ਆਪੇ ਤੋਂ ਪਾਰ
ਦਰਸ਼ਨ ਸਿੰਘ
ਗੱਲ ਤਾਂ ਸੁਣ ਜਾ...।” ਤੁਰਦੇ ਜਾਂਦੇ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਮੈਂ ਕਿਹਾ।
“ਆਥਣੇ ਆਵਾਂਗਾ। ਬੈਠਾਂਗੇ ਫਿਰ।”
ਸ਼ਾਇਦ ਉਸ ਕੋਲ ਪਲ ਕੁ ਲਈ ਵੀ ਜਿਵੇਂ ਵਿਹਲ ਨਹੀਂ ਸੀ। ਸੋਚਣ ਲੱਗਾ, ਬੰਦੇ ਦੀ ਦੌੜ-ਭੱਜ ਕਿੰਨੀ ਤੇਜ਼ ਹੋ ਗਈ। ਲੰਮੇ ਪੰਧ, ਮਨ ’ਚ ਕਾਹਲ ਤੇ ਸੋਚਾਂ ਦੀ ਭਟਕਣ...। ਇੱਛਾਵਾਂ ਦਾ ਕੋਈ ਹੱਦ-ਬੰਨਾ ਹੀ ਨਹੀਂ। ਸਬਰ ਸੰਤੋਖ ਜਿਵੇਂ ਅੰਦਰੋਂ ਖੁਰ ਹੀ ਗਏ ਹੋਣ।
ਬਹੁਤ ਨੇੜੇ ਹੋ ਕੇ ਮੈਂ ਕਈਆਂ ਦੇ ਅੰਦਰ ਝਾਕਿਆ ਹੈ; ਜਾਪਦਾ, ਹਰ ਕੋਈ ਜਿਵੇਂ ਆਪਣੇ ਲਈ ਹੀ ਜੀ ਰਿਹਾ ਹੋਵੇ। ਆਪ ਤੋਂ ਆਪ ਤੱਕ ਹੀ ਜ਼ਿੰਦਗੀ ਦਾ ਸਫ਼ਰ ਹੈ। ‘ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ’।
ਨਿੱਕੀ ਉਮਰੇ ਹੋਰਾਂ ਨੂੰ ਦੇਖਦਾ ਸੁਣਦਾ ਸਾਂ... ਇੱਕ ਰੁੱਖ ਹੇਠਾਂ ਆ ਕੇ ਬੈਠਿਆ ਕਰਦਾ। ਸੰਘਣੀ ਛਾਂ ਵੰਡਦਾ ਇਹ ਬਿਰਖ ਪਤਾ ਨਹੀਂ ਕਿਹੜੇ ਵੱਡੇ-ਵਡੇਰਿਆਂ ਦੇ ਹੱਥਾਂ ਨੇ ਲਾਇਆ ਤੇ ਪਾਲਿਆ ਸੀ। ਸੋਚ ਹੋਵੇਗੀ, ਕੋਈ ਕਦੇ ਨਾ ਕਦੇ ਇਸ ਦੀ ਛਾਂ ਬੈਠੂ। ਫ਼ਲ ਖਾਊ। ਆਲ੍ਹਣਿਆਂ ਨੂੰ ਥਾਂ ਮਿਲੂ ਤੇ ਆਲ੍ਹਣਿਆਂ ’ਚ ਬੈਠੇ ਬੋਟਾਂ ਨੂੰ ਸਕੂਨ। ਵਰ੍ਹਿਆਂ ਪਿੱਛੋਂ ਕਿਸੇ ਦੀ ਸੋਚ ਕਿਸੇ ਲਈ ਸੁੱਖ ਬਣ ਜਾਂਦੀ ਹੈ। ਜ਼ਿੰਦਗੀ ਦਾ ਸੁਹੱਪਣ ਇਉਂ ਹੀ ਸਿਰਜਿਆ ਜਾਂਦਾ ਹੈ।
ਮੇਰੇ ਲਈ ਉਦੋਂ ਸਭ ਕੁਝ ਹੀ ਨਵਾਂ ਸੀ। ਨਵਾਂ ਸਕੂਲ, ਨਵੀਂ ਨੌਕਰੀ, ਨਵੇਂ ਚਿਹਰੇ ਤੇ ਨਵੇਂ ਰਾਹ। ਸਕੂਲ ਪ੍ਰਾਇਮਰੀ ਤੋਂ ਅਪਗ੍ਰੇਡ ਹੋ ਕੇ ਮਿਡਲ ਹੋਇਆ ਸੀ। ਨਿਯੁਕਤੀ ਆਰਡਰ ਲੈ ਕੇ ਮੈਂ ਸਕੂਲ ਦਫ਼ਤਰ ਪੁੱਜਿਆ।
“ਤੁਸੀਂ ਬੈਠੋ। ਅਸੀਂ ਹੁਣੇ ਆਉਂਦੇ ਹਾਂ।” ਮੁੱਖ ਅਧਿਆਪਕ ਨੇ ਮੈਨੂੰ ਕਿਹਾ।
ਦਸ ਕੁ ਮਿੰਟ ਪਿੱਛੋਂ ਪੰਜ-ਸੱਤ ਜਣੇ ਉਨ੍ਹਾਂ ਦੇ ਨਾਲ ਸਨ। ਖੜ੍ਹੇ ਹੋ ਕੇ ਮੈਂ ਹੱਥ ਜੋੜ ਕੇ ਫ਼ਤਹਿ ਬੁਲਾਈ। “ਚਲੋ ਗੁਰਦੁਆਰੇ ਚੱਲਦੇ ਹਾਂ। ਮਹਾਰਾਜ ਦੀ ਹਜ਼ੂਰੀ ’ਚ ਮਿਡਲ ਸਕੂਲ ਦੇ ਤੌਰ ’ਤੇ ਪਹਿਲੀ ਹਾਜ਼ਰੀ ਤੁਹਾਡੀ ਹੋਵੇਗੀ। ਰਜਿਸਟਰ ਉਨ੍ਹਾਂ ਹੱਥ ’ਚ ਲਿਆ ਤੇ ਮੈਂ ਉਨ੍ਹਾਂ ਦੇ ਨਾਲ-ਨਾਲ ਤੁਰ ਪਿਆ। ਗੱਲਾਂ ਤੇ ਖ਼ਿਆਲ ਵੀ ਸਾਂਝੇ ਹੋਏ। ਮੇਰਾ ਹਾਜ਼ਰੀ ਲਗਾਉਣਾ ਮੇਰੇ ਲਈ ਤੇ ਪਿੰਡ ਵਾਸੀਆਂ ਲਈ ਬੜਾ ਯਾਦਗਾਰੀ ਤੇ ਕਿਸੇ ਮੇਲੇ ਜਿਹਾ ਦਿਨ ਸੀ।
ਥੋੜ੍ਹੇ ਕੁ ਦਿਨਾਂ ਪਿੱਛੋਂ ਮੈਨੂੰ ਪਤਾ ਲੱਗਾ ਕਿ ਸਕੂਲ ਨੂੰ ਅਪਗ੍ਰੇਡ ਕਰਵਾਉਣ ਦੇ ਕਾਰਜ ’ਚ ਕਿਸ ਦੇ ਯਤਨ ਅਤੇ ਉਪਰਾਲੇ ਸਨ। ਮਿਲਣ ਲਈ ਮੈਂ ਉਨ੍ਹਾਂ ਦੇ ਘਰ ਗਿਆ। “ਸਾਰਿਆਂ ਦੀ ਹੀ ਸਾਂਝੀ ਕੋਸ਼ਿਸ਼ ਸੀ। ਸਾਲ ਕੁ ਤਾਈਂ ਦੋ ਤਿੰਨ ਕਮਰੇ ਵੀ ਬਣਵਾ ਦਿਆਂਗੇ। ਪਤਾ ਨੀ ਕਿੰਨੇ ਕੁ ਸਾਹ ਬਾਕੀ ਨੇ। ਤੁਰ ਜਾਵਾਂਗੇ, ਪਿੱਛੋਂ ਸਾਡਾ ਪਿੰਡ ਤਾਂ ਪੜ੍ਹੂ...।” ਮੇਰੇ ਲਈ ਇਹ ਸੇਧ ਅਤੇ ਸਿੱਖਿਆ ਸੀ। ਕਿਤਾਬੀ ਪੰਨਿਆਂ ਦੇ ਲਫ਼ਜ਼ਾਂ ਤੋਂ ਕਿਤੇ ਪਾਰ ਦੀ ਇਹ ਵਡਮੁੱਲੀ ਤੇ ਖ਼ੂਬਸੂਰਤ ਗੱਲ ਸੀ। ਮੈਨੂੰ ਜਾਪਿਆ, ਨਿੱਜ ਦੇ ਪਾਰ ਦੂਜਿਆਂ ਬਾਰੇ ਕੁਝ ਨਵਾਂ ਤੇ ਵੱਖਰਾ ਸੋਚਣਾ, ਅੱਗੇ ਹੋ ਕੇ ਕੰਮ ਕਰਨਾ ਤੇ ਹੋਰਾਂ ਨੂੰ ਪ੍ਰੇਰਨਾ, ਬਹੁਤ ਵੱਡੀ ਸੋਚ ਦੀਆਂ ਡੂੰਘੀਆਂ ਗੱਲਾਂ ਤਾਂ ਹੁੰਦੀਆਂ ਹੀ ਹਨ, ਉਹ ਆਪ ਤੇ ਉਨ੍ਹਾਂ ਦੇ ਮੱਥੇ ਵੀ ਹੋਰਾਂ ਤੋਂ ਵੱਖਰੇ ਦਿਸਦੇ ਹਨ।
ਸਾਲ ਕੁ ਪਹਿਲੋਂ ਜਲੰਧਰ ਰਿਸ਼ਤੇਦਾਰੀ ਵਿਚ ਕਿਸੇ ਦਾ ਭੋਗ ਸੀ। ਛੋਟਾ ਹੁੰਦਾ ਸਾਂ ਤਾਂ ਇੱਥੇ ਰਹਿੰਦੀ ਵੱਡੀ ਭੂਆ ਕੋਲ ਛੁੱਟੀਆਂ ਵਿਚ ਆਉਂਦਾ ਜਾਂਦਾ। ਰਿਸ਼ਤਿਆਂ ਵਿਚਲਾ ਨਿੱਘ ਤਲਾਸ਼ਦਾ ਤੇ ਮਾਣਦਾ। ਆਪਣਿਆਂ ਨੂੰ ਮਿਲਣ ਲਈ ਜੀ ਵੀ ਕਰਦਾ ਤੇ ਚਾਅ ਨਾਲ ਵੀ ਮਨ ਭਰਿਆ ਹੁੰਦਾ। ਜਿਉਂ-ਜਿਉਂ ਵੱਡਾ ਹੋਇਆ, ਹਾਲਾਤ ਤੇ ਰੁਝੇਵਿਆਂ ਦੀ ਦਲਦਲ ’ਚ ਜ਼ਿੰਦਗੀ ਖੁੱਭ ਗਈ। ਆਉਣ ਜਾਣ ਪਹਿਲੋਂ ਜਿਹਾ ਨਾ ਰਿਹਾ। ਸਬਬ ਨਾਲ ਕਦੇ ਕਦਾਈਂ ਆਉਂਦਾ ਤਾਂ ਸ਼ਹਿਰ ਬਹੁਤ ਬਦਲਿਆ-ਬਦਲਿਆ ਲਗਦਾ। ਨਵੀਆਂ ਉੱਚੀਆਂ ਇਮਾਰਤਾਂ, ਨਵੇਂ ਰਾਹ-ਰਸਤੇ ਤੇ ਨਵੇਂ-ਨਵੇਂ ਮੋੜਾਂ ਦੀਆਂ ਨਵੀਆਂ ਔਕੜਾਂ ਤੇ ਕਠਿਨਾਈਆਂ। ਕਿਸੇ ਜਾਣੇ-ਪਛਾਣੇ ਮੁਹੱਲੇ ਨੂੰ ਪਛਾਣਨਾ ਵੀ ਔਖਾ ਜਿਹਾ ਹੁੰਦਾ। ਬਸ ਤੋਂ ਉਤਰਿਆ। ਸੋਚਿਆ, ਭੋਗ ਨੂੰ ਤਾਂ ਅਜੇ ਦੋ ਘੰਟੇ ਪਏ ਨੇ, ਪਹਿਲੋਂ ਜਾ ਕੇ ਕੀ ਕਰਨੈ; ਨੇੜੇ ਹੀ ਤਾਂ ਹੈ, ਪੈਦਲ ਚਲੇ ਜਾਵਾਂਗਾ ਪਰ ਨਵੇਂ-ਨਵੇਂ ਮੋੜਾਂ ’ਚ ਮੈਂ ਉਲਝ ਗਿਆ ਤੇ ਗ਼ਲਤ ਰਾਹੇ ਪੈ ਗਿਆ। ਕਦੇ ਅੱਗੇ ਜਾਵਾਂ, ਕਦੀ ਪਿੱਛੇ ਮੁੜਾਂ। ਪੁੱਛਣ ’ਤੇ ਵੀ ਕੁਝ ਸਮਝ ਨਾ ਪਵੇ। ਕਿਸੇ ਰਿਕਸ਼ੇ ਵਾਲੇ ਨੂੰ ਉਡੀਕਣ ਲੱਗਾ। ਪ੍ਰੇਸ਼ਾਨੀ ਦੀਆਂ ਲਕੀਰਾਂ ਚਿਹਰੇ ’ਤੇ ਸਾਫ ਦਿਸਣ ਲੱਗੀਆਂ ਤੇ ਹੋ ਰਹੀ ਦੇਰੀ ਦੀ ਮਨ ’ਚ ਘਬਰਾਹਟ। “ਗੋਪਾਲ ਨਗਰ ਦਾ ਗੁਰਦੁਆਰਾ ਕਿੱਥੇ?” ਮੇਰੇ ਕੋਲ ਅਚਾਨਕ ਰੁਕੇ ਸਕੂਟਰ ਵਾਲੇ ਤੋਂ ਮੈਂ ਪੁੱਛਿਆ।
“ਬੈਠੋ, ਮੈਂ ਛੱਡ ਆਉਨੈ।” ਆਖਦਿਆਂ ਉਹਨੇ ਆਪਣਾ ਸਕੂਟਰ ਉਸੇ ਦਿਸ਼ਾ ’ਚ ਮੋੜ ਲਿਆ ਜਿਧਰੋਂ ਆ ਰਿਹਾ ਸੀ।
“ਨਹੀਂ, ਮੈਂ ਚਲੇ ਜਾਵਾਂਗਾ। ਕੇਰਾਂ ਰਾਹੇ ਪਾ ਦਿਉ।”
“ਪੰਜ ਦਸ ਮਿੰਟ ਨਾਲ ਮੈਨੂੰ ਕੀ ਫ਼ਰਕ ਪੈਣ ਲੱਗਿਐ।”
ਸ਼ਹਿਰ ਦੀ ਭੀੜ ’ਚ ਉਹ ਮੇਰੇ ਲਈ ਵਿਸ਼ੇਸ਼ ਸੀ। ਪਿੱਛੇ ਬੈਠੇ-ਬੈਠੇ ਮੇਰੀ ਇਹ ਸੋਚ ਮੇਰੇ ਇਸ ਵਿਸ਼ਵਾਸ ਨੂੰ ਹੋਰ ਦ੍ਰਿੜ ਕਰ ਰਹੀ ਸੀ ਕਿ ਕੁਦਰਤ ਵੀ ਸਮੇਂ-ਸਮੇਂ ਤੁਹਾਡੀਆਂ ਲੋੜਾਂ ਪੂਰਾ ਕਰਨ ਲਈ ਆਪ ਪ੍ਰਬੰਧ ਕਰਦੀ ਹੈ।
ਹਰ ਬੰਦਾ ਅੰਦਰੋਂ ਕਿਤੇ ਨਾ ਕਿਤੇ ਖ਼ਾਲੀ ਜ਼ਰੂਰ ਹੁੰਦਾ। ਹਾਲਾਤ ਵੀ ਜਿ਼ੰਦਗੀ ਤੋਂ ਬੜਾ ਕੁਝ ਖੋਹ ਲੈਂਦੇ ਜੋ ਕਦੀ ਭਰਿਆ ਨਹੀਂ ਜਾ ਸਕਦਾ। ਇਸੇ ਨੂੰ ਮਹਿਸੂਸ ਕਰਨ ਅਤੇ ਮਨ ਦੇ ਅੰਦਰ ਪੈਂਦੇ ਸ਼ੋਰ ਨੂੰ ਸਮਝਣ ਵਾਲਾ ਜੇ ਕੋਈ ਮਿਲ ਜਾਵੇ ਤਾਂ ਜ਼ਿੰਦਗੀ ਨੂੰ ਜੀਣਾ ਔਖਾ ਨਹੀਂ ਹੁੰਦਾ, ਨਾ ਹੀ ਇਸ ਦੇ ਬੋਝਲ ਸਫ਼ਰ ਰਾਹਾਂ ਵਿਚ ਰੁਕਦੇ ਹਨ। ਅੱਧਾ ਦੁੱਖ ਤਾਂ ਵੈਸੇ ਹੀ ਟੁੱਟ ਜਾਂਦਾ ਕਿਸੇ ਦੇ ਪੁੱਛਣ ਨਾਲ ਹੀ। ਜ਼ਿੰਦਗੀ ਦੀ ਖ਼ੂਬਸੂਰਤੀ ਵੀ ਅਜਿਹੀਆਂ ਗੱਲਾਂ ਅਤੇ ਉਨ੍ਹਾਂ ਕਰ ਕੇ ਹੀ ਹੈ ਜੋ ਆਪੇ ਤੋਂ ਪਾਰ ਦੇਖਦੇ, ਦੂਜਿਆਂ ਲਈ ਵਕਤ ਕੱਢਦੇ, ਸੋਚਦੇ... ਨਾਲ ਖੜ੍ਹਦੇ ਹਨ... ਤੇ ਜਿਨ੍ਹਾਂ ਆਪਣੇ ਕੀਤੇ ਦਾ ਮੁੱਲ ਕਦੇ ਨਹੀਂ ਮੰਗਿਆ...।
ਸੰਪਰਕ: 94667-37933