DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੋਟਾਂ ਦਾ ਡੱਬਾ

ਨਿੰਦਰ ਘੁਗਿਆਣਵੀ ਗੱਲ 1992-93 ਦੀ ਹੈ। ਮੈਂ ਫਰੀਦਕੋਟ ਕਚਹਿਰੀ ਵਿਚ ਨਿਰਮਲ ਸਿੰਘ ਬਰਾੜ ਵਕੀਲ ਕੋਲ ਮੁਣਸ਼ੀ ਹੁੰਦਾ ਸਾਂ। ਉੱਥੇ ਉਦੋਂ&ਨਬਸਪ; ਜਿ਼ਲ੍ਹਾ ਤੇ ਸੈਸ਼ਨ ਜੱਜ ਐੱਮਐੱਲ ਸਿੰਗਲ ਜੀ ਸਨ, ਮਦਨ ਲਾਲ ਸਿੰਗਲਾ। ਇਮਾਨਦਾਰ ਵੀ ਸਨ ਤੇ ਭਲੇ ਸ਼ਖ਼ਸ ਸਨ, ਰੱਬ ਦਾ...
  • fb
  • twitter
  • whatsapp
  • whatsapp
Advertisement
ਨਿੰਦਰ ਘੁਗਿਆਣਵੀ

ਗੱਲ 1992-93 ਦੀ ਹੈ। ਮੈਂ ਫਰੀਦਕੋਟ ਕਚਹਿਰੀ ਵਿਚ ਨਿਰਮਲ ਸਿੰਘ ਬਰਾੜ ਵਕੀਲ ਕੋਲ ਮੁਣਸ਼ੀ ਹੁੰਦਾ ਸਾਂ। ਉੱਥੇ ਉਦੋਂ&ਨਬਸਪ; ਜਿ਼ਲ੍ਹਾ ਤੇ ਸੈਸ਼ਨ ਜੱਜ ਐੱਮਐੱਲ ਸਿੰਗਲ ਜੀ ਸਨ, ਮਦਨ ਲਾਲ ਸਿੰਗਲਾ। ਇਮਾਨਦਾਰ ਵੀ ਸਨ ਤੇ ਭਲੇ ਸ਼ਖ਼ਸ ਸਨ, ਰੱਬ ਦਾ ਭੈਅ ਮੰਨਣ ਵਾਲੇ। ਸ਼ਾਇਦ ਉਹ ਮੌੜ ਮੰਡੀ ਦੇ ਸਨ। ਬਾਅਦ ਵਿਚ ਉਹ ਹਾਈਕੋਰਟ ਦੇ ਜੱਜ ਵੀ ਬਣੇ।

Advertisement

ਉਨ੍ਹੀਂ ਦਿਨੀਂ ਜੱਜਾਂ ਨੂੰ ਵਿਆਹਾਂ ਆਦਿ ਉਤੇ ਆਮ ਸੱਦੇ ਨਹੀਂ ਸਨ ਆਉਂਦੇ, ਕਿਸੇ ਖਾਸ ਥਾਂ ਹੀ ਜਾਂਦੇ ਸਨ ਜੱਜ, ਜਾਂ ਅੱਗਿਓਂ ਪਿਛੋਂ ਸ਼ਗਨ ਦੇ ਆਉਂਦੇ। ਮਠਿਆਈ ਦਾ ਡੱਬਾ ਦੇਣ ਤਾਂ ਕੋਈ ਕਦੇ ਹੀ ਆਉਂਦਾ।

ਇਕ ਦਿਨ ਕੋਈ ਬੰਦਾ ਕੋਠੀ ਦੇ ਬਾਹਰ ਸਕਿਉਰਟੀ ਗਾਰਡ ਨੂੰ ਬਿਨਾਂ ਕਾਰਡ ਤੋਂ ਮਠਿਆਈ ਦਾ ਪੈਕ ਕੀਤਾ ਹੋਇਆ ਡੱਬਾ ਦੇ ਗਿਆ। ਕਹਿੰਦਾ ਕਿ ਮੇਰੀ ਕੁੜੀ ਦਾ ਵਿਆਹ ਹੈ, ਸਾਹਿਬ ਨੂੰ ਡੱਬਾ ਦੇ ਦੇਣਾ। ਸਾਹਿਬ ਕਚਹਿਰੀ ਸਨ। ਬੀਬੀ ਨੇ ਵੀ ਨਾ ਡੱਬਾ ਖੋਲ੍ਹਿਆ ਕਿ ਚਲੋ... ਜੱਜ ਸਾਹਿਬ ਆਉਣਗੇ ਤਾਂ ਦੱਸ ਦਿਆਂਗੀ। ਸ਼ਾਮ ਨੂੰ ਸਾਹਿਬ ਆਏ ਤੇ ਬੀਬੀ ਬੋਲੀ ਕਿ ਆਹ ਕੋਈ ਮਠਿਆਈ ਦਾ ਡੱਬਾ ਦੇ ਗਿਆ ਗੇਟ ਉਤੇ, ਅਖੇ ਕੁੜੀ ਦਾ ਵਿਆਹ ਹੈ। ਜੱਜ ਸਾਹਿਬ ਨੇ ਡੱਬਾ ਖੋਲ੍ਹਿਆ ਕਿ ਦੇਖਾਂ ਰਸਗੁਲੇ ਹਨ, ਲੱਡੂ ਹਨ, ਵੇਸਣ ਦੀਆਂ ਪਿੰਨੀਆਂ ਹਨ ਜਾਂ ਬਰਫੀ ਹੈ; ਦੇਖਿਆ ਤਾਂ ਵਿਚ ਸੌ-ਸੌ ਦੇ ਨੋਟ ਚਿਣੇ ਹੋਏ ਸਨ। ਜੱਜ ਸਾਹਿਬ ਨੂੰ ਸਾਹ ਉਖੜਨ ਦੀ ਬਿਮਾਰੀ ਸੀ। ਨੋਟਾਂ ਦਾ ਭਰਿਆ ਡੱਬਾ ਦੇਖ ਉਹ ਘਬਰਾ ਗਏ ਤੇ ਸਾਹ ਉਖੜ ਗਿਆ। ਗੰਨਮੈਨ ਤੇ ਡਰਾਈਵਰ ਅਜੇ ਕੋਠੀ ਵਿਚ ਹੀ ਸਨ। ਸਾਹਿਬ ਨੇ ਆਪਣੇ ਸਕਿਉਰਟੀ ਇੰਚਾਰਜ ਸੂਬਾ ਸਿੰਘ ਨੂੰ ਸੱਦਿਆ ਤੇ ਆਖਿਆ ਕਿ ਸੂਬਾ ਸਿੰਘ, ਘਰ ਨਹੀਂ ਜਾਣਾ, ਆਪਾਂ ਕਿਤੇ ਜਾਣਾ ਹੈ।

ਸਾਹਿਬ ਨੇ ਛੇਤੀ ਨਾਲ ਕੱਪੜੇ ਬਦਲੇ। ਨੋਟਾਂ ਵਾਲਾ ਡੱਬਾ ਬੈਗ ਵਿੱਚ ਪਾਇਆ ਤੇ ਕੋਠੀ ਵਿੱਚੋਂ ਚੱਲ ਪਏ। ਮੋਗੇ ਬੱਸ ਅੱਡੇ ਵਿਚ ਆਏ। ਜਿਪਸੀ ਤੇ ਕਾਰ ਵਾਲੇ ਮੁਲਾਜ਼ਮ ਵਾਪਸ ਮੋੜੇ ਤੇ ਸੂਬਾ ਸਿੰਘ ਨੂੰ ਨਾਲ ਲੈ ਕੇ ਚੰਡੀਗੜ੍ਹ ਵਾਲੀ ਬੱਸ ਚੜ੍ਹ ਗਏ। ਹਨੇਰੇ ਹੋਏ ਚੰਡੀਗੜ੍ਹ ਪੁੱਜੇ। ਸਤਾਰਾਂ ਸੈਕਟਰ ਵਾਲੇ ਅੱਡੇ ’ਚੋਂ ਆਟੋ ਕੀਤਾ ਤੇ ਸਿੱਧੇ ਚੀਫ ਜਸਟਿਸ ਦੀ ਕੋਠੀ ਜਾ ਵੱਜੇ। ਸਕਿਉਰਟੀ ਵਾਲੇ ਨੇ ਅੱਗੇ ਫੋਨ ਉਤੇ ਦੱਸਿਆ ਕਿ ਫਰੀਦਕੋਟ ਦੇ ਜਿ਼ਲ੍ਹਾ ਤੇ ਸੈਸ਼ਨ ਜੱਜ ਆਏ ਨੇ ਤੇ ਐਮਰਜੈਂਸੀ ਮਿਲਣਾ ਚਾਹੁੰਦੇ ਨੇ। ਚੀਫ ਜਸਟਿਸ ਨੇ ਸੋਚਿਆ ਕਿ ਕੋਈ ਖਾਸ ਹੀ ਮਸਲਾ ਹੋਵੇਗਾ ਜਿਹੜੇ ਇਸ ਵੇਲੇ ਤੇ ਬਿਨਾਂ ਦੱਸੇ ਆਏ ਨੇ। ਚੀਫ ਜਸਟਿਸ ਨੂੰ ਸਿੰਗਲਾ ਸਾਹਿਬ ਦੇ ਕੰਮ ਤੇ ਕਿਰਦਾਰ ਬਾਰੇ ਪਤਾ ਸੀ।

ਅੰਦਰ ਗਏ ਘਬਰਾਏ ਹੋਏ। ਚੀਫ ਜਸਟਿਸ ਨੇ ਪੁੱਛਿਆ, ਸਿੰਗਲਾ ਸਾਹਿਬ, ਕੀ ਗੱਲ ਹੈ, ਸਭ ਠੀਕ ਤਾਂ ਹੈ? ਸਿੰਗਲਾ ਸਾਹਿਬ ਭਰੇ ਗਲੇ ਤੇ ਉਖੜੇ ਸਾਹ ਵਿਚ ਬੋਲੇ, “ਹਜ਼ੂਰ ਆਹ ਦੇਖੋ, ਮੇਰੀ ਕੋਠੀ ਦੇ ਗੇਟ ਉਤੇ ਕੋਈ ਅਣਜਾਣਿਆ ਬੰਦਾ ਆਹ ਨੋਟਾਂ ਦਾ ਭਰਿਆ ਡੱਬਾ ਦੇ ਗਿਆ ਐ, ਹੁਣ ਮੈਂ ਕੀ ਕਰਾਂ ਹਜ਼ੂਰ, ਮੈਂ ਤਾਂ... ਈਸ਼ਵਰ ਦੀ ਕਸਮ...।” ਉਨ੍ਹਾਂ ਤੋਂ ਗੱਲ ਪੂਰੀ ਨਾ ਹੋਈ ਤੇ ਉਨ੍ਹਾਂ ਬੈਗ ਵਿਚੋਂ ਡੱਬਾ ਕੱਢ ਕੇ ਦਿਖਾਇਆ। ਚੀਫ ਜਸਟਿਸ ਨੇ ਕਿਹਾ, “ਕੋਈ ਨਾ, ਕੋਈ ਨਾ, ਘਬਰਾਓ ਨਾ ਸਿੰਗਲਾ ਜੀ, ਇਹਦੇ ’ਚ ਆਪ ਦਾ ਕੀ ਕਸੂਰ ਐ ਭਲਾ? ਮੈਨੂੰ ਆਪ ਦਾ ਚੰਗੀ ਤਰ੍ਹਾਂ ਪਤਾ ਹੈ।” ਚੀਫ ਜਸਟਿਸ ਵੀ ਅਗਾਂਹ ਪੂਰਾ ਇਮਾਨਦਾਰ ਸੀ। ਸਿੰਗਲਾ ਜੀ ਨੂੰ ਚਾਹ ਪਿਲਾਈ ਤੇ ਜੁਡੀਸ਼ੀਅਲ ਅਕਾਡਮੀ ਵਾਲਾ ਗੈਸਟ ਹਾਊਸ ਬੁੱਕ ਕਰਵਾਉਣ ਲਈ ਫੋਨ ਕੀਤਾ। ਚੀਫ ਜਸਟਿਸ ਬੋਲੇ, “ਅਰਾਮ ਨਾਲ ਰਾਤ ਇੱਥੇ ਕੱਟੋ, ਕੱਲ੍ਹ ਨੂੰ ਇਹ ਪੈਸਿਆਂ ਵਾਲਾ ਡੱਬਾ ਆਪਣੇ ਗੰਨਮੈਨ ਰਾਹੀਂ ਕਿਸੇ ਧਾਰਮਿਕ ਥਾਂ ਜਾਂ ਗਊਸ਼ਾਲਾ ਜਾਂ ਪਿੰਗਲਵਾੜੇ, ਜਿਥੇ ਤੁਆਡਾ ਮਨ ਕਰੇ, ਦਾਨ ਦੇ ਰੂਪ ਵਿੱਚ ਭੇਜ ਦੇਣਾ, ਆਪ ਨਿਸ਼ਚਿੰਤ ਰਹੋ, ਆਪ ਜਿਹੇ ਜੱਜਾਂ ਕਰ ਕੇ ਹੀ ਨਿਆਂ ਪਾਲਿਕਾ ਬਚੀ ਹੋਈ ਐ ਸਿੰਗਲਾ ਜੀ।” ਇਹ ਸੁਣਦਿਆਂ ਸਿੰਗਲਾ ਜੀ ਦੀਆਂ ਅੱਖਾਂ ਵਿਚ ਹੰਝੂ ਸਨ। ਚੀਫ ਜਸਟਿਸ ਦੀ ਕੋਠੀ ਵਿੱਚੋਂ ਕਾਰ ਉਨ੍ਹਾਂ ਨੂੰ ਗੈਸਟ ਹਾਊਸ ਛੱਡਣ ਜਾ ਰਹੀ ਸੀ।

ਸੰਪਰਕ: 94174-21700

Advertisement
×