DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾੜੀਆਂ ਜ਼ਮੀਨਾਂ ਵਿਚ ਅਉਲੇ ਦੀ ਕਾਸ਼ਤ ਅਤੇ ਪ੍ਰਾਸੈਸਿੰਗ ਦੀਆਂ ਸੰਭਾਵਨਾਵਾਂ

ਖੇਤੀ
  • fb
  • twitter
  • whatsapp
  • whatsapp
Advertisement

ਰਚਨਾ ਅਰੋੜਾ / ਅਰਸ਼ਦੀਪ ਸਿੰਘ

Advertisement

ਅੰਮ੍ਰਿਤ ਫਲ ਅਉਲਾ (ਆਂਵਲਾ) ਪੰਜਾਬ ਦੇ ਸੇਂਜੂ ਖੁਸ਼ਕ ਇਲਾਕਿਆਂ ਵਿਚ ਪਾਇਆ ਜਾਣ ਵਾਲਾ ਖ਼ੁਰਾਕੀ ਤੱਤਾਂ ਨਾਲ ਭਰਪੂਰ ਅਤੇ ਲਾਭਕਾਰੀ ਫ਼ਲ ਹੈ। ਇਸ ਵਿਚ ਸੰਤਰੇ ਨਾਲੋਂ ਤਕਰੀਬਨ 15 ਤੋਂ 20 ਗੁਣਾ ਵੱਧ ਵਿਟਮਿਨ ‘ਸੀ’ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਕੈਲਸ਼ੀਅਮ, ਫਾਸਫੋਰਸ, ਲੋਹਾ ਅਤੇ ਖਣਿਜ ਪਦਾਰਥਾਂ ਦਾ ਉੱਤਮ ਸਰੋਤ ਹੈ। ਐਂਟੀਆਕਸੀਡੈਂਟ ਦੀ ਮਾਤਰਾ ਭਰਪੂਰ ਹੋਣ ਕਰ ਕੇ ਇਹ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਸਿਹਤ ਨਾਲ ਜੁੜੀਆਂ ਪ੍ਰੇਸ਼ਾਨੀਆਂ ਲਈ ਅਉਲਾ ਰਾਮਬਾਣ ਤੋਂ ਘੱਟ ਨਹੀਂ ਹੈ। ਕੈਂਸਰ ਵਰਗੇ ਜਾਨਲੇਵਾ ਰੋਗਾਂ ਵਿਚ ਵੀ ਅਉਲੇ ਦੀ ਰੋਗ ਪ੍ਰਤੀਰੋਧਕ ਸਮਰੱਥਾ ਸਾਬਿਤ ਹੋ ਚੁੱਕੀ ਹੈ। ਜੇ ਇਸ ਦੇ ਰੁੱਖਾਂ ਜਾਂ ਬਾਗ਼ ਦੀ ਗੱਲ ਕਰੀਏ ਤਾਂ ਅਉਲਾ ਬਹੁਤ ਹੀ ਸਖ਼ਤ ਜਾਨ ਫਲ ਹੈ। ਇਸ ਨੂੰ ਅਜਿਹੀਆਂ ਜ਼ਮੀਨਾਂ ਵਿਚ ਵੀ ਉਗਾਇਆ ਜਾ ਸਕਦਾ ਹੈ ਜਿੱਥੇ ਕਿਸੇ ਹੋਰ ਫ਼ਲ ਦੀ ਕਾਸ਼ਤ ਸੰਭਵ ਨਹੀਂ ਹੁੰਦੀ। ਇਸ ਤੋਂ ਇਲਾਵਾ ਅਉਲੇ ਨੂੰ ਖਾਦਾਂ ਤੇ ਪਾਣੀ ਆਦਿ ਦੀ ਕੋਈ ਖ਼ਾਸ ਜ਼ਰੂਰਤ ਨਹੀਂ ਹੁੰਦੀ ਅਤੇ ਇਸ ਉੱਪਰ ਕੋਈ ਕੀੜੇ ਜਾਂ ਬਿਮਾਰੀ ਦਾ ਹਮਲਾ ਵੀ ਖ਼ਾਸ ਨਹੀਂ ਹੁੰਦਾ। ਬੂਟਿਆਂ ’ਤੇ ਫ਼ਲ ਵੀ ਭਰਪੂਰ ਲਗਦਾ ਹੈ। ਇਸ ਦੀ ਕਾਸ਼ਤ ਖੇਤਾਂ ਵਿਚ ਮੋਟਰਾਂ ਕੋਲ, ਖਾਲੀ ਪਈਆਂ ਸ਼ਾਮਲਾਟ ਜ਼ਮੀਨਾਂ, ਕਲਰਾਠੀਆਂ ਜ਼ਮੀਨਾਂ ਅਤੇ ਅਜਿਹੀਆਂ ਜ਼ਮੀਨਾਂ ਜਿਨ੍ਹਾਂ ਵਿਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੋਣ ਕਰ ਕੇ ਬਾਕੀ ਫ਼ਸਲਾਂ ਦੀ ਖੇਤੀ ਸੰਭਵ ਨਹੀਂ ਹੈ, ਉਥੇ ਵੀ ਸਫ਼ਲਤਾਪੂਰਵਕ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਰੇਤਲੀਆਂ ਤੇ ਪਥਰੀਲ਼ੀਆਂ ਜ਼ਮੀਨਾਂ ਵਿਚ ਵੀ ਇਹ ਰੁੱਖ ਵਧਣ-ਫੁੱਲਣ ਦੀ ਸਮਰੱਥਾ ਰੱਖਦਾ ਹੈ। ਕੰਢੀ ਦੇ ਉੱਬੜ-ਖਾਬੜ ਇਲਾਕਿਆਂ ਵਿਚ ਜਿੱਥੇ ਅਣ-ਉਪਜਾਊ ਜ਼ਮੀਨਾਂ ਹਨ ਤੇ ਜੰਗਲੀ ਜਾਨਵਰਾਂ ਦੇ ਫ਼ਸਲ ਖ਼ਰਾਬ ਕਰਨ ਦਾ ਖ਼ਤਰਾ ਰਹਿੰਦਾ ਹੈ, ਉੱਥੇ ਅਉਲੇ ਦੀ ਖੇਤੀ ਕਾਮਯਾਬੀ ਨਾਲ ਹੋ ਸਕਦੀ ਹੈ ਕਿਉਂਕਿ ਜੰਗਲੀ ਜਾਨਵਰ ਵੀ ਇਸ ਨੂੰ ਨਹੀਂ ਖਾਂਦੇ। ਇਸ ਦੀ ਗੁਣਵੱਤਾ ਅਤੇ ਆਸਾਨ ਕਾਸ਼ਤਕਾਰੀ ਢੰਗਾਂ ਕਰ ਕੇ ਘਰੇਲੂ ਬਗ਼ੀਚੀ ਵਿਚ ਲਾਉਣ ਲਈ ਇਹ ਸਭ ਤੋਂ ਉਪਯੁਕਤ ਫਲ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਅਉਲੇ ਦੀਆਂ ਪ੍ਰਮੁੱਖ ਤਿੰਨ ਕਿਸਮਾਂ ਬਲਵੰਤ, ਨੀਲਮ ਤੇ ਕੰਚਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਨ੍ਹਾਂ ਕਿਸਮਾਂ ਦੇ ਪੂਰੀ ਤਰ੍ਹਾਂ ਵਿਕਸਿਤ ਰੁੱਖ ਤੋਂ ਤਕਰੀਬਨ 120 ਕਿਲੋ ਫਲ ਪ੍ਰਤੀ ਬੂਟਾ ਪ੍ਰਾਪਤ ਕੀਤਾ ਜਾ ਸਕਦਾ ਹੈ। ਬਲਵੰਤ ਅੱਧ ਨਵੰਬਰ ਵਿਚ, ਨੀਲਮ ਨਵੰਬਰ ਦੇ ਅੰਤ ਵਿਚ ਤੇ ਕੰਚਨ ਅੱਧ ਦਸੰਬਰ ਵਿਚ ਪੱਕਦੀ ਹੈ। ਇਸ ਤਰ੍ਹਾਂ ਇਹ ਫਲ ਨਵੰਬਰ ਤੋਂ ਦਸੰਬਰ ਮਹੀਨੇ ਤੱਕ ਉਪਲਬਧ ਰਹਿੰਦਾ ਹੈ। ਅਉਲੇ ਦੇ ਬੂਟੇ ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਵਿਚ ਲਗਾਏ ਜਾਂਦੇ ਹਨ। ਵਪਾਰਕ ਪੱਧਰ ’ਤੇ ਬਾਗ਼ ਲਗਾਉਣ ਲਈ ਕਤਾਰ ਤੋਂ ਕਤਾਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 7.5×7.5 ਮੀਟਰ ਰੱਖਣਾ ਚਾਹੀਦਾ ਹੈ। ਇਸ ਦਾ ਚੰਗਾ ਝਾੜ ਲੈਣ ਲਈ ਘੱਟੋ-ਘੱਟ ਦੋ ਕਿਸਮਾਂ ਦੇ ਬੂਟੇ ਲਗਾਉਣੇ ਜ਼ਰੂਰੀ ਹਨ ਤਾਂ ਜੋ ਪਰਾਗਣ ਕਿਰਿਆ ਸਹੀ ਢੰਗ ਨਾਲ ਪੂਰੀ ਹੋ ਸਕੇ। ਲੰਬੇ ਸਮੇਂ ਤੱਕ ਫਲ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਵੱਖ-ਵੱਖ ਸਮੇਂ ਪੱਕਣ ਵਾਲੀਆਂ ਤਿੰਨੇ ਕਿਸਮਾਂ ਪੰਜਾਬ ਵਿਚ ਲਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

ਅਉਲੇ ਦੇ ਉੱਚ ਪੌਸ਼ਟਿਕ ਗੁਣਾਂ ਕਰ ਕੇ ਇਸ ਫ਼ਲ ਨੇ ਵਿਆਪਕ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਵੱਖ-ਵੱਖ ਗੁਣਵੱਤਾ ਵਾਲੇ ਉਤਪਾਦਾਂ ਵਿਚ ਪ੍ਰਾਸੈਸਿੰਗ ਕਰਨ ਦੀ ਵੱਡੀ ਸੰਭਾਵਨਾ ਨੂੰ ਦਰਸਾਉਂਦਾ ਹੈ, ਇਸ ਦੀ ਕੌਮੀ ਅਤੇ ਕੌਮਾਂਤਰੀ ਬਾਜ਼ਾਰ ਵਿਚ ਬਹੁਤ ਮੰਗ ਹੈ। ਅਉਲੇ ਦੇ ਫਲਾਂ ਨੂੰ ਗੁਣਵੱਤਾ ਵਾਲੇ ਉਤਪਾਦਾਂ ਵਿਚ ਪ੍ਰਾਸੈਸ ਕੀਤਾ ਜਾ ਸਕਦਾ ਹੈ ਜਿਵੇਂ ਮੁਰੱਬਾ, ਅਉਲਾ ਕੈਂਡੀ ਅਤੇ ਜੂਸ। ਅਉਲੇ ਨੂੰ ਪਾਊਡਰ, ਜੈਮ, ਆਚਾਰ, ਚਟਨੀ, ਪੀਣ ਵਾਲੇ ਪਦਾਰਥ ਅਤੇ ਮਿਸ਼ਰਤ ਫਲ ਆਧਾਰਿਤ ਉਤਪਾਦਾਂ ਦੇ ਵਿਕਾਸ ਲਈ ਵੀ ਪ੍ਰਾਸੈਸ ਕੀਤਾ ਜਾ ਸਕਦਾ ਹੈ। ਇਸ ਦੇ ਤਾਜ਼ੇ ਫ਼ਲ ’ਤੇ ਪਾਊਡਰ ਨੂੰ ਸਬਜ਼ੀਆਂ ਵਿਚ ਖਟਾਸ ਲਈ ਟਮਾਟਰ ਦੇ ਬਦਲ ਵਜੋਂ ਵੀ ਵਰਤਿਆ ਜਾ ਸਕਦਾ ਹੈ।

ਅਉਲੇ ਦਾ ਮੁਰੱਬਾ ਬਣਾਉਣ ਲਈ ਪੱਕੇ ਹੋਏ ਵੱਡੇ ਆਕਾਰ ਦੇ ਫਲਾਂ ਨੂੰ ਚਾਸ਼ਣੀ ਵਿਚ ਡੁਬੋ ਕੇ ਰੱਖਿਆ ਜਾਂਦਾ ਹੈ ਜਦੋਂ ਤੱਕ ਇਹ ਨਰਮ ਅਤੇ ਪਾਰਦਰਸ਼ੀ ਨਹੀਂ ਹੋ ਜਾਂਦੇ। ਅਉਲੇ ਦੇ ਫਲਾਂ ਨੂੰ 2-3 ਦਿਨਾਂ ਲਈ ਨਮਕੀਨ ਘੋਲ (2%) ਵਿਚ ਡੁਬੋਇਆ ਜਾਂਦਾ ਹੈ ਅਤੇ ਫਿਰ ਚੰਗੀ ਤਰ੍ਹਾਂ ਧੋ ਕੇ ਗੋਦ/ਵਿੰਨ੍ਹ ਬਲਾਚ ਕੀਤਾ ਜਾਂਦਾ ਹੈ। ਫਲਾਂ ਦੇ ਭਾਰ ਦੇ ਬਰਾਬਰ ਖੰਡ ਫਲਾਂ ਉੱਤੇ ਛਿੜਕ ਕੇ ਰਾਤ ਭਰ ਰੱਖੀ ਜਾਂਦੀ ਹੈ। ਅਗਲੇ ਦਿਨ ਚਾਸ਼ਣੀ ਨੂੰ ਹੋਰ ਖੰਡ ਪਾ ਕੇ ਚੰਗੀ ਤਰ੍ਹਾਂ ਤੇ 54-55 ਡਿਗਰੀ ਤਕ ਉਬਾਲਿਆ ਜਾਂਦਾ ਹੈ ਅਤੇ ਇਸ ਨੂੰ ਫਲਾਂ ਨਾਲ ਮਿਲਾ ਕੇ ਇਸ ਵਿਧੀ ਨੂੰ 3-4 ਵਾਰ ਦੁਹਰਾਇਆ ਜਾਂਦਾ ਹੈ। ਅਗਲੇ ਦਿਨ ਫਲਾਂ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਅਤੇ ਖੰਡ ਮਿਲਾ ਕੇ ਚਾਸ਼ਣੀ ਨੂੰ 75 ਡਿਗਰੀ ’ਤੇ ਕੇਂਦਰਤ ਕੀਤਾ ਜਾਂਦਾ ਹੈ। ਅਉਲੇ ਨੂੰ ਕੁਝ ਦਿਨਾਂ ਲਈ ਚਾਸ਼ਣੀ ਵਿਚ ਖੜ੍ਹੇ ਰਹਿਣ ਦਿੱਤਾ ਜਾਂਦਾ ਹੈ ਜਦੋਂ ਤੱਕ ਕਿ ਚਾਸ਼ਣੀ ਦਾ ਗਾੜ੍ਹਾਪਣ ਲਗਪਗ 70 ਡਿਗਰੀ ਬ੍ਰਿਕਸ ’ਤੇ ਸਥਿਰ ਨਹੀਂ ਹੋ ਜਾਂਦਾ। ਮੁਰੱਬੇ ਨੂੰ ਸਾਫ਼, ਸੁੱਕੇ ਕੱਚ ਦੇ ਮਰਤਬਾਨ ਵਿਚ ਪੈਕ ਕੀਤਾ ਜਾਂਦਾ ਹੈ ਅਤੇ ਕਮਰੇ ਦੇ ਤਾਪਮਾਨ ’ਤੇ ਸਟੋਰ ਕੀਤਾ ਜਾਂਦਾ ਹੈ।

ਇਸੇ ਤਰ੍ਹਾਂ ਅਉਲਾ ਕੈਂਡੀ ਬਣਾਉਣ ਲਈ ਪੱਕੇ ਫਲਾਂ ਨੂੰ 24 ਘੰਟਿਆਂ ਲਈ 2% ਨਮਕ ਦੇ ਘੋਲ ਵਿਚ ਡੁਬੋਇਆ ਜਾਂਦਾ ਹੈ ਅਤੇ ਫਿਰ ਚੰਗੀ ਤਰ੍ਹਾਂ ਧੋ ਕੇ 3-5 ਮਿੰਟਾਂ ਲਈ ਉਬਲਦੇ ਪਾਣੀ ਵਿਚ ਬਲਾਚ ਕੀਤਾ ਜਾਂਦਾ ਹੈ ਤਾਂ ਕਿ ਫਾੜੀਆਂ ਨੂੰ ਵੱਖ ਕੀਤਾ ਜਾ ਸਕੇ ਅਤੇ ਫਿਰ ਫਾੜੀਆਂ ਨੂੰ 24 ਘੰਟਿਆਂ ਲਈ 50 ਡਿਗਰੀ ਬ੍ਰਿਕਸ ਚਾਸ਼ਣੀ ਵਿਚ ਰੱਖ ਦਿੱਤਾ ਜਾਂਦਾ ਹੈ। ਅਗਲੇ ਦਿਨ ਫਾੜੀਆਂ ਨੂੰ 60 ਡਿਗਰੀ ਬ੍ਰਿਕਸ ਵਾਲੀ ਚਾਸ਼ਣੀ ਵਿਚ 24 ਘੰਟਿਆਂ ਲਈ ਰੱਖਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ 70 ਡਿਗਰੀ ਬ੍ਰਿਕਸ ਵਾਲੀ ਚਾਸ਼ਣੀ ਵਿਚ 72 ਘੰਟਿਆਂ ਲਈ ਰੱਖਿਆ ਜਾਂਦਾ ਹੈ। ਵਾਧੂ ਚਾਸ਼ਣੀ ਨੂੰ ਕੱਢਿਆ ਜਾਂਦਾ ਹੈ ਅਤੇ ਫਲਾਂ ਨੂੰ 15% ਨਮੀ ਦੀ ਮਾਤਰਾ ਤੱਕ ਸੁਕਾਇਆ ਜਾਂਦਾ ਹੈ ਅਤੇ ਅਤੇ ਪੈਕਿੰਗ ਤੋਂ ਪਹਿਲਾਂ ਪੀਸੀ ਖੰਡ ਜਾਂ ਨਮਕ ਮਸਾਲੇ ਦੇ ਮਿਸ਼ਰਨ ਨਾਲ ਲੇਪ ਕੀਤਾ ਜਾਂਦਾ ਹੈ।

Advertisement
×