ਫ਼ਰਿਸ਼ਤੇ
ਗੱਲ ਦੋ ਦਹਾਕੇ ਪਹਿਲਾਂ ਦੀ ਹੈ। ਮੈਂ ਅਜੇ ਛੋਟਾ ਹੀ ਸੀ। ਰਾਜਗਿਰੀ ਦਾ ਕੰਮ ਕਰਦੇ ਪਿਤਾ ਜੀ ਦਾ ਕੰਮ ਚੱਲ ਨਹੀਂ ਸੀ ਰਿਹਾ। ਘਰ ਵਿੱਚ ਭੈਣ ਦਾ ਵਿਆਹ ਰੱਖਿਆ ਹੋਇਆ ਸੀ। ਸਰਦੀ ਦੇ ਦਿਨ ਸਨ। ਪਿਤਾ ਜੀ ਨੇ ਸੋਚਿਆ, ਘਰ ਦੇ ਦੋ ਕਮਰੇ ਹਨ, ਅੰਦਰਲੇ ਕਮਰੇ ਪਿੱਛੇ ਜਿਹੜੀ ਥੋੜ੍ਹੀ ਜਿਹੀ ਜਗ੍ਹਾ ਹੈ, ਉੱਥੇ ਛੋਟਾ ਜਿਹਾ ਕਮਰਾ ਬਣਾ ਲਿਆ ਜਾਵੇ।
ਘਰ ਵਿੱਚ ਵਿਆਹ ਅਤੇ ਕੰਮ ਦੀ ਖੜੋਤ ਕਾਰਨ ਕੋਈ ਮਜ਼ਦੂਰ ਕੰਮ ਲਈ ਨਾ ਰੱਖਿਆ, ਮੈਂ ਆਪ ਹੀ ਪਿਤਾ ਜੀ ਨਾਲ ਕੰਮ ਕਰਵਾਉਣ ਲੱਗ ਪਿਆ। ਨਾਲੇ ਇੱਕ ਕੰਧ ਹੀ ਕੱਢਣ ਵਾਲੀ ਸੀ, ਦੋ ਤਾਂ ਕੱਢੀਆਂ ਹੋਈਆਂ ਸਨ। ਉਹ ਕੰਧ ਘਰ ਵਿੱਚ ਪਏ ਇੱਟਾਂ ਰੋੜਿਆਂ ਨਾਲ ਕੱਢ ਲਈ। ਅਸੀਂ ਪਿਉ ਪੁੱਤ ਹੌਲੀ-ਹੌਲੀ ਕੰਮ ਕਰਦੇ ਰਹੇ। ਛੋਟਾ ਹੋਣ ਕਰ ਕੇ ਪਿਤਾ ਜੀ ਮੇਰੇ ਉੱਤੇ ਜਿ਼ਆਦਾ ਬੋਝ ਨਹੀਂ ਸੀ ਪਾਉਂਦੇ।
ਹੌਲੀ-ਸਹਿਜੇ ਕੰਮ ਛੱਤ ’ਤੇ ਪਹੁੰਚ ਗਿਆ। ਛੱਤ ਵਾਲੇ ਦਿਨ ਪਿਤਾ ਜੀ ਪਿੰਡ ਵਿੱਚੋਂ ਇੱਕ ਬਜ਼ੁਰਗ ਮਜ਼ਦੂਰ ਨੂੰ ਲੈ ਆਏ। ਅਸੀਂ ਤਿੰਨਾਂ ਨੇ ਰਲ ਕੇ ਛੱਤ ਪਾ ਦਿੱਤੀ। ਉਸ ਬੰਦੇ ਨੂੰ ਅਸੀਂ ਜਿੰਨੇ ਪੈਸੇ ਦੇ ਰਹੇ ਸੀ, ਉਸ ਤੋਂ ਵੀ ਘੱਟ ਮਜ਼ਦੂਰੀ ਲਈ। ਅਸੀਂ ਕਮਰੇ ਦੀ ਛੱਤ ਪਾ ਕੇ ਨਾਲ ਲਗਦੇ ਕਮਰੇ ਦੀ ਸਿਰਕੀ ਬਾਲੇ ਵਾਲੀ ਛੱਤ ਵੀ ਉਧੇੜ ਲਈ; ਅਖੇ, ਇਹਨੂੰ ਵੀ ਲੱਗਦੇ ਹੱਥ ਬਦਲ ਹੀ ਦੇਈਏ! ਉਹ ਛੱਤ ਬਹੁਤ ਚੋਂਦੀ ਸੀ ਪਰ ਇਸ ਛੱਤ ਦਾ ਢੂਲਾ ਖੋਲ੍ਹਿਆ ਤਾਂ ਮੀਂਹ ਸ਼ੁਰੂ ਹੋ ਗਿਆ। ਬਰੀਕ-ਬਰੀਕ ਕਣੀ ਦਾ ਮੀਂਹ ਲਗਾਤਾਰ ਪੈਣ ਲੱਗ ਪਿਆ। ਨਵੀਂ ਪਾਈ ਛੱਤ ਵਿੱਚ ਮੀਂਹ ਦਾ ਪਾਣੀ ਸਿੰਮਣ ਕਰ ਕੇ ਇਹ ਡਿੱਗ ਪਈ।
ਮੀਂਹ ਲਗਾਤਾਰ ਪੈ ਰਿਹਾ ਸੀ। ਉਸ ਕਮਰੇ ਵਿੱਚ ਭੈਣ ਦਾ ਹੱਥੀਂ ਬਣਾਇਆ ਸਮਾਨ ਵੀ ਪਿਆ ਸੀ। ਪੇਟੀ ਵਿੱਚ ਪਿਆ ਸਮਾਨ ਤਾਂ ਖਰਾਬ ਹੋਣ ਤੋਂ ਬਚ ਗਿਆ ਪਰ ਕੁਝ ਹੋਰ ਸਮਾਨ ਖਰਾਬ ਹੋ ਗਿਆ ਸੀ। ਲੋਕ ਆਉਂਦੇ, ਰਾਏ ਦਿੰਦੇ ਤੇ ਚਲੇ ਜਾਂਦੇ। ਫਿਰ ਗੱਲਾਂ ਕਰਦੇ ਕਿ ਇਨ੍ਹਾਂ ਛੱਤ ਦੇ ਸਮਾਨ ’ਚ ਸਰਫਾ ਕੀਤਾ, ਇਸੇ ਲਈ ਡਿੱਗ ਪਈ। ਅੱਠ ਫੁੱਟ ਦੇ ਕਮਰੇ ਵਿੱਚ ਕੀ ਸਰਫਾ ਕਰ ਸਕਦਾ ਕੋਈ...!
ਉੱਧਰ, ਸਾਨੂੰ ਆਉਣ ਵਾਲੀ ਰਾਤ ਦਾ ਡਰ ਸਤਾ ਰਿਹਾ ਸੀ। ਮੀਂਹ ਅਜੇ ਬੰਦ ਨਹੀਂ ਸੀ ਹੋਇਆ। ਵਿਆਹ ਵਾਲਾ ਸਮਾਨ ਖਰਾਬ ਹੋਣ ਦਾ ਡਰ ਸਤਾ ਰਿਹਾ ਸੀ।
ਸ਼ਾਮ ਹੋਣ ਤੱਕ ਸਾਡੇ ਘਰਾਂ ਤੋਂ ਥੋੜ੍ਹੀ ਦੂਰ ਰਹਿੰਦੇ ਜਿ਼ਮੀਦਾਰ ਪਰਿਵਾਰ ਛੈਂਬਰ ਸਿੰਘ ਨੂੰ ਜਦ ਛੱਤ ਡਿੱਗੀ ਦਾ ਪਤਾ ਲੱਗਿਆ ਤਾਂ ਉਨ੍ਹਾਂ ਆਪਣਾ ਸੀਰੀ ਕਾਕੂ, ਹੰਸੇ ਦਾ ਮੁੰਡਾ ਤਰਪਾਲ ਦੇ ਕੇ ਭੇਜਿਆ। ਉਨ੍ਹਾਂ ਵਰ੍ਹਦੇ ਮੀਂਹ ਵਿੱਚ ਛੱਤ ’ਤੇ ਤਰਪਾਲ ਚੰਗੀ ਤਰ੍ਹਾਂ ਪਵਾ ਦਿੱਤੀ। ਫਿਕਰਾਂ ਵਿੱਚ ਡੁੱਬੇ ਹੋਏ ਮਨਾਂ ਵਿੱਚ ਉਹ ਤਰਪਾਲ ਭੇਜਣ ਵਾਲਾ ਅਤੇ ਛੱਤ ’ਤੇ ਤਰਪਾਲ ਪਵਾਉਣ ਵਾਲੇ ਹੱਥ ਸਾਨੂੰ ਕਿਸੇ ਫ਼ਰਿਸ਼ਤੇ ਦੇ ਹੱਥ ਲੱਗ ਰਹੇ ਸਨ।
ਉਦੋਂ ਸਾਡਾ ਇੰਨਾ ਨੁਕਸਾਨ ਨਹੀਂ ਸੀ ਹੋਇਆ ਜਿਨਾ ਹੁਣ ਹੜ੍ਹ ਮਾਰੇ ਇਲਾਕਿਆਂ ਵਿੱਚ ਲੋਕਾਂ ਦਾ ਹੋਇਆ ਹੈ। ਇਸ ਤਬਾਹੀ ਦਾ ਅਹਿਸਾਸ ਭਾਵੇਂ ਸਭ ਨੂੰ ਹੈ ਪਰ ਮੇਰੇ ਵਰਗੇ ਜਿਨ੍ਹਾਂ ਨਾਲ ਅਜਿਹੀ ਘਟਨਾ ਬੀਤੀ ਹੋਵੇ, ਉਸ ਦਾ ਮਨ ਜਿ਼ਆਦਾ ਦੁਖੀ ਹੁੰਦਾ ਹੈ। ਇਸ ਸਮੇਂ ਪੂਰਾ ਪੰਜਾਬ ਕਿਸੇ ਨਾ ਕਿਸੇ ਤਰੀਕੇ ਉਨ੍ਹਾਂ ਲੋਕਾਂ ਦੀ ਮਦਦ ਕਰ ਰਿਹਾ ਹੈ। ਕਿੰਨੇ ਲੋਕ ਸੇਵਾ ਵਿੱਚ ਜੁਟੇ ਹੋਏ ਹਨ। ਕਿੰਨੇ ਹੀ ਹੱਥ ਅੱਜ ਉਨ੍ਹਾਂ ਲਈ ਛੈਂਬਰ ਸਿੰਘ ਤੇ ਕਾਕੂ ਵਰਗੇ ਫ਼ਰਿਸ਼ਤੇ ਬਣ ਕੇ ਅੱਪੜੇ ਹਨ। ਉਹ ਹੱਥ ਭਾਵੇਂ ਕਿਸੇ ਕੈਮਰੇ ਵਿੱਚ ਦਿਖਾਈ ਨਾ ਦੇਣ ਪਰ ਮੁਸੀਬਤ ਵਿੱਚ ਘਿਰੇ ਲੋਕਾਂ ਨੂੰ ਉਹ ਹੱਥ ਸਦਾ ਯਾਦ ਰਹਿਣਗੇ।
ਸੰਪਰਕ: 90417-36550