ਔਖੀ ਘਾਟੀ ਮੁਸ਼ਕਿਲ ਪੈਂਡਾ
ਮੇਰੀ ਵਿਭਾਗੀ ਤਰੱਕੀ ਫਰਵਰੀ 2010 ਵਿੱਚ ਹੋਈ। ਇਸ ਤੋਂ ਪਹਿਲਾਂ ਦੇ ਆਪਣੇ ਅਧਿਆਪਨ ਸਫ਼ਰ ਨੂੰ ਸੁਹਾਵਣੇ ਸਫ਼ਰ ਵਜੋਂ ਦੇਖਦਾ ਹਾਂ, ਜਿਸ ਨੇ ਮੈਨੂੰ ਸਮਾਜਿਕ ਅਤੇ ਆਰਥਿਕ ਤੌਰ ’ਤੇ ਜਿਊਣ ਜੋਗਾ ਹੋਣ ਦੇ ਯੋਗ ਬਣਾਇਆ। ਆਪਣੇ ਅਧਿਆਪਨ ਸਫ਼ਰ ਦੀ ਸ਼ੁਰੂਆਤ (ਦਸੰਬਰ 1976) ਤੋਂ ਹੀ ਮੈਂ ਆਪਣੇ ਕੰਮ ਨੂੰ ਕੇਵਲ ਆਪਣੇ ਜਿ਼ੰਮੇ ਲੱਗੇ ਕੰਮ ਤੱਕ ਹੀ ਸੀਮਤ ਨਹੀਂ ਰੱਖਿਆ। ਹੁਣ ਜਦੋਂ ਸੇਵਾ ਮੁਕਤੀ ਵਾਲਾ ਜੀਵਨ ਬਸਰ ਕਰ ਰਿਹਾ ਹਾਂ ਤਾਂ ਇਸ ਸਫ਼ਰ ਦਾ ਵਿਸ਼ਲੇਸ਼ਣ ਕਰਨ ਲੱਗ ਪੈਂਦਾ ਹਾਂ।
ਜਿਵੇਂ ਹੀ ਵਿਭਾਗੀ ਤਰੱਕੀ ਬਤੌਰ ਪ੍ਰਿੰਸੀਪਲ ਹੋਈ, ਚੁਣੌਤੀਆਂ ਦਾ ਮੂੰਹ ਖੁੱਲ੍ਹ ਗਿਆ। ਪਹਿਲੀਆਂ ’ਚ ਇਹ ਸਕਾਰਾਤਮਿਕ ਸਨ ਜਿਹੜੀਆਂ ਸੁਫਨੇ ਸਾਕਾਰ ਕਰਨ ਲਈ ਆਖਦੀਆਂ ਪਰ ਕੁਝ ਸਮੇਂ ਬਾਅਦ ਇਨ੍ਹਾਂ ਵਿਚ ਨਕਾਰਾਤਮਿਕ ਚੁਣੌਤੀਆਂ ਦਾ ਰਲੇਵਾਂ ਸ਼ੁਰੂ ਹੋ ਗਿਆ ਤੇ ਨਕਾਰਾਤਮਿਕ ਚੁਣੌਤੀਆਂ ਨੇ ਸਕਾਰਾਤਮਿਕ ਚੁਣੌਤੀਆਂ ਦੇ ਰਾਹ ’ਚ ਅੜਿੱਕੇ ਡਾਹੁਣੇ ਸ਼ੁਰੂ ਕਰ ਦਿੱਤੇ ਤੇ ਜੂਨ 2017 ਤੱਕ ਮੇਰੇ ਸੇਵਾ ਮੁਕਤ ਹੋਣ ਤੱਕ ਪਿੱਛਾ ਨਹੀਂ ਛੱਡਿਆ। ਇਨ੍ਹਾਂ ਨੇ ਮੇਰੇ ਸਫ਼ਰ ਨੂੰ ਔਖੀ ਘਾਟੀ ਅਤੇ ਪੈਂਡੇ ਨੂੰ ਮੁਸ਼ਕਿਲਾਂ ਭਰਿਆ ਬਣਾਈ ਰੱਖਿਆ।
ਮੇਰੇ ਸਕੂਲ ਦੀ ਬਹੁਤ ਹੀ ਮਿਹਨਤੀ ਅਧਿਆਪਕਾ ਪਰਮਜੀਤ ਕੌਰ ਈਕੋ ਕਲੱਬ ਦੀ ਇੰਚਾਰਜ ਵੀ ਸੀ। ਇਸ ਕਲੱਬ ਵਿਚ ਵਿਦਿਆਰਥੀਆਂ ਨੂੰ ਜਿ਼ੰਮੇਵਾਰ ਬਣਾਉਂਦਿਆਂ ਕੁਝ ਟੀਚੇ ਦਿੱਤੇ ਜਾਂਦੇ ਹਨ। ਇਨ੍ਹਾਂ ਟੀਚਿਆਂ ਵਿੱਚ ਸਕੂਲ ਵਿੱਚ ਪੌਦੇ ਲਗਾਉਣੇ, ਇਨ੍ਹਾਂ ਦੀ ਸਾਂਭ-ਸੰਭਾਲ ਕਰਨੀ, ਪ੍ਰਦੂਸ਼ਣ ਦੇ ਫ਼ੈਲਣ ਤੋਂ ਬਚਾਉਣ ਲਈ ਸਰਗਰਮੀ ਕਰਨੀ ਵਰਗੇ ਕੰਮ ਹੁੰਦੇ ਹਨ। ਸਰਕਾਰ ਇਨ੍ਹਾਂ ਸਰਗਰਮੀਆਂ ਵਾਸਤੇ ਨਾ-ਮਾਤਰ ਜਿਹੀ ਗ੍ਰਾਂਟ ਵੀ ਦਿੰਦੀ ਹੈ। ਲੋੜ ਪੈਣ ’ਤੇ ਪਰਮਜੀਤ ਕੌਰ ਆਪਣੀ ਜੇਬ ਵਿੱਚੋਂ ਵੀ ਖ਼ਰਚਾ ਕਰ ਦਿੰਦੀ ਸੀ। ਇਕ ਦਿਨ ਕਲੱਬ ਦੀ ਸਰਗਰਮੀ ਤਹਿਤ ਉਹਨੇ ਈਕੋ ਪਲਾਟ ਦੀ ਸਫ਼ਾਈ ਸ਼ੁਰੂ ਕਰ ਦਿੱਤੀ ਤਾਂ ਜੋ ਦੇਖਿਆ ਜਾ ਸਕੇ ਕਿ ਇੱਥੇ ਹੋਰ ਕਿਹੜੇ ਪੌਦੇ ਲਾਏ ਜਾ ਸਕਦੇ ਹਨ ਪਰ ਪਹਿਲਾਂ ਹੀ ਅੜਿੱਕਾ ਪਾਉਣ ਦਾ ਉਪਰਾਲਾ ਸ਼ੁਰੂ ਹੋ ਗਿਆ। ਬੱਚਿਆਂ ਤੋਂ ਸਫ਼ਾਈ ਕਰਵਾਉਣ ਨੂੰ ਮੁੱਦਾ ਬਣਾ ਕੇ ਗੱਲ ਜ਼ਿਲ੍ਹਾ ਸਿੱਖਿਆ ਅਫਸਰ ਤੱਕ ਪੁੱਜਦੀ ਕਰ ਦਿੱਤੀ ਗਈ।
ਜ਼ਿਲ੍ਹਾ ਸਿੱਖਿਆ ਅਫਸਰ ਦੀ ਕਿਸੇ ਕਾਰਵਾਈ ਤੋਂ ਪਹਿਲਾਂ ਹੀ ਪਰਮਜੀਤ ਕੌਰ ਮੇਰੇ ਕੋਲ ਆਉਂਦੀ ਹੈ। ਉਹਦਾ ਚਿਹਰਾ ਸਹਿਜ ਸੀ ਅਤੇ ਉਹ ਕਿਸੇ ਤਰ੍ਹਾਂ ਦੀ ਘਬਰਾਹਟ ਵਿੱਚ ਵੀ ਨਹੀਂ ਸੀ, “ਸਰ, ... (ਸਕੂਲ ਦੇ ਇਕ ਅਧਿਆਪਕ ਦਾ ਨਾਂ ਲੈ ਕੇ) ਨੇ ਸਾਨੂੰ ਕੰਮ ਕਰਦਿਆਂ ਨੂੰ ਦੇਖਿਆ ਹੈ; ਲੱਗਦੈ, ਕੋਈ ਕਾਰਵਾਈ ਕੀਤੀ ਜਾਵੇਗੀ।” “ਕੋਈ ਗੱਲ ਨਹੀਂ।... ਘਬਰਾਹੁਣ ਦੀ ਲੋੜ ਨਹੀਂ, ਤੁਸੀਂ ਆਪਣਾ ਕੰਮ ਜਾਰੀ ਰੱਖੋ।”
ਅਜੇ ਪਰਮਜੀਤ ਕੌਰ ਮੇਰੇ ਕੋਲ ਹੀ ਸੀ ਕਿ ਜ਼ਿਲ੍ਹਾ ਸਿੱਖਿਆ ਅਫਸਰ ਦੇ ਨਿੱਜੀ ਫੋਨ ਤੋਂ ਮੇਰੇ ਫੋਨ ’ਤੇ ਕਾਲ ਆਉਂਦੀ ਹੈ, “ਤੁਸੀਂ ਬੱਚਿਆਂ ਤੋਂ ਸਫ਼ਾਈ ਦਾ ਕੰਮ ਕਰਵਾ ਰਹੇ ਹੋ? ਇਹ ਗ਼ੈਰ-ਕਾਨੂੰਨੀ ਹੈ। ਮੇਰੇ ਕੋਲ ਪੱਤਰਕਾਰ ਵੀ ਖੜ੍ਹੇ ਹਨ।” “ਸਰ, ਅਸੀਂ ਤਾਂ ਸਰਕਾਰੀ ਹੁਕਮਾਂ ਦੀ ਪਾਲਣਾ ਵਿੱਚ ਕੰਮ ਕਰ ਰਹੇ ਹਾਂ। ਸਕੂਲ ਦੀ ਅਧਿਆਪਕਾ ਬੱਚਿਆਂ ਦੇ ਨਾਲ ਹੈ ਤੇ ਉਹਨੇ ਬਾਕਾਇਦਾ ਰਜਿਸਟਰ ’ਚ ਮਤਾ ਪਾ ਕੇ ਕੰਮ ਸ਼ੁਰੂ ਕਰਵਾਇਆ ਹੈ।” ਮੈਂ ਜਵਾਬ ਤਾਂ ਦਿੱਤਾ ਪਰ ਗੱਲ ਪੂਰੀ ਤਰ੍ਹਾਂ ਸਪਸ਼ਟ ਨਹੀਂ ਕੀਤੀ। “ਅਜਿਹੇ ਕਿਹੜੇ ਸਰਕਾਰੀ ਹੁਕਮ ਹਨ ਜਿਨ੍ਹਾਂ ਤਹਿਤ ਤੁਸੀਂ ਬੱਚਿਆਂ ਤੋਂ ਸਫ਼ਾਈ ਕਰਵਾ ਰਹੇ ਹੋ?” ਜ਼ਿਲ੍ਹਾ ਸਿੱਖਿਆ ਅਫਸਰ ਦਾ ਮੋੜਵਾਂ ਸਵਾਲ ਆ ਜਾਂਦਾ ਹੈ। “ਸਰ, ਤੁਸੀਂ ਆਪ ਆ ਕੇ ਦੇਖ ਲਵੋ ਜਾਂ ਫਿਰ ਆਪਣੇ ਕਿਸੇ ਨੁਮਾਇੰਦੇ ਨੂੰ ਭੇਜ ਕੇ ਦੇਖਣ ਲਈ ਆਖ ਦੇਵੋ।” ਗੱਲ ਮੈਂ ਅਜੇ ਵੀ ਗੋਲ-ਮੋਲ ਰੱਖਦਾ ਹਾਂ। “ਪਰ ਤੁਸੀਂ ਕੰਮ ਬੰਦ ਕਰ ਦੇਵੋ। ਨਹੀਂ ਤਾਂ ਤੁਹਾਡੇ ਵਿਰੁੱਧ ਕਾਰਵਾਈ ਹੋ ਸਕਦੀ।” ਸਿੱਖਿਆ ਅਫਸਰ ਨੇ ਧਮਕੀ ਦਿੱਤੀ। “ਸਰ, ਮੈਂ ਤੁਹਾਡੇ ਫੋਨ ਦਾ ਹਵਾਲਾ ਦੇ ਕੇ ਕੰਮ ਬੰਦ ਕਰਵਾ ਦਿੰਦਾ ਹਾਂ ਤੇ ਇਸ ਨੂੰ ਲਿਖਤੀ ਤੌਰ ’ਤੇ ਰਿਕਾਰਡ ਵਿੱਚ ਲਿਆਵਾਂਗਾ।” ਸਿੱਖਿਆ ਅਫਸਰ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ, “ਤੁਸੀਂ ਕਰੋ ਆਪਣਾ ਕੰਮ, ਅਸੀਂ ਆਉਂਦੇ ਹਾਂ।” ਲੱਗਦਾ ਸੀ, ਸਿੱਖਿਆ ਅਫਸਰ ਅੰਦਰੋਂ ਡਰਿਆਂ ਵਰਗੇ ਹੋ ਗਏ ਸਨ।
ਦਸ-ਪੰਦਰਾਂ ਮਿੰਟਾਂ ਬਾਅਦ ਸਿੱਖਿਆ ਅਫਸਰ ਆਪਣੇ ਸਟੈਨੋ ਨਾਲ ਸਕੂਲ ਆ ਗਏ। ਉਨ੍ਹਾਂ ਨਾਲ ਸਾਡੇ ਸਕੂਲ ਦੀ ਇੱਕ ਅਧਿਆਪਕਾ ਦਾ ਪਤੀ ਵੀ ਸੀ। ਕੰਮ ਦਫ਼ਤਰ ਦੇ ਨੇੜੇ ਹੀ ਕੀਤਾ ਜਾ ਰਿਹਾ ਸੀ। ਲੜਕੀਆਂ ਤੇ ਅਧਿਆਪਕਾ ਦੇ ਈਕੋ ਕਲੱਬ ਦਾ ਪਹਿਰਾਵਾ ਤੇ ਟੋਪੀ ਪਾਈ ਦੇਖ ਕੇ ਜ਼ਿਲ੍ਹਾ ਸਿੱਖਿਆ ਅਫਸਰ ਛਿੱਥੇ ਪੈਣ ਵਾਂਗ ਹੋ ਗਏ, “ਅੱਛਾ, ਤੁਸੀਂ ਈਕੋ ਕਲੱਬ ਦੀ ਸਰਗਰਮੀ ਕਰਵਾ ਰਹੇ ਹੋ?”
“... ਸਾਹਿਬ, ਇਹ ਸਰਕਾਰੀ ਹੁਕਮਾਂ ਤਹਿਤ ਹੀ ਕੀਤਾ ਜਾ ਰਿਹਾ। ਇਹ ਕੋਈ ਬਾਲ ਮਜ਼ਦੂਰੀ ਨਹੀਂ, ਸਗੋਂ ਇਹ ਤਾਂ ਵਿਦਿਆਰਥੀਆਂ ਅੰਦਰ ਜਿ਼ੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਸਰਕਾਰ ਨੇ ਹੀ ਕਲੱਬ ਬਣਾਉਣ ਲਈ ਆਖਿਆ ਹੋਇਐ। ਇਹ ਕਲੱਬ ਬੜੇ ਪਵਿੱਤਰ ਕਾਰਜ ਕਰਦੇ ਹਨ। ਪੌਦੇ ਲਾਉਣੇ, ਉਨ੍ਹਾਂ ਦੀ ਸੰਭਾਲ ਕਰਨਾ, ਪ੍ਰਦੂਸ਼ਣ ਨੂੰ ਫ਼ੈਲਣ ਤੋਂ ਰੋਕਣਾ।... ਸ਼ਿਕਾਇਤ ਤੋਂ ਪਹਿਲਾਂ ਗੱਲ ਦੀ ਤਹਿ ਤੱਕ ਪਹੁੰਚ ਜਾਇਆ ਕਰੋ”, ਆਖਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸ਼ਿਕਾਇਤ ਕਰਤਾ ਨੂੰ ਸਾਡੇ ਸਾਹਮਣੇ ਹੀ ਝੂਠਾ ਕਰ ਦਿੱਤਾ।
ਸੰਪਰਕ: 95010-20731