ਸਕੂਨ
ਗੱਲ 1991 ਦੀ ਹੈ, ਉਦੋਂ ਮੈਂ ਅਧਿਆਪਕ ਵਜੋਂ ਚੰਡੀਗੜ੍ਹ ਵਿਖੇ ਡੈਪੂਟੇਸ਼ਨ ਉੱਤੇ ਤਾਇਨਾਤ ਸਾਂ। ਮੈਨੂੰ ਸੈਕਟਰ 27 ਵਿੱਚ ਪਹਿਲੀ ਮੰਜਿ਼ਲ ਉੱਤੇ ਸਰਕਾਰੀ ਰਿਹਾਇਸ਼ ਮਿਲੀ ਹੋਈ ਸੀ। ਸਾਡੇ ਮਾਤਾ ਜੀ ਸ਼ੂਗਰ ਦੇ ਮਰੀਜ਼ ਸਨ। ਉਹ ਸਾਡੇ ਜੱਦੀ ਪਿੰਡ ਕੁਰੜੀ ਰਹਿੰਦੇ ਸਨ। ਉਨ੍ਹਾਂ ਨੂੰ ਇਨਸੁਲਿਨ ਦਾ ਟੀਕਾ ਲਗਦਾ ਸੀ। ਇਕ ਵਾਰ ਉਨ੍ਹਾਂ ਦਾ ਟੀਕਾ ਬੁਰੀ ਤਰ੍ਹਾਂ ਪੱਕ ਗਿਆ। ਇਨਫੈਕਸ਼ਨ ਤੋਂ ਬਚਾਉਣ ਲਈ ਮੈਂ ਉਨ੍ਹਾਂ ਨੂੰ ਆਪਣੀ ਚੰਡੀਗੜ੍ਹ ਰਿਹਾਇਸ਼ ’ਤੇ ਲੈ ਆਇਆ। ਉਨ੍ਹਾਂ ਨੂੰ ਪਹਿਲੀ ਮੰਜਿ਼ਲ ’ਤੇ ਚੁੱਕ ਕੇ ਚੜ੍ਹਾਉਣਾ ਉਤਰਨਾ ਪੈਂਦਾ ਸੀ। ਸਾਨੂੰ ਭਾਵੇਂ ਇਹ ਮੁਸ਼ਕਿਲ ਨਹੀਂ ਲਗਦਾ ਸੀ ਪਰ ਮਾਤਾ ਜੀ ਨੂੰ ਮਹਿਸੂਸ ਹੁੰਦਾ ਸੀ।
ਮੈਂ ਅਰਜ਼ੀ ਲਿਖ ਕੇ ਐਸਟੇਟ ਦਫਤਰ ਸੈਕਟਰ 17 ਚਲਾ ਗਿਆ ਤਾਂ ਜੋ ਗਰਾਊਂਡ ਫਲੋਰ ’ਤੇ ਕੋਈ ਸਰਕਾਰੀ ਰਿਹਾਇਸ਼ ਬਦਲਵਾ ਸਕਾਂ। ਸਰਕਾਰੀ ਰਿਹਾਇਸ਼ ਬਦਲਣ ਦੇ ਅਧਿਕਾਰ ਅਸਿਸਟੈਂਟ ਐਸਟੇਟ ਅਫਸਰ ਕੋਲ ਸਨ। ਉਨ੍ਹਾਂ ਦੇ ਦਫ਼ਤਰ ਬਾਹਰ ਲਟਕਦੀਆਂ ਖਾਲੀ ਸਲਿਪਾਂ ਵਿੱਚੋਂ ਇਕ ਕੱਢ ਕੇ ਮਿਲਣ ਲਈ ਆਪਣਾ ਨਾਂ ਲਿਖਣ ਲੱਗਿਆ ਕਿ ਦਫ਼ਤਰੀ ਕਮਰੇ ਦੇ ਬਾਹਰ ਬੈਠੇ ਗੰਨਮੈਨ ਨੇ ਮੇਰੇ ਗੋਡੀਂ ਹੱਥ ਲਾਏ ਅਤੇ ਲਹਿਣ ਲੱਗਾ, “ਸਰ ਪਛਾਣਿਆਂ ਨਹੀਂ!” ਮੈਂ ਇਹ ਤਾਂ ਸਮਝ ਗਿਆ ਕਿ ਕੋਈ ਵਿਦਿਆਰਥੀ ਹੋਵੇਗਾ; ਅਕਸਰ ਹੀ ਅਧਿਆਪਕਾਂ ਦੀ ਸ਼ਕਲ ਕਈ ਸਾਲ ਨਹੀਂ ਬਦਲਦੀ ਪਰ ਵਿਦਿਆਰਥੀ ਤਾਂ ਕੁਝ ਸਾਲਾਂ ਵਿਚ ਹੀ ਸ਼ਕਲੋਂ ਬਦਲ ਜਾਂਦੇ ਹਨ। ਮੈਂ ਟੇਢੀ ਅੱਖ ਨਾਲ ਉਸ ਦੀ ਜੇਬ ’ਤੇ ਲਗੀ ਨੇਮ ਪਲੇਟ ਵੱਲ ਤੱਕਣ ਹੀ ਲੱਗਿਆ ਸੀ ਕਿ ਉਹ ਝੱਟ ਬੋਲਿਆ, “ਮੈਂ ਸਤਪਾਲ ਆਂ, ਤੁਹਾਡਾ ਬਨੂੜ ਸਕੂਲ ਦਾ ਵਿਦਿਆਰਥੀ।”
ਉਹ ਮੈਨੂੰ ਬਿਨਾਂ ਸਲਿੱਪ ਦਿੱਤਿਆਂ ਦਰਵਾਜ਼ਾ ਖੋਲ੍ਹ ਕੇ ਅਫਸਰ ਕੋਲ ਲੈ ਗਿਆ ਅਤੇ ਉਨ੍ਹਾਂ ਦੇ ਸਾਹਮਣੇ ਖਲੋ ਕੇ ਕਹਿਣ ਲੱਗਾ, “ਸਰ, ਇਹ ਮੇਰੇ ਅਧਿਆਪਕ ਹਨ, ਮੈਨੂੰ ਇਹ ਤਾਂ ਪਤਾ ਨਹੀਂ ਇਨ੍ਹਾਂ ਦਾ ਕੰਮ ਕੀ ਹੈ ਪਰ ਬਿਨਤੀ ਹੈ, ਕਰ ਦੇਣਾ। ਇਨ੍ਹਾਂ ਦਾ ਮੇਰੇ ’ਤੇ ਅਹਿਸਾਨ ਐ।” ਉਹ ਝੱਟ ਹੀ ਕਹਿ ਗਿਆ।
ਉਨ੍ਹਾਂ ਮੇਰੀ ਅਰਜ਼ੀ ਫੜੀ, ਝੱਟ ਹੀ ਡੀਲਿੰਗ ਅਸਿਸਟੈਂਟ ਨੂੰ ਬੁਲਾ ਕੇ ਮੇਰਾ ਕੰਮ ਕਰਨ ਦੀ ਹਦਾਇਤ ਕਰ ਦਿੱਤੀ, ਨਾਲ ਇਹ ਵੀ ਕਿਹਾ, “ਜੇ ਇਹ ਮਕਾਨ ਵੀ ਠੀਕ ਨਾ ਹੋਵੇ ਤਾਂ ਹੋਰ ਬਦਲਵਾ ਲੈਣਾ।” ਇਉਂ ਮੇਰਾ ਕੰਮ ਹੋ ਗਿਆ।
ਜਦੋਂ ਦਫ਼ਤਰੀ ਕਮਰੇ ਤੋਂ ਬਾਹਰ ਨਿਕਲਿਆ ਤਾਂ ਉਸ ਗੰਨਮੈਨ ਨੇ ਇਕ ਘਟਨਾ ਯਾਦ ਕਰਵਾਈ ਜੋ ਮੈਨੂੰ ਵੀ ਯਾਦ ਆ ਗਈ।... ਇਕ ਵਾਰ ਇਕ ਮੁੰਡਾ ਗਧਿਆਂ ਦੇ ਪਿੱਛੇ-ਪਿੱਛੇ ਇਨ੍ਹਾਂ ਨੂੰ ਹੱਕਦਾ ਹੋਇਆ ਭੱਠੇ ਵੱਲ ਲਿਜਾ ਰਿਹਾ ਸੀ। ਮੈਨੂੰ ਦੇਖ ਕੇ ਉਹ ਮੂੰਹ ਪਰੇ ਕਰ ਕੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਸ਼ੱਕ ਹੋਇਆ ਕਿ ਉਹ ਸਕੂਲ ਦਾ ਵਿਦਿਆਰਥੀ ਹੋਵੇਗਾ ਤੇ ਮੈਂ ਪੁੱਛ ਹੀ ਲਿਆ। ਉਹ ਕਹਿਣ ਲੱਗਾ ਕਿ ਪੜ੍ਹਨ ਨੂੰ ਤਾਂ ਦਿਲ ਕਰਦਾ ਹੈ ਪਰ ਮਾਪੇ ਕੰਮ ਲਗਾਉਣਾ ਚਾਹੁੰਦੇ ਹਨ ਤੇ ਪੜ੍ਹਨ ਨਹੀਂ ਜਾਣ ਦਿੰਦੇ।
ਮੈਂ ਉਹਦੇ ਘਰ ਦਾ ਅਤਾ-ਪਤਾ ਪੁੱਛ ਲਿਆ। ਉਦੋਂ ਮੈਂ ਅਤੇ ਮੇਰੀ ਪਤਨੀ ਉਸੇ ਕਸਬੇ ਵਿੱਚ ਰਹਿੰਦੇ ਸਾਂ। ਸ਼ਾਮ ਨੂੰ ਉਹਦੇ ਘਰ ਜਾ ਕੇ ਉਹਦੇ ਮਾਪਿਆਂ ਨੂੰ ਸਕੂਲ ਭੇਜਣ ਲਈ ਮਨਾ ਲਿਆ। ਉਦੋਂ ਉਹ ਨੌਵੀਂ ਵਿੱਚ ਸੀ। ਫਿਰ ਉਹਨੇ 10ਵੀਂ ਅਤੇ 12ਵੀਂ ਜਮਾਤ ਪਾਸ ਕਰ ਲਈ ਤੇ ਫਿਰ ਚੰਡੀਗੜ੍ਹ ਪੁਲੀਸ ਵਿੱਚ ਭਰਤੀ ਹੋ ਗਿਆ। ਹੁਣ ਉਹ ਮੁੰਡਾ ਗੰਨਮੈਨ ਬਣਿਆ ਸਾਹਮਣੇ ਖੜ੍ਹਾ ਸੀ।
ਕਹਿਣ ਲੱਗਾ, “ਸਰ ਜੇ ਉਦੋਂ ਤੁਸੀਂ ਇਹ ਅਹਿਸਾਨ ਨਾ ਕਰਦੇ, ਮੈਂ ਪੜ੍ਹ ਨਹੀਂ ਸੀ ਸਕਦਾ। ਸ਼ਾਇਦ ਮੇਰੇ ਬੱਚਿਆਂ ਨੂੰ ਵੀ ਚੰਡੀਗੜ੍ਹ ਪੜ੍ਹਨ ਦਾ ਮੌਕਾ ਨਾ ਮਿਲਦਾ।” ਇਸ ਯਾਦ ਨੇ ਮੈਨੂੰ ਬਹੁਤ ਸਕੂਨ ਦਿੱਤਾ।
ਸੰਪਰਕ: 94171-53819