ਅਕਾਲੀ ਸਿਆਸਤ: ਅਗਲੇ ਰਾਹ ਇੰਨੇ ਅਸਾਨ ਤੇ ਪੱਧਰੇ ਨਹੀਂ
ਅਗਲੇ ਰਾਹ ਇੰਨੇ ਆਸਾਨ ਤੇ ਪੱਧਰੇ ਨਹੀਂ, ਸੰਭਲ-ਸੰਭਲ ਕੇ ਚੱਲਣਾ ਪੈਣਾ ਹੈ। ਗਿਆਨੀ ਹਰਪ੍ਰੀਤ ਸਿੰਘ ਨੂੰ ਕੰਡਿਆਲੀਆਂ ਝਾੜੀਆਂ ਵਿੱਚੋਂ ਲੰਘਣਾ ਪੈ ਸਕਦਾ ਹੈ। ਬਿਨਾਂ ਸ਼ੱਕ, ਇਹ ਸਮਾਂ ਸਭ ਤੋਂ ਭੈੜਾ, ਗੁੰਝਲਦਾਰ ਅਤੇ ਡਾਂਡੇ-ਮੀਂਡੇ ਵਾਲਾ ਹੈ, ਪਰ ਚਾਰਲਸ ਡਿਕਨਜ਼ ਦੇ ਮਹਾਨ ਨਾਵਲ ‘ਦੋ ਸ਼ਹਿਰਾਂ ਦੀ ਕਹਾਣੀ’ ਦੇ ਆਰੰਭ ਵਿੱਚ ਹੀ ਵਰਤਮਾਨ ਸਮਿਆਂ ਬਾਰੇ ਕੀਤੀ ਲੇਖਕ ਦੀ ਇਹ ਟਿੱਪਣੀ ਸੋਚ ਤੇ ਸਮਝ ਦੇ ਕਿੰਨੇ ਬੂਹੇ ਬਾਰੀਆਂ ਖੋਲ੍ਹਦੀ ਹੈ ਕਿ ਭੈੜਾ ਹੋਣ ਦੇ ਬਾਵਜੂਦ ਚੰਗਾ ਸਮਾਂ ਵੀ ਇਹੋ ਹੀ ਹੈ, ਜਦੋਂ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਸਿਖਰਾਂ ’ਤੇ ਪਹੁੰਚ ਗਈਆਂ ਹਨ; ਤੇ ਜਦੋਂ ਰਾਜਨੀਤਕ ਪਤਝੜ ਅਤੇ ਬਹਾਰ ਦਰਮਿਆਨ ਟੱਕਰ ਵਿੱਚ ਰਾਜਨੀਤਕ ਬਹਾਰ ਦੀਆਂ ਜੇਤੂ ਸੰਭਾਵਨਾਵਾਂ ਵਧੇਰੇ ਰੋਸ਼ਨ ਹਨ।
ਨਵਾਂ ਅਕਾਲੀ ਦਲ ਨਵੀਆਂ ਉਮੀਦਾਂ ਲੈ ਕੇ ਜ਼ਰੂਰ ਆਇਆ ਹੈ ਬਸ਼ਰਤੇ ਇਸ ਪਾਰਟੀ ਦੀਆਂ ਲੀਡਰਸ਼ਿਪ ਪਰਤਾਂ ਇਸ ਅਹਿਮ ਨੁਕਤੇ ਨੂੰ ਸਮਝਦੀਆਂ ਤੇ ਮਹਿਸੂਸ ਕਰ ਸਕਦੀਆਂ ਹੋਣ। ਅਸਲ ਵਿੱਚ ਕਈ ਵਾਰ ਰੁਕਾਵਟਾਂ ਵੀ ਰਸਤੇ ਹੁੰਦੇ ਹਨ। ਨਵੀਂ ਪਾਰਟੀ ਦੇ ਸਾਹਮਣੇ ਸਭ ਤੋਂ ਵੱਡਾ ਤੇ ਪਹਾੜ ਜਿੱਡਾ ਕੰਮ ਅਕਾਲੀ ਦਲ ਵਿੱਚ ਅਕਾਲੀ ਕਲਚਰ ਕਾਇਮ ਕਰਨਾ ਹੈ ਜੋ ਪਿਛਲੀ ਸਦੀ ਦੇ ਵੀਹਵਿਆਂ ਤੇ ਤੀਹਵਿਆਂ ਵਿੱਚ ਭਰ ਜੋਬਨ ’ਤੇ ਸੀ, ਪਰ ਅੱਜ ਲਗਭਗ ਮੁਰਝਾ ਚੁੱਕਾ ਹੈ- ਧਾਰਮਿਕ ਪੱਖ ਤੋਂ ਵੀ, ਸਦਾਚਾਰਕ ਪੱਖ ਤੋਂ ਵੀ ਅਤੇ ਰਾਜਨੀਤਕ ਪੱਖ ਤੋਂ ਵੀ।
ਇਹ ਉਹ ਸਮਾਂ ਸੀ ਜਦੋਂ ਅਕਾਲੀ ਲੀਡਰਸ਼ਿਪ ’ਚ ਅਮੀਰ ਤੇ ਗਰੀਬ ਸੱਭਿਆਚਾਰ ’ਚ ਉਨੀ ਇੱਕੀ ਦਾ ਫਰਕ ਸੀ, ਜਦੋਂ ਧਾਰਮਿਕ ਕਦਰਾਂ-ਕੀਮਤਾਂ ਰਾਜਨੀਤੀ ਦੀ ਅਗਵਾਈ ਕਰਦੀਆਂ ਸਨ, ਪਰ ਹੁਣ ਸਵਾਲ ਇਹ ਹੈ ਕਿ ਉਸ ਇਤਿਹਾਸਕ ਤੇ ਸ਼ਾਨਾਮੱਤੇ ਦੌਰ ਨੂੰ ਨਵੀਆਂ ਹਾਲਤਾਂ ਦੀ ਰੌਸ਼ਨੀ ਵਿੱਚ ਮੁੜ ਕਿਵੇਂ ਲਿਆਂਦਾ ਤੇ ਪੱਕੇ ਪੈਰੀਂ ਸਥਾਪਤ ਕੀਤਾ ਜਾਵੇ। ਇਸ ਸਵਾਲ ਦਾ ਇਕ ਜਵਾਬ ਤਾਂ ਇਹ ਹੈ ਕਿ ਦੂਰ ਤੇ ਨੇੜੇ ਦੇ ਅਰਸੇ ਦਾ ਰਾਜਨੀਤਕ ਸੰਘਰਸ਼ ਸਭ ਤੋਂ ਸੁਚੱਜੀ ਰਣਨੀਤੀ ਹੋਵੇਗੀ। ਨਵੀਂ ਪਾਰਟੀ ਵਿੱਚ ਪੁਰਾਣੀ ਲੀਡਰਸ਼ਿਪ ਦੇ ਪ੍ਰਭਾਵ, ਅਥਾਹ ਤਾਕਤ ਤੇ ਪੈਸੇ ਦੀ ਅਮੀਰੀ ਦੇ ਪ੍ਰਭਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਲੋਕਾਂ ਨਾਲ ਨਜਿੱਠਣ ਲਈ ਕੋਈ ਵੀ ਜਲਦਬਾਜ਼ੀ ਉਲਟੀ ਪੈ ਸਕਦੀ ਹੈ ਕਿਉਂਕਿ ਉਨ੍ਹਾਂ ਦੀ ਮਾਨਸਿਕਤਾ ਵਿੱਚ ਹਾਂ-ਪੱਖੀ ਸੰਭਾਵਨਾਵਾਂ ਵੀ ਅਜੇ ਜਿਊਂਦੀਆਂ ਜਾਗਦੀਆਂ ਹਨ। ਉਨ੍ਹਾਂ ਸੰਭਾਵਨਾਵਾਂ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰਨਾ ਚਾਹੀਦਾ ਹੈ। ਇਸ ਲਈ ਲੰਮੇ ਅਰਸੇ ਦੀ ਰਣਨੀਤੀ ਤੇ ਸੰਘਰਸ਼ ਨਾਲ ਇਸ ਘਾਗ ਸਿਆਸਤ ਨੂੰ ਬੇਅਸਰ ਵੀ ਕੀਤਾ ਜਾ ਸਕਦਾ ਹੈ ਅਤੇ ਕਿਸੇ ਹੱਦ ਤੱਕ ਬਦਲਿਆ ਵੀ ਜਾ ਸਕਦਾ ਹੈ।
ਇਸ ਦਿਸ਼ਾ ’ਚ ਗਿਆਨੀ ਹਰਪ੍ਰੀਤ ਸਿੰਘ ਤੇ ਬੀਬੀ ਸਤਵੰਤ ਕੌਰ ਨੂੰ ਆਪਣੇ ਧੀਰਜ ਤੇ ਠਰੰਮੇ ਨੂੰ ਲੰਮਾ ਕਰਨਾ ਪਵੇਗਾ। ਇਨ੍ਹਾਂ ਦੇ ਸਬਰ ਦਾ ਇਮਤਿਹਾਨ ਹੁਣ ਹੋਣਾ ਹੈ। ਇਹ ਗੱਲ ਵਾਰ-ਵਾਰ ਚੇਤੇ ਕਰਨੀ ਪੈਣੀ ਹੈ ਕਿ ਸਬਰ ਦੇ ਰੁੱਖ ਦੀਆਂ ਜੜ੍ਹਾਂ ਕੌੜੀਆਂ ਹੁੰਦੀਆਂ, ਪਰ ਫਲ ਮਿੱਠੇ ਹੁੰਦੇ। ਇਸ ਸਬੰਧ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਰਣਨੀਤੀ, ਅਨੁਭਵ ਤੇ ਤਜਰਬੇ ਤੋਂ ਵੱਡਾ ਸਬਕ ਲਿਆ ਜਾ ਸਕਦਾ ਹੈ ਜਿਨ੍ਹਾਂ ਨੇ ਆਪਣੇ ਧੀਰਜ, ਠਰੰਮੇ ਤੇ ਸਬਰ ਨੂੰ ਇਸ ਹੱਦ ਤੱਕ ਲੰਮਾ ਤੇ ਜਵਾਨ ਕਰ ਲਿਆ ਸੀ ਕਿ ਉਹ ਵਿਰੋਧਾਂ ਦੇ ਬਾਵਜੂਦ ਸਿੱਖ ਪੰਥ ਦੀਆਂ ਸਭ ਪਰਤਾਂ ਵਿੱਚ ਆਪਣੀ ਸਤਿਕਾਰ ਵਾਲੀ ਥਾਂ ਬਣਾ ਗਏ ਸਨ।
ਨਵੀਂ ਪਾਰਟੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਉਸ ਨੇ ਜਮਹੂਰੀ ਕਦਰਾਂ-ਕੀਮਤਾਂ ਦੀਆਂ ਰਸਮੀ ਅਤੇ ਭੁੱਲੀਆਂ ਵਿਸਰੀਆਂ ਗੱਲਾਂ ਨੂੰ ਅਮਲੀ ਰੂਪ ਦੇ ਕੇ ਇਹੋ ਜਿਹੇ ਢਾਂਚੇ ਦੀ ਸਿਰਜਣਾ ਕਰ ਲਈ ਹੈ, ਜਿੱਥੇ ਨਿਯੰਤਰਨ ਤੇ ਸੰਤੁਲਨ (ਚੈੱਕਸ ਐਂਡ ਬੈਲੈਂਸਸ) ਦੀ ਪ੍ਰਣਾਲੀ ਦਾ ਉਦਘਾਟਨ ਹੋਇਆ ਹੈ ਤੇ ਸ਼ਾਇਦ ਅਕਾਲੀ ਦਲ ਵਿੱਚ ਇਹੋ ਜਿਹੀ ਲੰਮੀ ਕਵਾਇਦ ਪਹਿਲੀ ਵਾਰ ਹੋਈ ਹੈ। ਅਸਲ ਵਿੱਚ ਇਹੋ ਪ੍ਰਣਾਲੀ ਜਦੋਂ ਅਮਲ ਵਿੱਚ ਆਵੇਗੀ ਤਾਂ ਪਾਰਟੀ ਵਿੱਚ ਹੇਠਾਂ ਤੋਂ ਲੈ ਕੇ ਉੱਪਰ ਤੱਕ ਸਾਰੀ ਲੀਡਰਸ਼ਿਪ ਅਨੁਸ਼ਾਸਨ ਤੇ ਜ਼ਾਬਤੇ ਵਿੱਚ ਰਹੇਗੀ। ਇਸ ਨਾਲ ਪਾਰਟੀ ਵਿੱਚ ਸਾਰੀਆਂ ਧਿਰਾਂ ਇੱਕ ਦੂਜੇ ਨਾਲ ਮਿਲ ਕੇ ਚੱਲਣ ਲਈ ਮਜਬੂਰ ਹੋਣਗੀਆਂ ਅਤੇ ਸੱਤਾ ਦੀ ਦੁਰਵਰਤੋਂ ਰੋਕਣ ਦੀ ਨਵੀਂ ਤਾਕਤ ਵਾਲੀ ਸੰਸਥਾ ਵਜੂਦ ਵਿੱਚ ਆਏਗੀ। ਬੀਤੇ ਵਿੱਚ ਅਸੀਂ ਦੇਖਿਆ ਹੈ ਕਿ ਪਿਛਲੇ ਲੰਮੇ ਅਰਸੇ ਤੋਂ ਅਕਾਲੀ ਦਲ ਵਿੱਚ ਇੱਕੋ ਪਰਿਵਾਰ ਜੇਕਰ ਭਾਰੂ ਰਿਹਾ ਤਾਂ ਉਸ ਹਾਲਤ ਵਿੱਚ ਨਿਯੰਤਰਨ ਤੇ ਸੰਤੁਲਨ ਦੀ ਤਾਕਤ ਨੂੰ ਵੱਡਾ ਖੋਰਾ ਲੱਗਿਆ ਤੇ ਅਣਸੁਖਾਵੇਂ ਨਤੀਜੇ ਸਾਡੇ ਸਾਹਮਣੇ ਹਨ। ਦਿਲਚਸਪ ਹਕੀਕਤ ਇਹ ਹੈ ਕਿ ਨਿਯੰਤਰਨ ਤੇ ਸੰਤੁਲਨ ਦੀ ਤਾਕਤ ਦਾ ਅਹਿਸਾਸ ਕਿਸੇ ਵੀ ਅਕਾਲੀ ਦਲ ਵਿੱਚ ਨਹੀਂ ਸੀ ਅਤੇ ਜਦੋਂ ਵੀ ਕੋਈ ਆਗੂ ਜਾਂ ਕੁਝ ਆਗੂ ਰਲ ਕੇ ਆਪਣੀ ਲੀਡਰਸ਼ਿਪ ਤੋਂ ਬਾਗੀ ਹੋ ਜਾਂਦੇ ਸਨ ਤਾਂ ਨਵੀਂ ਪਾਰਟੀ ਜਾਂ ਨਵਾਂ ਅਕਾਲੀ ਦਲ ਖੜ੍ਹਾ ਕਰਦੇ ਰਹੇ ਹਨ ਤੇ ਫਿਰ ਛੇਤੀ ਹੀ ਉਹ ਅਕਾਲੀ ਦਲ ਲੋਪ ਵੀ ਹੋ ਜਾਂਦੇ ਰਹੇ ਹਨ, ਪਰ ਨਵੀਂ ਪਾਰਟੀ ਨੇ ਘੱਟੋ-ਘੱਟ ਇਸ ਰੁਝਾਨ ਨੂੰ ਜੇ ਕੁਝ ਸਮੇਂ ਲਈ ਨਹੀਂ ਤਾਂ ਸਦਾ ਲਈ ਖ਼ਤਮ ਜ਼ਰੂਰ ਕਰ ਦਿੱਤਾ ਹੈ।
ਅਖ਼ੀਰ ਵਿੱਚ ਨਵੇਂ ਅਕਾਲੀ ਦਲ ਵਿੱਚ ਦੋ ਸ਼ਖ਼ਸੀਅਤਾਂ ਦਾ ਵਿਸ਼ਲੇਸ਼ਣ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਚਿਤਾਵਨੀ ਵੀ ਮਿਲਣੀ ਚਾਹੀਦੀ ਹੈ। ਗਿਆਨੀ ਹਰਪ੍ਰੀਤ ਸਿੰਘ ਆਪਣੇ ਸੁਭਾਅ ਵਿੱਚ ਕਾਹਲੇ ਹਨ ਅਤੇ ਤਿੱਖੇ ਵਿਰੋਧੀਆਂ ਦੇ ਜਵਾਬ ਦੇਣ ਸਮੇਂ ਆਪ ਵੀ ਬਰਾਬਰ ਦੇ ਤਿੱਖੇ ਸੁਭਾਅ ਦਾ ਹੀ ਪ੍ਰਗਟਾਵਾ ਅਕਸਰ ਕਰਦੇ ਹਨ। ਵਿਰੋਧੀਆਂ ਦਾ ਸਾਹਮਣਾ ਕਰਨ ਲਈ ਜੈਸੇ ਨੂੰ ਤੈਸਾ ਵਾਲੀ ਨੀਤੀ ਨੂੰ ਅਜੇ ਮੁਲਤਵੀ ਕਰਨਾ ਚਾਹੀਦਾ ਹੈ ਕਿਉਂਕਿ ਕਈ ਵਾਰ ਸ਼ਬਦ, ਗੂੰਜ ਬਣ ਕੇ ਤੁਹਾਡੇ ਵੱਲ ਹੀ ਵਾਪਸ ਆ ਜਾਂਦੇ ਹਨ। ਉਨ੍ਹਾਂ ਨੂੰ ਸਹਿਜ ਦਾ ਭਰਪੂਰ ਖਜ਼ਾਨਾ ਇਕੱਠਾ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਮਿਲੀ ਤਾਕਤ ਤੇ ਸ਼ੋਹਰਤ ਨੂੰ ਸਿਆਣਪ ਦਾ ਰੰਗ ਦੇਣਾ ਚਾਹੀਦਾ ਹੈ। ਅਜੇ ਉਨ੍ਹਾਂ ਨੇ ਇਹ ਅਨੁਭਵ ਤੇ ਤਜਰਬਾ ਹਾਸਲ ਨਹੀਂ ਕੀਤਾ ਕਿ ਜਦੋਂ ਤੁਸੀਂ ਅਹਿਰਨ ਹੋਵੋ ਤਾਂ ਸਬਰ ਰੱਖੋ, ਜਦੋਂ ਹਥੌੜਾ ਹੋਵੋ ਤਾਂ ਪੂਰੇ ਜ਼ੋਰ ਨਾਲ ਵੱਜੋ। ਇਸ ਦੇ ਨਾਲ ਹੀ ਬੀਬੀ ਸਤਵੰਤ ਕੌਰ ਕੋਲ ਜਜ਼ਬਿਆਂ ਦਾ ਭਰਪੂਰ ਖਜ਼ਾਨਾ ਤਾਂ ਹੈ ਅਤੇ ਅਮੀਰ ਵਿਰਸਾ ਵੀ ਉਨ੍ਹਾਂ ਕੋਲ ਹੈ, ਪਰ ਉਲਾਰ ਜਜ਼ਬਿਆਂ ਵਿੱਚ ਸਿਧਾਂਤਾਂ ਦੀ ਖੁਸ਼ਬੂ ਤੇ ਵਿਚਾਰਧਾਰਕ ਰੰਗਾਂ ਦਾ ਅਨੁਭਵ ਅਜੇ ਫਿੱਕਾ ਜਾਪਦਾ ਹੈ। ਇਸ ਲਈ ਵੱਡੇ ਤਿਆਗ, ਸਿੱਖ ਇਤਿਹਾਸ ਅਤੇ ਸੰਸਾਰ ਵਿੱਚ ਆ ਰਹੇ ਉਤਰਾਵਾਂ-ਚੜ੍ਹਾਵਾਂ ਦਾ ਗੰਭੀਰ ਅਧਿਐਨ ਅਤੇ ਮਿਹਨਤ ਦੀ ਉਨ੍ਹਾਂ ਨੂੰ ਲੋੜ ਹੈ। ਇਨ੍ਹਾਂ ਦੋਵਾਂ ਆਗੂਆਂ ਨੂੰ ਇਕੱਲੇ-ਇਕੱਲੇ ਵੀ ਤੇ ਰਲ ਕੇ ਵੀ ‘ਸੁਣਨ’ ਦਾ ਅਭਿਆਸ ਕਰਨਾ ਪੈਣਾ ਹੈ ਕਿਉਂਕਿ ਕੰਨਾਂ ਦੀ ਜੋੜੀ ਸੈਂਕੜੇ ਵਿਰੋਧੀ ਜੀਭਾਂ ਨੂੰ ਥਕਾ ਸਕਦੀ ਹੈ। ਲੋਕਾਂ ਦੇ ਹੁੰਗਾਰੇ ਨੂੰ ਵਧੇਰੇ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਬਹੁਤੀ ਵਾਰ ਹਮਾਇਤੀਆਂ ਨਾਲੋਂ ਲੋਕਾਂ ਨੂੰ ਜ਼ਿਆਦਾ ਸਪੱਸ਼ਟ ਨਜ਼ਰ ਆ ਰਿਹਾ ਹੁੰਦਾ ਹੈ।