DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪ੍ਰਦੂਸ਼ਿਤ ਪਾਣੀ ਵਿੱਚ ਨਹਾਉਣਾ: ਵਿਗਿਆਨ ਬਨਾਮ ਵਿਸ਼ਵਾਸ

ਡਾ. ਅਰੁਣ ਮਿੱਤਰਾ ਕੁੰਭ ਸਥਾਨ ’ਤੇ ਨਦੀ ਦੇ ਪਾਣੀ ਵਿਚ ਉੱਚ ਪੱਧਰੀ ਪ੍ਰਦੂਸ਼ਣ ਦੀਆਂ ਰਿਪੋਰਟਾਂ ਤੋਂ ਬਾਅਦ ਹੁਣ ਬਿਹਾਰ ਆਰਥਿਕ ਸਰਵੇਖਣ ਦੀ ਰਿਪੋਰਟ ਸਾਹਮਣੇ ਆਈ ਹੈ ਕਿ ਗੰਗਾ ਨਦੀ ਦੇ ਪਾਣੀ ਵਿੱਚ ਬੈਕਟੀਰੀਆ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਬਿਹਾਰ ਵਿਚ...

  • fb
  • twitter
  • whatsapp
  • whatsapp
Advertisement
ਡਾ. ਅਰੁਣ ਮਿੱਤਰਾ

ਕੁੰਭ ਸਥਾਨ ’ਤੇ ਨਦੀ ਦੇ ਪਾਣੀ ਵਿਚ ਉੱਚ ਪੱਧਰੀ ਪ੍ਰਦੂਸ਼ਣ ਦੀਆਂ ਰਿਪੋਰਟਾਂ ਤੋਂ ਬਾਅਦ ਹੁਣ ਬਿਹਾਰ ਆਰਥਿਕ ਸਰਵੇਖਣ ਦੀ ਰਿਪੋਰਟ ਸਾਹਮਣੇ ਆਈ ਹੈ ਕਿ ਗੰਗਾ ਨਦੀ ਦੇ ਪਾਣੀ ਵਿੱਚ ਬੈਕਟੀਰੀਆ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਬਿਹਾਰ ਵਿਚ ਜ਼ਿਆਦਾਤਰ ਥਾਵਾਂ ’ਤੇ ਨਹਾਉਣ ਦੇ ਯੋਗ ਨਹੀਂ। ਇਹ ਅਧਿਐਨ ਬਿਹਾਰ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੀਤਾ ਹੈ ਜੋ ਗੰਗਾ ਨਦੀ ਵਿੱਚ ਪ੍ਰਦੂਸ਼ਣ ਦੇ ਪੱਧਰ ਦੀ ਨਿਯਮਤ ਨਿਗਰਾਨੀ ਕਰਦਾ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਪ੍ਰਯਾਗਰਾਜ ਵਿੱਚ ਹੋਏ ਵੱਡੇ ਇਕੱਠ ਦਾ ਨੋਟਿਸ ਲੈਂਦਿਆਂ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਕੁੰਭ ਦੇ ਸਥਾਨ ਪ੍ਰਯਾਗਰਾਜ ਦਾ ਪਾਣੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੈ। ਉਨ੍ਹਾਂ ਪ੍ਰਦੂਸ਼ਣ ਦੀ ਸਮੱਗਰੀ ਨੂੰ ਮਨਜ਼ੂਰਸ਼ੁਦਾ ਸੀਮਾ ਤੋਂ ਕਿਤੇ ਵੱਧ ਹੋਣ ਅਤੇ ਪ੍ਰਦੂਸ਼ਕਾਂ ਵਿੱਚ ਉੱਚ ਮਾਤਰਾ ਵਿਚ ਮਨੁੱਖੀ ਤੇ ਪਸ਼ੂਆਂ ਦਾ ਮਲ ਆਦਿ ਹੋਣ ਦੀ ਗੱਲ ਕਹੀ ਹੈ। ਐੱਨਜੀਟੀ ਨੇ 16 ਫਰਵਰੀ 2025 ਨੂੰ ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਾਰਵਾਈ ਨਾ ਕਰਨ ਲਈ ਤਾੜਨਾ ਕੀਤੀ ਕਿਉਂਕਿ ਇਸ ਕਾਰਨ 50 ਕਰੋੜ ਲੋਕਾਂ ਨੂੰ ਨਾ ਸਿਰਫ਼ ਬਹੁਤ ਜ਼ਿਆਦਾ ਪ੍ਰਦੂਸ਼ਿਤ ਪਾਣੀ ਨਾਲ ਨਹਾਉਣਾ ਪਿਆ ਜੋ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਸਗੋਂ ਇਸ ਤੋਂ ਵੀ ਭਿਆਨਕ ਗੱਲ ਇਹ ਕਿ ਇਹ ਪਾਣੀ ਲੋਕਾਂ ਨੂੰ ਪੀਣਾ ਵੀ ਪਿਆ।

Advertisement

ਐੱਨਜੀਟੀ ਨੇ ਇਹ ਖ਼ਦਸ਼ਾ ਵੀ ਪ੍ਰਗਟਾਇਆ ਕਿ ਸ਼ਾਇਦ ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਕਿਸੇ ਦਬਾਅ ਹੇਠ ਹੈ। ਐੱਨਜੀਟੀ ਦੇ ਬਿਆਨਾਂ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆਨਾਥ ਯੋਗੀ ਦਾ ਕਹਿਣਾ ਕਿ ਪ੍ਰਯਾਗਰਾਜ ਦਾ ਪਾਣੀ ਪੀਣ ਯੋਗ ਹੈ, ਕੋਈ ਹੈਰਾਨੀ ਵਾਲੀ ਗੱਲ ਨਹੀਂ।

Advertisement

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ 12 ਜਨਵਰੀ ਅਤੇ ਫਿਰ 23 ਜਨਵਰੀ ਨੂੰ ਨਿਰੀਖਣ ਕੀਤਾ ਤਾਂ ਨਿਗਰਾਨੀ ਸਥਾਨਾਂ ’ਤੇ ਪਾਣੀ ਦੀ ਗੁਣਵੱਤਾ ਵਧੇਰੇ ‘ਬਾਇਓ ਕੈਮੀਕਲ ਆਕਸੀਜਨ ਦੀ ਮੰਗ’ (ਬੀਓਡੀ) ਹੋਣ ਕਾਰਨ ਮਿਆਰ ਤੋਂ ਨੀਵੇਂ ਪੱਧਰ ਦੀ ਨਿੱਕਲੀ। ਉੱਚ ਬੀਓਡੀ ਪ੍ਰਦੂਸ਼ਣ ਦੇ ਉੱਚ ਪੱਧਰ ਨੂੰ ਦਰਸਾਉਂਦਾ ਹੈ ਕਿਉਂਕਿ ਸੂਖਮ ਜੀਵਾਂ ਨੂੰ ਪਾਣੀ ਵਿੱਚ ਜੈਵਿਕ ਰਹਿੰਦ-ਖੂੰਹਦ ਨੂੰ ਸਾੜਨ ਲਈ ਵਧੇਰੇ ਆਕਸੀਜਨ ਦੀ ਲੋੜ ਹੁੰਦੀ ਹੈ। ਮਲ ਤੋਂ ਨਿਕਲੇ ਕੋਲੀਫਾਰਮ ਬੈਕਟੀਰੀਆ ਦਾ ਪੱਧਰ ਬਹੁਤ ਜ਼ਿਆਦਾ ਸੀ ਜੋ ਮੁੱਖ ਤੌਰ ’ਤੇ ਮਨੁੱਖੀ ਅਤੇ ਜਾਨਵਰਾਂ ਦੇ ਮਲ ਤੋਂ ਆਉਂਦੇ ਹਨ। ਇਨ੍ਹਾਂ ਬੈਕਟੀਰੀਆ ਦੀ ਮੌਜੂਦਗੀ ਦਰਸਾਉਂਦੀ ਹੈ ਕਿ ਪਾਣੀ ਸੀਵਰੇਜ ਨਾਲ ਦੂਸ਼ਿਤ ਹੈ ਜਿਸ ਨਾਲ ਟਾਈਫਾਈਡ, ਪੇਚਸ਼ ਅਤੇ ਹੈਜ਼ਾ ਵਰਗੀਆਂ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਹੋ ਸਕਦਾ ਹੈ। ਕਈ ਥਾਵਾਂ ’ਤੇ ਡਰੇਨਾਂ ਦਾ ਅਣਸੋਧਿਆ ਗੰਦਾ ਪਾਣੀ ਸਿੱਧਾ ਗੰਗਾ ਵਿੱਚ ਵਹਿ ਰਿਹਾ ਸੀ।

ਐੱਨਜੀਟੀ ਦੀ ਰਿਪੋਰਟ ਲੋਕਾਂ ਨੂੰ ਉਸ ਪ੍ਰਦੂਸ਼ਿਤ ਪਾਣੀ ਵਿੱਚ ਡੁਬਕੀ ਲਾਉਣ ਤੋਂ ਪਹਿਲਾਂ ਸਾਵਧਾਨ ਰਹਿਣ ਦੀ ਚਿਤਾਵਨੀ ਸੀ। ਇਹ ਵਿਰੋਧਾਭਾਸ ਹੈ ਕਿ ਵਿਗਿਆਨਕ ਚਿਤਾਵਨੀ ਦੇ ਬਾਵਜੂਦ ਲੋਕ ਬਹੁਤ ਜ਼ਿਆਦਾ ਪ੍ਰਦੂਸ਼ਿਤ ਪਾਣੀ ਵਿੱਚ ਨਹਾਉਣ ਅਤੇ ਪੀਣ ਲਈ ਇੰਨੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ। ਉਂਝ, ਜੇ ਇਹ ਵਿਸ਼ਵਾਸ ਨਾ ਹੋਵੇ ਕਿ ਕੁੰਭ ਦੌਰਾਨ ਇਸ਼ਨਾਨ ਕਰਨ ਨਾਲ ਉਨ੍ਹਾਂ ਨੂੰ ਦੇਵਤਿਆਂ ਦਾ ਆਸ਼ੀਰਵਾਦ ਮਿਲੇਗਾ, ਇਨ੍ਹਾਂ ਵਿੱਚੋਂ ਬਹੁਤੇ ਲੋਕ ਅਜਿਹੇ ਦੂਸ਼ਿਤ ਜਲਘਰਾਂ ਦੇ ਨੇੜੇ ਵੀ ਨਹੀਂ ਖੜ੍ਹੇ ਹੋਣਗੇ। ਇਹ ਵਿਸ਼ਵਾਸ ਪਹਿਲਾਂ ਨਿੱਜੀ ਮਾਮਲਾ ਹੁੰਦਾ ਸੀ ਪਰ ਹੁਣ ਤਾਂ ਸਰਕਾਰ ਦੁਆਰਾ ਕਾਇਮ ਕੀਤਾ ਜਾ ਰਿਹਾ ਹੈ। ਅਜਿਹੇ ਸਮਾਗਮਾਂ ਦਾ ਪ੍ਰਬੰਧ ਹੁਣ ਤੱਕ ਧਾਰਮਿਕ ਸੰਸਥਾਵਾਂ ਕਰਦੀਆਂ ਸਨ, ਸਰਕਾਰ ਸਿਰਫ ਸਹਾਇਕ ਸੇਵਾਵਾਂ ਮੁਹੱਈਆ ਕਰਦੀ ਸੀ ਪਰ ਪਿਛਲੇ ਇੱਕ ਦਹਾਕੇ ਵਿੱਚ ਸਰਕਾਰ ਨਾ ਸਿਰਫ਼ ਇਨ੍ਹਾਂ ਮਾਮਲਿਆਂ ਨੂੰ ਅੱਗੇ ਵਧਾਉਣ ਵਿੱਚ ਸ਼ਾਮਲ ਹੈ ਸਗੋਂ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਬਿਰਤਾਂਤ ਵੀ ਤਿਆਰ ਕਰ ਰਹੀ ਹੈ। ਸਰਕਾਰੀ ਦਖ਼ਲ ਇੰਨਾ ਜ਼ਿਆਦਾ ਹੈ ਕਿ ਸੰਵਿਧਾਨਕ ਸੰਸਥਾਵਾਂ ਲਈ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

12 ਅਪਰੈਲ 2017 ਨੂੰ ਟਾਈਮਜ਼ ਆਫ ਇੰਡੀਆ ਵਿੱਚ ਛਪੀ ਖ਼ਬਰ ਵਿੱਚ ਚਾਰ ਮੈਂਬਰੀ ਕਮੇਟੀ ਨੇ ਸਿਫ਼ਾਰਸ਼ ਕੀਤੀ ਸੀ ਕਿ ਅਖੌਤੀ ਦੇਵ ਪੁਰਸ਼ ਸ੍ਰੀ ਸ੍ਰੀ ਰਵੀ ਸ਼ੰਕਰ ਦੀ ਆਰਟ ਆਫ ਲਿਵਿੰਗ (ਏਓਐੱਲ) ਫਾਊਂਡੇਸ਼ਨ ਨੂੰ ਯਮੁਨਾ ਨਦੀ ਦੇ ਹੜ੍ਹ ਦੇ ਮੈਦਾਨਾਂ ਨੂੰ ‘ਵਿਆਪਕ ਅਤੇ ਗੰਭੀਰ ਨੁਕਸਾਨ’ ਦੀ ਬਹਾਲੀ ਦੀ ਲਾਗਤ ਵਜੋਂ 100-120 ਕਰੋੜ ਰੁਪਏ ਅਦਾ ਕਰਨੇ ਚਾਹੀਦੇ ਹਨ। ਇਹ ਨੁਕਸਾਨ ਏਓਐੱਲ ਫਾਊਂਡੇਸ਼ਨ ਦੁਆਰਾ 2016 ਵਿੱਚ ਦਿੱਲੀ ਵਿੱਚ ਯਮੁਨਾ ਕਿਨਾਰੇ ਕੀਤੇ ਮਹਾਂ ਸੰਮੇਲਨ ਕਾਰਨ ਹੋਇਆ ਸੀ ਪਰ ਏਓਐੱਲ ਫਾਊਂਡੇਸ਼ਨ ਨੇ ਇਸ ਆਦੇਸ਼ ਦੀ ਕੋਈ ਪ੍ਰਵਾਹ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੂੰ ਕੇਂਦਰ ਵਿੱਚ ਸਰਕਾਰ ਦੀ ਸਰਪ੍ਰਸਤੀ ਪ੍ਰਾਪਤ ਸੀ।

ਸੱਤਾ ’ਤੇ ਕਾਬਜ਼ ਸਰਕਾਰ ਵਾਰ-ਵਾਰ ਗੈਰ-ਵਿਗਿਆਨਕ ਬਿਰਤਾਂਤ ਘੜ ਕੇ ਲੋਕਾਂ ਨੂੰ ਮਿੱਥਾਂ ਵਿੱਚ ਉਲਝਾ ਕੇ ਰੱਖਣ ਦਾ ਕੋਝਾ ਯਤਨ ਕਰ ਰਹੀ ਹੈ। ਉਦਾਹਰਨ ਲਈ ਗਊ ਮੂਤਰ ਨੂੰ ਕੈਂਸਰ ਸਮੇਤ ਕਈ ਬਿਮਾਰੀਆਂ ਦੇ ਇਲਾਜ ਵਜੋਂ ਪ੍ਰਚਾਰਿਆ ਜਾਂਦਾ ਹੈ। ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ਕਿਹਾ ਸੀ ਕਿ ਉਨ੍ਹਾਂ ਦਾ ਛਾਤੀ ਦਾ ਕੈਂਸਰ ਗਊ ਮੂਤਰ ਨਾਲ ਠੀਕ ਹੋ ਗਿਆ। ਗਾਂ ਦਾ ਗੋਬਰ ਅਤੇ ਪੰਚਗਵਯ ਨੂੰ ਕਈ ਬਿਮਾਰੀਆਂ ਦਾ ਇਲਾਜ ਮੰਨਿਆ ਜਾਂਦਾ ਹੈ; ਇਹ ਵੀ ਕਿ ਗਊ ਗੋਬਰ ਵਿੱਚ ਪਰਮਾਣੂ ਹਮਲੇ ਦੀ ਹਾਲਤ ਵਿੱਚ ਪਰਮਾਣੂ ਕਿਰਨਾਂ ਤੋਂ ਬਚਾਉਣ ਦੀ ਸ਼ਕਤੀ ਹੈ।

ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਜੁਲਾਈ 2019 ਵਿੱਚ ਕਿਹਾ ਸੀ ਕਿ ਗਾਂ ਹੀ ਕੇਵਲ ਅਜਿਹਾ ਜਾਨਵਰ ਹੈ ਜੋ ਸਾਹ ਰਾਹੀਂ ਆਕਸੀਜਨ ਲੈਂਦੀ ਹੈ ਅਤੇ ਆਕਸੀਜਨ ਹੀ ਛੱਡਦੀ ਹੈ। ਗਾਂ ਵੱਲੋਂ ਛੱਡੀ ਹਵਾ ਵਿੱਚ ਸਾਹ ਲੈਣ ਨਾਲ ਲੋਕਾਂ ਨੂੰ ਸਾਹ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਕਿਉਂਕਿ ਗਾਂ ‘ਪ੍ਰਾਣ ਵਾਯੂ’ ਦਿੰਦੀ ਹੈ।

ਰਾਜਸਥਾਨ ਹਾਈ ਕੋਰਟ ਦੇ ਇੱਕ ਜੱਜ ਨੇ ਕਿਹਾ ਸੀ ਕਿ ਮੋਰਨੀ ਜਦੋਂ ਮੋਰ ਦੇ ਹੰਝੂਆਂ ਨੂੰ ਚੱਟਦੀ ਹੈ ਤਾਂ ਉਹ ਬੱਚਿਆਂ ਨੂੰ ਜਨਮ ਦਿੰਦੀ ਹੈ। ਜਲੰਧਰ ਵਿੱਚ ਹੋਈ ਇੰਡੀਅਨ ਸਾਇੰਸ ਕਾਂਗਰਸ ਵਿਚ ਆਂਧਰਾ ਪ੍ਰਦੇਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਾਗੇਸ਼ਵਰ ਰਾਓ ਨੇ ਕਿਹਾ ਸੀ ਕਿ 100 ਕੌਰਵਾਂ ਦਾ ਜਨਮ ਹੋਇਆ ਸੀ ਕਿਉਂਕਿ ਸਾਡੇ ਕੋਲ ਵਿਗਿਆਨ ਇੰਨਾ ਵਿਕਸਤ ਸੀ ਕਿ ਅਸੀਂ ਪ੍ਰਾਚੀਨ ਭਾਰਤ ਵਿਚ ਸਟੈੱਮ ਸੈੱਲਾਂ ਦੀ ਵਰਤੋਂ ਕੀਤੀ ਸੀ।

ਅਸਲ ਵਿੱਚ ਅਜਿਹਾ ਗੈਰ-ਵਿਗਿਆਨਕ ਬਿਰਤਾਂਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਬਣਾਇਆ। ਅਕਤੂਬਰ 2014 ਵਿੱਚ ਮੁੰਬਈ ਦੇ ਇੱਕ ਹਸਪਤਾਲ ਦੇ ਉਦਘਾਟਨ ਸਮੇਂ ਉਨ੍ਹਾਂ ਦਾਅਵਾ ਕੀਤਾ ਕਿ ਹਾਥੀ-ਮੁੱਖ ਹਿੰਦੂ ਦੇਵਤਾ ਗਣੇਸ਼ ਪਲਾਸਟਿਕ ਸਰਜਰੀ ਬਾਰੇ ਪ੍ਰਾਚੀਨ ਭਾਰਤ ਦੇ ਗਿਆਨ ਦਾ ਸਬੂਤ ਸੀ। ਇਹ, ਇਸ ਝੂਠੇ ਬਿਰਤਾਂਤ ਦੀ ਵਡਿਆਈ ਕਰਨ ਲਈ ਉਨ੍ਹਾਂ ਦੀ ਅੰਧ-ਭਗਤ ਫੌਜ ਲਈ ਇਸ਼ਾਰਾ ਸੀ। ਇਹ ਕੋਸ਼ਿਸ਼ਾਂ ਲੋਕਾਂ ਨੂੰ ਤਰਕਸ਼ੀਲ ਸੋਚ ਤੋਂ ਦੂਰ ਰੱਖਣ ਲਈ ਹਨ।

ਉਂਝ, ਅਜਿਹੀਆਂ ਮਿੱਥਾਂ ਅਤੇ ਝੂਠਾਂ ਨੂੰ ਹਮੇਸ਼ਾ ਸਮੇਂ-ਸਮੇਂ ਚੁਣੌਤੀ ਦਿੱਤੀ ਜਾਂਦੀ ਰਹੀ ਹੈ। ਪ੍ਰਾਚੀਨ ਭਾਰਤ ਵਿੱਚ ਰਿਸ਼ੀ&ਨਬਸਪ; ਚਾਰਵਾਕ ਨੇ ਬ੍ਰਹਿਮੰਡ ਦੀ ਰਚਨਾ ਅਤੇ ਸਮਾਜਿਕ ਸਬੰਧਾਂ ਦੀ ਪ੍ਰਚਲਿਤ ਧਾਰਨਾ ਨੂੰ ਚੁਣੌਤੀ ਦਿੱਤੀ ਸੀ। ਉਸ ਦੇ ਵਿਚਾਰਾਂ ਕਾਰਨ ਉਸ ਨੂੰ ਸਾੜ ਦਿੱਤਾ ਗਿਆ ਸੀ। ਸੂਫ਼ੀ ਸੰਤਾਂ ਨੇ ਵੀ ਮਿਥਿਹਾਸ ਦਾ ਪਰਦਾਫ਼ਾਸ਼ ਕੀਤਾ। ਗੁਰੂ ਨਾਨਕ ਜੀ ਨੇ ਉਸ ਸਮੇਂ ਦੌਰਾਨ ਮਿੱਥਾਂ ਨੂੰ ਵੰਗਾਰਿਆ।

ਹੁਣ ਜਦੋਂ ਸਾਡੇ ਕੋਲ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਦੇ ਬਹੁਤ ਸਾਰੇ ਵਿਗਿਆਨਕ ਸਬੂਤ ਹਨ ਤਾਂ ਸਾਡਾ ਫ਼ਰਜ਼ ਹੈ ਕਿ ਅਸੀਂ ਉਨ੍ਹਾਂ ਲੋਕਾਂ ਦੇ ਨਾਪਾਕ ਮਨਸੂਬੇ ਬੇਨਕਾਬ ਕਰਨ ਲਈ ਨਿਡਰ ਹੋ ਕੇ ਅੱਗੇ ਆਈਏ ਜੋ ਵਿਗਿਆਨ ਦਾ ਸਾਰਾ ਲਾਭ ਤਾਂ ਲੈਣਾ ਚਾਹੁੰਦੇ ਹਨ ਪਰ ਸਮਾਜ ਵਿੱਚ ਤਰਕਹੀਣ ਅਤੇ ਅਸਪਸ਼ਟ ਵਿਚਾਰਾਂ ਨੂੰ ਉਤਸ਼ਾਹਿਤ ਕਰਦੇ ਹਨ।

ਸੰਪਰਕ: 94170-00360

Advertisement
×