ਭਾਰਤ ਦੀ ਪਛਾਣ ਅਤੇ ਜ਼ੁਬਾਨ ਦੂਰਦਰਸ਼ਨ
ਭਾਰਤ ਦਾ ਸਭ ਤੋਂ ਵੱਡਾ ਪਬਲਿਕ ਬ੍ਰਾਡਕਾਸਟਰ ਟੈਲੀਵਿਜ਼ਨ ਚੈਨਲ ਦੂਰਦਰਸ਼ਨ ਅਜੇ ਵੀ ਭਾਰਤ ਦੀ 140 ਕਰੋੜ ਵਸੋਂ ਲਈ ਭਾਰਤ ਦੀ ਆਪਣੀ ਜ਼ੁਬਾਨ ਅਤੇ ਵਿਸ਼ੇਸ਼ ਪਛਾਣ ਵਾਲਾ ਚਿਹਰਾ ਹੈ। ਵਿਦੇਸ਼ੀ ਅਤੇ ਦੇਸੀ ਚੈਨਲਾਂ ਦੀ ਭੀੜ ਵਿੱਚ, ਕਮਰਸ਼ੀਅਲ ਚਕਾਚੌਂਧ ਅਤੇ ਸਮੱਗਰੀ (ਕੰਟੈਂਟ) ਦੀ ਆਧੁਨਿਕ ਵਿਭਿੰਨਤਾ ਕਾਰਨ ਇਸ ਦਾ ਜਲਵਾ ਭਾਵੇਂ ਕੁਝ ਘਟਿਆ ਹੈ, ਫਿਰ ਵੀ 140 ਕਰੋੜ ਲੋਕਾਂ ਦੇ ਵਿੱਚੋਂ 125 ਕਰੋੜ ਤੋਂ ਜ਼ਿਆਦਾ ਲੋਕ ਸਿੱਧੇ ਰੂਪ ਵਿੱਚ ਅਜੇ ਵੀ ਭਾਰਤ ਦੇ ਇਸ ਨੈਸ਼ਨਲ ਟੈਲੀਕਾਸਟ ਦੀ ਜ਼ੁਬਾਨ ਅਤੇ ਪ੍ਰਸਾਰਨ ’ਤੇ ਭਰੋਸਾ ਰੱਖਦੇ ਹਨ। ਇਹੀ ਰਾਸ਼ਟਰੀ ਪਛਾਣ ਵਾਲੇ ਕਿਸੇ ਚੈਨਲ ਦੀ ਵੱਡੀ ਪਛਾਣ ਅਤੇ ਭਰੋਸੇਯੋਗਤਾ ਦੀ ਨਿਸ਼ਾਨੀ ਹੈ।
ਭਾਰਤੀ ਟੈਲੀਵਿਜ਼ਨ ਦੂਰਦਰਸ਼ਨ ਦੀ ਇਹ ਯਾਤਰਾ 15 ਸਤੰਬਰ 1959 ਤੋਂ ਸ਼ੁਰੂ ਹੋਈ। 15 ਸਤੰਬਰ ਵਾਲੇ ਦਿਨ ਦੂਰਦਰਸ਼ਨ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਇਹ ਉਹ ਦਿਨ ਹੈ, ਜਦੋਂ 1959 ਵਿੱਚ ਦਿੱਲੀ ਵਿੱਚ ਆਲ ਇੰਡੀਆ ਰੇਡੀਓ ਅਧੀਨ ਪ੍ਰਯੋਗ ਦੇ ਰੂਪ ਵਿੱਚ ਟੈਲੀਵਿਜ਼ਨ ਪ੍ਰਸਾਰਨ ਸ਼ੁਰੂ ਹੋਇਆ ਸੀ। ਉਸ ਵੇਲੇ ਦੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ ਇਸ ਦਾ ਉਦਘਾਟਨ ਕੀਤਾ। ਉਸ ਸਮੇਂ ਇਹ ਮਾਮੂਲੀ ਜਿਹਾ ਪ੍ਰਯੋਗ ਸੀ, ਜਿਸ ਵਿੱਚ ਛੋਟੇ ਜਿਹੇ ਸਟੂਡੀਓ ਤੋਂ ਪ੍ਰਸਾਰਨ ਕੀਤਾ ਜਾਂਦਾ ਸੀ ਅਤੇ ਇਸ ਨੂੰ ਸਿਰਫ਼ ਦਿੱਲੀ ਵਿੱਚ ਹੀ ਦੇਖਿਆ ਜਾ ਸਕਦਾ ਸੀ। ਅੱਜ 66 ਸਾਲਾਂ ਬਾਅਦ ਦੂਰਦਰਸ਼ਨ ਭਾਰਤ ਦੇ ਨਹੀਂ ਨਹੀਂ ਬਲਕਿ ਸੰਸਾਰ ਦੇ ਸਭ ਤੋਂ ਵੱਡੇ ਪਬਲਿਕ ਬ੍ਰਾਡਕਾਸਟਰ ਵਜੋਂ ਉੱਭਰਿਆ ਹੈ, ਜਿਸ ਨੇ ਨਾ ਸਿਰਫ਼ ਮਨੋਰੰਜਨ ਮੁਹੱਈਆ ਕੀਤਾ, ਬਲਕਿ ਭਾਰਤੀ ਸਮਾਜ ਨੂੰ ਨਵੀਂ ਦਿਸ਼ਾ ਵੀ ਦਿੱਤੀ।
ਦੂਰਦਰਸ਼ਨ ਦੀ ਇਸ ਯਾਤਰਾ, ਇਸ ਦੇ ਸਮਾਜਿਕ ਪ੍ਰਭਾਵਾਂ, ਵਿਸ਼ੇਸ਼ ਫਿਲਮਾਂ ਤੇ ਸੀਰੀਅਲਾਂ ਅਤੇ ਅੱਜ ਦੀ ਸਥਿਤੀ ਦਾ ਆਪਣਾ ਜਲਵਾ ਹੈ। ਇਸ ਦੀ ਸ਼ੁਰੂਆਤ ਅਤੇ ਵਿਕਾਸ ਦੀ ਲੰਮੀ ਪ੍ਰਸਾਰਨ ਯਾਤਰਾ ਦਾ ਆਪਣਾ ਤੇ ਨਿਵੇਕਲਾ ਅਧਿਆਇ ਹੈ।
ਦੂਰਦਰਸ਼ਨ ਦੀ ਸ਼ੁਰੂਆਤ ਇਕ ਯੂਰੋਪੀਅਨ ਕੰਪਨੀ ਤੋਂ ਉਪਕਰਨ ਲੈ ਕੇ ਦਿੱਲੀ ਵਿੱਚ ਪ੍ਰਯੋਗ ਵਜੋਂ ਹੋਈ। ਇਹ ਟੈਲੀਵਿਜ਼ਨ ਇੰਡੀਆ ਵਜੋਂ ਜਾਣਿਆ ਜਾਂਦਾ ਸੀ ਅਤੇ ਇਸ ਨੂੰ 1965 ਵਿੱਚ ਨਿਯਮਤ ਸੇਵਾ ਵਜੋਂ ਬਦਲ ਦਿੱਤਾ ਗਿਆ। 1976 ਵਿੱਚ ਇਸ ਨੂੰ ਆਲ ਇੰਡੀਆ ਰੇਡੀਓ ਤੋਂ ਵੱਖ ਕੀਤਾ ਗਿਆ ਅਤੇ ਵੱਖਰੇ ਵਿਭਾਗ ਵਜੋਂ ਸਥਾਪਤ ਕੀਤਾ ਗਿਆ। 1982 ਵਿੱਚ ਏਸ਼ਿਆਈ ਖੇਡਾਂ ਨਾਲ ਰੰਗੀਨ ਪ੍ਰਸਾਰਨ ਸ਼ੁਰੂ ਹੋਇਆ, ਜਿਸ ਨੇ ਦੂਰਦਰਸ਼ਨ ਨੂੰ ਘਰ-ਘਰ ਤੱਕ ਪਹੁੰਚਾਇਆ। ਅੱਜ ਦੂਰਦਰਸ਼ਨ ਕੋਲ 35 ਸੈਟੇਲਾਈਟ ਚੈਨਲ ਹਨ, ਜਿਨ੍ਹਾਂ ਵਿੱਚੋਂ 6 ਆਲ ਇੰਡੀਆ ਅਤੇ 22 ਰੀਜਨਲ ਚੈਨਲ ਹਨ। ਹੁਣ ਇਹ ਪ੍ਰਸਾਰ ਭਾਰਤੀ ਨਿਗਮ ਅਧੀਨ ਆਉਂਦਾ ਹੈ ਅਤੇ ਪੂਰੇ ਭਾਰਤ ਵਿੱਚ ਫੈਲਿਆ ਹੋਇਆ ਹੈ; ਖਾਸ ਕਰ ਕੇ ਪੇਂਡੂ ਖੇਤਰਾਂ ਵਿੱਚ, ਜਿੱਥੇ ਇਹ ਅਜੇ ਵੀ ਮੁੱਖ ਮੀਡੀਆ ਸਰੋਤ ਹੈ।
ਭਾਰਤ ਵਰਗੇ ਦੇਸ਼ ਵਿੱਚ ਦੂਰਦਰਸ਼ਨ ਦਾ ਯੋਗਦਾਨ ਸਮਾਜਿਕ ਜਾਗ੍ਰਿਤੀ, ਸਿਹਤ, ਖੇਤੀ ਅਤੇ ਸਮਾਜ ਵਿਚ ਬਹੁਤ ਵੱਡਾ ਹੈ। ਇਸ ਨੇ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਹੈ। ਉਦਾਹਰਨ ਵਜੋਂ, 1966 ਵਿੱਚ ‘ਕ੍ਰਿਸ਼ੀ ਦਰਸ਼ਨ’ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਜਿਸ ਨੇ ਕਿਸਾਨਾਂ ਨੂੰ ਖੇਤੀਬਾੜੀ ਦੀ ਜਾਣਕਾਰੀ ਦਿੱਤੀ ਅਤੇ ਪੇਂਡੂ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਪ੍ਰੋਗਰਾਮ ਨੇ ਕੇਰਲ ਵਰਗੇ ਰਾਜਾਂ ਵਿੱਚ ਗਵਰਨੈਂਸ ਅਤੇ ਖੇਤੀ ਨੂੰ ਸੁਧਾਰਨ ਵਿੱਚ ਮਦਦ ਕੀਤੀ। ਸਿਹਤ ਦੇ ਖੇਤਰ ਵਿੱਚ ਦੂਰਦਰਸ਼ਨ ਨੇ ਲਿੰਗ ਭੇਦਭਾਵ, ਬਾਲ ਵਿਆਹ ਅਤੇ ਸਿਹਤ ਸਬੰਧੀ ਮੁੱਦਿਆਂ ਬਾਰੇ ਜਾਗਰੂਕਤਾ ਫੈਲਾਈ; ਜਿਵੇਂ ‘ਮੈਂ ਕੁਛ ਵੀ ਕਰ ਸਕਤੀ ਹਾਂ’ ਵਰਗੇ ਸ਼ੋਆਂ ਰਾਹੀਂ। ਸਮਾਜਿਕ ਤਬਦੀਲੀ ਵਿੱਚ ਇਸ ਨੇ ਸਿੱਖਿਆ, ਜਨਤਕ ਸਿਹਤ ਅਤੇ ਦਿਹਾਤੀ ਵਿਕਾਸ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਨਾਲ ਨਵੇਂ ਭਾਰਤੀ ਸਮਾਜ ਨੂੰ ਪ੍ਰੇਰਨਾ ਮਿਲੀ ਹੈ। ਪੂਰੇ ਭਾਰਤ ਵਿੱਚ, ਖਾਸ ਕਰ ਕੇ ਉੱਤਰ ਭਾਰਤ, ਦੱਖਣੀ ਤੇ ਪੂਰਬੀ ਰਾਜਾਂ ਵਿੱਚ, ਇਸ ਨੇ ਸਮਾਜਿਕ ਤਬਦੀਲੀਆਂ ਲਿਆਂਦੀਆਂ; ਜਿਵੇਂ ਦਿਹਾਤੀ ਕਾਰੋਬਾਰ ਨੂੰ ਪਲੈਟਫਾਰਮ ਮੁਹੱਈਆ ਕਰ ਕੇ। ਇਸ ਨੇ ਭਾਰਤ ਨੂੰ ਨਵੇਂ ਸਮਾਜ ਦੀ ਸਿਰਜਣਾ ਵੱਲ ਲਿਜਾਇਆ ਗਿਆ ਜਿੱਥੇ ਜਾਗਰੂਕਤਾ ਅਤੇ ਵਿਕਾਸ ਮੁੱਖ ਹਨ।
ਦੂਰਦਰਸ਼ਨ ਨੇ ਆਪਣੇ ਵਿਸ਼ੇਸ਼ ਸੀਰੀਅਲਾਂ ਰਾਹੀਂ ਭਾਰਤ ਨੂੰ ਇਕ ਮਾਲਾ ਵਿੱਚ ਪਰੋਇਆ; ਵਿਸ਼ੇਸ਼ ਕਰ ਕੇ ਫਿਲਮਾਂ ਤੇ ਸੀਰੀਅਲਾਂ ਰਾਹੀਂ। ਇਨ੍ਹਾਂ ਦੇ ਪ੍ਰਸਾਰਨ ਵੇਲੇ ਟੈਲੀਵਿਜ਼ਨ ਅੱਗੇ ਭੀੜ ਖੜ੍ਹੀ ਹੋ ਜਾਂਦੀ ਸੀ। ਇਸ ਨੇ ਬਹੁਤ ਸਾਰੀਆਂ ਵਿਸ਼ੇਸ਼ ਫਿਲਮਾਂ ਅਤੇ ਸੀਰੀਅਲ ਪ੍ਰਸਾਰਿਤ ਕੀਤੇ ਜਿਨ੍ਹਾਂ ਨੇ ਭਾਰਤੀ ਜਨਤਾ ਨੂੰ ਇਕੱਠਾ ਕੀਤਾ ਹੈ। ਵਿਸ਼ੇਸ਼ ਫਿਲਮਾਂ ਵਿੱਚ ਕੌਮੀ ਅਤੇ ਕੌਮਾਂਤਰੀ ਫਿਲਮਾਂ ਸ਼ਾਮਲ ਹਨ। ਕਈ ਸੀਰੀਅਲਾਂ ਨੇ ਇਤਿਹਾਸ ਰਚਿਆ। ‘ਰਾਮਾਇਣ’ (1987) ਨੇ ਸਭ ਤੋਂ ਵੱਧ ਟੀਆਰਪੀ ਹਾਸਲ ਕੀਤੀ; ਇਸ ਦੇ ਇੱਕ ਐਪੀਸੋਡ ਨੂੰ 8 ਕਰੋੜ ਲੋਕ ਦੇਖਦੇ ਸਨ, ਜਿਸ ਕਾਰਨ ਗਲੀਆਂ ਸੁੰਨੀਆਂ ਹੋ ਜਾਂਦੀਆਂ ਸਨ। ਇਸੇ ਤਰ੍ਹਾਂ ‘ਮਹਾਭਾਰਤ’, ‘ਹਮ ਲੋਗ’ (1984), ‘ਬੁਨਿਆਦ’, ‘ਚਾਣਕਿਆ’ ਅਤੇ ‘ਵਿਕਰਮ ਔਰ ਬੇਤਾਲ’ ਵਰਗੇ ਸੀਰੀਅਲਾਂ ਨੇ ਵੱਡੀ ਭੀੜ ਖਿੱਚੀ। ‘ਚਾਣਕਿਆ’ ਸੀਰੀਅਲ ਨੇ ਰਾਜਨੀਤੀ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ, ਜਦਕਿ ‘ਮਾਲਗੁੜੀ ਡੇਜ’ ਅਤੇ ‘ਸ੍ਰੀਮਾਨ ਸ੍ਰੀਮਤੀ’ ਵਰਗੇ ਪ੍ਰੋਗਰਾਮਾਂ ਨੇ ਮਨੋਰੰਜਨ ਨਾਲ ਸਿੱਖਿਆ ਵੀ ਦਿੱਤੀ। ਇਨ੍ਹਾਂ ਸੀਰੀਅਲਾਂ ਨੇ ਪੂਰੇ ਭਾਰਤ ਵਿੱਚ ਏਕਤਾ ਪੈਦਾ ਕੀਤੀ। ਇਨ੍ਹਾਂ ਨੇ ਨਵੇਂ ਭਾਰਤੀ ਸਮਾਜ ਨੂੰ ਨੈਤਿਕ ਮੁੱਲ ਅਤੇ ਸੱਭਿਆਚਾਰ ਨਾਲ ਜੋੜਿਆ।
ਅੱਜ ਪੂਰੇ ਭਾਰਤ ਵਿੱਚ ਦੂਰਦਰਸ਼ਨ ਦੀ ਸਥਿਤੀ ਕੁਝ ਬਦਲ ਗਈ ਹੈ। ਅੱਜ ਚੈਨਲਾਂ ਦੀ ਭਰਮਾਰ ਵਿੱਚ ਭਾਵੇਂ ਇਸ ਦਾ ਜਲਵਾ ਕੁਝ ਘਟ ਗਿਆ ਹੈ, ਪਰ ਭਰੋਸੇਯੋਗਤਾ ਕਾਇਮ ਹੈ। ਅੱਜ ਵੀ ਦੂਰਦਰਸ਼ਨ ਭਾਰਤ ਦਾ ਮੁੱਖ ਪਬਲਿਕ ਬ੍ਰਾਡਕਾਸਟਰ ਹੈ, ਪਰ ਇਸ ਨੂੰ ਪ੍ਰਾਈਵੇਟ ਚੈਨਲਾਂ ਅਤੇ ਓਟੀਟੀ ਪਲੈਟਫਾਰਮਾਂ ਨਾਲ ਸਖ਼ਤ ਮੁਕਾਬਲਾ ਕਰਨਾ ਪੈ ਰਿਹਾ ਹੈ। 2024 ਵਿੱਚ ਇਸ ਦੇ ਦਰਸ਼ਕਾਂ ਦੀ ਗਿਣਤੀ ਵਿੱਚ ਕਮੀ ਆਈ ਹੈ ਅਤੇ ਇਹ 65.64 ਕਰੋੜ ਰਹਿ ਗਈ ਹੈ, ਜੋ 2022 ਵਿੱਚ 72.40 ਕਰੋੜ ਸੀ। ਸਟਾਫ ਦੀ ਘਾਟ ਵੀ ਵੱਡੀ ਸਮੱਸਿਆ ਹੈ। ਫਿਰ ਵੀ ਇਸ ਦਾ ਫ੍ਰੀ ਡਿਸ਼ ਪਲੈਟਫਾਰਮ 92 ਪ੍ਰਾਈਵੇਟ ਚੈਨਲਾਂ ਅਤੇ 50 ਡੀਡੀ ਚੈਨਲਾਂ ਨਾਲ ਰੀਜਨਲ ਭਾਸ਼ਾਵਾਂ ਵਿੱਚ ਕੰਟੈਂਟ ਮੁਹੱਈਆ ਕਰ ਰਿਹਾ ਹੈ।
ਪੂਰੇ ਭਾਰਤ ਵਿੱਚ, ਉੱਤਰ ਵਿੱਚ ਡੀਡੀ ਨੈਸ਼ਨਲ, ਦੱਖਣ ਵਿੱਚ ਰੀਜਨਲ ਚੈਨਲ ਜਿਵੇਂ ਡੀਡੀ ਚੰਦਨਾ ਅਤੇ ਪੂਰਬ ਵਿੱਚ ਡੀਡੀ ਨਿਊਜ਼ ਵਰਗੇ ਚੈਨਲ ਅਜੇ ਵੀ ਪ੍ਰਸਿੱਧ ਹਨ। ਇਹ ਸਰਕਾਰੀ ਸਕੀਮਾਂ, ਨਿਊਜ਼ ਅਤੇ ਸਿੱਖਿਆ ਨੂੰ ਪੇਂਡੂ ਖੇਤਰਾਂ ਤੱਕ ਪਹੁੰਚਾਉਂਦਾ ਹੈ। ਉਂਝ, ਇਹ ਡਿਜੀਟਲ ਵਿਸਥਾਰ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਲਈ ਸੰਘਰਸ਼ ਕਰ ਰਿਹਾ ਹੈ।
2025 ਵਿੱਚ ਇਸ ਦਾ 66ਵਾਂ ਸਥਾਪਨਾ ਦਿਵਸ ‘ਸ਼ਬਦਾਂਜਲੀ’ ਵਰਗੇ ਪ੍ਰੋਗਰਾਮਾਂ ਨਾਲ ਮਨਾਇਆ ਜਾ ਰਿਹਾ ਹੈ। ਦੂਰਦਰਸ਼ਨ ਨੇ ਭਾਰਤ ਨੂੰ ਨਾ ਸਿਰਫ਼ ਮਨੋਰੰਜਨ ਦਿੱਤਾ ਬਲਕਿ ਨਵੇਂ ਸਮਾਜ ਵੱਲ ਪ੍ਰੇਰਿਤ ਵੀ ਕੀਤਾ। ਅੱਜ ਵੀ ਇਹ ਭਾਰਤੀ ਏਕਤਾ ਅਤੇ ਵਿਕਾਸ ਦਾ ਪ੍ਰਤੀਕ ਹੈ, ਭਾਵੇਂ ਚੁਣੌਤੀਆਂ ਸਾਹਮਣੇ ਹਨ। ਅਜੇ ਵੀ ਇਹ ਭਾਰਤੀ ਲੋਕ ਮਨਾਂ ਦੀ ਪਛਾਣ ਹੈ।
*ਲੇਖਕ ਉੱਘੇ ਬ੍ਰਾਡਕਾਸਟਰ ਤੇ ਦੂਰਦਰਸ਼ਨ ਦੇ ਉਪ ਮਹਾਨਿਰਦੇਸ਼ਕ ਰਹੇ ਹਨ।
ਸੰਪਰਕ: 94787-30156