ਧਰਮ ਦੀ ਧੀ
ਰਿਸ਼ਤਾ ਚਾਹੇ ਨਾਲ ਦੇ ਜੰਮਿਆਂ ਦਾ ਹੋਵੇ ਜਾਂ ਫਿਰ ਧਰਮ ਦਾ, ਇਹ ਰਿਸ਼ਤਾ ਨਿਭਾਉਣ ਵਾਲੇ ਇਨਸਾਨ ਦੀ ਸੋਚ, ਮਾਨਸਿਕਤਾ ਅਤੇ ਫਿਤਰਤ ਉੱਤੇ ਨਿਰਭਰ ਕਰਦਾ ਹੈ। ਮਨੁੱਖੀ ਰਿਸ਼ਤਿਆਂ ਨੂੰ ਲੈ ਕੇ ਨਿੱਤ ਨਵੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਕੋਈ ਜ਼ਮਾਨਾ ਸੀ ਕਿ ਤਿੰਨ ਚਾਰ ਪੁਸ਼ਤਾਂ ਤੱਕ ਪਰਿਵਾਰਾਂ ਦਾ ਇਕੱਠ ਬਣਿਆ ਰਹਿੰਦਾ ਸੀ ਪਰ ਹੁਣ ਤਾਂ ਇੱਕ ਪੁਸ਼ਤ ਵਾਲਿਆਂ ਦੀ ਵੀ ਬੜੇ ਔਖੇ ਹੋ ਕੇ ਨਿਭਦੀ ਹੈ। ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਆਪਸੀ ਸੰਵਾਦ ਤੱਕ ਬੰਦ ਹੋ ਜਾਂਦੇ ਹਨ। ਜਾਇਦਾਦ ਦੀ ਵੰਡ-ਵੰਡਾਈ ਨੂੰ ਲੈ ਕੇ ਦੁਸ਼ਮਣੀਆਂ ਪੈ ਜਾਂਦੀਆਂ ਹਨ। ਸ਼ਰੀਕੇ ਦੀ ਗੱਲ ਤਾਂ ਛੱਡੋ, ਆਪਣੀ ਹੀ ਸਕੀ ਔਲਾਦ ਦਾ ਵੀ ਖ਼ੂਨ ਸਫ਼ੈਦ ਹੋਣ ਨੂੰ ਦੇਰ ਨਹੀਂ ਲੱਗਦੀ। ਸਾਡੀ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਬੜੀ ਦੇਰ ਤੋਂ ਦਿੱਲੀ ਵਸਦੀ ਸਾਡੀ ਭੂਆ ਦੇ ਤਿੰਨ ਪੁੱਤਰ ਹੀ ਸਨ। ਉਸ ਨੇ ਪਰਮਾਤਮਾ ਅੱਗੇ ਬਹੁਤ ਹੱਥ ਜੋੜੇ ਕਿ ਉਨ੍ਹਾਂ ਨੂੰ ਧੀ ਦੀ ਦਾਤ ਮਿਲੇ ਪਰ ਉਸ ਦੀ ਬੇਨਤੀ ਕਬੂਲ ਨਾ ਹੋਈ। ਫੁੱਫੜ ਇੱਕ ਪ੍ਰਾਈਵੇਟ ਕੰਪਨੀ ’ਚ ਨੌਕਰੀ ਕਰਦਾ ਸੀ। ਫੁੱਫੜ ਨਾਲ ਨੌਕਰੀ ਕਰਦੇ ਇੱਕ ਕਲਰਕ ਪ੍ਰੇਮ ਸਿੰਘ ਨਾਲ ਉਸ ਦੇ ਭਰਾਵਾਂ ਵਰਗੇ ਸੰਬੰਧ ਸਨ। ਪ੍ਰੇਮ ਸਿੰਘ ਦੇ ਘਰ ਧੀਆਂ ਹੀ ਸਨ, ਪੁੱਤਰ ਕੋਈ ਨਹੀਂ ਸੀ। ਪ੍ਰੇਮ ਸਿੰਘ ਦੀ ਸਭ ਤੋਂ ਵੱਡੀ ਧੀ ਭੂਆ ਫੁੱਫੜ ਕੋਲ ਹੀ ਰਹਿੰਦੀ ਸੀ। ਉਹ ਉਨ੍ਹਾਂ ਨੂੰ ਮੰਮੀ ਪਾਪਾ ਹੀ ਕਹਿੰਦੀ ਸੀ। ਲੋਕ ਵੀ ਉਸ ਨੂੰ ਉਨ੍ਹਾਂ ਦੀ ਧੀ ਹੀ ਸਮਝਦੇ ਸਨ। ਇੱਕ ਹਾਦਸੇ ’ਚ ਪ੍ਰੇਮ ਸਿੰਘ ਦੀ ਮੌਤ ਹੋ ਗਈ। ਭੂਆ ਫੁੱਫੜ ਨੇ ਉਸ ਪਰਿਵਾਰ ਦਾ ਧਿਆਨ ਰੱਖਣ ਦੇ ਨਾਲ-ਨਾਲ ਆਪਣੇ ਕੋਲ ਰਹਿੰਦੀ ਕੁੜੀ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ। ਉਨ੍ਹਾਂ ਨੇ ਉਸ ਨੂੰ ਯੂਨੀਵਰਸਿਟੀ ਤੱਕ ਪੜ੍ਹਾ ਕੇ ਇੱਕ ਕਾਲਜ ਵਿੱਚ ਨੌਕਰੀ ਲਗਵਾਇਆ ਅਤੇ ਉਸ ਦਾ ਵਿਆਹ ਵੀ ਕੀਤਾ।
ਭੂਆ ਦੇ ਤਿੰਨੋਂ ਪੁੱਤਰ ਉਸ ਕੁੜੀ ਨੂੰ ਆਪਣੀ ਭੈਣ ਦੱਸਦੇ ਹੀ ਨਹੀਂ ਸਨ ਸਗੋਂ ਉਹ ਉਸ ਨੂੰ ਆਪਣੀ ਭੈਣ ਹੀ ਮੰਨਦੇ ਸਨ। ਉਸ ਕੁੜੀ ਦੇ ਸਾਰੇ ਦਿਨ ਤਿਉਹਾਰ ਭੂਆ ਫੁੱਫੜ ਹੀ ਕਰਦੇ ਸਨ ਤੇ ਕੁੜੀ ਵੀ ਭੂਆ ਫੁੱਫੜ ਦੇ ਘਰ ਨੂੰ ਆਪਣਾ ਪੇਕਾ ਘਰ ਹੀ ਮੰਨਦੀ ਸੀ। ਭੂਆ ਫੁੱਫੜ ਦੇ ਤਿੰਨੇ ਪੁੱਤਰ ਅਮਰੀਕਾ ਅਤੇ ਕੈਨੇਡਾ ਜਾ ਵਸੇ ਸਨ। ਉਹ ਆਪਣੀ ਧਰਮ ਦੀ ਬਣੀ ਭੈਣ ਤੋਂ ਰੱਖੜੀ ਬੰਨ੍ਹਾਉਣ ਹਰ ਸਾਲ ਵਿਦੇਸ਼ ਤੋਂ ਆਪਣੇ ਘਰ ਆਉਂਦੇ ਸਨ। ਭੂਆ ਫੁੱਫੜ ਦੀ ਉਮਰ 78 ਸਾਲ ਤੋਂ ਉੱਪਰ ਹੋ ਚੁੱਕੀ ਸੀ। ਇੱਕ ਦਿਨ ਬਾਥਰੂਮ ’ਚ ਡਿੱਗ ਕੇ ਭੂਆ ਦਾ ਚੂਲਾ ਟੁੱਟ ਗਿਆ। ਭੂਆ ਦੀ ਉਮਰ ਜ਼ਿਆਦਾ ਅਤੇ ਸ਼ੂਗਰ ਦੀ ਬਿਮਾਰੀ ਹੋਣ ਕਾਰਨ ਡਾਕਟਰ ਨੇ ਕਹਿ ਦਿੱਤਾ ਸੀ ਕਿ ਉਸ ਨੂੰ ਠੀਕ ਹੋਣ ਵਿੱਚ ਸਮਾਂ ਲੱਗੇਗਾ। ਫੁੱਫੜ ਵੀ ਆਪਣੇ ਜੋਗਾ ਹੀ ਸੀ। ਭੂਆ ਦੇ ਪੁੱਤਰ ਆਪਣੀ ਮਾਂ ਦੀ ਦੇਖਭਾਲ ਲਈ ਵਿਦੇਸ਼ ਤੋਂ ਵਾਰੀ-ਵਾਰੀ ਆਉਣ ਦੀ ਯੋਜਨਾ ਬਣਾ ਰਹੇ ਸਨ ਕਿਉਂਕਿ ਉਨ੍ਹਾਂ ਦੀਆਂ ਪਤਨੀਆਂ ਨੌਕਰੀਆਂ ਕਰਦੀਆਂ ਸਨ ਤੇ ਬੱਚੇ ਛੋਟੇ ਸਨ। ਭੂਆ ਦੀ ਧਰਮ ਦੀ ਧੀ ਨੇ ਭੂਆ ਫੁੱਫੜ ਨੂੰ ਕਿਹਾ, ‘‘ਕੀ ਮੈਂ ਤੁਹਾਡੀ ਧੀ ਨਹੀਂ? ਜੇਕਰ ਤੁਹਾਨੂੰ ਵੇਖਣ ਲਈ ਤੁਹਾਡੇ ਪੁੱਤਰਾਂ ਨੇ ਹੀ ਆਉਣਾ ਹੈ ਤਾਂ ਮੈਨੂੰ ਆਪਣੀ ਧੀ ਕਿਉਂ ਕਹਿੰਦੇ ਹੋ? ਮੈਂ ਵੀ ਤਾਂ ਇਸ ਘਰ ਦੀ ਮੈਂਬਰ ਹਾਂ। ਤੁਸੀਂ ਮੈਨੂੰ ਪੜ੍ਹਾਇਆ ਲਿਖਾਇਆ, ਨੌਕਰੀ ਲਗਵਾਇਆ, ਮੇਰਾ ਵਿਆਹ ਕੀਤਾ। ਅੱਜ ਜਦੋਂ ਤੁਹਾਡੇ ਉੱਤੇ ਮੁਸੀਬਤ ਬਣੀ ਹੈ ਤਾਂ ਮੈਂ ਤੁਹਾਡਾ ਸਾਥ ਛੱਡ ਦਿਆਂ! ਮੇਰੀ ਜ਼ਮੀਰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ।’’ ਇਹ ਸਭ ਕਹਿ ਕੇ ਉਹ ਭੁੱਬਾਂ ਮਾਰ ਕੇ ਰੋਣ ਲੱਗ ਪਈ। ਫੁੱਫੜ ਨੇ ਉਸ ਨੂੰ ਬੁੱਕਲ ਵਿੱਚ ਲੈ ਕੇ ਕਿਹਾ, ‘‘ਕੁੜੀਏ, ਅਸੀਂ ਤਾਂ ਤੈਨੂੰ ਇਸ ਲਈ ਤਕਲੀਫ਼ ਨਹੀਂ ਦੇਣਾ ਚਾਹੁੰਦੇ ਸਾਂ ਕਿ ਤੇਰੇ ਸਹੁਰੇ ਬੁਰਾ ਨਾ ਮਨਾ ਲੈਣ। ਨਾਲੇ ਤੂੰ ਨੌਕਰੀ ਕਰਦੀ ਏਂ।’’ ਇਹ ਸੁਣ ਕੇ ਉਸ ਨੇ ਕਿਹਾ, ‘‘ਪਾਪਾ ਜੀ, ਤੁਸੀਂ ਮੇਰੇ ਸਹੁਰਿਆਂ ਬਾਰੇ ਨਾ ਸੋਚੋ। ਤੁਹਾਡੇ ਦੋਵਾਂ ਲਈ ਤਾਂ ਮੈਂ ਨੌਕਰੀ ਛੱਡਣ ਲਈ ਵੀ ਤਿਆਰ ਹਾਂ। ਜੇਕਰ ਵੀਰ ਹੋਰੀਂ ਮੰਮੀ ਦੀ ਦੇਖਭਾਲ ਕਰਨ ਲਈ ਵਿਦੇਸ਼ ਤੋਂ ਆ ਸਕਦੇ ਹੋ ਤਾਂ ਕੀ ਮੈਂ ਇੱਥੇ ਰਹਿ ਕੇ ਇਨ੍ਹਾਂ ਦੀ ਦੇਖਭਾਲ ਨਹੀਂ ਕਰ ਸਕਦੀ? ਤੁਸੀਂ ਮੰਮੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਮੇਰੇ ਉੱਤੇ ਛੱਡ ਦਿਉ। ਤਿੰਨੋਂ ਵੀਰ ਬੇਫ਼ਿਕਰ ਹੋ ਜਾਣ। ਮੰਮੀ ਨੂੰ ਵੇਖਣ ਲਈ ਆਪਣੇ ਸਮੇਂ ਦੇ ਹਿਸਾਬ ਨਾਲ ਜਦੋਂ ਮਰਜ਼ੀ ਆ ਜਾਣ।’’
ਇਉਂ ਉਹ ਭੂਆ ਫੁੱਫੜ ਦੋਵਾਂ ਨੂੰ ਆਪਣੇ ਘਰ ਲੈ ਗਈ। ਉਸ ਨੇ ਅਤੇ ਉਸ ਦੇ ਪਤੀ ਨੇ ਭੂਆ ਦੀ ਬਹੁਤ ਚੰਗੀ ਤਰ੍ਹਾਂ ਦੇਖਭਾਲ ਕੀਤੀ। ਦੋ ਤਿੰਨ ਮਹੀਨਿਆਂ ਵਿੱਚ ਹੀ ਭੂਆ ਆਪਣੇ ਜੋਗੀ ਹੋ ਗਈ। ਭੂਆ ਫੁੱਫੜ ਨੇ ਉਸ ਨੂੰ ਕਿਹਾ, ‘‘ਧੀਏ, ਇੰਨੀ ਦੇਖਭਾਲ ਮੇਰੀ ਢਿੱਡੋਂ ਜੰਮੀ ਧੀ ਨੇ ਨਹੀਂ ਕਰਨੀ ਸੀ, ਜਿੰਨੀ ਤੂੰ ਕੀਤੀ ਹੈ।’’
ਇਉਂ ਹੀ ਮੇਰੇ ਸਕੂਲ ਦੀ ਇੱਕ ਮਰਹੂਮ ਲਾਇਬ੍ਰੇਰੀਅਨ ਨੇ ਸਕੂਲ ਦੇ ਚੌਕੀਦਾਰ ਦੀ ਦੋ ਸਾਲ ਦੀ ਧੀ ਨੂੰ ਆਪਣੇ ਕੋਲ ਰੱਖ ਲਿਆ ਸੀ। ਦਰਅਸਲ, ਚੌਕੀਦਾਰ ਦੀ ਮੌਤ ਹੋ ਗਈ ਸੀ ਅਤੇ ਮਾਂ ਉਸ ਨੂੰ ਛੱਡ ਕੇ ਚਲੀ ਗਈ ਸੀ। ਲਾਇਬ੍ਰੇਰੀਅਨ ਨੇ ਉਸ ਬਾਲੜੀ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ। ਉਸ ਨੂੰ ਇਹ ਗੱਲ ਮਹਿਸੂਸ ਹੀ ਨਹੀਂ ਹੋਣ ਦਿੱਤੀ ਕਿ ਉਸ ਦੇ ਮਾਂ ਬਾਪ ਨਹੀਂ ਹਨ। ਉਸ ਨੂੰ ਪੜ੍ਹਾ ਲਿਖਾ ਕੇ ਸਰਕਾਰੀ ਸਕੂਲ ਵਿੱਚ ਅਧਿਆਪਕਾ ਲਗਵਾ ਕੇ ਉਸ ਦਾ ਵਿਆਹ ਕੀਤਾ। ਅੱਜ ਉਹ ਆਪਣੇ ਪਰਿਵਾਰ ਨਾਲ ਬੜੀ ਚੰਗੀ ਜ਼ਿੰਦਗੀ ਜੀਅ ਰਹੀ ਹੈ। ਮੈਂ ਉਨ੍ਹਾਂ ਪੁੱਤਾਂ ਧੀਆਂ ਨੂੰ ਵੀ ਜਾਣਦਾ ਹਾਂ ਜੋ ਆਪਣੇ ਬਿਮਾਰ ਮਾਪਿਆਂ ਦੀ ਸਾਰ ਤੱਕ ਨਹੀਂ ਲੈਂਦੇ।
ਸੰਪਰਕ: 99826-27136
