ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁੱਤਿਆਂ ਤੋਂ ਸਾਵਧਾਨ: ਹਲਕਾਅ ਅਤੇ ਹੋਰ ਰੋਗ

ਭਾਰਤ ਵਿਚ ਸਮਾਜਿਕ, ਧਾਰਮਿਕ ਤੇ ਪ੍ਰਸ਼ਾਸਨਿਕ ਹਾਲਾਤ ਅਜਿਹੇ ਹਨ ਕਿ ਪਿੰਡਾਂ ਤੇ ਸ਼ਹਿਰਾਂ ਦੇ ਗਲੀ ਮੁਹੱਲਿਆਂ ਵਿੱਚ ਅਵਾਰਾ ਡੰਗਰ ਅਤੇ ਕੁੱਤੇ ਹੀ ਨਜ਼ਰੀਂ ਪੈਂਦੇ ਹਨ। ਦੁਨੀਆ ਦੇ ਕੁੱਲ ਦੇਸ਼ਾਂ ’ਚੋਂ, ਕੁੱਤੇ ਦੇ ਵੱਢਣ ਦੇ ਰੋਗ ਨਾਲ ਸਭ ਤੋਂ ਵੱਧ ਮੌਤਾਂ...
Advertisement

ਭਾਰਤ ਵਿਚ ਸਮਾਜਿਕ, ਧਾਰਮਿਕ ਤੇ ਪ੍ਰਸ਼ਾਸਨਿਕ ਹਾਲਾਤ ਅਜਿਹੇ ਹਨ ਕਿ ਪਿੰਡਾਂ ਤੇ ਸ਼ਹਿਰਾਂ ਦੇ ਗਲੀ ਮੁਹੱਲਿਆਂ ਵਿੱਚ ਅਵਾਰਾ ਡੰਗਰ ਅਤੇ ਕੁੱਤੇ ਹੀ ਨਜ਼ਰੀਂ ਪੈਂਦੇ ਹਨ। ਦੁਨੀਆ ਦੇ ਕੁੱਲ ਦੇਸ਼ਾਂ ’ਚੋਂ, ਕੁੱਤੇ ਦੇ ਵੱਢਣ ਦੇ ਰੋਗ ਨਾਲ ਸਭ ਤੋਂ ਵੱਧ ਮੌਤਾਂ ਭਾਰਤ ਵਿੱਚ ਹੁੰਦੀਆਂ ਹਨ। ਪੰਜਾਬ ਵਿੱਚ ਜਨਵਰੀ ਤੋਂ ਜੂਨ ਤੱਕ ਕੁੱਤੇ ਦੇ ਵੱਢਣ ਦੇ 37 ਲੱਖ ਮਾਮਲੇ ਆਏ ਅਤੇ 54 ਮੌਤਾਂ ਹੋਈਆਂ। ਕੁੱਤਿਆਂ ਤੋਂ ਹਲਕਾਅ ਤੋਂ ਇਲਾਵਾ ਹਾਇਡੇਟਿਡ (hydatid) ਰੋਗ (ਇਕਾਇਨੋਕੋਕਸ - echinococcus), ਲੀਸ਼ਮੇਨੀਐਸਿਸ ਤੇ ਕਈ ਹੋਰ ਫੰਗਸ ਵਾਲੇ ਰੋਗ ਹੁੰਦੇ ਹਨ।

ਹਲਕਾਅ (ਰੇਬੀਜ਼): ਇਹ ਵਾਇਰਲ ਇਨਫੈਕਸ਼ਨ ਹੁੰਦੀ ਹੈ ਜੋ ਕੁੱਤਿਆਂ (ਤੇ ਗਰਮ ਖ਼ੂਨ ਵਾਲੇ ਹੋਰ ਜਾਨਵਰਾਂ) ’ਚ ਦਿਮਾਗ਼ ਦੀ ਸੋਜ (ਇਨਕੈਫਲਾਇਟਿਸ-ਮੈਨਿੰਨਜਾਇਟਸਿ) ਪੈਦਾ ਕਰਦਾ ਹੈ। ਇਨਸਾਨਾਂ ’ਚ ਇਹ ਜਾਨਲੇਵਾ ਹੁੁੰਦਾ ਹੈ। ਸਰੀਰ ਦੇ ਜਿਸ ਹਿੱਸੇ ’ਤੇ ਕੁੱਤੇ ਦੇ ਦੰਦ ਵੱਜਦੇ ਹਨ, ਉਥੋਂ ਰੇਬੀਜ਼ ਦਾ ਵਾਇਰਸ ਸੁਖਮਣਾ ਨਾੜੀ ਦੀਆਂ ਸਾਖ਼ਾਂ ਰਾਹੀਂ ਦਿਮਾਗ਼ ’ਚ ਪੁੱਜਦਾ ਹੈ, ਦਿਮਾਗ਼ ਦੇ ਸੈਲਾਂ ’ਤੇ ਨਾ ਰੁਕਣ ਵਾਲਾ ਨੁਕਸਾਨ ਕਰਦਾ ਹੈ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ।

Advertisement

ਅਲਾਮਤਾਂ: ਕੁੱਤੇ ਦੇ ਵੱਢਣ ਦੇ ਕੁਝ ਹਫ਼ਤੇ ਜਾਂ ਮਹੀਨੇ, ਕਈ ਵਾਰ ਸਾਲ ਬਾਅਦ ਲੱਛਣ ਸ਼ੁਰੂ ਹੁੰਦੇ ਹਨ। ਇਕ ਵਾਰ ਲੱਛਣ ਆ ਜਾਣ ਤਾਂ ਬੰਦੇ ਦਾ ਬਚਣਾ ਮੁਸ਼ਕਿਲ ਹੁੰਦਾ ਹੈ। ਆਰੰਭ ਵਿੱਚ ਇਹ ਮਾਮੂਲੀ ਰੋਗ ਲਗਦਾ ਹੈ ਤੇ ਸਿਰ ਪੀੜ, ਬੁਖ਼ਾਰ ਅਤੇ ਆਮ ਕਮਜ਼ੋਰੀ ਮਹਿਸੂਸ ਹੁੰਦੀ ਹੈ ਪਰ ਜਿੱਦਾਂ-ਜਿੱਦਾਂ ਬਿਮਾਰੀ ਵਧਦੀ ਹੈ, ਖ਼ਾਸ ਅਲਾਮਤਾਂ ਹੋਣ ਲਗਦੀਆਂ ਹਨ; ਜਿਵੇਂ ਨੀਂਦ ਨਾ ਆਉਣਾ, ਚਿੰਤਾ, ਇਕ ਪਾਸੇ ਦੀ ਕਮਜ਼ੋਰੀ ਜਾਂ ਪਾਸਾ ਮਾਰਿਆ ਜਾਣਾ, ਅਜੀਬ-ਅਜੀਬ ਚੀਜ਼ਾਂ ਨਜ਼ਰ ਆਉਣੀਆਂ, ਭੰਬਲਭੂਸੇ ਵਾਲੀ ਹਾਲਤ, ਮੂੰਹ ’ਚ ਵਧੇਰੇ ਪਾਣੀ ਆਉਣਾ (ਲਾਲ਼ਾਂ), ਰੋਟੀ ਅੰਦਰ ਲੰਘਾਉਣ ਦੀ ਸਮੱਸਿਆ, ਦੌਰੇ ਪੈਣੇ, ਪਾਣੀ ਤੋਂ ਡਰ ਲੱਗਣਾ ਆਦਿ। ਇਸੇ ਕਰ ਕੇ ਇਸ ਨੂੰ ਹਾਇਡਰੋ ਫੋਬੀਆ ਕਿਹਾ ਜਾਂਦਾ। ਬਿਮਾਰੀ ਅੰਤਮ ਪੜਾਅ ’ਤੇ ਪਹੁੰਚਦੀ ਹੈ ਤਾਂ ਪਾਣੀ ਦੀ ਆਵਾਜ਼ (ਗਿਲਾਸ ’ਚ ਪਾਣੀ ਪਾਉਣ ਜਾਂ ਬੱਚੇ ਦੇ ਪਿਸ਼ਾਬ ਕਰਨ ਦੀ ਆਵਾਜ਼), ਇੱਥੋਂ ਤਕ ਕਿ ਨਜ਼ਦੀਕ ਬੈਠਾ ਬੰਦਾ, ਪਾਣੀ ਦਾ ਨਾਂ ਵੀ ਲੈ ਲਵੇ ਤਾਂ ਦੌਰਾ ਪੈ ਜਾਂਦਾ ਹੈ। ਇਕ ਵਾਰ ਵਾਇਰਸ ਦਿਮਾਗ ’ਚ ਪੁੱਜ ਜਾਵੇ, ਇਸ ਦਾ ਕੋਈ ਇਲਾਜ ਨਹੀਂ। ਦੋ ਤੋਂ ਦਸ ਦਿਨਾਂ ’ਚ ਰੋਗੀ ਦੀ ਮੌਤ ਹੋ ਜਾਂਦੀ ਹੈ। ਮੂੰਹ ਦੇ ਪਾਣੀ (ਲਾਲ਼ਾਂ) ’ਚ ਵਾਇਰਸ ਦੀ ਸਭ ਤੋਂ ਵੱਧ ਘਣਤਾ ਹੁੰਦੀ ਹੈ।

ਮੁੱਢਲੀ ਸਹਾਇਤਾ: ਕੁੱਤੇ ਦੇ ਵੱਢਣ ਤੋਂ ਤੁਰੰਤ ਬਾਅਦ ਜ਼ਖ਼ਮੀ ਬੱਚੇ ਜਾਂ ਬੰਦੇ ਨੂੰ ਹੌਸਲਾ ਦਿਓ ਤੇ ਸ਼ਾਂਤ ਰੱਖੋ। ਕੁਝ ਵੀ ਕਰਨ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋ ਲਵੋ ਤੇ ਦਸਤਾਨੇ ਪਾ ਕੇ ਜ਼ਖ਼ਮ ਦੀ ਸਫ਼ਾਈ ਕਰੋ। ਜ਼ਖ਼ਮ ਨੂੰ ਵੀ ਸਾਬਣ ਤੇ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਪੰਜ-ਸੱਤ ਮਿੰਟ ਧੋ ਕੇ ਉਹਦੇ ਉੱਤੇ ਕੋਈ ਐਂਟੀ-ਬਾਇਓਟਿਕ ਕਰੀਮ ਲਗਾ ਦਿਓ ਤੇ ਪੱਟੀ ਕਰ ਦਿਓ। ਕਈ ਲੋਕ ਜ਼ਖ਼ਮ ’ਤੇ ਮਿਰਚਾਂ ਲਗਾ ਦਿੰਦੇ ਹਨ, ਇਹ ਗ਼ਲਤ ਹੈ। ਮੁਕੰਮਲ ਇਲਾਜ ਵਾਸਤੇ ਕੁਆਲੀਫਾਈਡ ਡਾਕਟਰ ਕੋਲ ਜਾਂ ਨੇੜਲੇ ਸਰਕਾਰੀ ਹਸਪਤਾਲ ਜਾਓ। ਟੈਟਨਸ ਦਾ ਟੀਕਾ ਵੀ ਲਗਾਇਆ ਜਾਂਦਾ ਹੈ। ਐਂਟੀ-ਰੇਬੀਜ਼ ਵੈਕਸੀਨ ਦੇ ਟੀਕੇ ਲਗਾਏ ਜਾਂਦੇ ਹਨ। ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਦੇ ਅਧੀਨ ਕੇਂਦਰੀ ਤੇ ਸੂਬਾ ਸਰਕਾਰਾਂ ਦੇ ਸਾਰੇ ਹਸਪਤਾਲਾਂ ਵਿੱਚ ਇਹ ਟੀਕੇ ਮੁਫ਼ਤ ਲਗਦੇ ਹਨ।

ਧਿਆਨ ਯੋਗ: ਵੈਟਰਨਰੀ ਡਾਕਟਰ ਦੀ ਸਲਾਹ ਨਾਲ ਪਾਲਤੂ ਜਾਨਵਰਾਂ (ਕੁੱਤੇ, ਬਿੱਲੀਆਂ) ਦਾ ਨਿਯਮਤ ਟੀਕਾਕਰਨ ਕਰਵਾਓ। ਅਵਾਰਾ ਜਾਨਵਰਾਂ ਨੂੰ ਨਾ ਫੜੋ, ਨਾ ਛੂਹੋ। ਨੇੜੇ-ਤੇੜੇ ਕੋਈ ਕੁੱਤਾ ਜਾਂ ਹੋਰ ਜਾਨਵਰ ਅਜੀਬ ਵਿਹਾਰ ਕਰਦਾ ਹੈ ਤਾਂ ਉਸ ਬਾਰੇ ਅਨੀਮਲ ਕੰਟਰੋਲ ਅਫਸਰ ਨੂੰ ਸੂਚਿਤ ਕਰੋ। ਕਿਸੇ ਜਾਨਵਰ ਜਾਂ ਸ਼ੱਕੀ ਕੁੱਤੇ ਨੇ ਦੰਦ ਮਾਰੇ ਹਨ, ਜਾਂ ਚੱਟਿਆ ਵੀ ਹੈ ਤਾਂ ਉਸ ਹਿੱਸੇ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋ ਕੇ ਨੇੜੇ ਦੇ ਸਰਕਾਰੀ ਹਸਪਤਾਲ ’ਚ ਜਾ ਕੇ ਟੀਕੇ ਲਗਵਾਓ। ਪਾਲਤੂ ਕੁੱਤਿਆਂ ਨੂੰ ਖੱਸੀ (ਨਸਬੰਦੀ) ਕਰਵਾਓ। ਗਲੀ ਦੇ ਆਵਾਰਾ ਕੁੱਤਿਆਂ ਨੂੰ ਰੋਟੀਆਂ ਨਾ ਪਾਓ ਸਗੋਂ ਉਨ੍ਹਾਂ ਦੀ ਨਸਬੰਦੀ ਕਰਵਾਉਣ ਵਾਸਤੇ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰੀ ਕਰਮਚਾਰੀਆਂ ਦੀ ਮਦਦ ਕਰੋ। ਅਮਰੀਕਾ ਤੇ ਹੋਰ ਵਿਕਸਤ ਦੇਸ਼ਾਂ ਵਿੱਚ ਜਿੱਥੇ ਕੁੱਤਿਆਂ ਤੇ ਬਿੱਲੀਆਂ ਦਾ ਮੁਕੰਮਲ ਤੌਰ ’ਤੇ ਟੀਕਾਕਰਨ ਕੀਤਾ ਜਾਂਦਾ ਹੈ, ਉੱਥੇ ਇਹ ਰੋਗ ਨਾ-ਮਾਤਰ ਹੈ।

ਵਿਸ਼ਵ ਰੇਬੀਜ਼ ਦਿਵਸ: ਇਹ ਦਿਨ ਵਿਸ਼ਵ ਭਰ ’ਚ 28 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਕੁੱਤੇ-ਬਿੱਲੀਆਂ ਦੇ ਕੱਟਣ ਨਾਲ ਹੋਣ ਵਾਲੇ ਰੋਗ ਰੇਬੀਜ਼ ਬਾਰੇ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਂਦਾ ਹੈ।

ਹਾਇਡੇਟਿਡ ਰੋਗ ਜਾਂ ਇਕਾਇਨੋਕੋਕਸ: ਕੁੱਤਿਆਂ ਤੋਂ ਇਨਸਾਨਾਂ ਨੂੰ ਹੋਣ ਵਾਲਾ ਇਹ ਰੋਗ ਤਕਰੀਬਨ ਸਾਰੀ ਦੁਨੀਆ ਵਿੱਚ ਹੁੰਦਾ ਹੈ। ਇਹ ਉਸ ਜਗ੍ਹਾ ਵਧੇਰੇ ਹੁੰਦਾ ਹੈ ਜਿੱਥੇ ਜ਼ਿਆਦਾ ਕੁੱਤੇ ਹੋਣ, ਖੁੱਲ੍ਹੀਆਂ ਹੱਡਾ-ਰੋੜੀਆਂ ਹੋਣ, ਅਨਪੜ੍ਹਤਾ ਤੇ ਅੰਧ-ਵਿਸ਼ਵਾਸੀ ਲੋਕ ਹੋਣ ਅਤੇ ਸਫ਼ਾਈ ਤੇ ਸਿਹਤ ਬਾਰੇ ਚੇਤਨਾ ਦੀ ਘਾਟ ਹੋਵੇ। ਜਿੱਦਾਂ ਇਨਸਾਨਾਂ ਦੇ ਪੇਟ ਵਿੱਚ ਕੀੜਾ (ਟੇਪਵਰਮ) ਹੋ ਜਾਂਦਾ ਹੈ, ਉਸੇ ਤਰ੍ਹਾਂ ਕੁੱਤਿਆਂ ਵਿੱਚ ਵੀ ਟੇਪਵਰਮ ‘ਇਕਾਇਨੋਕੋਕਸ ਗ੍ਰੈਨੂਲੋਸਸ’ ਹੁੰਦਾ ਹੈ। ਇਸ ਬਾਰੇ ਸਭ ਤੋਂ ਪਹਿਲਾਂ ਪੀਅਰ ਸਿਮੋਨ ਪੱਲਾਸ ਨਾਂ ਦੇ ਵਿਗਿਆਨੀ ਨੇ 1766 ਵਿੱਚ ਦੱਸਿਆ ਸੀ ਕਿ ਟੇਪਵਰਮ ਦੀ ਲਾਰਵੇ ਵਾਲੀ ਸਟੇਜ ’ਤੇ ਪਾਣੀ-ਭਰੀਆਂ ਥੈਲੀਆਂ (ਸਿਸਟਾਂ) ਬਣਦੀਆਂ ਹਨ। ਇਸ ਕੀੜੇ ਦਾ ਪੱਕਾ ਮੇਜ਼ਬਾਨ (definitive host) ਕੁੱਤਾ ਅਤੇ ਕੱਚਾ ਮੇਜ਼ਬਾਨ (indefinitive host) ਡੰਗਰ, ਭੇਡਾਂ, ਬੱਕਰੀਆਂ ਆਦਿ ਹੁੰਦੀਆਂ ਹਨ। ਕੁੱਤੇ ਦੀ ਅੰਤੜੀ ਵਿੱਚ ਪਲੇ ਟੇਪਵਰਮ ਦੇ ਆਂਡੇ, ਮਲ ਰਾਹੀਂ ਬਾਹਰ ਨਿਕਲ ਕੇ ਜ਼ਮੀਨ/ਘਾਹ/ਮਿੱਟੀ ਵਿੱਚ ਮਿਲ ਜਾਂਦੇ ਹਨ ਜਾਂ ਕੁੱਤੇ ਦੇ ਵਾਲਾਂ ’ਤੇ ਲੱਗੇ ਰਹਿੰਦੇ ਹਨ। ਪ੍ਰਦੂਸ਼ਿਤ ਘਾਹ/ਮਿੱਟੀ ਤੋਂ ਇਹ ਆਂਡੇ ਪਸ਼ੂਆਂ ਅੰਦਰ ਚਲੇ ਜਾਂਦੇ ਹਨ ਤੇ ਉਸ ਅੰਦਰ ਵਿਕਸਤ ਹੋ ਕੇ ਜਿਗਰ, ਫੇਫੜਿਆਂ, ਪੱਠਿਆਂ ਜਾਂ ਕਿਸੇ ਹੋਰ ਅੰਗ ਵਿੱਚ ਪਾਣੀ ਭਰੇ ਭੁਕਾਨਿਆਂ ਵਾਂਗ, ਸਿਸਟਾਂ ਬਣਾ ਲੈਂਦੇ ਹਨ। ਜਦ ਹੋਰ ਕੁੱਤੇ ਹੱਡਾ-ਰੋੜੀ ਵਿੱਚ ਪਏ ਮਰੇ ਪਸ਼ੂਆਂ ਦਾ ਮਾਸ ਖਾਂਦੇ ਹਨ ਤਾਂ ਇਹ ਸਿਸਟਾਂ ਨਵੇਂ ਕੁੱਤੇ (ਪੱਕੇ ਮੇਜ਼ਬਾਨ) ਵਿੱਚ ਦਾਖ਼ਲ ਹੋ ਕੇ ਪੂਰਾ ਟੇਪਵਰਮ ਬਣ ਜਾਂਦਾ ਹੈ। ਇਵੇਂ ਇਸ ਵਰਮ ਦਾ ਜੀਵਨ ਚੱਕਰ ਚੱਲਦਾ ਰਹਿੰਦਾ ਹੈ। ਮਨੁੱਖ ਇਸ ਚੱਕਰ ਵਿੱਚ ਕੁੱਤੇ ਨਾਲ ਪਿਆਰ ਕਰ ਕੇ ਫਸਦਾ ਹੈ। ਕੁੱਤੇ ਦੇ ਵਾਲਾਂ ਨਾਲ ਲੱਗੇ ਵਰਮ ਦੇ ਆਂਡੇ ਮਨੁੱਖ ਦੇ ਹੱਥਾਂ ਰਾਹੀਂ ਸਰੀਰ ਅੰਦਰ ਦਾਖ਼ਲ ਹੋ ਕੇ ਉਸੇ ਤਰ੍ਹਾਂ ਦੀਆਂ ਸਿਸਟਾਂ ਪੈਦਾ ਕਰਦੇ ਹਨ ਜੋ ਜਿਗਰ, ਫੇਫੜਿਆਂ, ਦਿਮਾਗ ਅਤੇ ਕਈ ਵਾਰ ਦਿਲ ਉੱਤੇ ਵੀ ਬਣ ਜਾਂਦੀਆਂ ਹਨ।

ਲੱਛਣ: ਹਾਇਡੇਟਿਡ ਸਿਸਟਾਂ ਆਮ ਕਰ ਕੇ ਜਿਗਰ ਜਾਂ ਫੇਫੜਿਆਂ ਵਿੱਚ ਬਣਦੀਆਂ ਹਨ; ਕਦੇ-ਕਦੇ ਦਿਲ, ਗੁਰਦੇ, ਪੱਠਿਆਂ, ਦਿਮਾਗ ਜਾਂ ਕਿਸੇ ਵੀ ਹੋਰ ਅੰਗ ਵਿੱਚ ਵੀ ਬਣ ਸਕਦੀਆਂ ਹਨ। ਅਲਾਮਤਾਂ ਇਸ ਗੱਲ ’ਤੇ ਨਿਰਭਰ ਕਰਦੀਆਂ ਹਨ ਕਿ ਇਹ ਸਿਸਟਾਂ ਕਿਹੜੇ ਅੰਗ ਵਿੱਚ ਬਣੀਆਂ ਹਨ। ਹੋ ਸਕਦਾ ਹੈ ਕਿ ਸਿਸਟਾਂ ਬਨਣ ਦੇ ਬਾਅਦ ਵੀ ਲੰਮਾ ਸਮਾਂ ਕੋਈ ਲੱਛਣ ਨਾ ਹੋਵੇ। ਕੋਈ ਰੋਗੀ ਕਿਸੇ ਹੋਰ ਸਮੱਸਿਆ ਕਰ ਕੇ ਅਲਟਰਾ ਸਾਊਂਡ/ਸੀ ਟੀ ਸਕੈਨ ਕਰਵਾਏ ਤਾਂ ਅਚਾਨਕ ਪਤਾ ਲੱਗੇ; ਜਾਂ ਜਿਸ ਅੰਗ ਵਿੱਚ ਇਹ ਸਿਸਟਾਂ ਹੋਣ, ਉਸ ਅੰਗ ਨਾਲ ਸਬੰਧਿਤ ਲੱਛਣ ਹੋਣ; ਜਿਵੇਂ ਫੇਫੜਿਆਂ ਵਿੱਚ ਹੋਣ ਤਾਂ ਖੰਘ, ਸਾਹ ਦੀ ਤਕਲੀਫ਼, ਛਾਤੀ ਵਿੱਚ ਦਰਦ ਆਦਿ। ਜੇ ਸਿਸਟਾਂ ਜਿਗਰ ਵਿੱਚ ਹੋਣ ਤਾਂ ਵਧਿਆ ਹੋਇਆ ਜਿਗਰ, ਜਰਕਾਨ, ਪੇਟ ਵਿੱਚ ਦਰਦ ਤੇ ਸੱਜੇ ਪਾਸੇ ਭਾਰੀਪਣ ਹੁੰਦਾ ਹੈ। ਇਹ ਗੁਬਾਰੇ ਫਟ ਜਾਣ ਤਾਂ ਅੰਦਰਲੇ ਤਰਲ ਨਾਲ ਰਿਐਕਸ਼ਨ ਹੋ ਜਾਂਦਾ ਹੈ ਜੋ ਘਾਤਕ ਵੀ ਹੋ ਸਕਦਾ ਹੈ। ਅਪ੍ਰੇਸ਼ਨ ਦੌਰਾਨ ਵੀ ਇਨ੍ਹਾਂ ਸਿਸਟਾਂ ਨੂੰ ਸਬੂਤਾ ਕੱਢਣ ਵਾਸਤੇ ਬਹੁਤ ਸਾਵਧਾਨੀ ਵਰਤਣੀ ਪੈਂਦੀ ਹੈ। ਇਹ ਸਿਸਟਾਂ ਔਰਤਾਂ ਦੇ ਅੰਡਕੋਸ਼ਾਂ ਵਿੱਚ ਵੀ ਬਣ ਸਕਦੀਆਂ ਹਨ।

ਹਲਕਾਅ ਤੇ ਹਾਇਡੇਟਿਡ ਸਿਸਟਾਂ ਤੋਂ ਬਗ਼ੈਰ ਕੁੱਤੇ ਰੱਖਣ ਵਾਲਿਆਂ ਜਾਂ ਕੁੱਤਿਆਂ ਨਾਲ ਰਹਿਣ ਵਾਲਿਆਂ ਨੂੰ ਹੋਰ ਵੀ ਕਈ ਬਿਮਾਰੀਆਂ ਦਾ ਡਰ ਰਹਿੰਦਾ ਹੈ; ਜਿਵੇਂ ਫੰਗਲ ਇਨਫੈਕਸ਼ਨ- ਕੋਕੇਆਇਡੋਮਾਈਕੋਸਿਸ, ਕ੍ਰਿਪਟੋਕੋਕੋਸਸ ਚਮੜੀ ’ਤੇ ਰਿੰਗ ਵਰਮ, ਸਪਾਇਰੋਟ੍ਰਿਕੋਸਿਸ, ਮਿਊਕੋਰਮਾਇਕੋਸਿਸ ਆਦਿ। ਬੈਕਟੀਰੀਆ ਦੀ ਇਨਫੈਕਸ਼ਨ, ਬਰੂਸਿਲੋਸਿਸ (ਜੋ ਕੁੱਤਿਆਂ ਵਿੱਚ ਅੱਖਾਂ, ਪਤਾਲੂਆਂ ਦੀ ਇਨਫੈਕਸ਼ਨ ਤੇ ਅਬਾਰਸ਼ਨ ਦਾ ਕਾਰਨ ਬਣਦਾ ਹੈ) ਮਨੁੱਖਾਂ ਵਿੱਚ ਵੀ ਐਸੇ ਅਸਰ ਪੈਦਾ ਕਰਦੀ ਹੈ।

ਕੁੱਤਿਆਂ ਦੀ ਗਿਣਤੀ ਤੇ ਕੁੱਤੇ ਦੇ ਵੱਢਣ ਦੇ ਵਧਦੇ ਕੇਸਾਂ ਬਾਰੇ ਸੁਪਰੀਮ ਕੋਰਟ ਨੇ 11 ਅਗਸਤ 2025 ਨੂੰ ਫੈਸਲਾ ਦਿੱਤਾ ਕਿ ਅਵਾਰਾ ਕੁੱਤਿਆਂ ਨੂੰ ਫੜ ਕੇ ਆਸਰਾ ਘਰਾਂ (ਸ਼ੈਲਟਰ ਹੋਮ) ’ਚ ਬੰਦ ਕਰ ਦਿਓ ਪਰ ਕੁੱਤਿਆਂ ਦੇ ਪ੍ਰੇਮੀਆਂ ਦੀ ਅਪੀਲ ’ਤੇ ਦੋ ਹਫਤਿਆਂ ’ਚ ਹੀ ਫੈਸਲਾ ਬਦਲ ਦਿੱਤਾ ਕਿ ਕੁੱਤਿਆਂ ਨੂੰ ਫੜ ਕੇ, ਖੱਸੀ ਕਰ ਕੇ, ਪੇਟ ਦੇ ਕੀੜਿਆਂ ਦੀਆਂ ਦਵਾਈਆਂ ਦੇ ਕੇ, ਫਿਰ ਉਨ੍ਹਾਂ ਥਾਵਾਂ ’ਤੇ ਛੱਡ ਦਿੱਤਾ ਜਾਵੇ ਜਿੱਥੋਂ ਉਨ੍ਹਾਂ ਨੂੰ ਫੜਿਆ ਸੀ।

ਕੁੱਤੇ ਪਾਲਣ ਵਾਲਿਆਂ ਨੂੰ ਬਹੁਤ ਸਾਵਧਾਨੀਆਂ ਵਰਤਣ ਦੀ ਲੋੜ ਹੈ। ਪਾਲਤੂ ਕੁੱਤਿਆਂ ਦੀ ਸਾਫ਼ ਸਫ਼ਾਈ ਤੇ ਉਨ੍ਹਾਂ ਦੀ ਵੈਕਸੀਨੇਸ਼ਨ ਮੁਕੰਮਲ ਢੰਗ ਨਾਲ ਕਰਵਾਓ। ਅਵਾਰਾ ਕੁੱਤਿਆਂ ਨੂੰ ਨੇੜੇ ਨਾ ਲੱਗਣ ਦਿਓ। ਅੰਧ-ਵਿਸ਼ਵਾਸਾਂ ਵਿਚ ਫਸ ਕੇ ਉਨ੍ਹਾਂ ਨੂੰ ਖਾਣ ਪੀਣ ਵਾਲੀਆਂ ਵਸਤਾਂ ਨਾ ਪਾਓ।

ਸੰਪਰਕ: 98728-43491

Advertisement
Show comments