ਅੰਮ੍ਰਿਤਸਰ ਸਾਹਿਤ ਉਤਸਵ: ਸਿਰਜਣਾ ਤੇ ਸੰਵਾਦ
ਗੁਰਦਿਆਲ ਸਿੰਘ
ਨਾਦ ਪ੍ਰਗਾਸੁ ਸੰਸਥਾ ਪਿਛਲੇ ਡੇਢ ਦਹਾਕੇ ਤੋਂ ਤਿੰਨ ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਲਾ ਰਹੀ ਹੈ। ਇਸ ਸਾਹਿਤ ਉਤਸਵ ਦੇ ਪਹਿਲੇ ਦੋ ਦਿਨ ਧਰਮ, ਦਰਸ਼ਨ, ਸਾਹਿਤ, ਕਲਾ, ਰਾਜਨੀਤੀ ਆਦਿ ਵਿਸ਼ਿਆਂ ਬਾਰੇ ਸੈਮੀਨਾਰ, ਸੰਵਾਦ, ਗੋਸ਼ਟੀਆਂ ਹੁੰਦੀਆਂ ਹਨ ਅਤੇ ਤੀਜੇ ਦਿਨ ਕਵੀ ਦਰਬਾਰ ‘ਚੜ੍ਹਿਆ ਬਸੰਤ’ ਕਰਵਾਇਆ ਜਾਂਦਾ ਹੈ ਜਿਸ ਵਿਚ ਪੰਜਾਬੀ ਤੇ ਪੰਜਾਬ ਦੀਆਂ ਉਪ-ਬੋਲੀਆਂ (ਡੋਗਰੀ, ਪੁਣਛੀ, ਗੋਜਰੀ, ਪੋਠੋਹਾਰੀ, ਮਾਝੀ, ਮਾਲਵੀ, ਦੁਆਬੀ) ਦੇ ਕਵੀ ਹਾਜ਼ਰੀ ਭਰਦੇ ਹਨ।
ਇਹ ਉਤਸਵ ਸੰਵਾਦ ਦੇ ਰੂਪ ਵਿਚ ਵਿਸ਼ੇਸ਼ ਪ੍ਰਕਾਰ ਦੀ ਵਿਆਖਿਆ ਵਾਲਾ ਹੁੰਦਾ ਹੈ। ਇਸ ਵਿਆਖਿਆ ਪ੍ਰਕਿਰਿਆ ਵਿਚ ਵਕਤਾ, ਵਿਸ਼ਾ ਅਤੇ ਸਰੋਤੇ ਦੀ ਵਿਸ਼ੇਸ਼ ਪ੍ਰਕਾਰ ਦੀ ਆਪਸੀ ਸਬੰਧਤਾ ਵਿੱਚੋਂ ਪੈਦਾ ਹੁੰਦੇ ਅਰਥ-ਭਾਵ, ਲੈਅ ਨੇਮ, ਰਸ ਅਤੇ ਗਿਆਨ ਦਿਸ਼ਾਵਾਂ ਕਾਰਨ ਪ੍ਰਗਟ ਪ੍ਰਸੰਗ ਵਿਚ ਇਹ ਉਤਸਵ ਆਪਣੇ ਆਪ ਵਿਚ ਮਹਿਜ਼ ਪ੍ਰੋਗਰਾਮ ਨਾ ਰਹਿ ਕੇ ਵਿਸ਼ੇਸ਼ ਪ੍ਰਕਾਰ ਦੀ ਵਿਆਖਿਆ ਵਿਧੀ ਅਤੇ ਅਰਥ ਪੜ੍ਹਤ ਦਾ ਅਭਿਆਸ ਬਣ ਜਾਂਦਾ ਹੈ। ਇਸ ਪ੍ਰਸੰਗ ਵਿੱਚ ‘ਉਤਸਵ’ ਸ਼ਬਦ ਸਿਧਾਂਤਕ ਅਰਥ ਰੱਖਦਾ ਹੈ ਜਿਸ ਨੂੰ ਸਮਝਣ ਲਈ ਇਸ ਉਤਸਵ ਦੇ ਮੁੱਖ ਰੁਝਾਨਾਂ ਦਾ ਜਿ਼ਕਰ ਜ਼ਰੂਰੀ ਹੈ।
ਇਸ ਉਤਸਵ ਵਿਚ ਅਕਾਦਮਿਕ ਵਿਚਾਰ ਚਰਚਾ ਕਿਸੇ ਇਕ ਵਿਸ਼ੇਸ਼ ਵਿਚਾਰਧਾਰਾ ਤੱਕ ਸੀਮਤ ਨਾ ਹੋ ਕੇ, ਵੱਖੋ-ਵੱੱਖਰੇ ਪ੍ਰਸੰਗਾਂ ਤੋਂ ਸੱਚ ਨੂੰ ਸਮਝਣ ਵੱਲ ਅਹੁਲਦੀ ਹੈ। ਇਹ ਉਤਸਵ ‘ਸ਼ਬਦ’ ਨੂੰ ਸਮਰਪਿਤ ਹੋਣ ਕਾਰਨ ਸੱਚ ਦੇ ਵੱਖੋ-ਵੱਖਰੇ ਮੰਡਲਾਂ ਦਾ ਪਾਰਦਰਸ਼ੀ ਗਿਆਨ ਸਿਰਜਣ ਵੱਲ ਰੁਚਿਤ ਹੈ, ਨਾ ਕਿ ਕਿਸੇ ਇਕ ਖਾਸ ਵਿਚਾਰਧਾਰਕ ਅਰਥ ਦਾ ਵਿਸਥਾਰ ਕਰਨ ਵੱਲ। ਸ਼ਬਦ, ਨਾਮ ਰਸ ਦੇ ਪਾਰਦਰਸ਼ੀ ਫੈਲਾਅ ਰਾਹੀਂ ਵੱਖਰੇ-ਵੱਖਰੇ ਸਭਿਆਚਾਰਾਂ ਵਿਚ ਪ੍ਰਗਟ ਹੁੰਦੇ ਗਿਆਨ ਨੂੰ ਜਗਾਉਂਦਾ ਹੈ। ਇਸ ਸੱਚ ਨੂੰ ਸਮਰਪਿਤ ਹੋਣ ਕਾਰਨ ਉਤਸਵ ਦੇ ਅਕਾਦਮਿਕ ਪ੍ਰੋਗਰਾਮ ਕਿਸੇ ਇਕ ਪ੍ਰਸੰਗ ਦੀ ਪ੍ਰੋੜਤਾ ਨਾ ਕਰਦੇ ਹੋਏ, ਬਹੁ-ਪ੍ਰਸੰਗੀ ਵਿਧਾਨ ’ਤੇ ਕੇਂਦ੍ਰਿਤ ਰਹਿੰਦੇ ਹਨ। ਇਸ ਅੰਦਰ ਸ਼ਾਮਿਲ ਬਹੁ-ਪ੍ਰਸੰਗਤਾ ਕਿਸੇ ਅਸਤਿਤਵੀ ਰੁਦਨ ਤੋਂ ਪਾਰ ਸ਼ੁੱਧ ਪਰਾਭੌਤਿਕ ਨੇਮਾਂ ਨੂੰ ਆਪਣੀ ਅਭਿਆਸ ਪ੍ਰਕਿਰਿਆ ਵਿਚ ਸ਼ਾਮਿਲ ਕਰਦੇ ਹੋਏ, ਗਿਆਨ-ਮੀਮਾਂਸਕ ਦਿਸ਼ਾ ਪ੍ਰਗਟ ਕਰਨ ਵੱਲ ਰੁਚਿਤ ਰਹਿੰਦੀ ਹੈ। ਇਸ ਗਿਆਨ ਸਿਰਜਣ ਪ੍ਰਕਿਰਿਆ ਦਾ ਮੁਖ ਮਕਸਦ ਸਮਾਜਿਕ ਸੁਧਾਰ ਜਾਂ ਸਾਹਿਤਕ ਰੁਮਾਂਚਿਕਤਾ ਨਾ ਹੋ ਕੇ, ਇਸ ਦਾ ਸਿਧਾਂਤਕ ਰੂਪ ਪੈਦਾ ਕਰਨਾ ਹੈ। ਇਹ ਉਤਸਵ ਮੁੱਖ ਤੌਰ ’ਤੇ ਭਾਰਤੀ ਪ੍ਰਸੰਗ ਵਿਚ ਸਾਡੀ ਅਕਾਦਮਿਕਤਾ ਨੂੰ ਬਸਤੀਵਾਦੀ ਪ੍ਰਭਾਵ ਅਤੇ ਨਾਲ ਹੀ ਸਾਡੀ ਚੇਤਨਾ ਤੇ ਅਭਿਆਸ ’ਤੇ ਪਏ ਜਗੀਰੂ ਪ੍ਰਭਾਵਾਂ ਤੋਂ ਮੁਕਤ ਕਰਾਉਣ ਦਾ ਯਤਨ ਹੈ। ਉਤਸਵ ਵਿਚ ਹੋਣ ਵਾਲੇ ਸੈਮੀਨਾਰ ਉਤਰ-ਆਧੁਨਿਕ ਪ੍ਰਸੰਗਾਂ ਨਾਲ ਸੰਵਾਦ ਰਚਾਉਂਦੇ ਹਨ ਅਤੇ ਇਸ ਦਾ ਭਾਰਤੀ ਪ੍ਰਸੰਗ ਲੱਭਦਿਆਂ, ਵਿਸ਼ਵ ਚਿੰਤਨ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਉਤਸਵ ਵਿਚ ਰਾਸ਼ਟਰਵਾਦ, ਮਾਰਕਸਵਾਦ, ਕਲਾ, ਸੰਗੀਤ, ਮਨੋਵਿਗਿਆਨ, ਰਾਜਨੀਤੀ, ਧਰਮ, ਸਾਹਿਤ ਆਦਿ ਵੱਖਰੇ-ਵੱਖਰੇ ਵਿਸ਼ਿਆਂ ’ਤੇ ਸੈਮੀਨਾਰ, ਸੰਵਾਦ, ਗੋਸ਼ਟੀਆਂ ਹੋ ਚੁੱਕੀਆਂ ਹਨ।
ਉਤਸਵ ਦੀ ਦੂਜੀ ਦਿਸ਼ਾ ਇਸ ਦੇ ‘ਅਭਿਆਸ ਰੂਪ’ ਨਾਲ ਸਬੰਧਿਤ ਹੈ। ਇਸ ਪ੍ਰੋਗਰਾਮ ਵਿਚ ਵਿਦਵਾਨ, ਅਧਿਆਪਕ, ਖੋਜਾਰਥੀ, ਵਿਦਿਆਰਥੀ, ਗਿਆਨ ਜਗਿਆਸੂ ਸ਼ਾਮਿਲ ਹੁੰਦੇ ਹਨ। ਇਸ ਅਭਿਆਸ ਰੂਪ ਦਾ ਮਕਸਦ ਪ੍ਰਮਾਣਿਕ ਗੱਲਬਾਤ ਪੈਦਾ ਕਰਨਾ ਹੈ। ਇਸ ਸਾਹਿਤ ਉਤਸਵ ਵਿਚ ਵਿਸ਼ੇਸ਼ ਤੌਰ ’ਤੇ ਉੱਤਰੀ ਭਾਰਤ ਦੀਆਂ ਵੱਖਰੀਆਂ-ਵੱਖਰੀਆਂ ਯੂਨੀਵਰਸਿਟੀਆਂ, ਕਾਲਜਾਂ ਤੋਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਖੋਜਾਰਥੀ, ਵਿਦਿਆਰਥੀ, ਪ੍ਰੋਫੈਸਰ, ਵਿਦਵਾਨ ਚਿੰਤਕਾਂ ਤੋਂ ਇਲਾਵਾ ਸ਼ਹਿਰ ਦੇ ਆਮ ਲੋਕ ਵੀ ਸ਼ਿਰਕਤ ਕਰਦੇ ਹਨ। ਇਉਂ ਇਹ ਉਤਸਵ ਚਿੰਤਨੀ ਸਥਾਨ ਪੈਦਾ ਕਰਨ ਦਾ ਯਤਨ ਹੈ। ਇਹ ਅਭਿਆਸ ਅਕਾਦਮਿਕ, ਕਲਾਤਮਿਕ, ਪਰੰਪਰਕ ਅਭਿਆਸ ਦੁਆਰਾ ਪੰਜਾਬ ਅੰਦਰ ਆਪ-ਹੁਦਰੀ ਰਾਜਨੀਤੀ ਕਾਰਨ ਪੈਦਾ ਹੋਏ ਦਵੰਦ ਦੇ ਸਿੱਟੇ ਵਜੋਂ ਚਿੰਤਨ ਵਿਚ ਜੋ ਖਲਾਅ ਪੈਦਾ ਹੋਇਆ, ਉਸ ਦੀ ਪੂਰਤੀ ਕਰਨ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ।
ਇਸ ਉਤਸਵ ਦੀ ਤੀਜੀ ਦਿਸ਼ਾ ‘ਅਰਥ ਗਾਇਨ’ ਦੇ ਨੁਕਤੇ ਨਾਲ ਸਬੰਧਿਤ ਹੈ। ਇਸ ਵਿਚ ਗਾਇਨ ਦੇ ਨੁਕਤੇ ਤੋਂ ਬਸੰਤ ਰਾਗ ਦਾ ਗਾਇਨ, ਸਿਤਾਰ ਵਾਦਨ, ਪਖਾਵਜ, ਕਵਿਤਾ ਗਾਇਨ ਵੀ ਕੀਤਾ ਜਾਂਦਾ ਹੈ। ਇਨ੍ਹਾਂ ਦਿਸ਼ਾਵਾਂ ਕਰ ਕੇ ਇਹ ਉਤਸਵ ਸੰਭਾਵਨਾਵਾਂ ਨਾਲ ਭਰਪੂਰ ਹੈ ਕਿਉਂਕਿ ਪੰਜਾਬ ਦੀ ਅਜੋਕੀ ਅਕਾਦਮਿਕਤਾ ਵਿਚ ਵੱਖੋ-ਵੱਖਰੀਆਂ ਵਿਆਖਿਆ ਵਿਧੀਆਂ ਵਿਚ ਅਰਥ ਦੀ ਟਕਰਾਵੀਂ ਸਥਿਤੀ ਬਣੀ ਰਹਿੰਦੀ ਹੈ। ਪੰਜਾਬ ਦਾ ਮੌਲਿਕ ਅਨੁਭਵ ਆਪਣੀ ਪ੍ਰਮਾਣਿਕਤਾ ਵਿਚ ਕਿਵੇਂ ਧੜਕੇ, ਇਹ ਇਸ ਪ੍ਰਸ਼ਨ ਨੂੰ ਮੁਖਾਤਿਬ ਹੈ।
ਇਹ ਸਾਹਿਤ ਉਤਸਵ ਸੈਮੀਨਾਰ, ਸੰਵਾਦ ਅਤੇ ਕਾਵਿ ਗਾਇਨ ਤੋਂ ਇਲਾਵਾ ਪ੍ਰਦਰਸ਼ਨੀਆਂ (ਰਵਾਇਤੀ ਸਾਜ਼, ਚਿਤਰਕਲਾ, ਅੱਖਰਕਾਰੀ) ਰਾਹੀਂ ਅਰਥ ਦੇ ਸਿਰਜਣਾਤਮਕ ਅਭਿਆਸਾਂ ਵਿੱਚ ਸਿਰਜਣਾਤਮਕ ਕਲਪਨਾ, ਕੋਮਲਤਾ ਅਤੇ ਰਸ ਨੂੰ ਸ਼ਾਮਲ ਕਰਵਾਉਂਦਾ ਹੈ। ਇਹ ਉਤਸਵ ਜੀਵਨ ਅਨੁਭਵ ਦੇ ਅਸੀਮ ਫੈਲਾਵਾਂ ਦੀ ਸਿਰਜਣਾ ਦਾ ਉਤਸਵ ਹੈ। ਇਉਂ ਅੰਮ੍ਰਿਤਸਰ ਸਾਹਿਤ ਉਤਸਵ ਮਾਡਲ ਵਜੋਂ ਉਭਰਦਾ ਹੈ।
ਸੰਪਰਕ: 98153-52190