ਰੋਟੀ ਜਾਂ ਕਿਤਾਬ...
ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਬੀ ਏ ਵਿਚਾਲੇ ਛੱਡ ਕੇ ਵਿਹਲਾ ਸਾਂ ਤੇ ਸਿਆਸਤ ਦੇ ਪੁੱਠੇ ਸਿੱਧੇ ਕੰਮ ਕਰ ਰਿਹਾ ਸਾਂ। ਘਰਦਿਆਂ ਨੂੰ ਦਰਬਾਰ ਸਾਹਿਬ ਜਾਣ ਦਾ ਕਹਿ ਕੇ ਦਿੱਲੀ ਵਿਚ ਐੱਸ ਐੱਫ ਆਈ ਦੇ ਕੌਮੀ ਇਜਲਾਸ ਵਿਚ ਭਾਗ...
ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਬੀ ਏ ਵਿਚਾਲੇ ਛੱਡ ਕੇ ਵਿਹਲਾ ਸਾਂ ਤੇ ਸਿਆਸਤ ਦੇ ਪੁੱਠੇ ਸਿੱਧੇ ਕੰਮ ਕਰ ਰਿਹਾ ਸਾਂ। ਘਰਦਿਆਂ ਨੂੰ ਦਰਬਾਰ ਸਾਹਿਬ ਜਾਣ ਦਾ ਕਹਿ ਕੇ ਦਿੱਲੀ ਵਿਚ ਐੱਸ ਐੱਫ ਆਈ ਦੇ ਕੌਮੀ ਇਜਲਾਸ ਵਿਚ ਭਾਗ ਲੈਣ ਲਈ ਗਿਆ। ਜੇਬ ਵਿੱਚ ਮਾਂ ਦੇ ਦਿੱਤੇ ਕੁਲ ਜਮ੍ਹਾਂ ਢਾਈ ਸੌ ਰੁਪਏ ਸਨ, ਕੁੜਤਾ ਪਜਾਮਾ ਤਨ ’ਤੇ ਸੀ; ਇੱਕ ਟੀਸ਼ਰਟ ਪਜਾਮਾ ਨਿੱਕੇ ਜਿਹੇ ਬੈਗ ਵਿੱਚ, ਨਾਲ ਤੌਲੀਆ। ਪੰਜਾਬੀ ਮੁੰਡਿਆਂ ਵਾਂਗ ਪੀਲਾ ਪਰਨਾ ਗਲ਼ ਦੁਆਲੇ ਲਪੇਟਿਆ ਹੋਇਆ ਸੀ। ਇਜਲਾਸ ਦੇ ਦੋ ਦਿਨ ਖਾਣ ਪੀਣ ਦੀ ਕੋਈ ਤੰਗੀ ਨਹੀਂ ਆਈ। ਤੀਜੀ ਰਾਤ ਮੈਂ ਗੁਰਦੁਆਰਾ ਸੀਸ ਗੰਜ ਵਿਚ ਬਿਤਾਈ। ਉੱਥੇ ਤੜਕੇ ਉੱਠ ਕੇ ਦਿੱਲੀ ਦੇ ਸਿੱਖਾਂ ਦੇ ਲਾਏ ਜਾਣ ਵਾਲੇ ਲੰਗਰਾਂ ਵਿਚ ਕੌਫੀ ਕੇਕ ਛਕੇ ਤੇ ਪੁਰਾਣੀ ਦਿੱਲੀ ਦੀ ਜਾਮਾ ਮਸਜਿਦ ਤੇ ਗ਼ਾਲਿਬ ਦੀ ਹਵੇਲੀ ਦੀ ਜ਼ਿਆਰਤ ਕੀਤੀ। 11 ਕੁ ਵਜੇ ਕਸ਼ਮੀਰੀ ਗੇਟ ਵਾਲੇ ਬੱਸ ਅੱਡੇ ਤੋਂ ਫਗਵਾੜੇ ਵਾਲੀ ਬਸ ਫੜ ਲਈ। ਫਗਵਾੜੇ ਮੇਰਾ ਸਾਈਕਲ ਮੈਨੂੰ ਉਡੀਕ ਰਿਹਾ ਸੀ।
ਸਾਢੇ ਤਿੰਨ ਵਜੇ ਦੇ ਕਰੀਬ ਬੱਸ ਅੰਬਾਲੇ ਬਸ ਅੱਡੇ ’ਤੇ ਪੁੱਜੀ। ਕੰਡਕਟਰ ਨੇ ਅੱਧਾ ਘੰਟਾ ਬੱਸ ਰੁਕਣ ਦਾ ਹੋਕਰਾ ਮਾਰ ਕੇ ਕੁਝ ਖਾ ਪੀ ਲੈਣ ਦਾ ਕਿਹਾ। ਜੇਬ ਵੱਲ ਦੇਖਿਆ, ਪੰਜਾਹ ਦਾ ਨੋਟ ਬਾਕੀ ਬਚਿਆ ਸੀ। ਮਨ ’ਚ ਵਿਉਂਤਬੰਦੀ ਕਰਨ ਲੱਗਾ ਕਿ ਕੀ ਖਾਧਾ ਜਾਵੇ, ਕਿ ਸਸਤਾ ਵੀ ਸਰ ਜਾਵੇ ਤੇ ਭੁੱਖ ਵੀ ਮਿਟੇ...
ਅਚਾਨਕ ਢਾਬੇ ਤੋਂ ਪਹਿਲਾਂ ਕਿਤਾਬਾਂ ਵਾਲੀ ਦੁਕਾਨ ਕੋਲੋਂ ਲੰਘਿਆ ਤਾਂ ਕਿਤਾਬਾਂ ਉੱਪਰ ਸਰਸਰੀ ਨਜ਼ਰ ਮਾਰੀ ਗਈ। ਦੁਕਾਨ ਅੱਗੇ ਰਸਾਲੇ ਟਿਕਾਏ ਸਨ, ਉੱਪਰ ਕੁਝ ਕਿਤਾਬਾਂ ਧਾਗਿਆਂ ਨਾਲ ਬੰਨ੍ਹੀਆਂ ਚੂੰਢੀਆਂ ਨਾਲ ਘੁੱਟ ਕੇ ਲਟਕਾਈਆਂ ਹੋਈਆਂ ਸਨ। ਇਨ੍ਹਾਂ ਵਿਚੋਂ ਇਕ ਕਿਤਾਬ ਉੱਪਰ ਨਜ਼ਰ ਪਈ ਤਾਂ ਮੈਂ ਠਿਠਕ ਗਿਆ। ਕਿਤਾਬ ਹਵਾ ਨਾਲ ਘੁੰਮ ਰਹੀ ਸੀ, ਸਿਰਲੇਖ ਸੀ... ਸਾਏ ਮੇਂ ਧੂਪ।
... ਬੀ ਏ ਦੀਆਂ ਜਮਾਤਾਂ ਵਿੱਚ ਜਾ ਪੁੱਜਿਆ ਸਾਂ। ਪ੍ਰੋ. ਹਰਦਿਆਲ ਸਾਗਰ ਸਾਨੂੰ ਚੋਣਵੀਂ ਪੰਜਾਬੀ ਪੜ੍ਹਾਉਂਦੇ ਸਨ। ਉਸ ਦੌਰ ਵਿੱਚ ਅੱਜ ਕਲ੍ਹ ਵਾਂਗ ਵਿਦਿਆਰਥੀਆਂ ਮੂਹਰੇ ਅਧਿਆਪਕ ਖੜ੍ਹ ਕੇ ਪੰਤਾਲੀ ਮਿੰਟ ਨਹੀਂ ਸਨ ਬਿਤਾਉਂਦੇ, ਬਲਕਿ ਕਾਲਜਾਂ ਦੇ ਅਧਿਆਪਕ ਚਿੰਤਨ ਤੇ ਬੌਧਿਕਤਾ ਦੇ ਆਦਰਸ਼ ਵਾਂਗ ਵਿਚਰਦੇ ਸਨ। ਕਵਿਤਾ, ਕਹਾਣੀ, ਨਾਵਲ ਬਾਰੇ ਸੰਸਾਰ ਭਰ ਦੀਆਂ ਗੱਲਾਂ ਕਲਾਸਾਂ ਵਿੱਚ ਹੁੰਦੀਆਂ। ਪ੍ਰੋਫੈਸਰ ਕਿਸੇ ਹੋਰ ਹੀ ਦੁਨੀਆ ਦੇ ਜੀਵ ਲਗਦੇ। ਉਨ੍ਹਾਂ ਵਾਂਗ ਤੁਰਨਾ, ਹੱਥ ਹਿਲਾਉਣਾ ਤੇ ਬੋਲਣਾ ਵਿਦਿਆਰਥੀਆਂ ਦੇ ਸੁਭਾਅ ਵਿੱਚ ਆਪ ਮੁਹਾਰੇ ਸ਼ਾਮਿਲ ਹੋ ਜਾਂਦਾ ਸੀ। ਇਸੇ ਸਦਕਾ ਮੇਰੇ ਵਰਗੇ ਪ੍ਰੋਫੈਸਰ ਬਣਨ ਦਾ ਸੁਪਨਾ ਮਨ ਵਿਚ ਪਾਲ ਬੈਠੇ। ਪ੍ਰੋ. ਸਾਗਰ ਨੂੰ ਦੁਸ਼ਿਅੰਤ ਕੁਮਾਰ ਨਾਲ ਖ਼ਾਸ ਹੀ ਪ੍ਰੇਮ ਸੀ, ਕੋਈ ਦਿਨ ਐਸਾ ਨਹੀਂ ਸੀ ਜਾਂਦਾ ਜਦੋਂ ਉਹ ਦੁਸ਼ਿਅੰਤ ਦਾ ਕੋਈ ਸ਼ਿਅਰ ਨਾ ਸੁਣਾਉਂਦੇ। ਉਨ੍ਹਾਂ ਦੀ ਪਹਿਲੀ ਕਿਤਾਬ ‘ਅੱਖਾਂ ਵਾਲੀਆਂ ਪੈੜਾਂ’ ਦੇ ਅਨੇਕ ਸ਼ਿਅਰਾਂ ਦੀ ਪਿਠਭੂਮੀ ’ਚ ਦੁਸ਼ਿਅੰਤ ਦਾ ਪਰਛਾਵਾਂ ਦਿਸ ਪੈਂਦਾ ਹੈ। ਉਹ ਕਹਿੰਦੇ- ਜੀਹਨੇ ‘ਸਾਏ ਮੇਂ ਧੂਪ’ ਨਹੀਂ ਪੜ੍ਹੀ, ਉਹ ਅਨਪੜ੍ਹ ਹੈ। ਮੈਂ ਬੜੀ ਕੋਸ਼ਿਸ਼ ਕੀਤੀ ਕਿ ਇਹ ਕਿਤਾਬ ਖਰੀਦ ਕੇ ਪੜ੍ਹ ਲਵਾਂ ਤੇ ਅਨਪੜ੍ਹ ਹੋਣ ਦਾ ਕਲੰਕ ਆਪਣੇ ਨਾਲੋਂ ਲਾਹ ਸੁੱਟਾਂ, ਪਰ ਉਦੋਂ ਅੱਜ ਕਲ੍ਹ ਵਾਂਗ ਕਿਤਾਬਾਂ ਮਿਲਣੀਆਂ ਸੌਖੀਆਂ ਨਹੀਂ ਸਨ। ਲਿਹਾਜ਼ਾ ਮੈਂ ਆਪਣੇ ਆਪ ਨੂੰ ਬੀ ਏ ਵਾਲਾ ਅਨਪੜ੍ਹ ਸਮਝਣ ਲਈ ਬੇਵਸ ਸਾਂ।
ਅੱਜ ਉਹ ਕਿਤਾਬ ਦੇਖ ਕੇ ਮੇਰੇ ਸਾਹਮਣੇ ਡਿਗਰੀ ਨੂੰ ਸੱਚ ਕਰਨ ਦਾ ਮੌਕਾ ਆ ਗਿਆ। ਮੁੱਲ ਪੁੱਛਿਆ ਤਾਂ ਦੁਕਾਨ ਵਾਲੇ ਨੇ ਕਿਹਾ, “ਪੈਂਤੀ ਰੁਪਏ।”
ਹੁਣ ਸੰਕਟ ਇਹ ਸੀ ਕਿ ਇੰਨੇ ਪੈਸੇ ਕਿਤਾਬ ਉੱਪਰ ਖਰਚ ਕੇ ਭੁੱਖਾ ਰਹਿ ਜਾਣਾ ਸੀ। ਇਕ ਪਲ ਲਈ ਕੁਝ ਸੋਚ ਕੇ ਪੰਜਾਹ ਦਾ ਨੋਟ ਉਸ ਵੱਲ ਵਧਾਇਆ ਤੇ ਕਿਤਾਬ ਆਪਣੇ ਕਬਜ਼ੇ ’ਚ ਕੀਤੀ।... ਪੰਜ ਰੁਪਏ ਦਾ ਚਾਹ ਦਾ ਕੱਪ ਤੇ ਇੰਨੇ ਦਾ ਹੀ ਬਿਸਕੁਟਾਂ ਦਾ ਪੈਕੇਟ ਆਮ ਦਿਨਾਂ ਵਿੱਚ ਭੁੱਖ ਮਿਟਾਉਣ ਲਈ ਸ਼ਾਇਦ ਨਾਕਾਫ਼ੀ ਹੁੰਦਾ, ਪਰ ਉਹ ਤਾਂ ਖ਼ਾਸ ਦਿਨ ਸੀ। ਮੈਂ ਫਟਾਫਟ ਚਾਹ ਮੁਕਾ ਕੇ ਬੱਸ ’ਚ ਆ ਬੈਠਾ ਤੇ ਕਿਤਾਬ ਪੜ੍ਹਨ ਲੱਗਾ। ਮੈਨੂੰ ਯਾਦ ਹੈ ਪਹਿਲੀ ਹੀ ਗ਼ਜ਼ਲ...
ਕਹਾਂ ਤੋ ਤਯ ਥਾ ਚਰਾਗਾਂ ਹਰ ਏਕ ਘਰ ਕੇ ਲੀਏ
ਕਹਾਂ ਚਰਾਗ ਮਯੱਸਰ ਨਹੀਂ ਸ਼ਹਿਰ ਕੇ ਲੀਏ
ਪੜ੍ਹਦਿਆਂ ਮੈਨੂੰ ਸੱਚੀਂ ਆਪਣਾ ਆਪ ਗਿਆਨਵਾਨ ਹੁੰਦਾ ਜਾਪਿਆ ਸੀ। ਫਗਵਾੜੇ ਤੱਕ ਕਿਤਾਬ ਇੱਕ ਵਾਰ ਪੜ੍ਹ ਲਈ ਸੀ। ਉਸ ਤੋਂ ਬਾਅਦ ਇਹਨੂੰ ਖੌਰੇ ਪੰਜ ਸੌ ਵਾਰ ਪੜ੍ਹਿਆ ਹੋਵੇ! ਇਸ ਕਿਤਾਬ ਦੀ ਕਾਪੀ ਸਦਾ ਮੇਰੇ ਸਿਰ੍ਹਾਣੇ ਰਹਿੰਦੀ ਹੈ। ਮੈਂ ਵੀ ਆਪਣੀਆਂ ਕਿੰਨੀਆਂ ਹੀ ਜਮਾਤਾਂ ਵਿੱਚ ਪ੍ਰੋ. ਸਾਗਰ ਵਾਲਾ ਉਹ ਡਾਇਲਾਗ ਬੋਲਿਆ ਹੈ ਕਿ ਜਿਸ ਨੇ ‘ਸਾਏ ਮੇਂ ਧੂਪ’ ਨਹੀਂ ਪੜ੍ਹੀ, ਉਹ ਅਨਪੜ੍ਹ ਹੈ।
ਫਗਵਾੜੇ ਪੁੱਜ ਕੇ ਦੇਖਿਆ ਤਾਂ ਸਾਈਕਲ ਦੇ ਪਿਛਲੇ ਟਾਇਰ ’ਚ ਹਵਾ ਨਦਾਰਦ ਸੀ। ਉਸ ਤੋਂ ਬਾਅਦ ਘਰ ਪੁੱਜਣ ਤੱਕ ਜੋ ਸੰਘਰਸ਼ ਕੀਤਾ, ਉਹ ਵੱਖਰੀ ਕਹਾਣੀ ਹੈ, ਪਰ ਕਿਤਾਬ ਮਿਲਣ ਤੇ ਉਸ ਰਾਹੀਂ ਲੇਖਕ ਨੂੰ ਮਿਲਣ ਦਾ ਚਾਅ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਸੀ।
ਬੜੇ ਸਾਲ ਬਾਅਦ ਡਾ. ਸੁਤਿੰਦਰ ਸਿੰਘ ਨੂਰ ਨੇ ਭੋਪਾਲ ਕਵਿਤਾ ਪੜ੍ਹਨ ਲਈ ਭੇਜਿਆ। ਜਿਸ ਸੈਸ਼ਨ ਵਿੱਚ ਮੈਂ ਕਵਿਤਾ ਪੜ੍ਹੀ, ਉਸ ਦੀ ਸਦਾਰਤ ਡਾ. ਸ਼ਹਰਯਾਰ ਨੇ ਕੀਤੀ ਤੇ ਉਸ ਵਿੱਚ ਵਿਸ਼ੇਸ਼ ਤੌਰ ’ਤੇ ਸ੍ਰੀਮਤੀ ਰਾਜੇਸ਼ਵਰੀ ਦੁਸ਼ਿਅੰਤ ਕੁਮਾਰ ਸ਼ਾਮਿਲ ਸਨ। ਬਾਅਦ ਵਿਚ ਉਨ੍ਹਾਂ ਦੁਸ਼ਿਅੰਤ ਬਾਰੇ ਬੜੀਆਂ ਗੱਲਾਂ ਦੱਸੀਆਂ, ਤੇ ਸਾਰੇ ਕਵੀਆਂ ਨੂੰ ਪਿਆਰ ਨਾਲ ਮਿਲੇ।
ਇਹ ਕਹਾਣੀ ਦੱਸਣ ਦਾ ਮਕਸਦ ਇਹ ਕਿ ਅੱਜ ਵੀ ਮੈਨੂੰ ਪਸੰਦੀਦਾ ਕਵੀਆਂ ਦੀਆਂ ਕਿਤਾਬਾਂ ਖਰੀਦਣ ਦਾ ਓਨਾ ਹੀ ਚਾਅ ਚੜ੍ਹਦਾ ਹੈ।... ਆਖ਼ਿਰ ਨਿੱਕੀਆਂ-ਨਿੱਕੀਆਂ ਖੁਸ਼ੀਆਂ ਜੀਣ ਲਈ ਜ਼ਰੂਰੀ ਤਾਂ ਹਨ ਹੀ।
ਸੰਪਰਕ: 94654-64502