ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨਾਂ ਲਈ ਲਾਹੇਵੰਦ ਖੁੰਬਾਂ ਦੀ ਕਾਸ਼ਤ

ਖੁੰਬਾਂ ਬਾਰੇ ਜਾਗਰੂਕਤਾ ਵਧਣ ਨਾਲ ਇਨ੍ਹਾਂ ਦੀ ਖਪਤ ਦਿਨ-ਬਦਿਨ ਵਧ ਰਹੀ ਹੈ। ਪੰਜਾਬ ਵਿੱਚ ਖੁੰਬਾਂ ਦੇ ਉਤਪਾਦਨ ਦੀਆਂ ਬਹੁਤ ਸੰਭਾਵਨਾਵਾਂ ਹਨ ਕਿਉਂਕਿ ਪੰਜਾਬ ਦਾ ਪੌਣ-ਪਾਣੀ ਪੰਜ ਕਿਸਮਾਂ ਦੀ ਕਾਸ਼ਤ ਲਈ ਢੁਕਵਾਂ ਹੈ। ਕਾਸ਼ਤਕਾਰ ਸਰਦ ਰੁੱਤ ਵਿੱਚ ਬਟਨ ਖੁੰਬਾਂ ਦੀਆਂ ਦੋ...
Advertisement

ਖੁੰਬਾਂ ਬਾਰੇ ਜਾਗਰੂਕਤਾ ਵਧਣ ਨਾਲ ਇਨ੍ਹਾਂ ਦੀ ਖਪਤ ਦਿਨ-ਬਦਿਨ ਵਧ ਰਹੀ ਹੈ। ਪੰਜਾਬ ਵਿੱਚ ਖੁੰਬਾਂ ਦੇ ਉਤਪਾਦਨ ਦੀਆਂ ਬਹੁਤ ਸੰਭਾਵਨਾਵਾਂ ਹਨ ਕਿਉਂਕਿ ਪੰਜਾਬ ਦਾ ਪੌਣ-ਪਾਣੀ ਪੰਜ ਕਿਸਮਾਂ ਦੀ ਕਾਸ਼ਤ ਲਈ ਢੁਕਵਾਂ ਹੈ। ਕਾਸ਼ਤਕਾਰ ਸਰਦ ਰੁੱਤ ਵਿੱਚ ਬਟਨ ਖੁੰਬਾਂ ਦੀਆਂ ਦੋ ਫ਼ਸਲਾਂ (ਸਤੰਬਰ-ਮਾਰਚ ਤੱਕ), ਢੀਂਗਰੀ ਖੁੰਬਾਂ ਦੀਆਂ ਤਿੰਨ ਫ਼ਸਲਾਂ (ਅਕਤੂਬਰ-ਮਾਰਚ), ਸ਼ਿਟਾਕੀ ਦੀ ਇੱਕ (ਸਤੰਬਰ-ਫਰਵਰੀ) ਅਤੇ ਗਰਮੀ ਵਾਲੀ ਰੁੱਤ ਵਿੱਚ ਪਰਾਲੀ ਖੁੰਬਾਂ ਦੀਆਂ ਚਾਰ ਫ਼ਸਲਾਂ (ਅਪਰੈਲ-ਅਗਸਤ) ਅਤੇ ਮਿਲਕੀ ਖੁੰਬਾਂ ਦੀਆਂ ਤਿੰਨ ਫ਼ਸਲਾਂ (ਅਪਰੈਲ-ਅਕਤੂਬਰ) ਤੱਕ ਲੈ ਸਕਦਾ ਹੈ। ਖੁੰਬਾਂ ਦੇ ਉਤਪਾਦਨ ਬਾਰੇ ਸਹੀ ਤਕਨੀਕ ਦੀ ਸਿਖਲਾਈ ਨਾਲ ਖੁੰਬਾਂ ਦੀ ਕਾਸ਼ਤ ਨੂੰ ਘਰੇਲੂ ਉਦਯੋਗ ਦੇ ਤੌਰ ’ਤੇ ਅਪਣਾ ਕੇ ਲਾਹੇਵੰਦ ਧੰਦਾ ਬਣਾਇਆ ਜਾ ਸਕਦਾ ਹੈ। ਖੁੰਬਾਂ ਦੀ ਕਾਸ਼ਤ ਹਵਾਦਾਰ ਕਮਰਿਆਂ ਵਿੱਚ ਵੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ।

ਪੰਜਾਬ ’ਚ ਖੁੰਬਾਂ ਦੀ ਕਾਸ਼ਤ ਦੀ ਸੰਭਾਵਨਾਵਾਂ ਅਤੇ ਲਾਭ

Advertisement

-ਪੰਜਾਬ ਵਿੱਚ ਕਣਕ-ਝੋਨੇ ਦਾ ਫ਼ਸਲੀ ਚੱਕਰ ਪ੍ਰਚਲਿਤ ਹੋਣ ਕਾਰਨ ਇੱਥੇ ਖੁੰਬਾਂ ਦੀ ਕਾਸ਼ਤ ਲਈ ਲੋੜੀਂਦਾ ਕੱਚਾ ਮਾਲ ਜਿਵੇਂ ਤੂੜੀ, ਪਰਾਲੀ ਤੇ ਖਾਦਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ।

-ਖੁੰਬਾਂ ਦੀ ਕਾਸ਼ਤ ਸਾਰਾ ਸਾਲ ਕੀਤੀ ਜਾ ਸਕਦੀ ਹੈ ਜਿਸ ਨਾਲ ਆਮਦਨ ਵਧਾਉਣ ਵਿੱਚ ਇਹ ਧੰਦਾ ਕਾਫ਼ੀ ਲਾਹੇਵੰਦ ਸਾਬਿਤ ਜੋ ਸਕਦਾ ਹੈ।

-ਇਸ ਨਾਲ ਕਿਸਾਨਾਂ ਨੂੰ ਸਰਦੀਆਂ ਵਿੱਚ ਜਦੋਂ ਵਾਹੀ ਦਾ ਕੰਮ ਘੱਟ ਹੁੰਦਾ ਹੈ, ਉਸ ਵੇਲੇ ਆਮਦਨ ਵਾਲੀ ਇੱਕ ਹੋਰ ਫ਼ਸਲ ਮਿਲ ਜਾਵੇਗੀ।

-ਰੁਜ਼ਗਾਰ ਦੇ ਵੀ ਵਧੀਆ ਮੌਕੇ ਪੈਦਾ ਹੋ ਸਕਦੇ ਹਨ।

ਸਰਦੀ ਰੁੱਤ ਦੀਆਂ ਖੁੰਬਾਂ ਲਈ ਜ਼ਰੂਰੀ ਨੁਕਤੇ

ਖੁੰਬਾਂ ਦੀ ਕਾਸ਼ਤ ਦੀ ਸਿਖਲਾਈ: ਖੁੰਬਾਂ ਦੀ ਕਾਸ਼ਤ ਚੰਗੀ ਆਮਦਨ ਦੇਣ ਵਾਲਾ ਲਾਹੇਵੰਦ ਸਹਾਇਕ ਧੰਦਾ ਹੈ। ਇਸ ਨੂੰ ਰਵਾਇਤੀ ਖੇਤੀ ਅਤੇ ਹੋਰ ਕਿਸੇ ਕੰਮ-ਕਾਰ ਦੇ ਨਾਲ-ਨਾਲ ਅਪਣਾ ਕੇ ਆਮਦਨ ਵਧਾਈ ਜਾ ਸਕਦੀ ਹੈ ਪਰ ਇਸ ਧੰਦੇ ਨੂੰ ਸ਼ੁਰੂ ਕਰਨ ਲਈ ਖੁੰਬਾਂ ਦੀ ਕਾਸ਼ਤ ਦੀ ਸਹੀ ਸਿਖਲਾਈ ਲੈਣੀ ਬਹੁਤ ਜ਼ਰੂਰੀ ਹੈ ਤਾਂ ਜੋ ਇਸ ਧੰਦੇ ਨੂੰ ਸਫਲਤਾਪੂਰਵਕ ਅਪਣਾਇਆ ਜਾ ਸਕੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਖੁੰਬਾਂ ਦੀ ਕਾਸ਼ਤ ਬਾਰੇ ਸਿਖਲਾਈ ਕੋਰਸ ਸਮੇਂ-ਸਮੇਂ ਲਗਾਉਂਦੇ ਰਹਿੰਦੇ ਹਨ।

ਬਟਨ ਖੁੰਬ ਦੀ ਕਾਸ਼ਤ: ਬਟਨ ਖੁੰਬ ਸਰਦੀ ਰੁੱਤ ਦੀ ਖੁੰਬ ਹੈ। ਪਹਿਲੀ ਖੁੰਬ ਵਧਣ ਲਈ 14-25 ਸੈਂਟੀਗ੍ਰੇਡ ਅਤੇ ਦੂਜੀ ਖੁੰਬ ਲਈ 19-30 ਸੈਂਟੀਗ੍ਰੇਡ ਤਾਪਮਾਨ ਦੀ ਲੋੜ ਹੁੰਦੀ ਹੈ। ਇਹ ਤਾਪਮਾਨ ਪੰਜਾਬ ਵਿੱਚ ਅਕਤੂਬਰ ਤੋਂ ਫਰਵਰੀ ਤੱਕ ਕੁਦਰਤੀ ਕਾਇਮ ਰਹਿੰਦਾ ਹੈ। ਬਟਨ ਖੁੰਬ ਦੀ ਕਾਸ਼ਤ ਦੇ ਚਾਰ ਲੜੀਵਾਰ ਪੜਾਅ ਹਨ।

ਕੰਪੋਸਟ ਦੀ ਤਿਆਰੀ: ਕੰਪੋਸਟ ਅਜਿਹਾ ਮਾਧਿਅਮ ਹੈ ਜਿਸ ਉਪਰ ਖੁੰਬ ਦੀ ਉੱਲੀ ਵਧ-ਫੁੱਲ ਸਕਦੀ ਹੈ। ਕੰਪੋਸਟ ਤਿਆਰ ਕਰਨ ਲਈ ਘੱਟੋ-ਘੱਟ 3 ਕੁਇੰਟਲ ਤੂੜੀ ਲੋੜੀਂਦੀ ਹੈ ਜਿਸ ਵਿੱਚ ਸਿਫਾਰਿਸ਼ ਕੀਤੇ ਰਸਾਇਣਾਂ ਅਤੇ ਤੱਤਾਂ ਜਿਵੇਂ 9 ਕਿਲੋ ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ (ਕੈਨ), 3 ਕਿਲੋ ਯੂਰੀਆ, 3 ਕਿਲੋ ਸੁਪਰਫਾਸਫੇਟ, 3 ਕਿਲੋ ਮਿਊਰੇਟ ਆਫ ਪੋਟਾਸ਼, 15 ਕਿਲੋ ਕਣਕ ਦਾ ਛਾਣ, 5 ਕਿਲੋ ਸੀਰਾ, 30 ਕਿਲੋ ਜਿਪਸਮ, 60 ਮਿਲੀਲਿਟਰ ਗਾਮਾ ਬੀ ਐੱਚ ਸੀ (20 ਈ ਸੀ), 150 ਗ੍ਰਾਮ ਫੂਰਾਡੇਨ (3 ਜੀ) ਦੀ ਮਦਦ ਨਾਲ ਤੂੜੀ ਗਾਲ ਲਈ ਜਾਂਦਾ ਹੈ। ਤੂੜੀ ਨੂੰ ਗਿੱਲਾ ਕਰ ਕੇ ਸਾਰੀਆਂ ਖਾਦਾਂ ਅਤੇ ਕਣਕ ਦਾ ਛਾਣ ਨੂੰ ਰਲਾ ਕੇ ਸਾਰਾ ਮਿਸ਼ਰਨ 5 ਫੁੱਟ ਚੌੜੇ, 5 ਫੁੱਟ ਲੰਮੇ ਅਤੇ 5 ਫੁੱਟ ਉੱਚੇ ਲੱਕੜ ਦੇ ਸਾਂਚੇ ਵਿੱਚ ਜਮਾ ਦਿਉ ਅਤੇ ਵੱਖਰੇ-ਵੱਖਰੇ ਵਕਫ਼ੇ ’ਤੇ ਰਸਾਇਣ ਅਤੇ ਤੱਤ ਰਲਾ ਕੇ ਢੇਰੀ ਨੂੰ ਪਲਟੀਆਂ ਦਿਉ। ਇਸ ਤਰੀਕੇ ਨਾਲ 26 ਦਿਨਾਂ ਵਿੱਚ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਨੂੰ ਸੂਖਮ ਜੀਵ ਕੰਟਰੋਲ ਕਰਦੇ ਹਨ। ਇਉਂ ਤਿਆਰ ਮਿਸ਼ਰਨ ਨੂੰ ਕੰਪੋਸਟ ਕਿਹਾ ਜਾਂਦਾ ਹੈ।

ਵਧੀਆ ਕੰਪੋਸਟ ਦੇ ਗੁਣ

ਚੰਗੀ ਕਿਸਮ ਦੀ ਕੰਪੋਸਟ ’ਚ ਇਹ ਗੁਣ ਹੋਣੇ ਚਾਹੀਦੇ:

-ਇਸ ਦਾ ਰੰਗ ਭੂਰਾ ਹੋਣਾ ਚਾਹੀਦਾ ਹੈ।

-ਇਹ ਚੰਗੀ ਤਰ੍ਹਾਂ ਗਲੀ ਹੋਣੀ ਚਾਹੀਦੀ ਹੈ।

-ਇਸ ਵਿੱਚੋਂ ਅਮੋਨੀਆ ਦੀ ਬਦਬੂ ਬਿਲਕੁਲ ਨਹੀਂ ਆਉਣੀ ਚਾਹੀਦੀ।

-ਇਸ ਵਿੱਚ 67 ਤੋਂ 70% ਤੱਕ ਸਲ੍ਹਾਬ ਰਹਿਣੀ ਚਾਹੀਦੀ।

-ਇਸ ਦੀ ਪੀ ਐੱਚ (ਤੇਜ਼ਾਬੀ ਮਾਦਾ) 7.0 ਤੋਂ 8.0 ਤੱਕ ਹੋਣੀ ਚਾਹੀਦੀ ਹੈ।

ਕੰਪੋਸਟ ਦੀ ਬਿਜਾਈ (ਸਪਾਨ)

ਸਪਾਨ (ਖੁੰਬਾਂ ਦਾ ਬੀਜ) ਪਾਉਣ ਦੇ ਤਿੰਨ ਤਰੀਕੇ ਹਨ: ਇੱਕ ਤਹਿ ਵਿੱਚ ਬੀਜ ਪਾੳਣਾ, ਦੋ ਤਹਿਆਂ ਵਿੱਚ ਬੀਜ ਪਾਉਣਾ, ਸਪਾਨ ਨੂੰ ਕੰਪੋਸਟ ਵਿੱਚ ਚੰਗੀ ਤਰ੍ਹਾਂ ਰਲਾ ਦੇਣਾ।

ਬਿਜਾਈ ਤੋਂ ਬਾਅਦ ਕੰਪੋਸਟ ਵਿੱਚ ਚਿੱਟਾ ਮਾਈਸੀਲੀਅਮ ਫੈਲਣ ਲਈ ਕਮਰੇ ਦਾ ਤਾਪਮਾਨ 22-25 ਸੈਂਟੀਗ੍ਰੇਡ ਹੋਣਾ ਚਾਹੀਦਾ ਹੈ। ਇਸ ਤਾਪਮਾਨ ਤੇ 15-16 ਦਿਨਾਂ ਵਿੱਚ ਮਾਈਸੀਲੀਅਮ ਪੂਰੀ ਕੰਪੋਸਟ ਵਿੱਚ ਫੈਲ ਜਾਂਦਾ ਹੈ।

ਕੇਸਿੰਗ

-ਕੰਪੋਸਟ ਵਿੱਚ ਚਿੱਟਾ ਮਾਈਸੀਲੀਅਮ ਫੈਲਣ ਤੋਂ ਬਾਅਦ ਕੇਸਿੰਗ ਕੀਤੀ ਜਾਂਦੀ ਹੈ। ਕੇਸਿੰਗ ਮਿਸ਼ਰਨ ਹੁੰਦਾ ਹੈ ਜਿਹੜਾ ਸਪਾਨ ਰਲੇ ਕੰਪੋਸਟ ਦੀਆਂ ਟਰੇਆਂ ਨੂੰ ਢਕਣ ਲਈ ਵਰਤਿਆ ਜਾਂਦਾ ਹੈ।

-ਕੇਸਿੰਗ ਮਿੱਟੀ ਕੀਟਾਣੂ ਰਹਿਤ ਕਰਨਾ।

-ਸਾਲ ਪੁਰਾਣੀ ਗੋਹੇ ਦੀ ਰੂੜੀ ਤੇ ਨਾਰੀਅਲ ਦਾ ਬੁਰਾਦਾ (1:1) ਦੇ ਕੇਸਿੰਗ ਮਿਸ਼ਰਨ ਨੂੰ ਕੀਟਾਣੂ ਰਹਿਤ ਕਰਨ ਲਈ 4% ਫਾਰਮਲੀਨ ਦਾ ਘੋਲ ਵਰਤਿਆ ਜਾਂਦਾ ਹੈ।

-20 ਗ੍ਰਾਮ ਪ੍ਰਤੀ ਕੁਇੰਟਲ ਕੇਸਿੰਗ ਦੇ ਹਿਸਾਬ ਨਾਲ ਫੁਰਾਡੇਨ ਵੀ ਪਾ ਲਈ ਜਾਂਦੀ ਹੈ।

-ਦੋ ਕੁਇੰਟਲ ਕੇਸਿੰਗ ਮਿਸ਼ਰਨ ਲਈ 1.25 ਮਿਲੀਲੀਟਰ ਫਾਰਮਲੀਨ ਦੀ ਵਰਤੋਂ ਕੀਤੀ ਜਾਂਦੀ ਹੈ।

-ਟਰੇਆਂ ਢਕਣ ਦੀ ਗਿੱਲੀ ਕੇਸਿੰਗ ਵਿੱਚ 4% ਫਾਰਮਲੀਨ ਮਿਲਾ ਦਿੱਤੀ ਜਾਂਦੀ ਅਤੇ ਫਾਰਮਲੀਨ ਰਲੇ ਕੇਸਿੰਗ ਮਿਸ਼ਰਨ ਨੂੰ ਬੋਰੀ ਜਾਂ ਤਰਪਾਲ ਨਾਲ 48 ਘੰਟਿਆਂ ਲਈ ਲਈ ਢਕ ਦਿੱਤਾ ਜਾਂਦਾ ਹੈ।

-ਫਿਰ ਇਸ ਨੂੰ ਚੰਗੀ ਤਰ੍ਹਾਂ ਫਰੋਲ ਦੇਣਾ ਚਾਹੀਦਾ ਹੈ ਤਾਂ ਜੋ ਇਸ ਵਿੱਚੋਂ ਫਾਰਮਲੀਨ ਦੀ ਮੁਸ਼ਕ ਉੱਡ ਜਾਵੇ।

ਚੰਗੇ ਕੇਸਿੰਗ ਮਿਸ਼ਰਨ ਦੇ ਮੁੱਖ ਤੱਤ ਹੇਠ ਲਿਖੇ ਹਨ:

-ਇਸ ਵਿੱਚ ਡਲੀਆਂ ਨਾ ਹੋਣ ਅਤੇ ਨਾ ਹੀ ਧੂੜੇ ਵਾਂਗ ਬਰੀਕ ਹੋਵੇ।

-ਇਸ ਵਿੱਚ ਸਿੱਲ੍ਹ ਨੂੰ ਸਾਂਭਣ ਦੀ ਚੰਗੀ ਸਮਰੱਥਾ ਹੋਣੀ ਚਾਹੀਦੀ ਹੈ।

-ਇਸ ਵਿੱਚ ਹਵਾ ਦਾ ਆਦਾਨ-ਪ੍ਰਦਾਨ ਹੋ ਸਕੇ।

-ਇਹ ਭਾਫ ਜਾਂ ਰਸਾਇਣ ਰਾਹੀਂ ਕੀਟਾਣੂ ਰਹਿਤ ਕਰ ਲੈਣੀ ਚਾਹੀਦੀ ਹੈ।

-ਰਸਾਇਣ ਨਾਲ ਕੀਟਾਣੂ ਰਹਿਤ ਕਰਨ ਪਿੱਛੋਂ ਮਿਸ਼ਰਨ ਚੰਗੀ ਤਰ੍ਹਾਂ ਰਲਾ ਲਓ।

ਹਵਾ ਦਾ ਸੰਚਾਰ ਅਤੇ ਪਾਣੀ ਦਾ ਛਿੜਕਾਅ

-ਕੰਪੋਸਟ ਨੂੰ ਬੀਜਣ ਤੋਂ ਬਾਅਦ ਹਵਾਦਾਰ ਕਮਰੇ ਵਿੱਚ ਰੱਖਣਾ ਚਾਹੀਦਾ ਹੈ।

-ਕਮਰਾ ਸਾਫ-ਸੁਥਰਾ ਚਾਹੀਦਾ ਹੈ।

-ਪਾਣੀ ਦਾ ਛਿੜਕਾਅ ਦਿਨ ਵਿੱਚ ਇੱਕ ਜਾਂ ਦੋ ਵਾਰ ਕਰਨਾ ਚਾਹੀਦਾ ਹੈ ਤਾਂ ਜੋ ਨਮੀ ਬਰਕਰਾਰ ਰਹੇ।

-ਫਸਲ ਵਧਣ ਤੋਂ ਬਾਅਦ ਪਾਣੀ ਦੇ ਛਿੜਕਾਅ ਦੀ ਮਾਤਰਾ 20-40% ਵਧਾ ਦੇਣੀ ਚਾਹੀਦੀ ਹੈ।

ਖੁੰਬਾਂ ਦਾ ਫੁਟਣਾ ਅਤੇ ਤੁੜਾਈ

-ਕੇਸਿੰਗ ਕਰਨ ਤੋਂ ਲਗਭਗ 10-12 ਦਿਨਾਂ ਬਾਅਦ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜਿਹੜੇ ਚਾਰ ਤੋਂ ਪੰਜ ਦਿਨਾਂ ਵਿੱਚ ਛੋਟੇ ਬਟਨ ਬਣ ਜਾਂਦੇ ਹਨ।

-ਅਗਲੇ 4-5 ਦਿਨਾਂ ਵਿੱਚ ਪੁੱਟਣ ਯੋਗ ਹੋ ਜਾਂਦੇ ਹਨ।

-ਬਿਜਾਈ ਤੋਂ 30-35 ਦਿਨਾਂ ਬਾਅਦ ਖੁੰਬ ਤੁੜਾਈ ਲਈ ਤਿਆਰ ਹੋ ਜਾਂਦੀ ਹੈ।

-ਖੁੰਬਾਂ 50-60 ਦਿਨ ਲਗਾਤਾਰ ਤੋੜੀਆਂ ਜਾਂਦੀਆਂ ਹਨ।

ਢੀਂਗਰੀ ਖੁੰਬ ਦੀ ਕਾਸ਼ਤ

ਢੀਂਗਰੀ ਖੁੰਬ ਦੀ ਕਾਸ਼ਤ ਲਈ ਮੁੱਖ ਪੜਾਅ ਹਨ:

-ਕੱਚੇ ਮਾਲ ਦੀ ਤਿਆਰੀ

-ਤੂੜੀ ਜਾਂ ਕੁਤਰੀ ਹੋਈ ਪਰਾਲੀ ਨੂੰ ਪੱਕੇ ਫ਼ਰਸ਼ ’ਤੇ ਵਿਛਾ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਚੰਗੀ ਤਰ੍ਹਾਂ 16-20 ਘੰਟੇ ਲਈ ਸਾਫ਼ ਪਾਣੀ ਨਾਲ ਗਿੱਲਾ ਕਰ ਦਿੱਤਾ ਜਾਂਦਾ ਹੈ ਤਾਂ ਕਿ ਤੂੜੀ ਜਾਂ ਪਰਾਲੀ ਦੇ ਵਿੱਚ 70-75% ਨਮੀ ਆ ਜਾਵੇ।

ਲਿਫ਼ਾਫ਼ੇ ਭਰਨੇ ਤੇ ਬੀਜਣੇ: ਪੌਲੀਥੀਨ ਦੇ ਲਿਫ਼ਾਫ਼ੇ ਅਲੱਗ-ਅਲੱਗ ਆਕਾਰਾਂ ਦੇ ਤੂੜੀ ਜਾਂ ਪਰਾਲੀ ਨੂੰ ਭਰਨ ਲਈ ਵਰਤੇ ਜਾ ਸਕਦੇ ਹਨ। 10% ਸੁੱਕੀ ਤੂੜੀ ਦੇ ਹਿਸਾਬ ਨਾਲ ਸਪਾਨ (ਖੁੰਬਾਂ ਦਾ ਬੀਜ) ਗਿੱਲੀ ਤੂੜੀ ਵਿੱਚ ਰਲਾ ਕੇ ਲਿਫ਼ਾਫ਼ਿਆਂ ਵਿੱਚ ਭਰ ਕੇ ਸੇਬੇ ਨਾਲ ਬੰਨ੍ਹ ਦਿੱਤਾ ਜਾਂਦਾ ਹੈ।

ਪਾਣੀ ਪਾਉਣਾ: ਜਦੋਂ ਲਿਫ਼ਾਫ਼ਿਆਂ ਵਿੱਚ ਸਪਾਨ ਪੂਰੀ ਤਰ੍ਹਾਂ ਫੈਲ ਜਾਵੇ, ਉਸ ਸਮੇਂ ਲਿਫ਼ਾਫ਼ੇ ਕੱਟ ਦੇਣੇ ਹਨ ਅਤੇ ਛੋਟੀ ਢੀਂਗਰੀ ਦਿਸਣ ਤੋਂ ਬਾਅਦ ਉਸ ਨੂੰ ਪਾਣੀ ਲਗਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।

ਫ਼ਸਲ ਪੱਕਣੀ: ਬੀਜਣ ਤੋਂ ਚਾਰ ਹਫ਼ਤਿਆਂ ਬਾਅਦ ਛੋਟੀ-ਛੋਟੀ ਢੀਂਗਰੀ ਦਿਸਣੀ ਸ਼ੁਰੂ ਹੋ ਜਾਂਦੀ ਹੈ ਅਤੇ 2-3 ਦਿਨਾਂ ਬਾਅਦ ਫ਼ਸਲ ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਢੀਂਗਰੀ ਦੀ ਫ਼ਸਲ ਉਸ ਵਕਤ ਕੱਟੀ ਜਾਂਦੀ ਹੈ ਜਦੋਂ ਉਸ ਦੇ ਕਿਨਾਰੇ ਅੰਦਰ ਵੱਲ ਮੁੜਨੇ ਸ਼ੁਰੂ ਹੋ ਜਾਂਦੇ ਹਨ।

*ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ।

ਸੰਪਰਕ: 94637-28095

Advertisement
Show comments