ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਾਜਵਾਬ

ਪਿੰਡ ਸਨੇਟੇ ਦਾ ਨੌਜਵਾਨ ਚੰਡੀਗੜ੍ਹ ਦੇ ਕਾਲਜ ਵਿੱਚ ਆਪਣੀ ਧੀ ਦੇ ਬੀਕਾਮ ਪਹਿਲੇ ਸਾਲ ਵਿੱਚ ਦਾਖਲੇ ਲਈ ਫ਼ਿਕਰਮੰਦ ਸੀ। 12ਵੀਂ ਦੀ ਕਾਮਰਸ ਵਿਚ 90 ਫ਼ੀਸਦੀ ਤੋਂ ਵੱਧ ਅੰਕ ਲੈਣ ਦੇ ਬਾਵਜੂਦ ਤਿੰਨ ਕੌਂਸਲਿੰਗਾਂ ਵਿਚ ਉਸ ਦਾ ਨਾਮ ਨਹੀਂ ਆਇਆ ਸੀ।...
Advertisement

ਪਿੰਡ ਸਨੇਟੇ ਦਾ ਨੌਜਵਾਨ ਚੰਡੀਗੜ੍ਹ ਦੇ ਕਾਲਜ ਵਿੱਚ ਆਪਣੀ ਧੀ ਦੇ ਬੀਕਾਮ ਪਹਿਲੇ ਸਾਲ ਵਿੱਚ ਦਾਖਲੇ ਲਈ ਫ਼ਿਕਰਮੰਦ ਸੀ। 12ਵੀਂ ਦੀ ਕਾਮਰਸ ਵਿਚ 90 ਫ਼ੀਸਦੀ ਤੋਂ ਵੱਧ ਅੰਕ ਲੈਣ ਦੇ ਬਾਵਜੂਦ ਤਿੰਨ ਕੌਂਸਲਿੰਗਾਂ ਵਿਚ ਉਸ ਦਾ ਨਾਮ ਨਹੀਂ ਆਇਆ ਸੀ। ਮੇਰੇ ਕੋਲ ਬੈਠਿਆਂ ਕਿਸੇ ਨੂੰ ਕਹਿ ਕੇ ਦਾਖ਼ਲਾ ਕਰਾਉਣ ਦੀ ਗੱਲ ਕਰ ਰਿਹਾ ਸੀ। ਮੈਂ ਇੱਕ ਦੋ ਸੱਜਣਾਂ ਨੂੰ ਫੋਨ ਕੀਤਾ ਤਾਂ ਜਵਾਬ ਮਿਲਿਆ ਕਿ ਸਾਰਾ ਕੁਝ ਆਨਲਾਈਨ ਹੀ ਹੋਣਾ ਹੈ। ਲੜਕੀ ਨੇ ਜਿਹੜੇ ਕਾਲਜਾਂ ਦੀ ਚੋਣ ਕੀਤੀ ਸੀ, ਉਨ੍ਹਾਂ ਵਿੱਚ ਮੈਰਿਟ ਉੱਚੀ ਚਲੀ ਗਈ ਸੀ। ਪੰਜਾਬ ਦੇ ਵਸਨੀਕਾਂ ਨੂੰ ਦਾਖਲੇ ਲਈ 15 ਫ਼ੀਸਦੀ ਹੀ ਕੋਟਾ ਜੋ ਮਿਲਣਾ ਹੋਇਆ; ਚੰਡੀਗੜ੍ਹ ਲਈ ਇਹ ਕੋਟਾ 85 ਫ਼ੀਸਦੀ ਸੀ।

ਕੁਝ ਦੇਰ ਚੁੱਪ ਬੈਠੇ ਰਹਿਣ ਮਗਰੋਂ ਉਹਦਾ ਦਰਦ ਛਲਕਿਆ, “ਮਾਅਰਾ ਪੁਰਾਣਾ ਗੌਂ ਨਗਲਾ ਹੋਐ ਤਾ, ਜਿੱਥੈ ਹੁਣ ਚੰਡੀਗੜ੍ਹ ਕਾ 27 ਹਰ 19 ਸੈਕਟਰ ਐ... ਮਾਅਰੇ ਦਾਦੇ-ਪੜਦਾਦਿਆਂ ਨੂੰ 1952-53 ਮਾ ’ਜਾੜ ਦਿਆ ਤਾ... ਚੰਡੀਗੜ੍ਹ ਤੇ... ਉੱਥੇ ਤੇ ’ਠਾਲ ਕੈ ਮਾਅਨੂੰ ਸਨੇਟੈ ਜਗ੍ਹਾ ਅਲਾਟ ਕਰੀ ਤੀ। ਕਿੰਨੀ ਦੇਰ ਮਾਅਨੂੰ ਉਰੇ ਕੇ ਲੋਕ ਬਗਾਨੇ ਕਹੀ ਗਏ। ਹੁਣ ਵੀ ਪੁਰਾਣੇ ਬੁੜ੍ਹੇ ਮਾਅਨੂੰ ਦੂਏ ਗੌਂ ਕੇ ਈ ਦੱਸਾਂ। ਹੁਣ ਥਮੇਂ ਦੱਸੋ, ਬੀ ਚੰਡੀਗੜ੍ਹ ਮਾਰੇ ਗੌਂ ਕੀ ਜ਼ਮੀਨਾਂ ਮਾ ਬਣਿਆ ਵਾ... ਹਮੇਂ ਉਜਾੜੇ ਕਾ ਸੰਤਾਪ ਵੀ ਹੰਢਾਇਆ... ਕਿਆ ਉਨ੍ਹਾਂ ਗੌਆਂ ਕੇ ਲੋਕਾਂ ਨੂੰ ਚੰਡੀਗੜ੍ਹ ਕੇ ਕਾਲਜਾਂ ਕੇ ਦਾਖ਼ਲਿਆਂ ਮਾ, ਨੌਕਰੀਆਂ ਮਾ ਰਾਖਵਾਂ ਕੋਟਾ ਨੀ ਮਿਲਣਾ ਚਾਹੀਦਾ... ਜਿਹੜੇ ਉਰੇ ਤੇ ਉਜਾੜੇ ਤੇ... ਹਮੇਂ ਤਾਂ ਮੂਲ ਵਾਸੀ ਐਂ ਚੰਡੀਗੜ੍ਹ ਕੇ... ਹੋਰ ਕਿੰਨੇ ਕੋਟੇ ਰੱਖੇ ਵੇ ਹੋਆਂ ਸਰਕਾਰਾਂ ਨੈ... ਦਾਖਲਿਆਂ ਨੌਕਰੀਆਂ ਵਾਸਤੈ... ਮਾਅਰਾ ਵੀ ਤਾ ਹੱਕ ਬਣਾ...!” ਮੈਂ ਲਾਜਵਾਬ ਸਾਂ।

Advertisement

ਬੀਰ ਸਿੰਘ ਬਨੂੜ ਦਾ ਸਿਕਲੀਗਰ ਭਾਈਚਾਰੇ ਨਾਲ ਸਬੰਧਿਤ ਅੱਧਖੜ੍ਹ ਉਮਰ ਦਾ ਨੌਜਵਾਨ ਹੈ। ਤੀਹ-ਪੈਂਤੀ ਸਾਲ ਤੋਂ ਆਪਣੇ ਸਾਈਕਲ ਦੇ ਪਿਛਲੇ ਚੱਕੇ ਵਿੱਚ ਫਿੱਟ ਕੀਤੇ ਪੱਥਰ ਨਾਲ, ਜਿਸ ਨੂੰ ਉਹ ਸਾਈਕਲ ਦੇ ਪੈਡਲ ਨਾਲ ਗੇੜਾ ਦੇ ਕੇ ਘੁੰਮਾਉਂਦਾ ਹੈ, ਪਿੰਡਾਂ ਵਿੱਚ ਕੈਂਚੀਆਂ, ਚਾਕੂ ਆਦਿ ਤਿੱਖਾ ਕਰਨ ਦਾ ਧੰਦਾ ਕਰ ਰਿਹਾ ਹੈ। ਸਾਈਕਲ ਦੇ ਹੈਂਡਲ ਨੇੜੇ ਲੱਕੜੀ ਦੇ ਫੱਟੇ ਉੱਤੇ ਉਸ ਨੇ ਨਵੇਂ ਚਾਕੂ ਅਤੇ ਜਿੰਦਰੇ ਵੀ ਵੇਚਣ ਲਈ ਟੰਗੇ ਹੋਏ ਹਨ। ਬਨੂੜ ਦੇ ਆਲੇ-ਦੁਆਲੇ ਦੇ ਵੀਹ-ਪੱਚੀ ਪਿੰਡਾਂ ਵਿਚ ਘੁੰਮਦਾ ਹੈ। ਦੋ ਤੋਂ ਤਿੰਨ ਪਿੰਡ ਇੱਕ ਦਿਨ ਵਿਚ ਕੱਢਦਾ ਹੈ। ਜਿੱਧਰ ਵੀ ਜਾਂਦਾ ਹੈ, ਕਿਤੇ ਨਾ ਕਿਤੇ ਬੈਠ ਕੇ ਅਖ਼ਬਾਰ ਜ਼ਰੂਰ ਪੜ੍ਹਦਾ ਹੈ।

ਮੇਰੇ ਕੋਲ ਉਹ ਪਿਛਲੇ ਪੰਦਰਾਂ ਸਾਲ ਤੋਂ ਆ ਰਿਹਾ। ਕਦੇ ਹਫ਼ਤੇ ਬਾਅਦ, ਕਦੇ ਪੰਦਰਾਂ ਦਿਨਾਂ ਬਾਅਦ। ਕਦੇ ਬੈਠਣ ਦਾ ਸਮਾਂ ਨਾ ਹੋਵੇ ਤਾਂ ਸੜਕ ਤੋਂ ਹੱਥ ਖੜ੍ਹਾ ਕਰ ਕੇ ਦੁਆ ਸਲਾਮ ਕਰ ਜਾਂਦਾ। ਉਹ ਥੋੜ੍ਹਾ ਹੱਕ ਪਾ ਕੇ ਬੋਲਦਾ ਹੈ, ਜਿਸ ਕਰ ਕੇ ਉੱਚੀ ਆਵਾਜ਼ ਵਿੱਚ ਉਸ ਕੋਲੋਂ ਹੇਕ ਨਹੀਂ ਵੱਜਦੀ। ਪਹਿਲਾਂ ਉਹ ਸਾਈਕਲ ਉੱਤੇ ਹੱਥ ਨਾਲ ਦਬਾ ਕੇ ਮਾਰੇ ਜਾਂਦੇ ਹਾਰਨ ਦੀ ਪੀਂ-ਪੀਂ ਨਾਲ ਆਪਣੇ ਆਉਣ ਦੀ ਸੂਚਨਾ ਦਿੰਦਾ ਸੀ, ਅੱਜ ਕੱਲ੍ਹ ਉਹ ਛੋਟਾ ਜਿਹਾ ਸਪੀਕਰ ਸਾਈਕਲ ਅੱਗੇ ਟੰਗ ਕੇ ਰੱਖਦਾ, ਜਿਸ ’ਚ ਕਿਸੇ ਤੋਂ ਭਰਾਈ ਆਵਾਜ਼ ਰਾਹੀਂ ਉਹ ਲੋਕਾਂ ਨੂੰ ‘ਕੈਚੀਆਂ, ਚਾਕੂ ਤਿੱਖੇ ਕਰਵਾ ਲਉ’ ਦਾ ਹੋਕਾ ਦਿੰਦਾ ਹੈ।

ਕੁਝ ਦਿਨ ਪਹਿਲਾਂ ਦੁਪਹਿਰੇ ਮੇਰੇ ਕੋਲ ਆਇਆ। ਆਉਂਦਾ ਹੀ ਨਾਲ ਲੱਗਦੇ ਪਿੰਡ ਦੇ ਸਰਪੰਚ ਦਾ ਨਾਮ ਲੈ ਕੇ ਬੋਲਿਆ, “ਉਨ੍ਹਾਂ ਨੂੰ ਫੋਨ ਕਰ ਦਿਉ, ਉਨ੍ਹਾਂ ਨੇ ਪਿੰਡ ’ਚ ਬੋਰਡ ਲਗਾ ਦਿੱਤਾ, ਕੋਈ ਵੀ ਸਾਮਾਨ ਵੇਚਣ ਵਾਲਾ ਸਿਰਫ਼ ਮੂੰਹ ਨਾਲ ਹੀ ਆਵਾਜ਼ ਮਾਰ ਸਕੇਗਾ, ਸਪੀਕਰ ਵਜਾ ਕੇ ਹੋਕਾ ਦੇਣਾ ਮਨ੍ਹਾ ਹੈ... ਉਨ੍ਹਾਂ ਨੂੰ ਮੇਰੇ ਬਾਰੇ ਦੱਸ ਦਿਉ ਕਿ ਇਸ ਦੀ ਹੇਕ ਮਾਰਨ ਦੀ ਸਮੱਸਿਆ ਹੈ। ਨਾਲੇ ਮੈਂ ਤਾਂ ਬਹੁਤ ਹੌਲੀ ਆਵਾਜ਼ ਰੱਖਦਾਂ। ਹੁਣ ਤਾਂ ਵੈਸੇ ਹੀ ਸਾਡਾ ਕੰਮ ਖ਼ਤਮ ਹੋ ਗਿਆ, ਨਾ ਕੋਈ ਚਾਕੂ ਤਿੱਖਾ ਕਰਾਵੇ, ਨਾ ਕੈਂਚੀ। ਮਸੀਂ ਸਾਰੇ ਦਿਨ ਵਿਚ ਸੌ ਦੋ ਸੌ ਰੁਪਈਏ ਬਣਦੇ।”

ਮੈਂ ਉਹਨੂੰ ਕਹਿੰਦਾ ਹਾਂ ਕਿ ਸ਼ੋਰ ਪ੍ਰਦੂਸ਼ਣ ਕਰ ਕੇ ਸਾਰੇ ਪਿੰਡਾਂ ਵਾਲੇ ਅਜਿਹਾ ਕਰ ਰਹੇ ਹਨ। ਮੇਰੀ ਪੂਰੀ ਗੱਲ ਸੁਣੇ ਬਿਨਾਂ ਹੀ ਉਹ ਬੋਲਿਆ, “ਸਾਡੇ ਛੋਟੇ-ਛੋਟੇ ਸਪੀਕਰ ਹੀ ਸ਼ੋਰ ਪੈਦਾ ਕਰਦੇ। ਜਦੋਂ ਪਿੰਡਾਂ ਦੇ ਨੌਜਵਾਨ ਟਰੈਕਟਰਾਂ ਉੱਤੇ ਲਗਾਏ ਲੱਖ-ਲੱਖ ਰੁਪਏ ਦੇ ਸਾਊਂਡ ਸਿਸਟਮ ਦੀ ਆਵਾਜ਼ ਅਤੇ ਧਮਕ ਨਾਲ ਸਾਰੇ ਪਿੰਡ ਨੂੰ ਸੁੱਤੇ ਪਏ ਨੂੰ ਜਗ੍ਹਾ ਦਿੰਦੇ, ਉਦੋਂ ਕਿਉਂ ਨ੍ਹੀਂ ਸ਼ੋਰ ਪ੍ਰਦੂਸ਼ਣ ਹੁੰਦਾ। ਉਨ੍ਹਾਂ ਨੂੰ ਕਿਉਂ ਨ੍ਹੀਂ ਰੋਕਦੇ...?” ਮੈਂ ਫਿਰ ਲਾਜਵਾਬ ਸਾਂ।

ਤਿੰਨ ਸਾਲ ਪਹਿਲਾਂ ਸੱਚਖੰਡ ਐਕਸਪ੍ਰੈੱਸ ਵਿੱਚ ਸ੍ਰੀ ਹਜ਼ੂਰ ਸਾਹਿਬ ਗਿਆ। ਅੰਬਾਲੇ ਤੋਂ ਰੇਲ ਫੜੀ। ਸਫ਼ਰ ਆਰੰਭ ਹੁੰਦਿਆਂ ਹੀ ਚਾਹ ਅਤੇ ਹੋਰ ਵਸਤਾਂ ਵੇਚਣ ਵਾਲਿਆਂ ਦੀ ਆਮਦ ਸ਼ੁਰੂ ਹੋ ਗਈ। ਕਾਲੂ ਨਾਂ ਦਾ ਚਾਹ ਵਾਲਾ ਆਪਣੀ ਸੁਰੀਲੀ ਤੇ ਮਨਮੋਹਕ ਆਵਾਜ਼ ਵਿੱਚ, ਖਾਸ ਕਰ ਕੇ ਵਿਸ਼ੇਸ਼ਣ ਲਾ ਕੇ ਦਿੱਤੇ ਹੋਕੇ ਨਾਲ ਚਾਹ ਵੇਚ ਰਿਹਾ ਸੀ। ਉਹ ਚਾਹ ਦੇ ਕੇ ਪੈਸੇ ਨਹੀਂ ਲੈ ਰਿਹਾ ਸੀ ਤੇ ਕਹਿ ਦਿੰਦਾ ਕਿ ਸਿਰੇ ਪਹੁੰਚ ਕੇ ਇਕੱਠੇ ਹੀ ਲਵਾਂਗਾ। ਜੇਬ ਵਿੱਚੋਂ ਕਾਪੀ ਕੱਢ ਕੇ ਸੀਟ ਨੰਬਰ ਅਤੇ ਚਾਹ ਦੇ ਕੱਪਾਂ ਦੀ ਗਿਣਤੀ ਲਿਖ ਲੈਂਦਾ। ਸਵਾਰੀ ਨੂੰ ਆਪਣਾ ਨੰਬਰ ਨੋਟ ਕਰਵਾ ਜਾਂਦਾ, ਚਾਹ ਦੇ ਕੱਪ ਲਿਖਣ ਲਈ ਵੀ ਕਹਿ ਦਿੰਦਾ ਅਤੇ ਤਾਕੀਦ ਕਰਦਾ ਕਿ ਕਿਸੇ ਹੋਰ ਤੋਂ ਨਹੀਂ ਚਾਹ ਲੈਣੀ। ਮੰਜ਼ਿਲ ਨੇੜੇ ਜਾ ਕੇ ਉਹ ਕਾਪੀ ਕੱਢ ਕੇ ਸਾਰਿਆਂ ਤੋਂ ਪੈਸਿਆਂ ਦੀ ਵਸੂਲੀ ਕਰ ਕੇ ਲੈ ਗਿਆ।

ਹਫ਼ਤੇ ਬਾਅਦ ਵਾਪਸੀ ’ਤੇ ਕਾਲੂ ਦਾ ਬਦਲਿਆ ਰੂਪ ਨਜ਼ਰ ਆਇਆ; ਉਹ ਹਰ ਸਵਾਰੀ ਤੋਂ ਨਾਲ ਦੀ ਨਾਲ ਚਾਹ ਦੇ ਪੈਸੇ ਵਸੂਲ ਰਿਹਾ ਸੀ। ਸਾਡੇ ਨੇੜੇ ਆਇਆ ਤਾਂ ਮੈਂ ਉਸ ਕੋਲੋਂ ਇਸ ਦਾ ਕਾਰਨ ਜਾਣਨਾ ਚਾਹਿਆ। ਪਹਿਲਾਂ ਤਾਂ ਉਹ ਚੁੱਪ ਕਰ ਗਿਆ, ਫਿਰ ਬੋਲਿਆ, “ਜਾਣ ਸਮੇਂ ਯਕੀਨ ਹੁੰਦਾ ਕਿ ਸਾਰੇ ਹਜ਼ੂਰ ਸਾਹਿਬ ਜਾ ਰਹੇ, ਕਿਸੇ ਨੇ ਰਾਹ ਵਿਚ ਨਹੀਂ ਉਤਰਨਾ... ਉੱਥੇ ਜਾ ਕੇ ਗੱਡੀ ਨੇ ਵੀ ਖੜ੍ਹ ਜਾਣਾ ਹੁੰਦਾ... ਤੇ ਆਉਂਦੇ ਹੋਏ ਕਿਸੇ ਨੇ ਕਿਤੇ ਉਤਰਨਾ... ਕਿਸੇ ਨੇ ਕਿਤੇ... ਅਗਲੇ ਨੇ ਮੇਰੀ ਉਡੀਕ ਨਹੀਂ ਕਰਨੀ... ਤੇ ਭਾਈ, ਮੇਰੇ ਪਰਿਵਾਰ ਦਾ ਤਾਂ ਸਾਰਾ ਖਰਚਾ-ਪਾਣੀ ਇਸੇ ’ਤੇ ਚੱਲਦਾ... ਇਸੇ ਕਰ ਕੇ ਰਿਸਕ ਨਹੀਂ ਲੈਂਦਾ।” ਮੇਰੇ ਕੋਲ ਕੋਈ ਜਵਾਬ ਨਹੀਂ ਸੀ।

ਸੰਪਰਕ: 98155-23166

Advertisement