ਵਸਮੇ ਵਾਲੀਆਂ ਬੋਤਲਾਂ
ਫਲਾਈਟ ਤੋਂ ਕਈ ਦਿਨ ਪਹਿਲਾਂ ਜਾਣ-ਪਛਾਣ ਵਿੱਚੋਂ ਫੋਨ ਆਇਆ ਤੇ ਦੋ-ਤਿੰਨ ਵਾਰ ਫਿਰ ਉਨ੍ਹਾਂ ਪੱਕਾ ਕੀਤਾ ਕਿ ਦਾੜ੍ਹੀ ਲਈ ਵਸਮਾ ਜ਼ਰੂਰ ਲੈ ਕੇ ਆਇਓ, ਇੱਥੋਂ ਉਹ ਚੀਜ਼ ਨਹੀਂ ਮਿਲਦੀ। ਇਸ ਦੇ ਨਾਲ-ਨਾਲ ਉਨ੍ਹਾਂ ਕੁਝ ਦਵਾਈਆਂ ਵੀ ਲਿਆਉਣ ਲਈ ਕਿਹਾ। ਫਲਾਈਟ ਤੋਂ ਇਕ ਦਿਨ ਪਹਿਲਾਂ ਵਸਮਾ ਪਟਿਆਲੇ ਤੋਂ ਲੈ ਲਿਆ ਪਰ ਦਵਾਈਆਂ ਪਟਿਆਲਿਓਂ ਮਿਲ ਨਾ ਸਕੀਆਂ।
ਚੰਡੀਗੜ੍ਹ ਪਹੁੰਚ ਕੇ ਸੈਕਟਰ 30 ਦੇ ਮੈਡੀਕਲ ਸਟੋਰ ’ਤੇ ਕੈਬ ਰੁਕਵਾਈ ਪਰ ਦੱਸੀ ਗਈ ਦਵਾਈ ਉੱਥੋਂ ਵੀ ਨਾ ਮਿਲੀ। ਇਸ ਤੋਂ ਅਗਲੇ ਸੈਕਟਰ 20 ਦੇ ਮੈਡੀਕਲ ਸਟੋਰਾਂ ਤੋਂ ਵੀ ਨਾ ਮਿਲੀ। ਬੜੀ ਦਿੱਕਤ ਸੀ, ਜੇ ਦਵਾਈ ਸੱਚੀਂ ਨਾ ਮਿਲੀ ਤਾਂ ਅਗਲਿਆਂ ਕਹਿਣਾ- ਜਾਣ ਕੇ ਲੈ ਕੇ ਨਹੀਂ ਆਇਆ।
ਸੈਕਟਰ 21 ਦੇ ਮੈਡੀਕਲ ਸਟੋਰ ਤੋਂ ਵੀ ਨਿਰਾਸ਼ਾ ਮਿਲੀ। ਚੰਡੀਗੜ੍ਹ ਬੱਸ ਅੱਡੇ ਤੋਂ ਦਿੱਲੀ ਏਅਰਪੋਰਟ ਲਈ ਮੇਰੀ ਵੋਲਵੋ ਬੱਸ ਦਾ ਸਮਾਂ ਹੋ ਰਿਹਾ ਸੀ ਪਰ ਦਵਾਈ ਲਿਜਾਣੀ ਵੀ ਓਨੀ ਜ਼ਰੂਰੀ ਸੀ। ਸੈਕਟਰ 22 ਦੇ ਇਕ ਮੈਡੀਕਲ ਵਾਲੇ ਤੋਂ ਪੂਰਾ ਡੱਬਾ ਤਾਂ ਨਾ ਮਿਲਿਆ ਪਰ 7-8 ਪੱਤੇ ਮਿਲ ਗਏ ਤੇ ਇੰਨੇ ਨਾਲ ਹੀ ਸਾਹ ਜਿਹਾ ਆ ਗਿਆ ਮਹਿਸੂਸ ਹੋਇਆ। ਸੈਕਟਰ 22 ਦੇ ਸੰਘਣੇ ਟ੍ਰੈਫਿਕ ਕਾਰਨ ਵੋਲਵੋ ਬੱਸ ਭਾਵੇਂ ਨਿਕਲ ਚੁੱਕੀ ਸੀ ਪਰ ਮੇਰੀ ਫਲਾਈਟ ਦਾ ਸਮਾਂ ਅਜੇ ਕਾਫੀ ਪਿਆ ਸੀ।
ਅਗਲੀ ਵੋਲਵੋ ਨਾ ਆਈ ਤਾਂ ਹਰਿਆਣਾ ਰੋਡਵੇਜ਼ ਦੀ ਜਨਰਲ ਬੱਸ ਰਾਹੀਂ ਦਿੱਲੀ ਹਵਾਈ ਅੱਡੇ ਉੱਤੇ ਸਮੇਂ ਸਿਰ ਪਹੁੰਚ ਹੋ ਗਈ।
ਇੱਕ ਅਟੈਚੀ ਤੇ ਇੱਕ ਹੈਂਡਬੈਗ ਸੀ ਮੇਰੇ ਕੋਲ। ਅਟੈਚੀ ਵਿੱਚ ਦੋ ਵੱਡੀਆਂ ਬੋਤਲਾਂ ਵਸਮਾ ਤੇ ਥੋੜ੍ਹਾ ਬਹੁਤ ਕੁਝ ਹੋਰ ਸੀ ਪਰ ਇਹ ਸਮਾਨ ਮੇਰੇ ਹੈਂਡਬੈਗ ਵਿਚ ਪੂਰਾ ਆ ਸਕਦਾ ਸੀ। ਦਿਲ ਕਰਦਾ ਸੀ, ਅਟੈਚੀ ਵਿੱਚੋਂ ਵਸਮਾ ਵਗੈਰਾ ਕੱਢ ਕੇ ਹੈਂਡਬੈਗ ਵਿਚ ਪਾ ਕੇ ਅਟੈਚੀ ਪਰੇ ਵਗ੍ਹਾ ਮਾਰਾਂ ਕਿਉਂਕਿ ਫਲਾਈਟ ਵਿੱਚ ਅਟੈਚੀ ਘੜੀਸਣੇ ਬੜੇ ਔਖੇ ਲੱਗਦੇ।
ਸ਼ਿਕਾਗੋ ਦੇ ਓ ਆਰ ਡੀ ਏਅਰਪੋਰਟ ਪਹੁੰਚ ਕੇ ਮੇਰੀ ਅਮਰੀਕਨ ਈਗਲ ਦੀ ਅਗਲੀ ਡੋਮੈਸਟਿਕ ਫਲਾਈਟ ਸੀ। ਅਫਸਰ ਨੇ ਚੈੱਕ-ਇਨ ਵਿੱਚ ਅਟੈਚੀ ਦੇ 46 ਡਾਲਰ ਜਮ੍ਹਾਂ ਕਰਾਉਣ ਲਈ ਕਿਹਾ ਤਾਂ ਮੈਨੂੰ 46 ਡਾਲਰ ਦੇਣੇ ਠੀਕ ਨਾ ਲੱਗੇ। ਮੈਂ ਇਕ ਪਾਸੇ ਹੋ ਕੇ ਅਟੈਚੀ ਵਿੱਚੋਂ ਵਸਮੇ ਵਾਲੀਆਂ ਬੋਤਲਾਂ ਤੇ ਨਿਕ-ਸੁਕ ਜਿਹਾ ਆਪਣੇ ਹੈਂਡਬੈਗ ਵਿਚ ਘਸੋੜ ਲਿਆ ਤੇ ਆਲਾ-ਦੁਆਲਾ ਦੇਖ ਕੇ ਅਟੈਚੀ ਟਰੈਸ਼ ਡਰੰਮੀ ਵਿਚ ਧੱਕ ਕੇ ਦੂਰ ਖੜ੍ਹ ਗਿਆ। ਸਕਿਓਰਿਟੀ ਵਾਲੇ ਜਦੋਂ ਆਏ ਤਾਂ ਟਰੈਸ਼ ਡਰੰਮ ਵਿੱਚ ਏਡਾ ਅਟੈਚੀ ਤੁੰਨਿਆ ਉਨ੍ਹਾਂ ਦੇ ਨਾਲ ਆਏ ਕੁੱਤੇ ਸੁੰਘਣ ਲੱਗ ਪਏ।
ਮੇਰੇ ਲਈ ਸਥਿਤੀ ਔਖੀ ਸੀ ਕਿ ਅਮਰੀਕਨ ਸ਼ਿਕਾਰੀ ਸੁੰਘਦੇ-ਸੁੰਘਦੇ ਮੇਰੇ ਕੋਲ ਨਾ ਆ ਖੜ੍ਹਨ। ਅਟੈਚੀ ਉਤੇ ਮੇਰਾ ਨਾਮ ‘ਸਿੰਘ’ ਵੀ ਲਿਖਿਆ ਹੋਇਆ ਸੀ ਤੇ ਉਥੇ ‘ਸਿੰਘ’ ਵੀ ਮੈਂ ਇਕੱਲਾ ਸੀ। ਮਾਮਲਾ ਗੜਬੜ ਲੱਗਾ।
ਮੈਂ ਉੱਥੋਂ ਹੌਲੀ ਜਿਹੇ ਖਿਸਕ ਕੇ ਸਕਿਓਰਿਟੀ ਚੈਕਿੰਗ ਵੱਲ ਹੋ ਲਿਆ। ਬੈਗ ਦੀ ਸਕੈਨਿੰਗ ਵਿਚ ਆਈਆਂ ਵਸਮੇ ਦੀਆਂ ਉਹ ਦੋਵੇਂ ਬੋਤਲਾਂ ਉਥੇ ਹੀ ਟਰੈਸ਼ ਕਰਵਾ ਦਿੱਤੀਆਂ ਗਈਆਂ। ਪਤਾ ਲੱਗਾ ਕਿ ਇਹ ਚੀਜ਼ਾਂ ਹੈਂਡਬੈਗ ਵਿਚ ਨਹੀਂ ਲਿਜਾਣ ਦਿੰਦੇ। ਮੈਨੂੰ ਲੱਗਾ, ਵਸਮੇ ਦੀਆਂ ਬੋਤਲਾਂ ਦਾ ਏਨਾ ਹੀ ਸਫ਼ਰ ਸੀ।
ਹੁਣ ਮੈਂ ਫ਼ਿਕਰਮੰਦ ਸੀ ਕਿ ਜਿਨ੍ਹਾਂ ਨੇ ਵਸਮਾ ਮੰਗਵਾਇਆ, ਉਨ੍ਹਾਂ ਕੋਲ ਇਸ ਗੱਲ ਦਾ ਨਾ ਕੋਈ ਜ਼ਿਕਰ ਹੋ ਸਕਦਾ ਸੀ ਤੇ ਨਾ ਉਨ੍ਹਾਂ ਮੰਨਣਾ ਸੀ; ਫਿਰ ਵੀ ਮੈਥੋਂ ਰਿਹਾ ਨਾ ਗਿਆ ਤੇ ਡੋਮੈਸਟਿਕ ਫਲਾਈਟ ਵਿੱਚ ਜਾਣ ਤੋਂ ਪਹਿਲਾਂ ਵਟਸਐਪ ਮੈਸੇਜ ਕੀਤਾ ਕਿ ਵਸਮਾ ਲਿਆਉਣ ਨਹੀਂ ਦਿੱਤਾ। ਉਹੀ ਗੱਲ ਹੋਈ... ਮੈਸੇਜ ਆ ਗਿਆ- ‘ਇਹ ਬਹਾਨਾ ਵਧੀਆ।’ ਇਸ ਦਾ ਮਤਲਬ ਸੀ- ਤੂੰ ਇੰਡੀਆ ਤੋਂ ਹੀ ਨਹੀਂ ਲੈ ਕੇ ਆਇਆ।...
ਮੈਸੇਜ ਪੜ੍ਹ ਕੇ ਬੜਾ ਮਹਿਸੂਸ ਹੋਇਆ ਪਰ ਸਪੱਸ਼ਟੀਕਰਨ ਨਾ ਮੰਨੇ ਜਾਣ ਨੂੰ ਤਾੜ ਕੇ ਚੁੱਪ ਰਹਿਣਾ ਹੀ ਬਿਹਤਰ ਸੀ।
ਅਗਲੇ ਦਿਨ ਦਵਾਈਆਂ ਦਾ ਲਿਫਾਫਾ ਉਨ੍ਹਾਂ ਹਵਾਲੇ ਕਰਨ ਲੱਗਿਆਂ ਮੈਂ ਕਿਹਾ, “ਬੜੀ ਮੁਸ਼ਕਿਲ ਨਾਲ ਇਹ ਦਵਾਈ ਮਿਲੀ ਐ।” ਉਨ੍ਹਾਂ ਬੜੀ ਬੇਰੁਖ਼ੀ ਵਿਚ ਕਿਹਾ, “ਇਹ ਤਾਂ ਆਮ ਦਵਾਈ ਐ, ਹਰ ਥਾਂ ਮਿਲ ਜਾਂਦੀ।”
ਹੁਣ ਇੱਕ ਹੋਰ ‘ਇੱਕ ਚੁੱਪ ਸੌ ਸੁੱਖ’ ਵਾਲੀ ਗੱਲ ਹੋ ਗਈ ਸੀ। ਦਵਾਈ ਖਰੀਦਣ ਲਈ ਚੰਡੀਗੜ੍ਹ ਦੇ ਵੱਡੇ ਮੈਡੀਕਲ ਸਟੋਰਾਂ ਉੱਤੇ ਖਾਧੇ ਧੱਕਿਆਂ ਦਾ ਹੁਣ ਕੋਈ ਮੁੱਲ ਨਹੀਂ ਸੀ। ਉਹ ਬੇਵਜ੍ਹਾ ਨਾਰਾਜ਼ ਸੀ ਤੇ ਮੈਂ ਬੇਵਜ੍ਹਾ ਉਨ੍ਹਾਂ ਦਾ ਕਸੂਰਵਾਰ।
ਸੰਪਰਕ: 97799-21999