ਢਲਦੇ ਪਰਛਾਵੇਂ
ਸਿਹਤ ਪੱਖੋਂ ਲਾਚਾਰ ਅਤੇ ਬੇਵੱਸ ਹੋਈ ਮਾਂ ਨੂੰ ਦੇਖ ਕੇ ਮੈਂ ਅਕਸਰ ਹੀ ਫ਼ਿਕਰਮੰਦ ਹੋ ਜਾਂਦਾ ਹਾਂ। ਕਈ ਵਾਰ ਤਾਂ ਉਹ ਕਹਿੰਦੀ ਹੈ, ‘‘ਪੁੱਤ, ਮੇਰਾ ਕੋਈ ਹਾਲ ਨਹੀਂ... ਹੁਣ ਤਾਂ ਸਰੀਰ ਢਲਦਾ ਜਾਂਦਾ ਹੈ।’’ ਇਹ ਗੱਲ ਸੁਣਨੀ ਸੌਖੀ ਨਹੀਂ। ਅਸਲ...
ਸਿਹਤ ਪੱਖੋਂ ਲਾਚਾਰ ਅਤੇ ਬੇਵੱਸ ਹੋਈ ਮਾਂ ਨੂੰ ਦੇਖ ਕੇ ਮੈਂ ਅਕਸਰ ਹੀ ਫ਼ਿਕਰਮੰਦ ਹੋ ਜਾਂਦਾ ਹਾਂ। ਕਈ ਵਾਰ ਤਾਂ ਉਹ ਕਹਿੰਦੀ ਹੈ, ‘‘ਪੁੱਤ, ਮੇਰਾ ਕੋਈ ਹਾਲ ਨਹੀਂ... ਹੁਣ ਤਾਂ ਸਰੀਰ ਢਲਦਾ ਜਾਂਦਾ ਹੈ।’’ ਇਹ ਗੱਲ ਸੁਣਨੀ ਸੌਖੀ ਨਹੀਂ। ਅਸਲ ਵਿੱਚ ਕੁਝ ਸਾਲ ਪਹਿਲਾਂ ਦਿਲ ਦੀ ਸਮੱਸਿਆ ਕਰਕੇ ਸਟੈਂਟ ਪਏ ਸਨ, ਫਿਰ ਗਿੱਟੇ-ਗੋਡੇ, ਢੂਹੀ, ਮੋਢੇ, ਕੜੱਲਾਂ, ਸਿਰ ਦਰਦ ਰੋਜ਼ਾਨਾ ਦਾ ਕੰਮ ਹੋ ਗਿਆ। ਦਵਾਈਆਂ ਨਾਲ ਚਾਰ ਦਿਨ ਸੌਖੇ ਲੰਘਦੇ ਹਨ, ਪਰ ਮੁੜ ਉਹੀ ਹਾਲ। ਦਿਨੋ ਦਿਨ ਮਾਂ ਅਸਮਰੱਥ ਹੁੰਦੀ ਜਾ ਰਹੀ ਹੈ। ਕਈ ਵਾਰ ਸੋਚਦਾ ਹਾਂ ਇਹ ਉਹੀ ਮਾਂ ਹੈ ਜੋ ਸਭ ਤੋਂ ਪਹਿਲਾਂ ਉੱਠ ਕੇ ਘਰ ਦੇ ਸਾਰੇ ਕੰਮ ਨਿਬੇੜ ਲੈਂਦੀ ਸੀ। ਮਾਂ ਨੇ ਸੁਵਖਤੇ ਹੀ ਗੋਹਾ-ਕੂੜਾ ਕਰਨਾ, ਪਸ਼ੂਆਂ ਨੂੰ ਪੱਠੇ ਪਾਉਣੇ, ਧਾਰਾਂ ਚੋਣੀਆਂ, ਘਰ ਦੇ ਅੰਦਰ-ਬਾਹਰ ਸਫ਼ਾਈ ਕਰਨੀ, ਚੀਜ਼ਾਂ ਸੰਭਾਲਣੀਆਂ। ਸਾਡੇ ਉੱਠਣ ਤੋਂ ਪਹਿਲਾਂ ਹੀ ਮਾਂ ਇਹ ਸਾਰੇ ਕੰਮ ਕਰ ਲੈਂਦੀ ਸੀ। ਸਵੇਰ ਤੋਂ ਰਾਤ ਤੱਕ ਧਰਤੀ ਦੀ ਅਟਲ ਚਾਲ ਵਾਂਗ ਮਾਂ ਵੀ ਹਮੇਸ਼ਾ ਗਤੀ ਵਿੱਚ ਰਹਿੰਦੀ। ਘਰ ਦਾ ਕੰਮ ਮੁਕਾ ਉਸ ਚਰਖਾ ਡਾਹ ਲੈਣਾ, ਕੋਈ ਫਟਿਆ ਸਿਉਂ ਲੈਣਾ, ਕੁਝ ਟੁੱਟਿਆ ਸੰਵਾਰ ਲੈਣਾ, ਗੱਲ ਕੀ... ਬਸ ਕਦੇ ਮਾਂ ਨੂੰ ਬੈਠਿਆਂ ਵੇਖਿਆ ਹੀ ਨਹੀਂ ਸੀ। ਮੇਰੀਆਂ ਦੋ ਭੈਣਾਂ ਸਨ ਤੇ ਉਨ੍ਹਾਂ ਦੇ ਦਾਜ ਦਾ ਸਾਮਾਨ ਮਾਂ ਨੇ ਆਪਣੇ ਹੱਥੀਂ ਤਿਆਰ ਕੀਤਾ ਸੀ। ਅਸੀਂ ਜੇ ਆਖਣਾ, ‘‘ਮਾਂ, ਕਿਉਂ ਤੂੰ ਹਰ ਵੇਲੇ ਕੰਮ ਲੱਗੀ ਰਹਿੰਦੀ ਏਂ...?’’ ਉਸ ਧੀਆਂ ਵੱਲ ਦੇਖਦਿਆਂ ਆਖਣਾ, ‘‘ਮੈਂ ਇਨ੍ਹਾਂ ਦੇ ਦਾਜ ਦਾ ਇੱਕ ਵੀ ਸਾਮਾਨ ਮੁੱਲ ਨਹੀਂ ਲੈਣਾ।’’
ਰਾਤ ਨੂੰ ਸਾਰਾ ਕੰਮ ਨਿਬੇੜ ਕੇ ਕਿੱਲੀ-ਹਥੌੜੀ ਨਾਲ ਧਰਤੀ ਦੀ ਹਿੱਕ ’ਤੇ ਗਰਨੇ ਗੱਡਣ ਲੱਗ ਜਾਂਦੀ। ਜੇ ਸਾਡੇ ਤੋਂ ਕੋਈ ਕਾਨਾ ਟੁੱਟ ਜਾਣਾ ਤਾਂ ਗੁੱਸੇ ਹੁੰਦਿਆਂ ਕਹਿਣਾ, ‘‘ਮੈਂ ਇਹ ਕਾਨੇ ਸਾਂਭ-ਸਾਂਭ ਕੇ ਰੱਖਦੀ ਆਂ, ਤੁਸੀਂ ਭੋਰਾ ਕਦਰ ਨਹੀਂ ਕਰਦੇ... ਕੱਲ੍ਹ ਨੂੰ ਜਾ ਕੇ ਛੱਪੜ ’ਚੋਂ ਹੋਰ ਵੱਢ ਕੇ ਲਿਆਈਂ।’’ ਸਾਨੂੰ ਨੀਂਦ ਆ ਜਾਣੀ ਤੇ ਅਗਲੀ ਸਵੇਰ ਨੜਿਆਂ ਤੇ ਸਲਾਈਆਂ ਦੀ ਗੁਰੜ-ਗੁਰੜ ਨੇ ਚਾਰ ਵਜੇ ਹੀ ਅੱਖ ਖੋਲ੍ਹ ਦੇਣੀ। ਬਥੇਰਾ ਖੇਸ ਨੱਪ ਕੇ ਸੌਣ ਦਾ ਯਤਨ ਕਰਨਾ ਪਰ ਫਿਰ ਨੀਂਦ ਕਿੱਥੇ। ਸਾਨੂੰ ਮਹਿਸੂਸ ਹੋਣਾ ਕਿ ਮਾਂ ਇਕੱਲੀ ਖਪੀ ਜਾਂਦੀ ਹੈ ਤੇ ਅਸੀਂ ਭੈਣ-ਭਰਾਵਾਂ ਨੇ ਉਸ ਦਾ ਹੱਥ ਵਟਾਉਣ ਲੱਗ ਜਾਣਾ। ਸਵੇਰੇ ਮੂੰਹ ਹਨੇਰੇ ਹੀ ਖੱਡੀ ਅਤੇ ਹੱਥੇ ਦੀ ਠੱਕ-ਠੱਕ ਨੇ ਸਭ ਨੂੰ ਜਗਾ ਦੇਣਾ। ਜਦ ਖੱਡੀ ਦਾ ਕੰਮ ਮੁੱਕਣਾ ਤਾਂ ਦਰੀਆਂ ਦਾ ਸ਼ੁਰੂ ਕਰ ਲੈਣਾ। ਕਿਤੇ ਕਿਸੇ ਦੇ ਘਰੋਂ, ਕਦੇ ਕਿਸੇ ਦੇ ਘਰੋਂ ਦਰੀਆਂ ਵਾਲਾ ਅੱਡਾ ਲਿਆ ਕੇ ਦੇਣਾ। ਮੈਂ ਹਫੇ ਹੋਏ ਨੇ ਘਰ ਵੜਦਿਆਂ ਹੀ ਮਾਂ ਨੂੰ ਕਹਿ ਦੇਣਾ, ‘‘ਮਾਂ, ਇਹ ਕਿਹੜਾ ਇੱਕ ਦਿਨ ਦਾ ਕੰਮ ਹੈ... ਤੇ ਇੰਨੀ ਦੂਰੋਂ ਲਿਆਉਣਾ ਕਿਹੜਾ ਸੌਖਾ ਕੰਮ ਐ... ਇਹ ਵੀ ਆਪਣਾ ਹੀ ਬਣਾ ਲਈਏ।’’ ਦਰੀਆਂ, ਤਾਣੀਆਂ ਦੇ ਕੰਮ ਤੋਂ ਫੁਰਸਤ ਮਿਲਣੀ ਤਾਂ ਮਾਂ ਨੇ ਆਂਢ-ਗੁਆਂਢ ’ਚੋਂ ਆਏ ਕੱਪੜੇ ਸਿਉਣ ਲੱਗ ਜਾਣਾ। ਕੱਪੜਿਆਂ ਵਾਲਾ ਕੰਮ ਤਾਂ ਉਹ ਦਰੀਆਂ ਜਾਂ ਤਾਣੀਆਂ ਤੋਂ ਆਰਾਮ ਲੈਣ ਵੇਲੇ ਵੀ ਕਰ ਲੈਂਦੀ ਸੀ। ਉਨ੍ਹਾਂ ਦਿਨਾਂ ਵਿੱਚ ਮਾਂ ਨੂੰ ਇੱਕ ਸੂਟ ਦੀ ਸਵਾਈ ਦਾ ਮੁੱਲ ਵੀਹ ਰੁਪਏ ਮਿਲਦਾ ਸੀ, ਜਿਸ ਵਿੱਚੋਂ ਰੀਲ ਤੇ ਬੁੁਕਰਮ ਦਾ ਖਰਚਾ ਵੀ ਕੱਢਦੀ ਸੀ। ਲਿਹਾਜ਼ ਵਾਲਿਆਂ ਤੋਂ ਉਹ ਵੀਹ ਰੁਪਏ ਵੀ ਨਾ ਲੈਂਦੀ। ਅਗਲਾ ਸੂਟ ਨਾਲ ਦੀ ਕਾਤਰ ਵੀ ਛੱਡ ਕੇ ਨਾ ਜਾਂਦਾ।
ਪਿਤਾ ਜੀ ਫ਼ੌਜ ਵਿੱਚ ਸਨ। ਦਾਦਾ ਜੀ ਬਿਮਾਰ ਰਹਿਣ ਲੱਗ ਪਏ ਤਾਂ ਘਰ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ। ਮਾਂ ਨੇ ਇਕੱਲਿਆਂ ਖੇਤੋਂ ਪੱਠੇ ਵੱਢ ਕੇ ਲਿਆਉਣੇ, ਜਿਸ ਦਿਨ ਸਾਡੀ ਛੁੱਟੀ ਹੁੰਦੀ ਉਸ ਦਿਨ ਸਾਨੂੰ ਵੀ ਨਾਲ ਖੜਨਾ। ਉਹ ਇਕੱਠੀ ਹੀ ਚਾਰ-ਪੰਜ ਪਸ਼ੂਆਂ ਨੂੰ ਸੰਭਾਲਦੀ। ਕੁਝ ਦੁੱਧ ਡੇਅਰੀ ਪਾ ਆਉਂਦੀ, ਕੁਝ ਸਾਡੇ ਲਈ ਰੱਖ ਲੈਂਦੀ। ਗੋਹਾ ਪੱਥ-ਪੱਥ ਗੀਹਰੇ ਵੇਚਣੇ। ਅੱਜਕੱਲ੍ਹ ਕੋਈ ਸੋਚੇਗਾ ਕਿ ਗੀਹਰੇ ਜਾਂ ਪਾਥੀਆਂ ਵੇਚਣਾ ਵੀ ਕੋਈ ਬਿਜ਼ਨਸ ਹੈ? ਪਰ ਕੁਝ ਕੁ ਪੁਰਾਣੀਆਂ ਔਰਤਾਂ ਜਾਂ ਗ਼ਰੀਬੀ ਨਾਲ ਘੁਲਦੇ ਪਰਿਵਾਰ ਅੱਜ ਵੀ ਅਜਿਹੇ ਕੰਮਾਂ ਵਿੱਚੋਂ ਪਾਈ-ਪਾਈ ਜੋੜਦੇ ਹਨ। ਜਦੋਂ ਅਸੀਂ ਤਾਏ ਕਿਆਂ ਨਾਲੋਂ ਅੱਡ ਹੋਏ ਤਾਂ ਦਾਦਾ ਜੀ ਮਾਂ ਨੂੰ ਕਹਿਣ ਲੱਗੇ, ‘‘ਭਾਈ ਮੈਂ ਤਾਂ ਥੋਡੇ ਨਾਲ ਰਹਿਣੈ।’’ ਮਾਂ ਨੇ ਉਨ੍ਹਾਂ ਦੀ ਪੂਰੀ ਸੇਵਾ ਕੀਤੀ, ਚੰਗਾ ਖੁਆਇਆ, ਚੰਗਾ ਪਵਾਇਆ। ਖ਼ੁਦ ਮਗਰੋਂ ਖਾਧਾ, ਪਹਿਲਾਂ ਬਾਪੂ ਜੀ ਨੂੰ ਖਵਾਇਆ। ਕਦੇ ਬਿਜਲੀ ਦਾ ਬਿੱਲ 60 ਰੁਪਏ ਆ ਜਾਣਾ ਤਾਂ ਦਾਦਾ ਜੀ ਨੇ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਕਹਿਣਾ, ‘‘ਭਾਈ ਛਿੰਦਰੇ, ਇੰਨਾ ਬਿੱਲ? ਕੁਝ ਸੰਕੋਚ ਕਰਿਆ ਕਰੋ ਭਾਈ।’’ ਮੈਨੂੰ ਯਾਦ ਹੈ ਗਰਮੀ ਦੇ ਦਿਨਾਂ ਵਿੱਚ ਦਿਨੇ ਪੱਖੀਆਂ ਝੱਲ ਕੇ ਸਮਾਂ ਲੰਘਾਉਂਦੇ ਤੇ ਰਾਤ ਨੂੰ ਵੀ ਘੁੰਮਣ ਵਾਲੇ ਇੱਕ ਹੀ ਪੱਖੇ ਨਾਲ ਡੰਗ ਸਾਰਦੇ। ਖਾਲ ਤੋਂ ਜਾ ਕੇ ਕੱਪੜੇ ਧੋ ਕੇ ਲਿਆਉਣੇ, ਖੇਤੋਂ ਨਰਮਾ-ਕਪਾਹ ਚੁੱਗ ਕੇ ਲਿਆਉਣਾ। ਮਾਂ ਨੂੰ ਦੇਖ ਕੇ ਸੋਚਦਾ ਹਾਂ, ਜਿਸ ਇੰਨਾ ਕੰਮ ਕੀਤਾ, ਜੇਕਰ ਉਸ ਦਾ ਬੁਢਾਪੇ ਵਿੱਚ ਇਹ ਹਾਲ ਹੈ ਤਾਂ ਸਾਡਾ ਕੀ ਬਣੇਗਾ। ਅੱਜ ਬੇਵੱਸ ਹੋਈ ਮਾਂ ਲੱਤਾਂ ਘੁਟਵਾਉਣ ਲਈ ਮਜਬੂਰ ਹੈ। ਸਵੇਰੇ-ਸ਼ਾਮ ਰੋਟੀ ਨਾਲੋਂ ਵੱਧ ਦਵਾਈਆਂ ਖਾ ਕੇ ਸਮਾਂ ਲੰਘਾ ਰਹੀ ਹੈ। ਬੁਢਾਪਾ ਹਰ ਇਨਸਾਨ ਨੂੰ ਮਜਬੂਰ ਕਰ ਦਿੰਦਾ ਹੈ। ਇਹ ਜੀਵਨ ਦਾ ਉਹ ਸਮਾਂ ਹੈ, ਜਦੋਂ ਸਾਡਾ ਪਰਛਾਵਾਂ ਹੌਲੀ ਹੌਲੀ ਢਲਣਾ ਸ਼ੁਰੂ ਹੋ ਜਾਂਦਾ ਹੈ।
ਸੰਪਰਕ: 99145-86784

