਼ਿੰਦਗੀ ਦੇ ਇਹ ਘੋਲ ਹੰਢਾਅ ਲਏ। ਲੁਧਿਆਣੇ ਰਹਿੰਦਿਆਂ ਮੈਨੂੰ ਦੁਕਾਨ ਦਾ ਹਿਸਾਬ ਕਰਦਿਆਂ ਇੰਨੀ ਛੋਟੀ ਉਮਰੇ ਅਖ਼ਬਾਰ ਪੜ੍ਹਦਿਆਂ ਦੇਖ ਕੇ ਮੇਰੇ ਚਾਚਾ ਜੀ ਦੇ ਮਨ ਵਿੱਚ ਫੁਰਨਾ ਫੁਰਿਆ ਤੇ ਉਨ੍ਹਾਂ ਮਹਿਸੂਸ ਕੀਤਾ ਕਿ ਮੈਨੂੰ ਪੜ੍ਹਨਾ ਚਾਹੀਦਾ ਹੈ। ਉਨ੍ਹਾਂ ਮੇਰੇ ਘਰਦਿਆਂ ਨੂੰ ਰਾਜ਼ੀ ਕੀਤਾ ਕਿ ਮੈਨੂੰ ਸਕੂਲ ਪੜ੍ਹਨ ਲਾ ਦਿੱਤਾ ਜਾਵੇ। ਇਉਂ ਮੈਨੂੰ ਫਿਰ ਤੋਂ ਸਕੂਲ ਲਾਉਣ ਦਾ ਫ਼ੈਸਲਾ ਕੀਤਾ ਗਿਆ ਹਾਲਾਂਕਿ ਮੇਰੀ ਆਰਥਿਕ ਹਾਲਤ ਮੇਰਾ ਸਾਥ ਦੇਣ ਲਈ ਤਿਆਰ ਨਹੀਂ ਸੀ।

ਮੈਂ ਸੜੋਆ ਦੇ ਸਕੂਲ ਵਿੱਚ ਦਾਖ਼ਲਾ ਲੈਣ ਵਾਸਤੇ ਚਲਾ ਗਿਆ ਪਰ ਨਿਯਮ ਅਨੁਸਾਰ ਪਿਛਲੇ ਛੇ ਮਹੀਨਿਆਂ ਦੀ ਫੀਸ ਭਰਨੀ ਪੈਣੀ ਸੀ ਜੋ ਉਸ ਸਮੇਂ ਅਠਾਰਾਂ ਰੁਪਏ ਬਣਦੇ ਸਨ ਤੇ ਇਹ ਮੇਰੇ ਲਈ ਨਾਮੁਮਕਿਨ ਸੀ। ਉੱਥੋਂ ਦੇ ਇੱਕ ਅਧਿਆਪਕ ਨੇ ਸਲਾਹ ਦਿੱਤੀ ਕਿ ਚਾਂਦਪੁਰ ਰੁੜਕੀ ਦਾ ਪ੍ਰਾਇਮਰੀ ਸਕੂਲ ਹੈ, ਜਿਸ ਵਿੱਚ ਕੋਈ ਫੀਸ ਨਹੀਂ ਲੱਗਦੀ।

Advertisement

ਮੈਂ ਅੱਖਾਂ ਵਿੱਚ ਨਵੀਂ ਦੁਨੀਆ ਦੇ ਸੁਫਨੇ ਲੈ ਕੇ ਦੂਜੇ ਹੀ ਦਿਨ ਸਵੇਰੇ ਸਵਖਤੇ ਰੁੜਕੀ ਪੁੱਜ ਗਿਆ। ਉੱਥੇ ਤਿੰਨ ਅਧਿਆਪਕ ਬੈਠੇ ਸਨ। ਮੈਂ ਉਨ੍ਹਾਂ ਨੂੰ ਆਪਣੀ ਸਾਰੀ ਕਹਾਣੀ ਸੁਣਾਈ ਅਤੇ ਬੇਨਤੀ ਕੀਤੀ ਕਿ ਪੰਜਵੀਂ ਜਮਾਤ ਵਿੱਚ ਦਾਖ਼ਲਾ ਦੇ ਦਿਓ। ਉਨ੍ਹਾਂ ਕੋਰੀ ਨਾਂਹ ਕਰ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਛੇ ਮਹੀਨੇ ਬੀਤ ਚੁੱਕੇ ਹਨ, ਤੂੰ ਫੇਲ੍ਹ ਹੋ ਜਾਵੇਂਗਾ ਤੇ ਸਾਡਾ ਨਤੀਜਾ ਖ਼ਰਾਬ ਕਰੇਂਗਾ। ਮੈਂ ਆਪਣੀ ਕਾਬਲੀਅਤ ’ਤੇ ਵਿਸ਼ਵਾਸ ਰੱਖਦੇ ਹੋਏ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਜੇ ਮੈਂ ਫੇਲ੍ਹ ਹੁੰਦਾ ਹੋਇਆ ਤਾਂ ਇਮਤਿਹਾਨ ਵਿੱਚ ਨਹੀਂ ਬੈਠਾਂਗਾ ਪਰ ਉਹ ਮੇਰੀ ਕੋਈ ਬੇਨਤੀ ਸੁਣਨ ਨੂੰ ਤਿਆਰ ਨਹੀਂ ਸਨ। ਸਹਜ ਸੁਭਾਏ ਉਨ੍ਹਾਂ ਵਿੱਚੋਂ ਇੱਕ ਮਾਸਟਰ ਜੀ ਨੇ ਮੇਰਾ ਪਿੰਡ ਅਤੇ ਪਿਤਾ ਦਾ ਨਾਂ ਪੁੱਛਿਆ ਤਾਂ ਕੁਦਰਤੀ ਉਹ ਮੇਰੇ ਪਿਤਾ ਜੀ ਦੇ ਜਮਾਤੀ ਨਿੱਕਲੇ ਤੇ ਉਨ੍ਹਾਂ ਮੈਨੂੰ ਸਕੂਲ ਵਿੱਚ ਦਾਖ਼ਲਾ ਦੇ ਦਿੱਤਾ।

ਲਓ ਜੀ, ਮੈਂ ਮਹੀਨੇ ਵਿੱਚ ਹੀ ਜਮਾਤ ਵਿੱਚ ਅੱਵਲ ਆਉਣ ਲੱਗਾ। ਸਕੂਲ ਤੋਂ ਅੱਵਲ ਰਹਿ ਕੇ ਪੰਜਵੀਂ ਪਾਸ ਕੀਤੀ। ਅਗਲੀ ਪੜ੍ਹਾਈ ਜਾਰੀ ਰੱਖਣ ਲਈ ਛੇਵੀਂ ਜਮਾਤ ਵਿੱਚ ਸੜੋਆ ਦੇ ਹਾਈ ਸਕੂਲ ਵਿੱਚ ਦਾਖ਼ਲ ਹੋ ਗਿਆ। ਇਮਤਿਹਾਨ ਹੋਇਆ ਤਾਂ ਮੈਂ ਜਮਾਤ ਵਿੱਚ ਅੱਵਲ ਹੀ ਨਹੀਂ ਆਇਆ ਸਗੋਂ ਹਰ ਵਿਸ਼ੇ ਵਿੱਚ ਪਹਿਲੇ ਸਥਾਨ ’ਤੇ ਰਿਹਾ। ਮੇਰੀ ਕਾਬਲੀਅਤ ਦੇਖਦੇ ਹੋਏ ਹਰ ਸਾਲ ਮੇਰੀ ਪੂਰੀ ਫੀਸ ਮੁਆਫ਼ ਕੀਤੀ ਜਾਣ ਲੱਗੀ। ਸੜੋਏ ਹਾਈ ਸਕੂਲ ਵਿੱਚ ਦਾ ਇੱਕ ਕਿੱਸਾ ਸੁਣਾਉਂਦਾ ਹਾਂ ਜੋ ਅੱਜ ਦੇ ਨੌਜਵਾਨਾਂ ਲਈ ਹੈਰਾਨੀਜਨਕ ਹੋਵੇਗਾ। ਨੌਵੀਂ ਜਮਾਤ ਵਿੱਚ ਪੜ੍ਹਦਾ ਸੀ, ਹਿਸਾਬ ਵਾਲੇ ਅਧਿਆਪਕ ਨੂੰ ਮੇਰੀ ਕਾਬਲੀਅਤ ’ਤੇ ਇੰਨਾ ਵਿਸ਼ਵਾਸ ਸੀ ਕਿ ਉਨ੍ਹਾਂ ਮੈਨੂੰ ਦਸਵੀਂ ਜਮਾਤ ਦੇ ਸਵਾਲ ਹੱਲ ਕਰਨ ਵਾਸਤੇ ਮੇਰੀ ਜਮਾਤ ਵਿੱਚੋਂ ਮੈਨੂੰ ਸੱਦਿਆ ਤੇ ਮੈਂ ਉਨ੍ਹਾਂ ਦੇ ਵਿਸ਼ਵਾਸ ’ਤੇ ਪੂਰਾ ਉਤਰਿਆ। ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਤੇ ਮੈਨੂੰ ਸ਼ਾਬਾਸ਼ੀ ਦਿੱਤੀ।

1960 ਵਿੱਚ ਮੈਂ ਸੜੋਏ ਸਕੂਲ ਤੋਂ ਦਸਵੀਂ ਪਾਸ ਕੀਤੀ ਤੇ 75 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਵਿੱਚੋਂ ਅੱਵਲ ਰਿਹਾ। ਇਹ ਮੇਰਾ ਸਕੂਲ ਦਾ ਸਫ਼ਰ ਸੀ... ਪਿੰਡ ਦੀਆਂ ਗਲੀਆਂ ਤੋਂ ਲੈ ਕੇ ਨੰਗੇ ਪੈਰੀਂ ਰੇਤ ਵਿੱਚੋਂ ਨਿੱਕਲ ਕੇ, ਖੱਡ ਪਾਰ ਕਰ ਕੇ ਸਕੂਲ ਪਾਸ ਕਰਨ ਦਾ...।

ਮੇਰਾ ਇੱਕ ਮਿੱਤਰ ਸੀ ਜਿਸ ਦਾ ਨਾਂ ਰਾਮਦਾਸ ਸੀ। ਉਹ ਉਸ ਸਮੇਂ ਚੰਡੀਗੜ੍ਹ ਵਿੱਚ ਪੰਜਾਬ ਸਕੱਤਰੇਤ ਵਿੱਚ ਲੱਗਾ ਹੋਇਆ ਸੀ। ਉਸ ਨੇ ਮੈਨੂੰ ਉੱਥੇ ਬੁਲਾ ਲਿਆ। ਚੰਡੀਗੜ੍ਹ ਆਉਣ ’ਤੇ ਅਗਲੇ ਹੀ ਦਿਨ ਮੈਨੂੰ ਰੁਜ਼ਗਾਰ ਦਫ਼ਤਰ ਵੱਲੋਂ ਇੰਟਰਵਿਊ ਪੱਤਰ ਦਿੱਤਾ ਗਿਆ ਤੇ ਮੈਂ ਕੱਚੀ ਨੌਕਰੀ ਲੱਗ ਗਿਆ; ਭਾਵ, 25 ਜੂਨ 1960 ਨੂੰ ਚੰਡੀਗੜ੍ਹ ਆਇਆ ਤੇ ਪਹਿਲੀ ਜੁਲਾਈ ਨੂੰ ਨੌਕਰੀ ਲੱਗ ਗਿਆ। ਇਸ ਤੋਂ ਬਾਅਦ ਮੈਂ ਐੱਸਐੱਸਐੱਸ ਬੋਰਡ ਦੀ ਪ੍ਰੀਖਿਆ ਪਾਸ ਕੀਤੀ ਤੇ ਐੱਫਸੀ ਦਫ਼ਤਰ ਵਿੱਚ ਕਲਰਕ ਲੱਗ ਗਿਆ। ਇੱਥੇ ਵੀ ਮਿਹਨਤ ਤੇ ਕਸ਼ਮਕਸ਼ ਖ਼ਤਮ ਨਹੀਂ ਹੋਈ, ਮੇਰਾ ਸਫ਼ਰ ਜਾਰੀ ਰਿਹਾ। ਮੈਂ ਪੰਜਾਬ ਯੂਨੀਵਰਸਿਟੀ ਤੋਂ ਸ਼ਾਮ ਦੇ ਕਾਲਜ ਤੋਂ ਬੀਏ ਪਾਸ ਕੀਤੀ।

ਮੇਰੀ ਅਗਾਂਹਵਧੂ ਸੋਚ ਨੇ ਮੈਨੂੰ ਕਦੇ ਬੈਠਣ ਨਹੀਂ ਦਿੱਤਾ। ਖੰਭ ਲਾ ਕੇ ਅੰਬਰ ਛੂਹਣ ਦੀ ਇੱਛਾ ਸਦਕਾ ਦਿਨ ਰਾਤ ਇੱਕ ਕਰ ਕੇ ਐੱਸਏਐੱਸ ਦੀ ਪ੍ਰੀਖਿਆ ਪਾਸ ਕੀਤੀ ਤੇ ਕਲਰਕ ਤੋਂ ਸੈਕਸ਼ਨ ਅਫਸਰ ਬਣ ਗਿਆ। ਮਿਹਨਤ ਤੇ ਸ਼ਿੱਦਤ ਨਾਲ ਕੰਮ ਕੀਤਾ ਅਤੇ ਕਾਮਯਾਬੀ ਹਾਸਲ ਕੀਤੀ। ਹਰ ਮਹਿਕਮੇ ਵਿੱਚ ਮਾਣ ਸਤਿਕਾਰ ਪਾਇਆ। 1998 ਵਿੱਚ ਡਿਪਟੀ ਡਾਇਰੈਕਟਰ (ਫਾਇਨਾਂਸ ਤੇ ਅਕਾਉੂਂਟਸ) ਦੇ ਅਹੁਦੇ ਤੋਂ ਪੰਜਾਬ ਦੇ ਵਿੱਤ ਵਿਭਾਗ ਤੋਂ ਰਿਟਾਇਰ ਹੋਇਆ।

ਇਹ ਸੀ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਮੱਝੀਆਂ ਚਰਾਉਂਦੇ ਤੇ ਹੌਜ਼ਰੀਆਂ ’ਚ ਕੰਮ ਕਰਦੇ ਬਾਲਕ ਦਾ ਸਫ਼ਰ ਜਿਸ ਨੇ ਆਪਣੀ ਮਿਹਨਤ ਸਦਕਾ ਆਪਣੀ ਤਕਦੀਰ ਬਦਲ ਲਈ। ਜੇ ਮੈਂ ਦੁਬਾਰਾ ਪੜ੍ਹਨ ਨਾ ਲੱਗਦਾ ਤਾਂ ਮੇਰੀ ਜ਼ਿੰਦਗੀ ਕੁਝ ਹੋਰ ਹੀ ਹੋਣੀ ਸੀ।

ਸੰਪਰਕ: 94642-69070

Advertisement