ਤਰਲੋਚਨ ਸਿੰਘ ਦੁਪਾਲ ਪੁਰਸਾਲ 2004 ਵਿਚ ‘ਬਲੱਡ ਰਿਲੇਸ਼ਨ’ ਦੇ ਕਾਨੂੰਨੀ ਢੰਗ ਨਾਲ ਅਮਰੀਕਾ ਗਿਆ ਹੋਇਆ ਮੈਂ ਇਕ ਅਜਿਹੀ ਕੰਪਨੀ ਵਿੱਚ ਰਾਤ ਦੀ ਨੌਕਰੀ ਕਰਦਾ ਸਾਂ ਜਿੱਥੇ ਪੰਜ ਜਾਂ ਛੇ ਅੱਲੜ ਉਮਰ (ਟੀਨਏਜਰ) ਦੇ ਮੁੰਡੇ, ਅੱਧੀ ਕੁ ਰਾਤ ਤੱਕ ਪੜ੍ਹਦੇ ਹੁੰਦੇ ਸਨ। ਮੇਰੀ ਡਿਊਟੀ ਇਹ ਹੁੰਦੀ ਸੀ ਕਿ ਉਨ੍ਹਾਂ ਨੂੰ ਰੋਕਣਾ-ਟੋਕਣਾ ਕੋਈ ਨਹੀਂ, ਬਸ ਉਨ੍ਹਾਂ ਦੀ ਕਿਸੇ ਗ਼ਲਤ ਸਰਗਰਮੀ ਰਜਿਸਟਰ ਵਿਚ ਦਰਜ ਕਰ ਦੇਣੀ ਹੈ ਜਾਂ ਫਿਰ ਉਨ੍ਹਾਂ ਵੱਲੋਂ ਕੋਈ ਜਿ਼ਆਦਾ ਹੀ ਗੜਬੜ ਕਰਨ ’ਤੇ ਮੈਂ ਆਪਣੀ ਸੁਪਰਵਾਈਜ਼ਰ ਨੂੰ ਫੋਨ ਕਰ ਕੇ ਬੁਲਾ ਲੈਂਦਾ ਹੁੰਦਾ ਸਾਂ।ਵੈਸੇ ਸੁਪਰਵਾਈਜ਼ਰ ਨੂੰ ਬੁਲਾਉਣ ਦੀ ਨੌਬਤ ਬਹੁਤ ਘੱਟ ਆਉਂਦੀ ਹੁੰਦੀ ਸੀ, ਨਹੀਂ ਤਾਂ ਸੁਪਰਵਾਈਜ਼ਰ ਨੇ ਮੈਨੂੰ ਰੁਟੀਨ ਵਿੱਚ ਹੀ ਫੋਨ ’ਤੇ ਪੁੱਛ ਲੈਣਾ- “ਮਿਸਟਰ ਸਿੰਘ, ਐਵਰੀਥਿੰਗ ਇਜ਼ ਓਕੇ?”2011 ਵਿਚ ਉਸਾਮਾ ਬਿਨ-ਲਾਦਿਨ ਦੇ ਖ਼ਾਤਮੇ ਵਾਲੇ ਕਾਂਡ ਨੂੰ ਅਜੇ ਥੋੜ੍ਹੇ ਦਿਨ ਹੀ ਹੋਏ ਸਨ ਕਿ ਡਿਊਟੀ ਸਮੇਂ ਇਕ ਗੋਰੇ ਮੁੰਡੇ ਨੇ ਸ਼ਰਾਰਤੀ ਜਿਹੇ ਲਹਿਜੇ ਨਾਲ ਮੇਰੀ ਪੱਗ ਵੱਲ ਇਸ਼ਾਰਾ ਕਰਦਿਆਂ ਮੈਨੂੰ ਲਾਦਿਨ ਦਾ ਨਾਂ ਲੈ ਕੇ ਟਿੱਚਰ ਜਿਹੀ ਕੀਤੀ।ਉਸ ਰਾਤ ਜਦ ਮੈਨੂੰ ਰੋਜ਼ ਵਾਂਗ ਸੁਪਰਵਾਈਜ਼ਰ ਨੇ ਫੋਨ ’ਤੇ ਹਾਲ-ਹਵਾਲ ਪੁੱਛਿਆ ਤਾਂ ‘ਐਵਰੀਥਿੰਗ ਓਕੇ’ ਕਹਿ ਕੇ ਸਹਿਵਨ ਹੀ ਮੈਂ ਇਹ ਵੀ ਦੱਸ ਦਿੱਤਾ ਕਿ ਫਲਾਣੇ ਗੋਰੇ ਮੁੰਡੇ ਨੇ ਮੈਨੂੰ ਏਦਾਂ ਏਦਾਂ ਕਿਹਾ ਐ। ਯਕੀਨ ਜਾਣਿਉਂ, ਇਹ ਗੱਲ ਮੈਂ ਮਹਿਜ਼ ਦਫਤਰੀ ਜਾਣਕਾਰੀ ਦੇਣ ਵਜੋਂ ਹੀ ਦੱਸੀ ਸੀ; ਮੇਰੇ ਮਨ ਵਿੱਚ ਉਸ ਮੁੰਡੇ ਦੀ ਕਹੀ ਗੱਲ ਬਾਰੇ ਕੋਈ ਗੁੱਸਾ ਜਾਂ ਰੰਜ ਨਹੀਂ ਸੀ ਪਰ ਸੁਪਰਵਾਈਜ਼ਰ ਨੇ ਸੁਣਦਿਆਂ ਸਾਰ ‘ਓ ਮਾਈ ਗੌਡ!’ ਕਹਿ ਕੇ ਮੈਨੂੰ ਦੱਸਿਆ, “ਮੈਂ ਤੇਰੇ ਕੋਲ ਹੁਣੇ ਆ ਰਹੀ ਹਾਂ।” ਸਾਡੇ ਦਫਤਰ ਪਹੁੰਚ ਕੇ ਉਹਨੇ ਪੁਲੀਸ ਨੂੰ ਕਾਲ ਕੀਤੀ। ਮਿੰਟਾਂ ਵਿਚ ਹੀ ਦੋ ਪੁਲੀਸਮੈਨ ਆ ਗਏ। ਮੈਂ ਸੋਚ ਰਿਹਾ ਸਾਂ ਕਿ ਪੁਲੀਸ ਵਾਲੇ ਸ਼ਾਇਦ ਮੈਥੋਂ ਲੋੜੀਂਦੀ ਪੁੱਛ-ਗਿੱਛ ਕਰਨਗੇ ਪਰ ਉਨ੍ਹਾਂ ਮੇਰੀ ਸੁਪਰਵਾਈਜ਼ਰ ਨਾਲ ਹੀ ਗੱਲਬਾਤ ਕਰ ਕੇ ਉਸ ਮੁੰਡੇ ਨੂੰ ਕਮਰੇ ਤੋਂ ਬਾਹਰ ਬੁਲਾਇਆ; ਤੇ ਨਾਂ-ਪਤਾ ਪੁੱਛ ਕੇ ਉਹਦੇ ਪੁੱਠੀ ਹੱਥਕੜੀ ਮਾਰ ਲਈ।ਪੁਲੀਸ ਵਾਲੇ ਜਦ ਉਸ ਮੁੰਡੇ ਨੂੰ ਦਫ਼ਤਰੋਂ ਬਾਹਰ ਖੜ੍ਹੀ ਆਪਣੀ ਗੱਡੀ ਵਿੱਚ ਬਿਠਾਉਣ ਲਈ ਲਿਜਾਣ ਲੱਗੇ ਤਾਂ ਸੁਪਰਵਾਈਜ਼ਰ ਨੇ ਉਸ ਮੁੰਡੇ ਨੂੰ ਧਾ ਗਲਵਕੜੀ ਪਾ ਲਈ। ਮੈਂ ਹੈਰਾਨ ਹੋਇਆ ਉਨ੍ਹਾਂ ਵੱਲ ਦੇਖਣ ਲੱਗਾ। ਸੁਪਰਵਾਈਜ਼ਰ ਉਸ ਮੁੰਡੇ ਨੂੰ ਪਿਆਰਦੀ ਦੁਲਾਰਦੀ ਕਹਿਣ ਲੱਗੀ- “ਮਾਈ ਡੀਅਰ ਸਨ, ਮੈਂ ਤੇਰੇ ਭਲੇ ਹਿਤ ਹੀ ਤੈਨੂੰ ਕਾਨੂੰਨ ਦੇ ਹਵਾਲੇ ਕੀਤਾ ਹੈ ਤਾਂ ਕਿ ਤੂੰ ਚੰਗਾ ਇਨਸਾਨ ਬਣ ਸਕੇਂ ਅਤੇ ਭਵਿੱਖ ਵਿਚ ਕਿਸੇ ਦਾ ਦਿਲ ਨਾ ਦੁਖਾਵੇਂ ਜਿਵੇਂ ਤੂੰ ਅੱਜ ਮਿਸਟਰ ਸਿੰਘ ਨੂੰ ‘ਹਰਟ’ ਕੀਤਾ ਹੈ...!”‘ਗੁੱਡ ਲੱਕ ਮੇਰੇ ਪਿਆਰੇ!’ ਕਹਿ ਕੇ ਸੁਪਰਵਾਈਜ਼ਰ ਨੇ ਉਸ ਮੁੰਡੇ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ।ਸੰਪਰਕ: 78146-92724