ਪੱਖਾ
ਸਾਲ 2020 ਦੀਆਂ ਗਰਮੀਆਂ ਦੇ ਸ਼ੁਰੂ ਵਿੱਚ ਸੰਸਾਰ ਕਰੋਨਾ ਮਹਾਮਾਰੀ ਨਾਲ ਲੜ ਰਿਹਾ ਸੀ। ਉਸ ਸਮੇਂ ਜਦੋਂ ਮੇਰਾ ਕੋਵਿਡ ਟੈਸਟ ਪਾਜ਼ੇਟਿਵ ਆਇਆ ਤਾਂ ਪ੍ਰੋਟੋਕੋਲ ਮੁਤਾਬਕ ਮੈਨੂੰ ਵੀ ਏਕਾਂਤਵਾਸ ਵਿੱਚ ਰਹਿਣਾ ਪਿਆ। ਏਕਾਂਤਵਾਸ ਵਿੱਚ ਜਿਵੇਂ ਮੇਰਾ ਜੀਵਨ ਖੜੋਤ ਵਿੱਚ ਆ ਗਿਆ...
ਸਾਲ 2020 ਦੀਆਂ ਗਰਮੀਆਂ ਦੇ ਸ਼ੁਰੂ ਵਿੱਚ ਸੰਸਾਰ ਕਰੋਨਾ ਮਹਾਮਾਰੀ ਨਾਲ ਲੜ ਰਿਹਾ ਸੀ। ਉਸ ਸਮੇਂ ਜਦੋਂ ਮੇਰਾ ਕੋਵਿਡ ਟੈਸਟ ਪਾਜ਼ੇਟਿਵ ਆਇਆ ਤਾਂ ਪ੍ਰੋਟੋਕੋਲ ਮੁਤਾਬਕ ਮੈਨੂੰ ਵੀ ਏਕਾਂਤਵਾਸ ਵਿੱਚ ਰਹਿਣਾ ਪਿਆ। ਏਕਾਂਤਵਾਸ ਵਿੱਚ ਜਿਵੇਂ ਮੇਰਾ ਜੀਵਨ ਖੜੋਤ ਵਿੱਚ ਆ ਗਿਆ ਹੋਵੇ। ਕਮਰੇ ਵਿੱਚ ਇੱਕਲੌਤੀ ਗਤੀਮਾਨ ਚੀਜ਼ ਮੈਨੂੰ ਛੱਤ ’ਤੇ ਲੱਗਿਆ ਹੋਇਆ ਪੱਖਾ ਦਿਖਾਈ ਦਿੰਦੀ ਸੀ। ਉਹ ਪੱਖਾ ਨਾ ਸਿਰਫ਼ ਹਵਾ ਦੇ ਰਿਹਾ ਸੀ ਸਗੋਂ ਨਿਰੰਤਰ ਗਤੀ ਦਾ ਪ੍ਰਤੀਕ ਵੀ ਸੀ। ਪੱਖੇ ਵੱਲ ਵੇਖਦਿਆਂ ਮੈਨੂੰ ਇਹੀ ਅਹਿਸਾਸ ਹੁੰਦਾ ਕਿ ਸਮਾਂ ਵੀ ਇਸੇ ਤਰ੍ਹਾਂ ਇੱਕ ਹੀ ਚਾਲ ਵਿੱਚ ਲਗਾਤਾਰ ਚੱਲ ਰਿਹਾ ਹੈ। ਇਹ ਘੁੰਮ ਰਿਹਾ ਪੱਖਾ ਮੈਨੂੰ ਕਿਸੇ ਦਾਰਸ਼ਨਿਕ ਸੰਕੇਤ ਵਾਂਗ ਜਾਪਿਆ, ਜਿਉਂ ਸਮਾਂ ਨਾ ਰੁਕਦਾ ਹੈ, ਨਾ ਥੱਕਦਾ ਹੈ, ਤਿਵੇਂ ਹੀ ਇਹ ਪੱਖਾ ਵੀ ਲਗਾਤਾਰ ਘੁੰਮ ਰਿਹਾ ਸੀ।
ਘੁੰਮਦੇ ਪੱਖੇ ਦੇ ਕੇਂਦਰ ’ਤੇ ਨਿਗ੍ਹਾ ਟਿਕਾਉਣ ਦਾ ਅਮਲ ਯਕਦਮ ਮੈਨੂੰ ਮੇਰੇ ਬਚਪਨ ਵਿੱਚ ਲੈ ਗਿਆ। ਮੈਨੂੰ ਯਾਦ ਆਇਆ ਕਿ 1990 ਦੇ ਆਸ-ਪਾਸ ਕਿਵੇਂ ਮੇਰੇ ਪਿਤਾ ਜੀ ਮੈਨੂੰ ਖੇਤਾਂ ਵਿੱਚ ਲੱਗੇ ਟਿਊਬਵੈੱਲ ਪੰਪਿੰਗ ਸਿਸਟਮ ਨੂੰ ਚਲਾਉਣ ਲਈ ਖੂਹੀ ਕੋਲ ਲੈ ਜਾਂਦੇ ਸਨ। ਭਾਵੇਂ ਅੱਜਕਲ ਖੇਤਾਂ ਵਿੱਚ ਪਾਣੀ ਲਈ ਸਬਮਰਸੀਬਲ ਪੰਪ ਜਾਂ ਮੱਛੀ ਮੋਟਰ ਵਰਤੇ ਜਾਂਦੇ ਹਨ। ਉਸ ਵੇਲੇ ਪੰਪ ਇੱਕ 15 ਫੁੱਟ ਥੱਲੇ ਖੂਹੀ ਵਿੱਚ ਲੱਗਾ ਹੁੰਦਾ ਸੀ, ਜਿੱਥੇ ਉੱਪਰ ਇੰਜਣ ਅਤੇ ਥੱਲੇ ਪੱਖਾ (ਸੈਂਟਰੀਫਿਊਗਲ ਹਾਈਡ੍ਰੌਲਿਕ ਪੰਪ) ਹੁੰਦਾ ਸੀ। ਜਦੋਂ ਕਦੇ ਫੁਟ ਵਾਲਵ ਖ਼ਰਾਬ ਹੋ ਜਾਂਦਾ ਤਾਂ ਪਿਤਾ ਜੀ ਇੰਜਣ ਚਲਾਉਂਦੇ ਤੇ ਇੱਕ ਡੰਡਾ ਲੈ ਕੇ ਖੂਹੀ ਦੇ ਥੱਲੇ ਉਤਰ ਜਾਂਦੇ। ਉਥੇ ਇੰਜਣ ਦੀ ਪੁਲੀ ਤੋਂ ਥੱਲੇ ਪੰਪ ਦੀ ਪੁਲੀ ਤੱਕ ਲੱਗੀ ਘੁੰਮਦੀ ਬੈਲਟ ਨੂੰ ਪੱਖੇ ਦੀ ਆਈਡਲ ਪੁਲੀ ਵੱਲ ਧੱਕ ਦਿੰਦੇ। ਇੰਜਣ ਦੀ ਗਤੀ ਜਦੋਂ ਪੂਰੀ ਹੁੰਦੀ ਤਾਂ ਉਹ ਆਪਣੇ ਪੈਰ ਨਾਲ ਅਸਲੀ ਪੁਲੀ ’ਤੇ ਪੈਰ ਰੱਖਦੇ ਅਤੇ ਫਿਰ ਕੁਝ ਸਮੇਂ ਬਾਅਦ ਬੈਲਟ ਨੂੰ ਮੁੱਖ ਪੁਲੀ ’ਤੇ ਚੜ੍ਹਾ ਦਿੰਦੇ। ਤਿੰਨ-ਚਾਰ ਵਾਰ ਇਹੀ ਅਮਲ ਦੁਹਰਾਉਣ ਮਗਰੋਂ ਉਹ ਖੂਹੀ ਵਿੱਚੋਂ ਆਵਾਜ਼ ਮਾਰ ਕੇ ਮੈਨੂੰ ਪੁੱਛਦੇ ‘ਦੇਖ ਪਾਣੀ ਚੁੱਕ ਲਿਆ?’ ਮੈਂ ਉੱਪਰੋਂ ਝਾਤੀ ਮਾਰਦਾ ਤੇ ਜਦੋਂ ਪਾਣੀ ਬੰਬੀ ਵਿੱਚੋਂ ਨਿਕਲਣ ਲੱਗਦਾ ਤਾਂ ਮੈਂ ਖੁਸ਼ੀ ਵਿੱਚ ਜਵਾਬ ਦਿੰਦਾ, ‘ਪਾਣੀ ਆ ਗਿਆ...ਪਾਣੀ ਆ ਗਿਆ!’
ਫਿਰ ਮੈਨੂੰ ਉਹ ਵੇਲਾ ਯਾਦ ਆਇਆ ਜਦੋਂ ਮੈਂ ਇੱਕ ਵੱਡੀ ਫੈਕਟਰੀ ਵਿੱਚ ਮਕੈਨੀਕਲ ਇੰਜੀਨੀਅਰ ਵਜੋਂ ਤਾਇਨਾਤ ਸੀ। ਵੱਡੀਆਂ ਮਸ਼ੀਨਾਂ ਵਿੱਚ ਪੱਖੇ ਜ਼ਰੂਰੀ ਹਿੱਸਾ ਹੁੰਦੇ ਹਨ ਕਿਉਂਕਿ ਜਦੋਂ ਮੋਟਰ ਦਾ ਪੱਖਾ ਕੰਮ ਨਾ ਕਰੇ ਤਾਂ ਮੋਟਰ ਸੜ ਜਾਂਦੀ ਸੀ। ਜਦੋਂ ਵੱਡੇ ਗਿਅਰ ਬਾਕਸ ਦਾ ਪੱਖਾ ਟੁੱਟ ਜਾਂਦਾ ਤਾਂ ਲਗਾਤਾਰ ਚੱਲਦੇ ਰਹਿਣ ਕਰਕੇ ਗਿਅਰ ਬਾਕਸ ਵੀ ਨੁਕਸਾਨਿਆ ਜਾਂਦਾ। ਜਿਵੇਂ ਮਸ਼ੀਨਾਂ ਅਤੇ ਇੰਜਣਾਂ ਨੂੰ ਠੰਢਾ ਰੱਖਣ ਲਈ ਪੱਖੇ ਜਾਂ ਕੂਲਿੰਗ ਪ੍ਰਬੰਧ ਲਾਜ਼ਮੀ ਹੁੰਦੇ ਹਨ, ਉਸੇ ਤਰ੍ਹਾਂ ਮਨੁੱਖੀ ਜੀਵਨ ਵਿੱਚ ਵੀ ਇੱਕ ਅੰਦਰੂਨੀ ਪੱਖਾ, ਭਾਵ ਕੂਲਿੰਗ ਮਕੈਨਿਜ਼ਮ ਹੋਣਾ ਲਾਜ਼ਮੀ ਹੈ। ਜਦੋਂ ਅਸੀਂ ਆਰਾਮ, ਆਤਮ-ਚਿੰਤਨ, ਸਾਂਝ ਤੇ ਪ੍ਰੇਮ ਵਰਗੇ ਅੰਦਰਲੇ ਪੱਖੇ ਨੂੰ ਬੰਦ ਕਰ ਦਿੰਦੇ ਹਾਂ ਤਾਂ ਹੌਲੀ ਹੌਲੀ ਅਸੀਂ ਵੀ ਗਰਮੀ ਵਧਣ ਕਰਕੇ ਅੰਦਰੋਂ ਸੜਨ ਲੱਗ ਜਾਂਦੇ ਹਾਂ ਤੇ ਸਾਨੂੰ ਵੀ ਨੁਕਸਾਨ ਝੱਲਣਾ ਪੈਂਦਾ ਹੈ।
ਛੱਤ ਵਾਲਾ ਪੱਖਾ ਘੁੰਮ ਰਿਹਾ ਸੀ। ਪੱਖਾ ਆਪਣੀ ਲੈਅ ’ਤੇ ਚੁੱਪ-ਚਾਪ ਘੁੰਮ ਰਿਹਾ ਸੀ, ਸਮੇਂ ਵਾਂਗ। ਮੇਰੇ ਮਨ ਵਿੱਚ ਇੱਕ ਗੰਭੀਰ ਖਿਆਲ ਆਇਆ। ਜੋ ਲੋਕ ਪੱਖਿਆਂ ਨਾਲ ਲਟਕ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਦਿੰਦੇ ਹਨ ਸ਼ਾਇਦ ਉਨ੍ਹਾਂ ਅੰਦਰਲੇ ਪੱਖੇ ਵੀ ਬੰਦ ਹੋ ਚੁੱਕੇ ਹੋਣਗੇ। ਇਹ ਸੋਚ ਇੱਕ ਵਾਰ ਮੇਰੀ ਰੂਹ ਕੰਬ ਗਈ। ਮੇਰਾ ਦਿਮਾਗ ਮਨੁੱਖ ਅੰਦਰਲਾ ਇਹ ਪੱਖਾ ਸੜਨ ਪਿਛਲੇ ਕਾਰਨ ਲੱਭਣ ਲੱਗਿਆ। ਇਹ ਤਣਾਅ ਭਰਿਆ ਜੀਵਨ, ਸਾਡਾ ਸਮਾਜਿਕ ਤਾਣਾ-ਬਾਣਾ, ਜੀਵਨ ਵਿੱਚ ਵਧ ਰਹੀ ਨੀਰਸਤਾ, ਇਹ ਸਭ ਮਨੁੱਖ ਅੰਦਰਲੇ ਪੱਖੇ ਨੂੰ ਸਾੜਨ ਜਾਂ ਹੌਲੀ ਹੌਲੀ ਖੜੋਤ ਵਿੱਚ ਲੈ ਆਉਣ ਲਈ ਜ਼ਿੰਮੇਵਾਰ ਹੁੰਦੇ ਹਨ। ਅੰਦਰੋਂ ਠੰਢਕ ਨਾ ਮਿਲਣ ਕਰਕੇ ਮਨੁੱਖ ਦਾ ਸਕੂਨ ਦਿਨੋ ਦਿਨ ਘਟਦਾ ਜਾਂਦਾ ਹੈ ਤੇ ਬੇਚੈਨੀ, ਚਿੰਤਾ, ਤਣਾਅ ਵਧਣ ਲੱਗਦੇ ਹਨ।
ਅਖੀਰ ਮੈਨੂੰ ਏਕਾਂਤਵਾਸ ਮੁਕੰਮਲ ਕਰਨ ਮਗਰੋਂ ਡਿਸਪੈਂਸਰੀ ਤੋਂ ਡਿਸਚਾਰਜ ਸਰਟੀਫਿਕੇਟ ਮਿਲਿਆ। ਪਰ ਉਨ੍ਹਾਂ ਦਿਨਾਂ ਦੌਰਾਨ ਹੋਏ ਅਨੁਭਵ ਨੇ ਸਦਾ ਲਈ ਮੇਰੇ ਦਿਲ ਵੱਚ ਮਨੁੱਖ ਅੰਦਰਲੇ ਪੱਖੇ ਦੇ ਮਹੱਤਵ ਨੂੰ ਹੋਰ ਡੂੰਘਾ ਉਕੇਰ ਦਿੱਤਾ ਹੈ। ਇਹ ਪੱਖਾ ਇਨਸਾਨ ਨੂੰ ਸਿਰਫ਼ ਰੋਜ਼ਾਨਾ ਜੀਵਨ ਜਿਊਣ ਲਈ ਤਾਕਤ ਹੀ ਨਹੀਂ ਦਿੰਦਾ, ਸਗੋਂ ਜ਼ਿੰਦਗੀ ਵਿੱਚ ਆਸ, ਉਮੀਦ, ਨਵੀਂ ਚੇਤਨਾ ਤੇ ਜੀਵਨ ਇੱਛਾ ਵੀ ਜਗਾਉਂਦਾ ਹੈ। ਇਸ ਪੱਖੇ ਦੇ ਖੜਨ ਨਾਲ ਮਨੁੱਖ ਵੀ ਹੌਲੀ ਹੌਲੀ ਖੜੋਤ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸ ਅੰਦਰਲੀ ਇਹ ਟੁੱਟ-ਭੱਜ ਨਾ ਸਿਰਫ਼ ਸਰੀਰਕ ਤੌਰ ’ਤੇ ਬੀਮਾਰ ਕਰਦੀ ਹੈ, ਸਗੋਂ ਉਹ ਮਾਨਸਿਕ ਤੌਰ ’ਤੇ ਵੀ ਮਨੁੱਖ ਡੂੰਘੇ ਸੰਕਟ ਵਿੱਚ ਫਸ ਜਾਂਦਾ ਹੈ। ਇਹ ਪੱਖਾ ਮਨੁੱਖ ਦੀ ਆਤਮਿਕ ਊਰਜਾ ਦਾ ਪ੍ਰਤੀਕ ਹੈ ਜੋ ਮਨੁੱਖ ਨੂੰ ਵਿਅਕਤੀਗਤ ਤੌਰ ’ਤੇ ਨਹੀਂ, ਸਗੋਂ ਸਮਾਜਿਕ ਅਤੇ ਰੂਹਾਨੀ ਪੱਧਰ ’ਤੇ ਵੀ ਅੱਗੇ ਵਧਾਉਂਦੀ ਹੈ। ਭਾਰਤੀ ਸੰਸਕ੍ਰਿਤਿ ਵਿਚ ਆਤਮਿਕ ਤੱਤ ਦੀ ਗਤੀ ਨੂੰ ਹੀ ਪ੍ਰਾਣ ਕਿਹਾ ਗਿਆ ਹੈ। ਇਸ ਪੱਖੇ ਦੀ ਗਤੀ ਵੀ ਪ੍ਰਤੀਕਾਤਮਕ ਰੂਪ ਵਿੱਚ ‘ਪ੍ਰਾਣ’ ਦੀ ਗਤੀ ਵਰਗੀ ਹੈ, ਜੋ ਉਸ ਨੂੰ ਰੁਕਣ ਨਹੀਂ ਦਿੰਦੀ। ਕਾਮਨਾ ਕਰਦਾ ਹਾਂ, ਇਸ ਦੌਰ ਵਿੱਚ ਹਰ ਸ਼ਖ਼ਸ ਅੰਦਰਲਾ ਪੱਖਾ ਚੱਲਦਾ ਰਹੇ...ਆਮੀਨ!
ਸੰਪਰਕ: 81466-46477

