DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਸੰਬਰ ਦੇ ਦੂਜੇ ਪੰਦਰਵਾੜੇ ਦੀਆਂ ਖੇਤੀ ਗਤੀਵਿਧੀਆਂ

ਡਾ. ਰਣਜੀਤ ਸਿੰਘ ਧਰਤੀ ਹੇਠਲੇ ਪਾਣੀ ਵਿਚ ਆ ਰਹੀ ਗਿਰਾਵਟ ਨੂੰ ਦੇਖਦਿਆਂ ਹੋਇਆਂ ਪੰਜਾਬ ਵਿਚ ਵਣ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਅਗਲੇ ਮਹੀਨੇ ਪੱਤਝੜੀ ਰੁੱਖਾਂ ਨੂੰ ਲਗਾਇਆ ਜਾ ਸਕਦਾ ਹੈ। ਕੁਝ ਰਕਬੇ ਵਿਚ ਇਨ੍ਹਾਂ ਨੂੰ ਕਾਸ਼ਤ ਕਰ ਕੇ...
  • fb
  • twitter
  • whatsapp
  • whatsapp
Advertisement

ਡਾ. ਰਣਜੀਤ ਸਿੰਘ

Advertisement

ਧਰਤੀ ਹੇਠਲੇ ਪਾਣੀ ਵਿਚ ਆ ਰਹੀ ਗਿਰਾਵਟ ਨੂੰ ਦੇਖਦਿਆਂ ਹੋਇਆਂ ਪੰਜਾਬ ਵਿਚ ਵਣ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਅਗਲੇ ਮਹੀਨੇ ਪੱਤਝੜੀ ਰੁੱਖਾਂ ਨੂੰ ਲਗਾਇਆ ਜਾ ਸਕਦਾ ਹੈ। ਕੁਝ ਰਕਬੇ ਵਿਚ ਇਨ੍ਹਾਂ ਨੂੰ ਕਾਸ਼ਤ ਕਰ ਕੇ ਦੇਖਣਾ ਚਾਹੀਦਾ ਹੈ। ਪੋਪਲਰ ਵਣ ਖੇਤੀ ਲਈ ਸਭ ਤੋਂ ਉੱਤਮ ਮੰਨਿਆ ਗਿਆ ਹੈ। ਇਸ ਦੇ ਬੂਟੇ ਜੰਗਲਾਤ ਮਹਿਕਮੇ ਤੋਂ ਮੁਫ਼ਤ ਵੀ ਮਿਲ ਜਾਂਦੇ ਹਨ। ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਹੀ ਇਨ੍ਹਾਂ ਨੂੰ ਲਗਾਇਆ ਜਾਵੇ। ਮੁੱਢਲੇ ਤਿੰਨ ਸਾਲ ਇਨ੍ਹਾਂ ਵਿਚਕਾਰ ਫ਼ਸਲਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਵਣ ਖੇਤੀ ਰਾਹੀਂ ਫ਼ਸਲਾਂ ਨਾਲੋਂ ਵੱਧ ਆਮਦਨ ਹੋ ਜਾਂਦੀ ਹੈ। ਰਸਾਇਣਾਂ ਦੀ ਵੀ ਨਾ-ਮਾਤਰ ਹੀ ਲੋੜ ਪੈਂਦੀ ਹੈ। ਪੋਪਲਰ ਤੋਂ ਇਲਾਵਾ ਅਗਲੇ ਮਹੀਨੇ ਸਫ਼ੈਦਾ ਅਤੇ ਡੇਕ ਦੇ ਰੁੱਖ ਲਗਾਏ ਜਾ ਸਕਦੇ ਹਨ। ਬੂਟੇ ਲਗਾਉਣ ਲਈ ਇੱਕ ਮੀਟਰ ਘੇਰੇ ਵਾਲਾ ਤੇ ਇਕ ਮੀਟਰ ਹੀ ਡੂੰਘਾ ਟੋਇਆ ਪੁੱਟਿਆ ਜਾਵੇ। ਇਸ ਮੌਸਮ ਵਿਚ ਬੂਟਿਆਂ ਨੂੰ ਨੰਗੀਆਂ ਜੜ੍ਹਾਂ ਨਾਲ ਹੀ ਨਰਸਰੀ ਵਿਚੋਂ ਪੁੱਟ ਕੇ ਲਗਾਇਆ ਜਾ ਸਕਦਾ ਹੈ।

ਪਤਝੜੀ ਫ਼ਲਦਾਰ ਬੂਟੇ ਲਗਾਉਣ ਦਾ ਵੀ ਹੁਣ ਢੁੱਕਵਾਂ ਸਮਾਂ ਹੈ। ਇਨ੍ਹਾਂ ਨੂੰ ਨਵੇਂ ਪੱਤੇ ਨਿੱਕਲਣ ਤੋਂ ਪਹਿਲਾਂ ਨਰਸਰੀ ਵਿਚੋਂ ਪੁੱਟ ਕੇ ਲਗਾਉਣਾ ਚਾਹੀਦਾ ਹੈ। ਜੇ ਬਾਗ਼ ਲਗਾਉਣਾ ਹੈ ਤਾਂ ਪਹਿਲਾਂ ਆਪਣੇ ਖੇਤ ਦੀ ਮਿੱਟੀ ਦੀ ਪਰਖ ਕਰਵਾਉ ਅਤੇ ਇਲਾਕੇ ਨੂੰ ਢੁਕਵੇਂ ਫ਼ਲਾਂ ਦੀ ਚੋਣ ਕਰੋ। ਬੂਟੇ ਹਮੇਸ਼ਾ ਸਿਫ਼ਾਰਸ਼ ਕੀਤੀ ਕਿਸਮ, ਸਹੀ ਉਮਰ ਅਤੇ ਸਿਹਤਮੰਦ ਹੋਣੇ ਚਾਹੀਦੇ ਹਨ। ਬੂਟੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਸਰਕਾਰੀ ਨਰਸਰੀ ਤੋਂ ਲੈਣੇ ਚਾਹੀਦੇ ਹਨ। ਪੰਜਾਬ ਵਿਚ ਨਾਸ਼ਪਾਤੀ, ਆੜੂ, ਅੰਗੂਰ, ਅਲੂਚਾ ਪਤਝੜੀ ਫ਼ਲਾਂ ਨੂੰ ਲਗਾਇਆ ਜਾ ਸਕਦਾ ਹੈ। ਪਥਰ ਨਾਖ ਤੇ ਪੰਜਾਬ ਨਾਖ ਸਖ਼ਤ ਨਾਖਾਂ ਦੀਆਂ ਕਿਸਮਾਂ ਹਨ ਜਦੋਂਕਿ ਪੰਜਾਬ ਗੋਲਡ, ਪੰਜਾਬ ਨੈਕਟਰ, ਪੰਜਾਬ ਬਿਊਟੀ, ਬਗੂਗੋਸ਼ਾ, ਪੰਜਾਬ ਸੌਫ਼ਟ ਨਰਮ ਨਾਖਾਂ ਦੀਆਂ ਕਿਸਮਾਂ ਹਨ। ਪ੍ਰਤਾਪ, ਫ਼ਲੋਰੇਡਾ ਪ੍ਰਿੰਸ, ਸ਼ਾਨੇ ਪੰਜਾਬ, ਪ੍ਰਭਾਤ, ਸ਼ਰਬਤੀ ਅਤੇ ਅਰਲੀ ਗਰੈਡ ਆੜੂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਅੰਗੂਰ ਸਾਰੇ ਪੰਜਾਬ ਵਿਚ ਹੀ ਹੋ ਸਕਦੇ ਹਨ। ਇਨ੍ਹਾਂ ਦੇ ਬੂਟੇ ਹੁਣ ਲਗਾ ਲੈਣੇ ਚਾਹੀਦੇ ਹਨ। ਸੁਪੀਰੀਅਰ ਸੀਡਲੈੱਸ, ਪੰਜਾਬ ਐੱਮਏਸੀਐੱਸ ਪਰਪਲ, ਫਲੈਮ ਸੀਡਲੈੱਸ, ਬਿਊਟੀ ਸੀਡਲੈੱਸ ਤੇ ਪਰਲਿਟ ਕਿਸਮਾਂ ਦੇ ਬੂਟੇ ਲਗਾਉਣੇ ਚਾਹੀਦੇ ਹਨ। ਅੰਜੀਰ ਅਤੇ ਅਲੂਚਾ ਦੇ ਫ਼ਲ ਵੀ ਪੰਜਾਬ ਵਿੱਚ ਹੋ ਸਕਦੇ ਹਨ। ਅੰਜੀਰ ਦੀ ਬਰਾਊਨ ਟਰਕੀ ਅਤੇ ਬਲੈਕਫ਼ਿਗ-1 ਕਿਸਮ ਅਤੇ ਅਲੂਚੇ ਦੀਆਂ ਸਤਲੁਜ ਪਰਪਲ ਤੇ ਕਾਲਾ ਅੰਮ੍ਰਿਤਸਰੀ ਕਿਸਮਾਂ ਲਗਾਉਣੀਆਂ ਚਾਹੀਦੀਆਂ ਹਨ। ਜੇ ਵੱਡੀ ਪੱਧਰ ਉੱਤੇ ਨਹੀਂ ਤਾਂ ਘਰ ਬਗ਼ੀਚੀ ਵਿੱਚ ਦੋ ਤਿੰਨ ਪਤਝੜੀ ਬੂਟੇ ਜ਼ਰੂਰ ਲਗਾਵੋ। ਸਬਜ਼ੀਆਂ ਦੀ ਬੀਜੀ ਪਨੀਰੀ ਨੂੰ ਹੁਣ ਠੰਢ ਤੋਂ ਬਚਾਉਣ ਲਈ ਪਰਾਲੀ ਜਾਂ ਸਰਕੰਡੇ ਦੀਆਂ ਛਤਰੀਆਂ ਨਾਲ ਢੱਕ ਦੇਣਾ ਚਾਹੀਦਾ ਹੈ।

ਸੂਰਜਮੁਖੀ ਹੇਠ ਹੁਣ ਰਕਬਾ ਘਟ ਗਿਆ ਹੈ ਪਰ ਅਜੇ ਵੀ ਇਸ ਦੀ ਕਾਸ਼ਤ ਕਰੀਬ 2.5 ਹਜ਼ਾਰ ਹੈਕਟੇਅਰ ਵਿਚ ਕੀਤੀ ਜਾਂਦੀ ਹੈ। ਇਸ ਤੋਂ ਕਰੀਬ ਛੇ ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਹੋ ਜਾਂਦਾ ਹੈ। ਅਗਲੇ ਹਫ਼ਤੇ ਸੂਰਜਮੁਖੀ ਦੀ ਬਿਜਾਈ ਸ਼ੁਰੂ ਕੀਤੀ ਜਾ ਸਕਦੀ ਹੈ। ਪੰਜਾਬ ਵਿਚ ਕਾਸ਼ਤ ਲਈ ਪੀਐਸਐਚ 1962, ਡੀਕੇ 3849, ਪੀਐਸਐਚ 996, ਪੀਐਸਐਚ 2080 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ।

ਇਹ ਸਾਰੀਆਂ ਦੋਗਲੀਆਂ ਕਿਸਮਾਂ ਹਨ ਇਨ੍ਹਾਂ ਦਾ ਬੀਜ ਹਰ ਵਾਰ ਨਵਾਂ ਲੈਣਾ ਪੈਂਦਾ ਹੈ। ਇਹ ਬੀਜ ਕਈ ਕੰਪਨੀਆਂ ਵੱਲੋਂ ਤਿਆਰ ਕੀਤਾ ਜਾਂਦਾ ਹੈ। ਬੀਜ ਹਮੇਸ਼ਾ ਕਿਸੇ ਭਰੋਸੇਯੋਗ ਵਸੀਲੇ ਤੋਂ ਸਿਫ਼ਾਰਸ਼ ਕੀਤੀ ਕਿਸਮ ਦਾ ਲੈਣਾ ਚਾਹੀਦਾ ਹੈ। ਬਾਜ਼ਾਰ ਵਿਚ ਨਕਲੀ ਬੀਜ ਵੀ ਮਿਲਦੇ ਹਨ। ਬੀਜ ਖ਼ਰੀਦਣ ਸਮੇਂ ਦੁਕਾਨਦਾਰ ਤੋਂ ਰਸੀਦ ਜ਼ਰੂਰ ਲਈ ਜਾਵੇ। ਕਈ ਵਾਰ ਮਾੜੇ ਬੀਜ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਇਸ ਕਰ ਕੇ ਸਾਵਧਾਨ ਰਹਿਣ ਦੀ ਲੋੜ ਹੈ। ਇਸ ਏਕੜ ਲਈ ਦੋ ਕਿਲੋ ਬੀਜ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਟੈਗਰਾਨ 35 ਡਬਲਿਊਐੱਸ ਜ਼ਹਿਰ ਨਾਲ ਸੋਧ ਲਵੋ। ਇਕ ਕਿਲੋ ਬੀਜ ਲਈ ਛੇ ਗ੍ਰਾਮ ਜ਼ਹਿਰ ਵਰਤੋ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 60 ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 30 ਸੈਂਟੀਮੀਟਰ ਰੱਖੋ। ਬਿਜਾਈ ਵੱਟਾਂ ਉਤੇ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ 50 ਕਿਲੋ ਯੂਰੀਆ ਪ੍ਰਤੀ ਏਕੜ ਪਾਵੋ। ਇਸ ਦੇ ਨਾਲ ਹੀ 75 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਡਰਿੱਲ ਕਰੋ। ਸੂਰਜਮੁਖੀ ਦੀਆਂ ਕਤਾਰਾਂ ਵਿਚਕਾਰ ਮੈਂਥਾ ਵੀ ਬੀਜਿਆ ਜਾ ਸਕਦਾ ਹੈ। ਨਦੀਨਾਂ ਦੀ ਰੋਕਥਾਮ ਲਈ ਇੱਕ ਗੋਡੀ ਜ਼ਰੂਰ ਕਰੋ।

ਅਗਲੇ ਮਹੀਨੇ ਤਿੰਨਾਂ ਰੋਕੜੀ ਫ਼ਸਲਾਂ ਪਿਆਜ਼, ਆਲੂ ਜਾਂ ਸੂਰਜਮੁਖੀ ਦੀ ਕਾਸ਼ਤ ਜ਼ਰੂਰ ਕਰੋ। ਇਸ ਦੇ ਨਾਲ ਹੀ ਪਤਝੜੀ ਰੁੱਖ ਅਤੇ ਫ਼ਲਦਾਰ ਬੂਟੇ ਵੀ ਜ਼ਰੂਰ ਲਗਾਉਣੇ ਚਾਹੀਦੇ ਹਨ। ਅੰਗੂਰ ਦੀਆਂ ਇਕ ਦੋ ਵੇਲਾਂ ਤਾਂ ਜ਼ਰੂਰ ਹੀ ਲਗਾ ਲੈਣੀਆਂ ਚਾਹੀਦੀਆਂ ਹਨ। ਖੁੰਭਾਂ ਦੀ ਕਾਸ਼ਤ ਅਜੇ ਵੀ ਕੀਤੀ ਜਾ ਸਕਦੀ ਹੈ। ਬਟਨ ਖੁੰਭ, ਢੀਂਗਰੀ ਅਤੇ ਸਿਟਾਂਕੀ ਖੁੰਭ ਦੀ ਕਾਸ਼ਤ ਲਈ ਇਹ ਢੁੱਕਵਾਂ ਸਮਾਂ ਹੈ। ਖੁੰਭਾਂ ਉਗਾਉਣ ਲਈ ਤੂੜੀ ਤਿਆਰ ਕਰੋ ਤੇ ਇਸ ਵਿੱਚ ਖੁੰਭਾਂ ਦਾ ਬੀਜ ਪਾਵੋ। ਢੀਂਗਰੀ ਨੂੰ ਪਰਾਲੀ ਉੱਤੇ ਉਗਾਇਆ ਜਾ ਸਕਦਾ ਹੈ। ਇਨ੍ਹਾਂ ਦਾ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਬਾਗ਼ਬਾਨੀ ਵਿਭਾਗ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਠੰਢ ਵਧ ਰਹੀ ਹੈ ਇਸ ਕਰ ਕੇ ਨਵੇਂ ਲਗਾਏ ਬੂਟਿਆਂ ਨੂੰ ਢਕ ਕੇ ਠੰਢ ਤੋਂ ਬਚਾਇਆ ਜਾਵੇ। ਪਸ਼ੂਆਂ ਨੂੰ ਠੰਢ ਤੋਂ ਬਚਾਉਣ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਪਸ਼ੂਆਂ ਤੋਂ ਪੂਰਾ ਦੁੱਧ ਲੈਣ ਲਈ ਲੋੜੀਂਦੀ ਖ਼ੁਰਾਕ ਜ਼ਰੂਰ ਪਾਈ ਜਾਵੇ। ਦੁਧਾਰੂ ਪਸ਼ੂਆਂ ਅਤੇ ਛੋਟੀ ਉਮਰ ਦੇ ਜਾਨਵਰਾਂ ਲਈ ਵਿਸ਼ੇਸ਼ ਖ਼ੁਰਾਕ ਦੀ ਲੋੜ ਹੈ।

ਸੰਪਰਕ: 94170-87328

Advertisement
×