ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਹਤਰ ਗਾਹਕ ਸੇਵਾ

ਵੀਹ ਵਰ੍ਹੇ ਪਹਿਲਾਂ ਬੈਂਕ ਵਿੱਚ ਕੰਮ ਕਰਦਿਆਂ ਮੇਰੀ ਤਰੱਕੀ ਹੋਈ ਤੇ ਮੈਨੂੰ ਫਿਰ ਘਰੋਂ ਬਾਹਰ ਜਾਣਾ ਪਿਆ। ਲੰਮੀ ਜੱਦੋ-ਜਹਿਦ ਮਗਰੋਂ ਲੁਧਿਆਣਾ ਮੁੱਖ ਬ੍ਰਾਂਚ ਵਿੱਚ ਮੇਰੀ ਤਾਇਨਾਤੀ ਹੋਈ। ਬ੍ਰਾਂਚ ਬਹੁਤ ਵੱਡੀ ਸੀ, ਜਿਸ ਵਿੱਚ 87 ਸਟਾਫ ਮੈਂਬਰ ਕੰਮ ਕਰਦੇ ਸਨ। ਬ੍ਰਾਂਚ...
Advertisement

ਵੀਹ ਵਰ੍ਹੇ ਪਹਿਲਾਂ ਬੈਂਕ ਵਿੱਚ ਕੰਮ ਕਰਦਿਆਂ ਮੇਰੀ ਤਰੱਕੀ ਹੋਈ ਤੇ ਮੈਨੂੰ ਫਿਰ ਘਰੋਂ ਬਾਹਰ ਜਾਣਾ ਪਿਆ। ਲੰਮੀ ਜੱਦੋ-ਜਹਿਦ ਮਗਰੋਂ ਲੁਧਿਆਣਾ ਮੁੱਖ ਬ੍ਰਾਂਚ ਵਿੱਚ ਮੇਰੀ ਤਾਇਨਾਤੀ ਹੋਈ। ਬ੍ਰਾਂਚ ਬਹੁਤ ਵੱਡੀ ਸੀ, ਜਿਸ ਵਿੱਚ 87 ਸਟਾਫ ਮੈਂਬਰ ਕੰਮ ਕਰਦੇ ਸਨ। ਬ੍ਰਾਂਚ ਦੇ ਮੁਖੀ ਸਹਾਇਕ ਜਨਰਲ ਮੈਨੇਜਰ ਸਨ। ਮੈਨੂੰ ਬ੍ਰਾਂਚ ਵਿੱਚ ਸਰਕਾਰੀ ਕਾਰੋਬਾਰ ਸੀਟ ਦਾ ਚਾਰਜ ਮਿਲਿਆ। ਇਹ ਵਧੇਰੇ ਰੁਝੇਵਿਆਂ ਵਾਲੀਆਂ ਸੀਟਾਂ ਵਿੱਚੋਂ ਇੱਕ ਸੀ। ਮੇਰੇ ਨਾਲ ਚਾਰ ਕਲਰਕ ਸਨ। ਮੈਨੂੰ ਪਤਾ ਲੱਗਿਆ ਕਿ ਇਸ ਸੀਟ ’ਤੇ ਅੱਜ ਤੱਕ ਜਿਸ ਵੀ ਅਧਿਕਾਰੀ ਦੀ ਤਾਇਨਾਤੀ ਹੋਈ, ਉਹ ਕੁਝ ਦਿਨਾਂ ਬਾਅਦ ਸੀਟ ਬਦਲਾਉਣ ਦੀ ਕਾਹਲ ਵਿੱਚ ਪੈ ਜਾਂਦਾ। ਅਧਿਕਾਰੀ ਨੂੰ ਭਰੋਸਾ ਦਿੱਤਾ ਜਾਂਦਾ ਕਿ ਜਿਉਂ ਹੀ ਕੋਈ ਨਵਾਂ ਅਧਿਕਾਰੀ ਆਵੇਗਾ, ਉਸ ਨੂੰ ਇਸ ਸੀਟ ਤੋਂ ਤਬਦੀਲ ਕਰ ਦਿੱਤਾ ਜਾਵੇਗਾ। ਹੁਣ ਤੱਕ ਕੋਈ ਵੀ ਅਧਿਕਾਰੀ ਤਿੰਨ ਤੋਂ ਚਾਰ ਮਹੀਨੇ ਹੀ ਇਸ ਸੀਟ ’ਤੇ ਟਿਕ ਸਕਿਆ ਸੀ। ਮੈਂ ਉਸ ਸੀਟ ’ਤੇ ਤਿੰਨ ਵਰ੍ਹੇ ਤੇ ਚਾਰ ਮਹੀਨੇ ਕੰਮ ਕੀਤਾ। ਉਸ ਸੀਟ ’ਤੇ ਕੰਮ ਕਰਦਿਆਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਤੇ ਮਾਣ-ਸਨਮਾਨ ਵੀ ਬਹੁਤ ਮਿਲਿਆ।

ਮੇਰੀ ਤਾਇਨਾਤੀ ਤੋਂ ਕੁਝ ਦਿਨ ਬਾਅਦ ਹੀ ਖੇਤਰੀ ਪ੍ਰਬੰਧਕ ਦਫ਼ਤਰ ਤੋਂ ਇੱਕ ਸਟਾਫ਼ ਮੈਂਬਰ ਆਇਆ ਤੇ ਮੈਨੂੰ ਪੀ.ਪੀ.ਐੱਫ. ਖਾਤਿਆਂ ਤਹਿਤ ਇੱਕ ਖਾਤੇ ਦੇ ਨਿਪਟਾਰੇ ਦਾ ਕੇਸ ਦਿੰਦਿਆਂ ਕਿਹਾ, ‘‘ਇਹ ਕੇਸ ਖੇਤਰੀ ਪ੍ਰਬੰਧਕ ਸਾਹਿਬ ਨੇ ਭੇਜਿਆ ਹੈ।’’ ਖੇਤਰੀ ਪ੍ਰਬੰਧਕ ਦਾ ਦਫ਼ਤਰ ਵੀ ਇਸੇ ਇਮਾਰਤ ਵਿੱਚ ਸੀ। ਮੈਂ ਖਾਤੇ ਦਾ ਰਿਕਾਰਡ ਤੇ ਸਾਰੇ ਕਾਗਜ਼ਾਂ ਦੀ ਪੜਤਾਲ ਕੀਤੀ, ਉਹ ਪੂਰੇ ਸਨ। ਕੇਸ ਸਬੰਧੀ ਸਾਰੀ ਕਾਰਵਾਈ ਮੁਕੰਮਲ ਕਰਨ ਲਈ ਕਾਫ਼ੀ ਜੋੜ-ਘਟਾਅ ਕਰਨੇ ਪਏ ਤੇ ਮੈਂ ਤੁਰੰਤ ਫਾਈਲ ਲਈ ਲੋੜੀਂਦੇ ਸਾਰੇ ਦਸਤਾਵੇਜ਼ਾਂ ਦੀ ਤਸਦੀਕ ਕਰਕੇ ਖਾਤਾ ਬੰਦ ਕਰਨ ਸਬੰਧੀ ਕਾਰਵਾਈ ਮੁਕੰਮਲ ਕੀਤੀ। ਇਸ ਮਗਰੋਂ ਮੈਂ ਚੀਫ਼ ਮੈਨੇਜਰ ਦੇ ਨਾਮ ’ਤੇ ਨੋਟ ਬਣਾਇਆ ਅਤੇ ਸਿਫ਼ਾਰਿਸ਼ ਵਾਲੇ ਕਾਲਮ ’ਚ ਹਸਤਾਖ਼ਰ ਕਰਕੇ ਫਾਈਲ ਚੀਫ਼ ਮੈਨੇਜਰ ਕੋਲ ਲੈ ਗਿਆ। ਉਨ੍ਹਾਂ ਕਾਗਜ਼ ਚੈੱਕ ਕੀਤੇ ਤੇ ਫਾਈਲ ਪਾਸ ਕਰ ਦਿੱਤੀ। ਅਖੀਰ ਖਾਤਾ ਬੰਦ ਹੋਇਆ ਤੇ ਮੈਂ ਨਾਮਜ਼ਦ ਵਿਅਕਤੀ ਦੇ ਨਾਮ ’ਤੇ ਬੈਂਕਰ ਚੈੱਕ ਤਿਆਰ ਕਰਵਾ ਲਿਆ।

Advertisement

ਬੈਂਕਰ ਚੈੱਕ ਲੈ ਕੇ ਜਦੋਂ ਮੈਂ ਖੇਤਰੀ ਪ੍ਰਬੰਧਕ ਸਾਹਿਬ ਕੋਲ ਗਿਆ ਤਾਂ ਅੰਦਰ ਸ਼ਾਖਾ ਪ੍ਰਬੰਧਕਾਂ ਦੀ ਮਹੀਨਾਵਾਰ ਕਾਰਗੁਜ਼ਾਰੀ ਸਮੀਖਿਆ ਮੀਟਿੰਗ ਚੱਲ ਰਹੀ ਸੀ। ਮੈਂ ਬੂਹਾ ਬੰਦ ਕਰ ਕੇ ਪਰਤ ਆਇਆ ਤੇ ਬਾਹਰ ਬੈਠੇ ਮੈਨੇਜਰ ਨੂੰ ਬੈਂਕਰ ਚੈੱਕ ਦਿੰਦਿਆਂ ਸੁਨੇਹਾ ਲਾਇਆ ਕਿ ਇਹ ਬੈਂਕਰ ਚੈੱਕ ਸਾਹਿਬ ਨੂੰ ਦੇ ਦੇਵੇ। ਹਾਲੇ ਮੈਂ ਲਿਫਟ ਵੱਲ ਮੁੜਿਆ ਹੀ ਸਾਂ ਕਿ ਇੱਕ ਪ੍ਰਬੰਧਕ ਨੇ ਮੈਨੂੰ ਪਿੱਛਿਓਂ ਆਵਾਜ਼ ਮਾਰੀ, ‘‘ਸਰ, ਤੁਹਾਨੂੰ ਸਾਹਿਬ ਬੁਲਾ ਰਹੇ ਨੇ।’’ ਖੇਤਰੀ ਪ੍ਰਬੰਧਕ ਸਾਹਿਬ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀ।

ਮੈਂ ਅੰਦਰ ਜਾ ਕੇ ਨਮਸਕਾਰ ਕੀਤੀ। ਉਨ੍ਹਾਂ ਮੈਨੂੰ ਬੈਠਣ ਲਈ ਕਿਹਾ ਪਰ ਇੰਨੇ ਵੱਡੇ ਅਧਿਕਾਰੀ ਸਾਹਮਣੇ ਬੈਠਣ ਦੀ ਮੇਰੀ ਹਿੰਮਤ ਨਾ ਪਈ ਤੇ ਮੈਂ ਖੜ੍ਹਾ ਹੀ ਰਿਹਾ। ਉਨ੍ਹਾਂ ਮੈਨੂੰ ਆਉਣ ਦਾ ਕਾਰਨ ਪੁੱਛਿਆ ਤਾਂ ਮੈਂ ਫਾਈਲ ਮੁਕੰਮਲ ਹੋਣ ਅਤੇ ਬੈਂਕਰ ਚੈੱਕ ਤਿਆਰ ਹੋਣ ਬਾਰੇ ਦੱਸਿਆ। ਉਨ੍ਹਾਂ ਚਪੜਾਸੀ ਨੂੰ ਭੇਜ ਤੁਰੰਤ ਬੈਂਕਰ ਚੈੱਕ ਮੰਗਵਾ ਲਿਆ ਤੇ ਖਾਤੇ ਦੇ ਨਾਮਜ਼ਦ ਵਿਅਕਤੀ ਨੂੰ ਕਾਲ ਲਾਈ, ‘‘ਨਾਹਰ ਸਾਹਿਬ, ਤੁਹਾਡਾ ਚੈੱਕ ਬਣ ਕੇ ਆ ਗਿਆ ਹੈ।’’ ਅੱਗੋਂ ਆਵਾਜ਼ ਆਈ, ‘‘ਮੈਂ ਹਾਲੇ ਘਰ ਵੀ ਨਹੀਂ ਪਹੁੰਚਿਆ ਤੇ ਚੈੱਕ ਆ ਵੀ ਗਿਆ, ਇਹ ਤਾਂ ਬਹੁਤ ਵਧੀਆ ਤੇ ਤੇਜ਼ ਗਾਹਕ ਸੇਵਾ ਹੈ।’’ ਮੇਰੇ ਕੰਮ ਤੋਂ ਖ਼ੁਸ਼ ਹੋਏ ਖੇਤਰੀ ਪ੍ਰਬੰਧਕ ਸਾਹਿਬ ਨੇ ਮੇਰਾ ਨਾਂ ਤੇ ਸੰਪਰਕ ਆਪਣੀ ਡਾਇਰੀ ਵਿੱਚ ਨੋਟ ਕਰ ਲਿਆ ਤੇ ਜ਼ੋਰ ਦੇ ਕੇ ਆਖਿਆ ਕਿ ਮੈਂ ਕਦੇ ਵੀ ਉਨ੍ਹਾਂ ਨੂੰ ਮਿਲ ਸਕਦਾ ਹਾਂ। ਉਨ੍ਹਾਂ ਮੈਨੂੰ ਕੁਰਸੀ ’ਤੇ ਬਿਠਾਇਆ ਤੇ ਮੇਰੀ ਹੌਸਲਾ-ਅਫ਼ਜ਼ਾਈ ਕੀਤੀ ਤੇ ਆਪਣੇ ਲਈ ਆਈ ਚਾਹ ਵੀ ਮੈਨੂੰ ਪਿਲਾਈ। ਇਹ ਇੱਕ ਤਰ੍ਹਾਂ ਨਾਲ ਬਿਹਤਰ ਅਤੇ ਤੇਜ਼ ਰਫ਼ਤਾਰ ਨਾਲ ਕੀਤੀ ਗਈ ਗਾਹਕ ਸੇਵਾ ਦੀ ਸ਼ਲਾਘਾ ਸੀ।

ਸੰਪਰਕ: 99966-50048

Advertisement
Show comments