ਇੰਗਲੈਂਡ ਟੂਰ: ਸ਼ੁਭਮਨ ਗਿੱਲ ਦੀ ਕਪਤਾਨੀ ਦਾ ਸ਼ੁਭ ਆਰੰਭ
ਕ੍ਰਿਕਟ ਦੀ ਖੇਡ ਵਿੱਚ ਭਾਰਤੀ ਉਪਮਹਾਂਦੀਪ ਮੁਲਕਾਂ ਵੱਲੋਂ ‘ਸੇਨਾ’ ਮੁਲਕ ਵਿੱਚ ਖੇਡੇ ਜਾਂਦੇ ਟੂਰ ਕਦੇ ਵੀ ਸੁਖਾਲੇ ਨਹੀਂ ਹੁੰਦੇ। ਕ੍ਰਿਕਟ ਵਿੱਚ ਦੱਖਣੀ ਅਫਰੀਕਾ (ਐੱਸ), ਇੰਗਲੈਂਡ (ਈ), ਨਿਊਜ਼ੀਲੈਂਡ (ਐੱਨ) ਤੇ ਆਸਟਰੇਲੀਆ (ਏ) ਨੂੰ ‘ਸੇਨਾ’ (ਐੱਸ.ਈ.ਐੱਨ.ਏ.) ਮੁਲਕ ਆਖਿਆ ਜਾਂਦਾ ਹੈ। 1980ਵਿਆਂ ਵਿੱਚ ਵੈਸਟ ਇੰਡੀਜ਼ ਦਾ ਦੌਰਾ ਵੀ ਮਹਿਮਾਨ ਟੀਮਾਂ ਲਈ ਟੇਢੀ ਖੀਰ ਰਿਹਾ ਹੈ। ਭਾਰਤੀ ਕ੍ਰਿਕਟ ਟੀਮ ਇਸ ਵੇਲੇ ਤਬਦੀਲੀ ਦੇ ਦੌਰ ਵਿੱਚੋਂ ਲੰਘ ਰਹੀ ਹੈ। ਨਿਊਜ਼ੀਲੈਂਡ ਖ਼ਿਲਾਫ਼ ਘਰੇਲੂ ਲੜੀ ਅਤੇ ਆਸਟਰੇਲੀਆ ਦੌਰੇ ਮੌਕੇ ਬਾਰਡਰ ਗਾਵਸਕਰ ਟਰਾਫੀ ਦੀ ਹਾਰ ਮਗਰੋਂ ਭਾਰਤੀ ਕ੍ਰਿਕਟ ਦੇ ਦੋ ਦਿੱਗਜਾਂ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੇ ਟੈਸਟ ਸੰਨਿਆਸ ਤੋਂ ਬਾਅਦ ਭਾਰਤੀ ਟੈਸਟ ਕ੍ਰਿਕਟ ਵਿੱਚ ‘ਰੁੱਤ ਨਵਿਆਂ ਦੀ ਆਈ’ ਵਾਲੀ ਗੱਲ ਸੀ। ਫਾਜ਼ਿਲਕਾ ਦੇ ਨੌਜਵਾਨ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਨਵੀਂ ਨਕੋਰ ਟੀਮ ਦੀ ਕਪਤਾਨੀ ਦਾ ਜ਼ਿੰਮਾ ਸੌਂਪਿਆ ਗਿਆ। ਟੀਮ ਅੱਗੇ ਪਹਿਲੀ ਚੁਣੌਤੀ ਹੀ ਇੰਗਲੈਂਡ ਦਾ ਦੌਰਾ ਸੀ। ਭਾਰਤੀ ਟੀਮ ਵਿੱਚ ਸਭ ਤੋਂ ਤਜਰਬੇਕਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੀ, ਪਰ ਉਸ ਨੂੰ ਕੁਝ ਮੈਚਾਂ ਦਾ ਆਰਾਮ ਦੇਣ ਦੇ ਫ਼ੈਸਲੇ ਕਾਰਨ ਭਾਰਤੀ ਪੇਸ ਅਟੈਕ ਵੀ ਤਜਰਬੇ ਦੀ ਘਾਟ ਨਾਲ ਜੂਝ ਰਿਹਾ ਸੀ। ਕਪਤਾਨ ਸ਼ੁਭਮਨ ਗਿੱਲ ਉੱਪਰ ‘ਸੇਨਾ’ ਮੁਲਕਾਂ ਵਿੱਚ ਚੰਗਾ ਨਾ ਖੇਡਣ ਕਾਰਨ ਦਬਾਅ ਸੀ, ਜਿਸ ਦੀ ਆਲੋਚਨਾ ਹੋ ਰਹੀ ਸੀ।
ਭਾਰਤ ਤੇ ਇੰਗਲੈਂਡ ਵਿਚਾਲੇ ਤੇਂਦੁਲਕਰ-ਐਂਡਰਸਨ ਟਰਾਫੀ ਲਈ ਤਕਰੀਬਨ ਡੇਢ ਮਹੀਨੇ ਵਿੱਚ ਖੇਡੇ ਗਏ ਪੰਜ ਟੈਸਟ ਮੈਚਾਂ ਦੀ ਲੜੀ ਦੇ 2-2 ਨਾਲ ਬਰਾਬਰ ਰਹਿਣ ਉੱਤੇ ਭਾਰਤੀ ਕ੍ਰਿਕਟ ਨੇ ਸਭ ਆਲੋਚਕਾਂ ਦੇ ਮੂੰਹ ਬੰਦ ਕਰਵਾ ਦਿੱਤੇ। ਇੰਗਲੈਂਡ ਦੀ ਧਰਤੀ ਉੱਤੇ ਜਾ ਕੇ ਉਸ ਦੀ ਟੀਮ ਨੂੰ ਬਰਾਬਰੀ ਉੱਤੇ ਡੱਕਣਾ ਜਿੱਤ ਤੋਂ ਘੱਟ ਨਹੀਂ। ਜੇਕਰ ਸਾਰੀ ਲੜੀ ਦੇ ਮੈਚਾਂ ਅਤੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦਾ ਪੱਲੜਾ ਕਿਤੇ ਜ਼ਿਆਦਾ ਭਾਰੀ ਰਿਹਾ। ਲੀਡਜ਼ ਵਿਖੇ ਖੇਡਿਆ ਪਹਿਲਾ ਟੈਸਟ ਭਾਵੇਂ ਭਾਰਤ ਪੰਜ ਵਿਕਟਾਂ ਨਾਲ ਹਾਰ ਗਿਆ ਪਰ ਇੰਗਲੈਂਡ ਨੂੰ 371 ਦੌੜਾਂ ਦਾ ਟੀਚਾ ਦੇਣਾ ਅਤੇ ਭਾਰਤੀ ਬੱਲੇਬਾਜ਼ਾਂ ਵੱਲੋਂ ਚਾਰ ਸੈਂਕੜੇ ਜੜਨਾ ਛੋਟੀ ਗੱਲ ਨਹੀਂ ਸੀ। ਰਿਸ਼ਭ ਪੰਤ ਨੇ ਦੋਵੇਂ ਪਾਰੀਆਂ ਵਿੱਚ ਸੈਂਕੜਾ ਲਗਾਇਆ। ਸ਼ੁਭਮਨ ਗਿੱਲ ਨੇ 147 ਦੌੜਾਂ ਦੀ ਪਾਰੀ ਨਾਲ ਕਪਤਾਨੀ ਦੀ ਸ਼ੁਰੂਆਤ ਕੀਤੀ। ਕੇ.ਐਲ. ਰਾਹੁਲ ਨੇ ਵੀ ਸੈਂਕੜਾ ਲਗਾਇਆ। ਬਰਮਿੰਘਮ ਦੇ ਐਜਬੈਸਟਨ ਗਰਾਊਂਡ ਵਿਖੇ ਭਾਰਤ ਨੇ ਕਦੇ ਵੀ ਮੈਚ ਨਹੀਂ ਜਿੱਤਿਆ ਸੀ। ਲੜੀ ਦੇ ਦੂਜੇ ਮੈਚ ਵਿੱਚ ਭਾਰਤ ਨੇ ਜ਼ਬਰਦਸਤ ਵਾਪਸੀ ਕਰਦਿਆਂ ਮੇਜ਼ਬਾਨ ਟੀਮ ਨੂੰ ਚਾਰੇ ਖਾਨੇ ਚਿੱਤ ਕਰਦਿਆਂ 336 ਦੌੜਾਂ ਦੀ ਰਿਕਾਰਡ ਜਿੱਤ ਨਾਲ ਐਜਬੈਸਟਨ ਵਿਖੇ 58 ਸਾਲਾਂ ਵਿੱਚ ਪਹਿਲੀ ਵਾਰ ਕੋਈ ਮੈਚ ਜਿੱਤਿਆ। ਸ਼ੁਭਮਨ ਦਾ ਬੱਲਾ ਖ਼ੂਬ ਬੋਲਿਆ, ਜਿਸ ਨੇ ਪਹਿਲੀ ਪਾਰੀ ਵਿੱਚ 269 ਤੇ ਦੂਜੀ ਪਾਰੀ ਵਿੱਚ 161 ਦੌੜਾਂ ਬਣਾਈਆਂ। ਕਿਸੇ ਇੱਕ ਮੈਚ ਵਿੱਚ 430 ਦੌੜਾਂ ਨਾਲ ਸ਼ੁਭਮਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਭਾਰਤੀ ਬਣਿਆ। ਅਕਾਸ਼ਦੀਪ ਨੇ 10 ਵਿਕਟਾਂ ਤੇ ਮੁਹੰਮਦ ਸਿਰਾਜ ਨੇ 7 ਵਿਕਟਾਂ ਲਈਆਂ।
ਕ੍ਰਿਕਟ ਦੇ ਮੱਕਾ ਆਖੇ ਜਾਂਦੇ ਲਾਰਡਜ਼ ਵਿਖੇ ਖੇਡੇ ਤੀਜੇ ਟੈਸਟ ਵਿੱਚ ਭਾਰਤੀ ਗੇਂਦਬਾਜ਼ ਇੰਗਲੈਂਡ ਨੂੰ ਵੱਡੇ ਸਕੋਰ ਤੋਂ ਰੋਕਣ ਵਿੱਚ ਕਾਮਯਾਬ ਰਹੇ ਅਤੇ ਜਿੱਤ ਲਈ 193 ਦੌੜਾਂ ਦਾ ਟੀਚਾ ਮਿਲਿਆ। ਭਾਰਤੀ ਟੀਮ ਵੱਲੋਂ ਟੀਚੇ ਦਾ ਪਿੱਛਾ ਕਰਦਿਆਂ ਜਲਦੀ ਵਿਕਟਾਂ ਗੁਆਉਣ ਤੋਂ ਬਾਅਦ ਰਵਿੰਦਰ ਜਡੇਜਾ ਨੇ ਬੁਮਰਾਹ ਤੇ ਸਿਰਾਜ ਨਾਲ ਮਿਲ ਕੇ ਨੌਵੀਂ ਤੇ ਦਸਵੀਂ ਵਿਕਟ ਲਈ ਜ਼ਬਰਦਸਤ ਸੰਘਰਸ਼ ਕੀਤਾ। ਸਿਰਾਜ ਦੇ ਬਿਹਤਰੀਨ ਡਿਫੈਂਸ ਦੇ ਬਾਵਜੂਦ ਗੇਂਦ ਦੇ ਵਾਪਸ ਰਿਵਰਸ ਹੋ ਕੇ ਵਿਕਟਾਂ ਨਾਲ ਟਕਰਾਉਣ ਕਰਕੇ ਭਾਰਤ ਇਹ ਮੈਚ ਸਿਰਫ਼ 22 ਦੌੜਾਂ ਨਾਲ ਹਾਰ ਗਿਆ। ਭਾਰਤ ਦੀ ਹਾਰ ਨਾਲ ਇੰਗਲੈਂਡ 2-1 ਨਾਲ ਅੱਗੇ ਹੋ ਗਿਆ। ਮਾਨਚੈਸਟਰ ਦੇ ਓਲਡ ਟਰੈਫਿਡ ਗਰਾਊਂਡ ਵਿਖੇ ਚੌਥੇ ਟੈਸਟ ਦੇ ਚੌਥੇ ਦਿਨ ਦੁੁਪਹਿਰ ਦੇ ਖਾਣੇ ਤੋਂ ਪਹਿਲਾਂ ਭਾਰਤ ਦੀਆਂ ਦੋ ਵਿਕਟਾਂ ਇੱਕੋ ਓਵਰ ਵਿੱਚ ਡਿੱਗਣ ਕਾਰਨ ਭਾਰਤੀ ਟੀਮ ਅੱਗੇ ਪਾਰੀ ਦੀ ਹਾਰ ਦਾ ਖ਼ਤਰਾ ਸੀ ਅਤੇ ਇੰਗਲੈਂਡ ਦੀ 3-1 ਨਾਲ ਲੀਡ ਯਕੀਨੀ ਜਾਪ ਰਹੀ ਸੀ। ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 669 ਦੌੜਾਂ ਬਣਾਈਆਂ ਸਨ ਅਤੇ ਪਹਿਲੀ ਪਾਰੀ ਵਿੱਚ 311 ਦੌੜਾਂ ਦੀ ਵੱਡੀ ਲੀਡ ਲਈ ਸੀ। ਇਸ ਮੈਚ ਲੜੀ ਵਿੱਚ ਨਵਾਂ ਮੋੜ ਉਦੋਂ ਆਇਆ ਜਦੋਂ ਸ਼ੁਭਮਨ ਗਿੱਲ ਤੇ ਕੇ.ਐਲ.ਰਾਹੁਲ ਨੇ ਤਿੰਨ ਤੋਂ ਵੱਧ ਸੈਸ਼ਨ ਬੱਲੇਬਾਜ਼ੀ ਕੀਤੀ। ਸ਼ੁਭਮਨ ਨੇ 103 ਅਤੇ ਰਾਹੁਲ ਨੇ 90 ਦੌੜਾਂ ਬਣਾਈਆਂ। ਇਸ ਤੋਂ ਬਾਅਦ ਹਰਫਨਮੌਲਾ ਖਿਡਾਰੀ ਵਜੋਂ ਖੇਡ ਰਹੇ ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਨਾਬਾਦ ਸੈਂਕੜੇ ਜੜੇ। ਇੱਕ ਮੌਕੇ ਪਾਰੀ ਦੀ ਜਿੱਤ ਵੱਲ ਵਧ ਰਹੀ ਇੰਗਲੈਂਡ ਟੀਮ ਦੇ ਖਿਡਾਰੀ ਅੰਤ ਵਿੱਚ ਡਰਾਅ ਲਈ ਭਾਰਤ ਨੂੰ ਮੈਚ ਸਮਾਪਤ ਕਰਨ ਲਈ ਬੇਨਤੀ ਕਰਦੇ ਨਜ਼ਰ ਆਏ। ਲੜੀ ਵਿੱਚ ਭਾਰਤੀ ਟੀਮ ਮਨੋਵਿਗਿਆਨਕ ਤੌਰ ਉੱਤੇ ਇੰਗਲੈਂਡ ਉੱਪਰ ਹਾਵੀ ਹੋਈ। ਮੈਚ ਡਰਾਅ ਰਿਹਾ, ਜੋ ਭਾਰਤੀ ਟੀਮ ਲਈ ਜਿੱਤ ਤੋਂ ਘੱਟ ਨਹੀਂ ਸੀ।
ਪੰਜਵਾਂ ਤੇ ਆਖ਼ਰੀ ਮੈਚ ਲੰਡਨ ਦੇ ਓਵਲ ਵਿਖੇ ਖੇਡਿਆ ਗਿਆ। ਭਾਰਤ ਤੇ ਇੰਗਲੈਂਡ ਨੇ ਕਈ ਬਦਲਾਅ ਕੀਤੇ। ਭਾਰਤ ਲਗਾਤਾਰ ਪੰਜਵੇਂ ਮੈਚ ਵਿੱਚ ਟਾਸ ਹਾਰਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ 224 ਉੱਤੇ ਸਿਮਟ ਗਈ। ਸਿਰਫ਼ ਕਰੁਣ ਨਾਇਰ ਨੇ 57 ਦੌੜਾਂ ਹੀ ਬਣਾਈਆਂ। ਪਹਿਲੀ ਵਿਕਟ ਦੇ ਨੁਕਸਾਨ ਉੱਤੇ 100 ਤੋਂ ਵੱਧ ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਵੱਡੇ ਸਕੋਰ ਤੇ ਵੱਡੀ ਲੀਡ ਵੱਲ ਵਧ ਰਿਹਾ ਸੀ। ਪਰ ਫਿਰ ਭਾਰਤ ਨੇ 396 ਦੌੜਾਂ ਬਣਾ ਕੇ ਇੰਗਲੈਂਡ ਅੱਗੇ ਜਿੱਤ ਲਈ 374 ਦੌੜਾਂ ਦਾ ਟੀਚਾ ਰੱਖ ਦਿੱਤਾ। ਔਖਾ ਲੱਗਦਾ ਇਹ ਟੀਚਾ ਉਦੋਂ ਆਸਾਨ ਲੱਗਣ ਲੱਗ ਗਿਆ ਜਦੋਂ ਹੈਰੀ ਬਰੁੱਕ ਤੇ ਜੋਅ ਰੂਟ ਨੇ ਚੌਥੀ ਵਿਕਟ ਲਈ 195 ਦੌੜਾਂ ਦੀ ਸਾਂਝੇਦਾਰੀ ਕਾਇਮ ਕੀਤੀ। ਉਸ ਵੇਲੇ ਹਰ ਕੋਈ ਭਾਰਤ ਦੀ ਹਾਰ ਦੀ ਗੱਲ ਕਰ ਰਿਹਾ ਸੀ। ਦਿਨ ਦੀ ਖੇਡ ਸਮਾਪਤੀ ਤੱਕ ਭਾਰਤ ਨੇ ਬਰੁੱਕ, ਰੂਟ ਤੇ ਬੈਥਲ ਨੂੰ ਆਊਟ ਕਰਕੇ ਵਾਪਸੀ ਦੀ ਸੰਭਾਵਨਾ ਜਗਾ ਦਿੱਤੀ। ਖਰਾਬ ਰੌਸ਼ਨੀ ਕਰਕੇ ਦਿਨ ਦੀ ਖੇਡ ਛੇਤੀ ਸਮਾਪਤ ਹੋ ਗਈ ਅਤੇ ਪੰਜਵਾਂ ਟੈਸਟ ਵੀ ਪੰਜਵੇਂ ਦਿਨ ਵਿੱਚ ਪੁੱਜ ਗਿਆ। ਇਸ ਲੜੀ ਦਾ ਹਰ ਟੈਸਟ ਪੰਜ ਦਿਨ ਚੱਲਿਆ ਜੋ ਟੈਸਟ ਕ੍ਰਿਕਟ ਲਈ ਚੰਗੀ ਖ਼ਬਰ ਹੈ। ਪਹਿਲੀ ਪਾਰੀ ’ਚ ਚਾਰ ਵਿਕਟਾਂ ਲੈਣ ਵਾਲੇ ਮੁਹੰਮਦ ਸਿਰਾਜ ਨੇ ਦੂਜੀ ਪਾਰੀ ਵਿੱਚ ਪੰਜ ਵਿਕਟਾਂ ਲੈ ਕੇ ‘ਮੈਨ ਆਫ ਦਿ ਮੈਚ’ ਪੁਰਸਕਾਰ ਜਿੱਤਿਆ। ਭਾਰਤ ਨੇ ਪਹਿਲੀ ਵਾਰ ਵਿਦੇਸ਼ੀ ਧਰਤੀ ਉੱਤੇ ਪੰਜਵਾਂ ਟੈਸਟ ਮੈਚ ਜਿੱਤਿਆ।
ਭਾਰਤ-ਇੰਗਲੈਂਡ ਲੜੀ ਕਈ ਰਿਕਾਰਡਾਂ ਕਰਕੇ ਜਾਣੀ ਜਾਵੇਗੀ। 2018 ਤੋਂ ਬਾਅਦ ਇੰਗਲੈਂਡ ਭਾਰਤ ਤੋਂ ਕੋਈ ਵੀ ਲੜੀ ਨਹੀਂ ਜਿੱਤਿਆ। ਦੋਵਾਂ ਵਿਚਾਲੇ ਖੇਡੀਆਂ ਚਾਰ ਲੜੀਆਂ ਵਿੱਚ ਭਾਰਤ ਨੇ ਦੋ ਜਿੱਤੀਆਂ ਤੇ ਦੋ ਬਰਾਬਰ ਰਹੀਆਂ। ਇਸ ਲੜੀ ਵਿੱਚ ਭਾਰਤੀ ਕਪਤਾਨ ਸ਼ੁਭਮਨ ਗਿੱਲ 752 ਦੌੜਾਂ ਨਾਲ ਟੌਪ ਸਕੋਰਰ ਰਿਹਾ ਅਤੇ ‘ਮੈਨ ਆਫ ਦਿ ਸੀਰੀਜ਼’ ਵੀ ਰਿਹਾ। ਕੇ.ਐਲ. ਰਾਹੁਲ ਨੇ 532 ਤੇ ਰਵਿੰਦਰ ਜਡੇਜਾ ਨੇ 516 ਦੌੜਾਂ ਬਣਾਈਆਂ ਅਤੇ ਪਹਿਲੀ ਵਾਰ ਕਿਸੇ ਲੜੀ ਵਿੱਚ ਤਿੰਨ ਭਾਰਤੀ ਬੱਲੇਬਾਜ਼ਾਂ ਨੇ 500 ਤੋਂ ਵੱਧ ਦੌੜਾਂ ਬਣਾਈਆਂ। ਮੁਹੰਮਦ ਸਿਰਾਜ 23 ਵਿਕਟਾਂ ਨਾਲ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣਿਆ। ਸਿਰਾਜ ਨੇ ਟੈਸਟ ਵਿੱਚ ਵਿਦੇਸ਼ੀ ਧਰਤੀ ਉੱਤੇ ਇੱਕ ਲੜੀ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਬੁਮਰਾਹ ਦੇ ਰਿਕਾਰਡ ਦੀ ਬਰਾਬਰੀ ਕੀਤੀ। ਸਿਰਾਜ ਨੇ ਆਪਣੀ ਜ਼ਬਰਦਸਤ ਫਿਟਨੈਸ ਦਾ ਪ੍ਰਦਰਸ਼ਨ ਕਰਦਿਆਂ ਜਿੱਥੇ ਪੰਜੇ ਮੈਚ ਖੇਡੇ ਉੱਥੇ 1000 ਤੋਂ ਵੱਧ ਗੇਂਦਾਂ ਵੀ ਸੁੱਟੀਆਂ। ਪੰਜਵੇਂ ਮੈਚ ਦੀ ਦੂਜੀ ਪਾਰੀ ਵਿੱਚ ਉਸ ਨੇ ਇਕੱਲੇ ਨੇ 31 ਓਵਰ ਸੁੱਟੇ। ਅੱਠ-ਅੱਠ ਓਵਰਾਂ ਦੇ ਸਪੈਲ ਆਮ ਸੁੱਟੇ। ਭਾਰਤੀ ਟੀਮ ਨੇ ਕੁੱਲ ਮਿਲਾ ਕੇ ਟੀਮ ਪ੍ਰਦਰਸ਼ਨ ਕੀਤਾ। ਰਿਸ਼ਭ ਪੰਤ ਨੇ 479 ਦੌੜਾਂ ਬਣਾਈਆਂ। ਬੁਮਰਾਹ ਤੇ ਕ੍ਰਿਸ਼ਨਾ ਨੇ 14-14, ਅਕਾਸ਼ਦੀਪ ਨੇ 13 ਵਿਕਟਾਂ ਲਈਆਂ। ਹਰਫਨਮੌਲਾ ਖਿਡਾਰੀ ਜਡੇਜਾ ਨੇ 516 ਦੌੜਾਂ ਬਣਾਈਆਂ ਤੇ ਸੱਤ ਵਿਕਟਾਂ ਲਈਆਂ ਜਦੋਂਕਿ ਵਾਸ਼ਿੰਗਟਨ ਸੁੰਦਰ ਨੇ 284 ਦੌੜਾਂ ਬਣਾਈਆਂ ਅਤੇ ਸੱਤ ਵਿਕਟਾਂ ਲਈਆਂ।
ਭਾਰਤ-ਇੰਗਲੈਂਡ ਲੜੀ ਵਿੱਚ ਭਾਰਤੀ ਖਿਡਾਰੀਆਂ ਨੇ 12 ਸੈਂਕੜੇ ਜੜੇ ਅਤੇ ਦੋਵਾਂ ਟੀਮਾਂ ਵੱਲੋਂ ਮਿਲਾ ਕੇ ਕੁੱਲ 19 ਸੈਂਕੜੇ ਲੱਗੇ ਜੋ ਕਿ ਸਭ ਤੋਂ ਵੱਧ ਸੈਂਕੜੇ ਬਣਾਉਣ ਦੇ ਰਿਕਾਰਡ ਦੀ ਬਰਾਬਰੀ ਹੈ। ਇਸ ਲੜੀ ਵਿੱਚ ਕੁੱਲ 7187 ਦੌੜਾਂ ਬਣੀਆਂ ਜੋ ਕਿ ਦੌੜਾਂ ਦੇ ਹਿਸਾਬ ਨਾਲ ਦੂਜੇ ਨੰਬਰ ਉੱਪਰ ਹੈ। ਇਸ ਲੜੀ ਵਿੱਚ 14 ਵਾਰ ਟੀਮ ਦਾ ਇੱਕ ਪਾਰੀ ਦਾ ਸਕੋਰ 300 ਤੋਂ ਵੱਧ ਬਣਿਆ, ਇਹ ਵੀ ਰਿਕਾਰਡ ਦੀ ਬਰਾਬਰੀ ਹੋਈ। ਪਹਿਲੀ ਵਾਰ 9 ਬੱਲੇਬਾਜ਼ਾਂ ਨੇ 400 ਤੋਂ ਵੱਧ ਦੌੜਾਂ ਬਣਾਈਆਂ। ਇਸ ਲੜੀ ਵਿੱਚ ਭਾਰਤ ਤੇ ਇੰਗਲੈਂਡ ਦੇ ਖਿਡਾਰੀਆਂ ਵਿੱਚ ਮਿੱਠੀ-ਮਿੱਠੀ ਨੋਕ-ਝੋਕ ਆਮ ਦੇਖਣ ਨੂੰ ਮਿਲੀ। ਬੇਨ ਡਕੱਟ, ਜੈਕ ਕ੍ਰਾਅਲੀ ਤੇ ਹੈਰੀ ਬਰੁੱਕ ਨਾਲ ਕਈ ਵਾਰ ਭਾਰਤੀ ਖਿਡਾਰੀ ਖਹਿਬੜੇ। ਲੜੀ ਵਿੱਚ ਸੱਟ ਲੱਗਣ ਦੇ ਬਾਵਜੂਦ ਰਿਸ਼ਭ ਪੰਤ ਤੇ ਕ੍ਰਿਸ ਵੋਕਸ ਨੇ ਪਿੱਚ ਉੱਤੇ ਖੇਡਣ ਲਈ ਉਤਰ ਕੇ ਖ਼ੂਬ ਦਾਦ ਲਈ। ਇਹ ਲੜੀ ਭਾਰਤੀ ਕ੍ਰਿਕਟ ਲਈ ਸ਼ੁਭਮਨ ਗਿੱਲ ਦੀ ਕਪਤਾਨੀ ਦਾ ਸ਼ੁਭ ਆਰੰਭ ਆਖੀ ਜਾਵੇਗੀ, ਜਿਸ ਵਿੱਚ ਨਵੀਂ ਨਕੋਰ ਟੀਮ ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਦਿਲ ਜਿੱਤੇ। ਸਾਈ ਸੁਦਰਸ਼ਨ, ਕਰੁਣ ਨਾਇਰ, ਨਿਤਿਸ਼ ਰੈਡੀ, ਸ਼ਾਰਦੁਲ ਠਾਕੁਰ ਉੱਪਰ ਜ਼ਰੂਰ ਥੋੜ੍ਹੀਆਂ ਉਂਗਲਾਂ ਉੱਠੀਆਂ। ਅਰਸ਼ਦੀਪ ਸਿੰਘ ਤੇ ਕੁਲਦੀਪ ਯਾਦਵ ਨੂੰ ਮੌਕਾ ਨਾ ਦੇਣ ਕਰਕੇ ਕੋਚ ਗੌਤਮ ਗੰਭੀਰ ਦੀ ਆਲੋਚਨਾ ਵੀ ਹੋਈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਇਸ ਪਹਿਲੀ ਲੜੀ ਦੀ ਭਾਰਤ ਨੇ ਚੰਗੀ ਸ਼ੁਰੂਆਤ ਕਰ ਦਿੱਤੀ ਹੈ। ਫਾਈਨਲ ਵਿੱਚ ਪੁੱਜਣ ਲਈ ਭਾਰਤੀ ਟੀਮ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਘਰੇਲੂ ਲੜੀ ਲਈ ਹੁਣੇ ਤੋਂ ਤਿਆਰੀ ਕਸਣੀ ਪਵੇਗੀ। ਬੁਮਰਾਹ ਦੇ ਬਦਲ ਵਜੋਂ ਮੁਹੰਮਦ ਸ਼ੰਮੀ ਅਤੇ ਮੱਧਕ੍ਰਮ ਦੇ ਠੋਸ ਬੱਲੇਬਾਜ਼ ਵਜੋਂ ਸ਼੍ਰੇਅਸ ਅਈਅਰ ਨੂੰ ਮੌਕਾ ਦੇਣਾ ਪਵੇਗਾ।
ਸੰਪਰਕ: 97800-36216