ਫਰੀਦਾ ਜੋ ਤੈ ਮਾਰਨਿ ਮੁਕੀਆਂ...
ਜੀਵਨ ਵਿੱਚ ਨਿੱਤ ਆਉਂਦੇ ਉਤਾਰ-ਚੜ੍ਹਾਅ ਇਨਸਾਨ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਹਨ। ਇਹ ਵਿਅਕਤੀਗਤ ਵਿਕਾਸ ਦੇ ਨਾਲ-ਨਾਲ ਜਿੱਤ-ਹਾਰ ਦਾ ਮੁੱਲ ਸਮਝਾਉਂਦੇ ਹਨ। ਜ਼ਿੰਦਗੀ ਹਰ ਮੋੜ ’ਤੇ ਇਨ੍ਹਾਂ ਰਾਹੀਂ ਇਮਤਿਹਾਨ ਲੈਂਦੀ ਹੈ, ਜਿਹੜੇ ਕਿਸੇ ਵੱਡੀ ਤ੍ਰਾਸਦੀ ਵਾਂਗ ਨਾ ਹੋ ਕੇ, ਨਿੱਕੀਆਂ-ਨਿੱਕੀਆਂ ਘਟਨਾਵਾਂ- ਕਿਸੇ ਦੀ ਕਹੀ ਕੌੜੀ ਗੱਲ, ਅਪਮਾਨ ਭਰੇ ਸ਼ਬਦ ਜਾਂ ਕੋਈ ਅਣਚਾਹਿਆ ਫੈਸਲਾ ਦੇ ਰੂਪ ਵਿੱਚ ਵੀ ਆ ਸਕਦੇ ਹਨ। ਅਕਸਰ ਅਜਿਹੀਆਂ ਗੱਲਾਂ ਉਸ ਅੰਦਰ ਗੁੱਸਾ ਜਾਂ ਨਿਰਾਸ਼ਾ ਭਰ ਕੇ ਮਨ ਦੀ ਸ਼ਾਂਤੀ ਭੰਗ ਕਰਦੀਆਂ ਹਨ। ਭਾਵਨਾਵਾਂ ਦੇ ਪ੍ਰਭਾਵ ਹੇਠ ਉਹ ਅਜਿਹੇ ਸ਼ਬਦ ਕਹਿ ਬੈਠਦਾ ਜਾਂ ਅਜਿਹਾ ਕੰਮ ਕਰ ਬੈਠਦਾ ਹੈ, ਜਿਸ ਦਾ ਬਾਅਦ ਵਿੱਚ ਪਛਤਾਵਾ ਹੁੰਦਾ ਹੈ। ਅਜਿਹੇ ਸਮੇਂ ਵਿੱਚ ਇੰਝ ਲਗਦਾ ਹੈ, ਜਿਵੇਂ ਬਾਹਰਲੀ ਦੁਨੀਆ ਅੰਦਰ ਦੀ ਸ਼ਾਂਤੀ ਨੂੰ ਕੰਟਰੋਲ ਕਰ ਰਹੀ ਹੋਵੇ।
ਪਰ ਕੀ ਕਿਸੇ ਹੋਰ ਨੂੰ ਸਾਡੀ ਅੰਦਰੂਨੀ ਸ਼ਾਂਤੀ ਨੂੰ ਕੰਟਰੋਲ ਕਰਨ ਦਾ ਹੱਕ ਹੈ? ਨਹੀਂ, ਇਸ ਉੱਤੇ ਕੇਵਲ ਸਾਡਾ ਆਪਣਾ ਕੰਟਰੋਲ ਹੋਣਾ ਚਾਹੀਦਾ ਹੈ। ਅਸਲ ਇਨਸਾਨ ਉਹ ਹੈ, ਜਿਹੜਾ ਗੁੱਸੇ ਜਾਂ ਨਿਰਾਸ਼ਾ ਦੀ ਸਥਿਤੀ ਵਿੱਚ ਵੀ ਸ਼ਾਂਤ ਰਹੇ, ਪਰ ਇਹ ਇੰਨਾ ਸੌਖਾ ਨਹੀਂ, ਕਿਉਂਕਿ ਉਸ ਸਮੇਂ ਸਾਡੀਆਂ ਭਾਵਨਾਵਾਂ ਹਾਵੀ ਹੋ ਜਾਂਦੀਆਂ ਹਨ, ਜਿਸ ਕਰ ਕੇ ਅਸੀਂ ਪ੍ਰਤਿਕਿਰਿਆ (Reaction) ਦੇ ਬੈਠਦੇ ਹਾਂ। ਇਹ ਪ੍ਰਤਿਕਿਰਿਆ ਸੁਭਾਵਿਕ, ਪਰ ਜਲਦਬਾਜ਼ੀ ਵਿੱਚ ਹੁੰਦੀ ਹੈ ਅਤੇ ਅਕਸਰ ਨੁਕਸਾਨ ਪਹੁੰਚਾਉਂਦੀ ਹੈ। ਇਹ ਕੁਝ ਪਲਾਂ ਲਈ ਤਾਂ ਸਾਡੇ ਹੰਕਾਰ ਨੂੰ ਸੰਤੁਸ਼ਟ ਕਰ ਸਕਦੀ ਹੈ, ਪਰ ਅਸਲ ਵਿੱਚ ਇਹ ਸਾਡੇ ਰਿਸ਼ਤਿਆਂ ਵਿੱਚ ਹਮੇਸ਼ਾ ਲਈ ਕੁੜੱਤਣ ਭਰ ਕੇ ਵਿਸ਼ਵਾਸ ਖ਼ਤਮ ਕਰ ਦਿੰਦੀ ਹੈ। ਜੇ ਅਸੀਂ ਇਹੀ ਜਵਾਬ ਸੋਚ-ਸਮਝ ਕੇ, ਵਿਚਾਰ-ਪੂਰਵਕ ਅਤੇ ਸ਼ਾਂਤ ਢੰਗ ਨਾਲ ਦਿੰਦੇ ਹਾਂ ਤਾਂ ਨਾ ਸਿਰਫ ਅਸੀਂ ਆਉਣ ਵਾਲੀ ਮਾੜੀ ਸਥਿਤੀ ਨੂੰ ਟਾਲ ਸਕਦੇ ਹਾਂ, ਬਲਕਿ ਆਪਣੀ ਅੰਦਰੂਨੀ ਸ਼ਾਂਤੀ ਵੀ ਕਾਇਮ ਰੱਖ ਸਕਦੇ ਹਾਂ। ਮਤਲਬ ਸਾਫ ਹੈ, ਪ੍ਰਤਿਕਿਰਿਆ ਆਵੇਗ ਵਿੱਚ ਆਉਂਦੀ ਹੈ, ਜਦਕਿ ਜਵਾਬ ਸਮਝਦਾਰੀ ਨਾਲ ਦਿੱਤਾ ਜਾਂਦਾ ਹੈ।’
ਗੁਰਬਾਣੀ ਵਿੱਚ ਦਰਜ ਬਾਬਾ ਫਰੀਦ ਜੀ ਦਾ ਸਲੋਕ ‘ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ॥ ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ॥’ ਸਾਨੂੰ ਇਸੇ ਗੱਲ ਲਈ ਪ੍ਰੇਰਦਾ ਹੈ; ਭਾਵ, ਜੋ ਮਨੁੱਖ ਤੈਨੂੰ ਦੁੱਖ ਦੇਣ, ਉਨ੍ਹਾਂ ਨੂੰ ਨਾ ਮਾਰ, ਸਗੋਂ ਉਨ੍ਹਾਂ ਦੇ ਪੈਰ ਚੁੰਮ ਕੇ ਆਪਣੇ ਘਰ ਸ਼ਾਂਤ ਰਹਿ। ਪਹਿਲੀ ਨਜ਼ਰੇ ਇਹ ਸਲਾਹ ਅਨਿਆਂਪੂਰਨ ਅਤੇ ਅਸੰਭਵ ਜਾਪਦੀ ਹੈ, ਪਰ ਫਰੀਦ ਜੀ ਦੇ ਇਹ ਸ਼ਬਦ ਕਮਜ਼ੋਰੀ ਨਹੀਂ, ਆਪਣੇ ਉੱਪਰ ਕੰਟਰੋਲ ਦੀ ਗੱਲ ਕਰਦੇ ਹਨ। ਜਦੋਂ ਤੁਸੀਂ ਆਵੇਗ ਵਿੱਚ ਆ ਕੇ ਹਮਲਾ ਕਰਨ ਤੋਂ ਇਨਕਾਰ ਕਰਦੇ ਹੋ ਤਾਂ ਤੁਸੀਂ ਦੂਜਿਆਂ ਸਾਹਮਣੇ ਨਹੀਂ, ਸਗੋਂ ਆਪਣੇ ਗੁੱਸੇ ਅੱਗੇ ਝੁਕਣ ਤੋਂ ਇਨਕਾਰ ਕਰਦੇ ਹੋ।
ਇਹ ਸਿੱਖਿਆ ਪੀੜ੍ਹੀ-ਦਰ-ਪੀੜ੍ਹੀ ਅੱਗੇ ਵਧਦੀ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਅਨੇਕ ਵਿਰੋਧਾਂ ਦਾ ਸਾਹਮਣਾ ਕਰਦਿਆਂ, ਨਾਰਾਜ਼ ਹੋਣ ਦੀ ਬਜਾਏ ਪ੍ਰੇਮ ਅਤੇ ਸੱਚ ਨਾਲ ਜਵਾਬ ਦਿੱਤਾ, ਤੇ ਟਕਰਾਓ ਨੂੰ ਵਿਚਾਰ-ਵਟਾਂਦਰੇ ਵਿੱਚ ਬਦਲਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਾਂਤ ਭਾਵ ਨਾਲ ਸ਼ਹਾਦਤ ਨੂੰ ਸਵੀਕਾਰਿਆ ਅਤੇ ਜ਼ੁਲਮ ਕਰਨ ਵਾਲਿਆਂ ਨੂੰ ਸਰਾਪ ਦੇਣ ਦੀ ਥਾਂ ‘ਤੇਰਾ ਕੀਆ ਮੀਠਾ ਲਾਗੈ’ ਅਨੁਸਾਰ ਇਸ ਨੂੰ ਅਕਾਲ ਪੁਰਖ ਦਾ ਹੁਕਮ ਮੰਨਿਆ। ਇਸੇ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮ ਦਾ ਮੁਕਾਬਲਾ ਗੁੱਸੇ ਨਾਲ ਨਹੀਂ, ਸਗੋਂ ਨਿਡਰ ਹੋ ਕੇ ਸ਼ਾਂਤੀ ਨਾਲ ਕੀਤਾ।
ਅਸੀਂ ਸੋਚ ਸਕਦੇ ਹਾਂ ਕਿ ਪ੍ਰਤਿਕਿਰਿਆ ਇੰਨੀ ਜਲਦੀ ਅਤੇ ਜਵਾਬ ਇੰਨੀ ਹੌਲੀ ਕਿਉਂ ਆਉਂਦਾ ਹੈ? ਵਿਗਿਆਨ ਦੀ ਅੱਖ ਨਾਲ ਦੇਖੀਏ ਤਾਂ ਜਿਵੇਂ ਹੀ ਕੋਈ ਸਾਨੂੰ ਉਕਸਾਉਂਦਾ ਹੈ, ਸਾਡਾ ਸਰੀਰ ‘ਲੜੋ ਜਾਂ ਭੱਜੋ’ (Fight or Flight) ਦੀ ਪ੍ਰਕਿਰਿਆ ਵਿੱਚ ਚਲਾ ਜਾਂਦਾ ਹੈ। ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ, ਸਾਹ ਛੋਟੇ ਹੋ ਜਾਂਦੇ ਹਨ, ਮਾਸਪੇਸ਼ੀਆਂ ਕਸ ਜਾਂਦੀਆਂ ਹਨ, ਮਨ ਕਾਹਲੀ ਵਿੱਚ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ ਅਤੇ ਅਸੀਂ ਆਵੇਗ ਵਿੱਚ ਆ ਜਾਂਦੇ ਹਾਂ ਪਰ ਛੋਟਾ ਜਿਹਾ ਠਹਿਰਾਓ, ਸਭ ਕੁਝ ਬਦਲ ਸਕਦਾ ਹੈ। ਇੱਕ ਲੰਮਾ ਸਾਹ ਆਕਸੀਜਨ ਨੂੰ ਦਿਮਾਗ ਤੱਕ ਪਹੁੰਚਾਉਂਦਾ ਹੈ, ਜਿਸ ਨਾਲ ਸਰੀਰ ਦਾ ਸ਼ਾਂਤੀ-ਤੰਤਰ (ਪੈਰਾਸਿੰਪੇਥੈਟਿਕ ਨਰਵਸ ਸਿਸਟਮ) ਕਿਰਿਆਸ਼ੀਲ ਹੁੰਦਾ ਹੈ, ਜੋ ਦਿਲ ਦੀ ਧੜਕਨ ਨੂੰ ਹੌਲਾ ਕਰਦਾ ਅਤੇ ਤਣਾਅ ਘਟਾਉਂਦਾ ਹੈ। ਸਰੀਰ ਸੰਤੁਲਿਤ ਹੋ ਜਾਂਦਾ ਹੈ ਅਤੇ ਮਨ ਆਪਣੀ ਸਹਿਜ ਸਥਿਤੀ ਵਿੱਚ ਵਾਪਸ ਆ ਜਾਂਦਾ ਹੈ। ਉਸ ਪਲ ਵਿੱਚ ਧੀਰਜ ਨਾਲ ਕੀਤਾ ਫੈਸਲਾ ਹੀ ਸੱਚੀ ਤਾਕਤ ਦੀ ਨਿਸ਼ਾਨੀ ਹੈ। ਜਦੋਂ ਅਸੀਂ ਮਨ ਵਿੱਚ ਕਿਸੇ ਪ੍ਰਤੀ ਰੰਜਸ਼ ਰੱਖਦੇ ਹਾਂ ਤਾਂ ਅਸੀਂ ਉਸ ਨੂੰ ਨਹੀਂ, ਆਪਣੇ ਆਪ ਨੂੰ ਹੀ ਸਜ਼ਾ ਦਿੰਦੇ ਹਾਂ। ਮਨ ਨਕਾਰਾਤਮਕ ਭਾਵਨਾਵਾਂ ਦਾ ਯੁੱਧ-ਖੇਤਰ ਬਣ ਕੇ ਸਾਡੀ ਊਰਜਾ, ਇਕਾਗਰਤਾ ਅਤੇ ਨਿਰਮਲਤਾ ਖ਼ਤਮ ਕਰ ਦਿੰਦਾ ਹੈ।
ਕੀ ਇਹ ਸਹਿਜਤਾ ਇੱਕੋ ਦਿਨ ਵਿੱਚ ਆ ਸਕਦੀ ਹੈ? ਨਹੀਂ, ਬਿਲਕੁਲ ਨਹੀਂ। ਜਿਵੇਂ ਰੋਜ਼ ਕਸਰਤ ਕਰਨ ’ਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ, ਉਸੇ ਤਰ੍ਹਾਂ ਸਾਨੂੰ ਖ਼ੁਦ ਨੂੰ ਲਗਾਤਾਰ ਤਿਆਰ ਕਰਨਾ ਪਵੇਗਾ। ਮੈਂ ਆਪਣੇ ਕਮਰੇ ਵਿੱਚ ‘No Anger Zone’ (ਇੱਥੇ ਗੁੱਸੇ ਦੀ ਕੋਈ ਥਾਂ ਨਹੀਂ) ਲਿਖਿਆ ਬੋਰਡ ਲਗਾਇਆ ਹੈ। ਜਦੋਂ ਵੀ ਕਦੇ ਗੁੱਸਾ ਆਉਂਦਾ ਜਾਂ ਚਿੜਚਿੜਾਪਨ ਮਹਿਸੂਸ ਹੁੰਦਾ ਹੈ, ਮੇਰੀ ਨਜ਼ਰ ਉਸ ’ਤੇ ਚਲੀ ਜਾਂਦੀ ਹੈ। ਉਹ ਮੈਨੂੰ ਯਾਦ ਦਿਵਾਉਂਦਾ ਹੈ ਕਿ ਮੈਨੂੰ ਰੁਕਣ ਅਤੇ ਆਪਣੀ ਪ੍ਰਤਿਕਿਰਿਆ ਨਰਮ ਕਰਨ ਦੀ ਲੋੜ ਹੈ। ਸਮੇਂ ਨਾਲ ਅਜਿਹੇ ਅਭਿਆਸ ਮਨ ਨੂੰ ਨਵੀਆਂ ਆਦਤਾਂ ਸਿਖਾਉਂਦੇ ਹਨ ਅਤੇ ਪ੍ਰਤਿਕਿਰਿਆ ਕਰਨ ਦੀ ਥਾਂ ਜਵਾਬ ਦੇਣ ਲਈ ਪ੍ਰੇਰਦੇ ਹਨ। ਮਹਾਤਮਾ ਗਾਂਧੀ, ਨੈਲਸਨ ਮੰਡੇਲਾ, ਮਦਰ ਟੈਰੇਸਾ, ਡਾ. ਏ ਪੀ ਜੇ ਅਬਦੁਲ ਕਲਾਮ ਵਰਗੀਆਂ ਉਸ਼ਖਸੀਅਤਾਂ ਨੇ ਅਪਮਾਨ ਦਾ ਜਵਾਬ ਨਿਮਰਤਾ, ਦੂਰ-ਦ੍ਰਿਸ਼ਟੀ ਤੇ ਸੂਝ-ਬੂਝ ਨਾਲ ਦਿੱਤਾ। ਉਨ੍ਹਾਂ ਸਾਨੂੰ ਸਿਖਾਇਆ ਕਿ ਮਹਾਨਤਾ ਦੂਜਿਆਂ ਨੂੰ ਨੀਵਾਂ ਦਿਖਾਉਣ ਵਿੱਚ ਨਹੀਂ, ਸਗੋਂ ਆਪਣੇ ਆਪ ’ਤੇ ਕਾਬੂ ਪਾਉਣ ਵਿੱਚ ਹੈ।
ਇਥੇ ਇਹ ਸਮਝਣਾ ਜ਼ਰੂਰੀ ਹੈ ਕਿ ਸਾਡੀਆਂ ਪ੍ਰਤਿਕਿਰਿਆਵਾਂ ਅਕਸਰ ਵਰਤਮਾਨ ਦੀ ਬਜਾਏ ਅਤੀਤ ਨਾਲ ਜੁੜੀਆਂ ਹੁੰਦੀਆਂ ਹਨ। ਜਿਵੇਂ ਕਿਸੇ ਦੇ ਸਖ਼ਤ ਸ਼ਬਦ ਅਤੀਤ ਦੇ ਜ਼ਖ਼ਮਾਂ ਨੂੰ ਹਰਾ ਕਰ ਕੇ ਪ੍ਰਤਿਕਿਰਿਆ ਲਈ ਮਜਬੂਰ ਕਰ ਦਿੰਦੇ ਹਨ, ਪਰ ਜੇ ਅਸੀਂ ਉਨ੍ਹਾਂ ਯਾਦਾਂ ਦੇ ਕੰਟਰੋਲ ’ਚ ਹੋਣ ਦੀ ਥਾਂ, ਆਪਣੇ ਸ਼ਬਦਾਂ ਤੇ ਕਿਰਿਆਵਾਂ ’ਤੇ ਕੰਟਰੋਲ ਕਰ ਲਈਏ ਤਾਂ ਅਸੀਂ ਭਾਵਨਾਵਾਂ ਦੀ ਕਠਪੁਤਲੀ ਨਾ ਹੋ ਕੇ ਆਜ਼ਾਦ ਪੰਛੀ ਵਾਂਗ ਵਿਚਰ ਸਕਦੇ ਹਾਂ, ਜੋ ਨਵੀਂ ਊਰਜਾ ਨਾਲ ਉੱਡ ਰਿਹਾ ਹੋਵੇ।
ਮੁਆਫ ਕਰਨਾ ਇਸੇ ਆਜ਼ਾਦੀ ਵੱਲ ਅਗਲਾ ਪੜਾਅ ਹੈ। ਮੁਆਫ ਕਰਨ ਦਾ ਇਹ ਅਰਥ ਨਹੀਂ ਕਿ ਅਸੀਂ ਕੀਤੇ ਗਏ ਅਨਿਆਂ ਨੂੰ ਵਾਜਿਬ ਸਮਝ ਰਹੇ ਹਾਂ, ਬਲਕਿ ਇਸ ਦਾ ਮਤਲਬ ਹੈ ਕਿ ਅਸੀਂ ਇਹ ਬੋਝ ਢੋਣਾ ਬੰਦ ਕਰ ਦਿੱਤਾ ਹੈ। ਜਦੋਂ ਅਸੀਂ ਮੁਆਫ ਕਰਦੇ ਹਾਂ ਤਾਂ ਅਸੀਂ ਖ਼ੁਦ ਨੂੰ ਦੂਜੇ ਦੀ ਗ਼ਲਤੀ ਦੀ ਸਜ਼ਾ ਦੇਣ ਤੋਂ ਰੋਕਦੇ ਹਾਂ। ਗੁਰਬਾਣੀ ਵਿੱਚ ਦਰਜ ਵਾਕ ‘ਬਿਨਸੇ ਕ੍ਰੋਧ ਖਿਮਾ ਗਹਿ ਲਈ॥’ ਅਨੁਸਾਰ ਖਿਮਾ ਧਾਰਨ ਕਰਨ ਵਾਲੇ ਦੇ ਅੰਦਰੋਂ ਕ੍ਰੋਧ ਮੁੱਕ ਜਾਂਦਾ ਹੈ।
ਹੰਕਾਰ ਦਾ ਤਿਆਗ ਇਸ ਰਾਹ ਤੁਰਨ ਦਾ ਅਗਲਾ ਪੜਾਅ ਹੈ। ਮਹਾਨ ਸ਼ਖ਼ਸੀਅਤਾਂ ਨੇ ਇਸ ਅਵਗੁਣ ਨੂੰ ਆਪਣੇ ਤੋਂ ਦੂਰ ਰੱਖਿਆ। ਗੁਰਬਾਣੀ ਦੇ ਵਾਕ ‘ਗਰਬੁ ਨ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰੁ॥’ ਅਨੁਸਾਰ ਹੰਕਾਰ ਕਰਨ ਵਾਲਾ ਸਿਰ ਭਾਰ ਧਰਤੀ ’ਤੇ ਜਾ ਡਿਗਦਾ ਹੈ। ਹੰਕਾਰ ਕੁਝ ਪਲਾਂ ਲਈ ਜਿੱਤ ਦਾ ਅਹਿਸਾਸ ਕਰਵਾ ਸਕਦਾ, ਪਰ ਨਿਮਰਤਾ ਹਮੇਸ਼ਾ ਲਈ ਦਿਲ ਜਿੱਤ ਲੈਂਦੀ ਹੈ।
ਪ੍ਰਤਿਕਿਰਿਆ ਕਰਨ ਦੀ ਥਾਂ ਧੀਰਜ ਨਾਲ ਜਵਾਬ ਦੇਣ ਦੇ ਅਨੇਕ ਫਾਇਦੇ ਹਨ। ਜਦੋਂ ਗੁੱਸੇ ਦੀ ਥਾਂ ਧੀਰਜ ਹੁੰਦਾ ਹੈ, ਰਿਸ਼ਤੇ ਖਿੜ ਉਠਦੇ ਹਨ। ਸੋਚ-ਸਮਝ ਕੇ ਕੀਤੇ ਫ਼ੈਸਲੇ ਜੀਵਨ ਵਿੱਚ ਸ਼ਾਂਤੀ ਲਿਆਉਂਦੇ ਹਨ। ਜੀਵਨ ਵਿੱਚ ਤੂਫ਼ਾਨ ਹਮੇਸ਼ਾ ਆਉਂਦੇ ਰਹਿੰਦੇ ਹਨ, ਪਰ ਸਹੀ ਢੰਗ ਨਾਲ ਜਵਾਬ ਦੇਣ ਵਾਲਾ ਮਜ਼ਬੂਤ ਦਰੱਖ਼ਤ ਵਾਂਗ ਅਡਿੱਗ ਰਹਿੰਦਾ ਹੈ, ਹਵਾ ਨਾਲ ਝੁਕਦਾ ਤਾਂ ਹੈ, ਪਰ ਟੁੱਟਦਾ ਨਹੀਂ।
ਇਹ ਗੱਲਾਂ ਇੱਕੋ ਸਚਾਈ ਵੱਲ ਇਸ਼ਾਰਾ ਕਰਦੀਆਂ ਹਨ ਅਸਲ ਜਿੱਤ ਦੂਜਿਆਂ ’ਤੇ ਨਹੀਂ, ਬਲਕਿ ਆਪਣੇ ਆਪ ’ਤੇ ਹੁੰਦੀ ਹੈ। ਪ੍ਰਤਿਕਿਰਿਆ ਕਰ ਕੇ ਸ਼ਾਇਦ ਅਸੀਂ ਕੁਝ ਪਲਾਂ ਲਈ ਉੱਚਾ ਮਹਿਸੂਸ ਕਰੀਏ, ਪਰ ਧੀਰਜ ਨਾਲ ਦਿੱਤੇ ਜਵਾਬ ਨਾਲ ਅਸੀਂ ਜ਼ਿੰਦਗੀ ਭਰ ਲਈ ਉੱਚੇ ਉਠ ਜਾਂਦੇ ਹਾਂ। ਉਕਸਾਏ ਜਾਣ ’ਤੇ ਆਪਣੇ ਹੱਥ ਨੂੰ ਰੋਕਣਾ, ਅਪਮਾਨ ਹੋਣ ’ਤੇ ਆਵਾਜ਼ ਧੀਮੀ ਕਰਨਾ ਅਤੇ ਗੁੱਸਾ ਰੋਕਣਾ ਇਹ ਕਮਜ਼ੋਰੀ ਨਹੀਂ, ਸਗੋਂ ਤਾਕਤ ਦੀਆਂ ਨਿਸ਼ਾਨੀਆਂ ਹਨ।
ਗੁਰਬਾਣੀ ਦੇ ਵਾਕ ‘ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ॥ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ॥’ ਅਨੁਸਾਰ ਜੋ ਮਨੁੱਖ ਕਰਮ ਕਾਂਡ ਤੋਂ ਦੂਰ ਹੈ, ਜਿਨ੍ਹਾਂ ਨੇ ਸੱਚ ਨੂੰ ਵਰਤ, ਸੰਤੋਖ ਨੂੰ ਤੀਰਥ, ਜੀਵਨ ਦੀ ਸੂਝ-ਬੂਝ ਨੂੰ ਇਸ਼ਨਾਨ, ਦਇਆ ਨੂੰ ਦੇਵਤਾ ਅਤੇ ਮੁਆਫ ਕਰਨ ਨੂੰ ਮਾਲਾ ਬਣਾਇਆ ਹੈ, ਉਹ ਸਭ ਤੋਂ ਚੰਗਾ ਹੈ।
ਅਗਲੀ ਵਾਰ ਜਦੋਂ ਗੁੱਸਾ ਆਵੇ, ਯਾਦ ਰੱਖੋ- ਸਾਡੇ ਕੋਲ ਬਦਲ ਹੈ। ਪ੍ਰਤਿਕਿਰਿਆ ਕਰਨਾ ਤੂਫ਼ਾਨ ਅੱਗੇ ਝੁਕਣਾ ਹੈ, ਜਦਕਿ ਧੀਰਜ ਨਾਲ ਜਵਾਬ ਦੇਣਾ ਉਸ ਵਿੱਚੋਂ ਬਾਹਰ ਨਿਕਲਣਾ ਹੈ; ਜਿਵੇਂ ਬਾਬਾ ਸ਼ੇਖ ਫਰੀਦ ਯਾਦ ਕਰਵਾਉਂਦੇ ਹਨ- ਵਾਪਸ ਵਾਰ ਨਾ ਕਰੋ। ਇਸ ਦੀ ਥਾਂ ਜਾਗਰੂਕ ਬਣੋ। ਇਸ ਦੇ ਸਹਾਰੇ ਤੁਸੀਂ ਆਪਣੇ ਲਈ ਸ਼ਾਂਤੀ ਅਤੇ ਦੁਨੀਆ ਵਿੱਚ ਵੱਖਰੀ ਪਛਾਣ ਬਣਾ ਸਕਦੇ ਹੋ।
ਸੰਪਰਕ: 98147-11605