DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਭ ਤੋਂ ਮਗਰੋਂ

ਡਾ. ਇਕਬਾਲ ਸਿੰਘ ਸਕਰੌਦੀ ਲਗਭਗ ਪੰਜ ਦਹਾਕੇ ਪਹਿਲਾਂ ਦੀ ਗੱਲ ਹੈ। ਮੈਂ ਉਦੋਂ ਭਵਾਨੀਗੜ੍ਹ ਦੇ ਸਰਕਾਰੀ ਹਾਈ ਸਕੂਲ ਵਿੱਚ ਨੌਵੀਂ ਸ਼੍ਰੇਣੀ ਵਿੱਚ ਪੜ੍ਹਦਾ ਸਾਂ। ਸਵੇਰੇ ਸਕੂਲ ਗਏ ਨੂੰ ਮੈਨੂੰ ਪਤਾ ਲੱਗਾ ਕਿ ਉਸ ਦਿਨ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ...
  • fb
  • twitter
  • whatsapp
  • whatsapp
Advertisement
ਡਾ. ਇਕਬਾਲ ਸਿੰਘ ਸਕਰੌਦੀ

ਲਗਭਗ ਪੰਜ ਦਹਾਕੇ ਪਹਿਲਾਂ ਦੀ ਗੱਲ ਹੈ। ਮੈਂ ਉਦੋਂ ਭਵਾਨੀਗੜ੍ਹ ਦੇ ਸਰਕਾਰੀ ਹਾਈ ਸਕੂਲ ਵਿੱਚ ਨੌਵੀਂ ਸ਼੍ਰੇਣੀ ਵਿੱਚ ਪੜ੍ਹਦਾ ਸਾਂ। ਸਵੇਰੇ ਸਕੂਲ ਗਏ ਨੂੰ ਮੈਨੂੰ ਪਤਾ ਲੱਗਾ ਕਿ ਉਸ ਦਿਨ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮਾਲੇਰਕੋਟਲਾ ਆ ਰਹੇ ਹਨ। ਉਦੋਂ ਆਮ ਤੌਰ ’ਤੇ ਸਾਡੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਅਧਿਆਪਕ ਸਾਹਿਬਾਨ ਸ਼੍ਰੀਮਤੀ ਇੰਦਰਾ ਗਾਂਧੀ ’ਤੇ ਲੇਖ ਲਿਖਣ ਲਈ ਆਖ ਦਿੰਦੇ ਹੁੰਦੇ ਸਨ। ਅਸੀਂ ਚਾਰ ਮੁੰਡਿਆਂ ਜਿਨ੍ਹਾਂ ਵਿੱਚ ਬਲਿੰਦਰ ਸਿੰਘ, ਰਾਮੇਸ਼ਵਰ ਦਾਸ, ਵਜ਼ੀਰ ਖ਼ਾਂ ਅਤੇ ਮੈਂ ਸ਼ਾਮਲ ਸੀ, ਪਹਿਲੀ ਵਾਰੀ ਆਪਣੀ ਪੜ੍ਹਾਈ ਨੂੰ ਛੱਡ ਕੇ ਮਾਲੇਰਕੋਟਲਾ ਜਾਣ ਨੂੰ ਤਰਜੀਹ ਦਿੱਤੀ।

Advertisement

ਟਰੱਕ ਯੂਨੀਅਨ ਭਵਾਨੀਗੜ੍ਹ ਕੋਲੋਂ ਬਿਨਾਂ ਕੋਈ ਕਿਰਾਇਆ ਲਿਆਂ ਬੱਸਾਂ ਭਰ-ਭਰ ਮਾਲੇਰਕੋਟਲਾ ਸ਼ਹਿਰ ਜਾ ਰਹੀਆਂ ਸਨ। ਅਸੀਂ ਚਾਰਾਂ ਦੋਸਤਾਂ ਨੇ ਵੀ ਚਾਈਂ-ਚਾਈਂ ਸੀਟਾਂ ਮੱਲ ਲਈਆਂ। ਅਸੀਂ ਚਾਰੇ ਗੱਲਾਂ ਕਰਦੇ, ਹੱਸਦੇ-ਖੇਡਦੇ ਮਾਲੇਰਕੋਟਲੇ ਤੋਂ ਬਾਹਰਵਾਰ ਉਸ ਸਥਾਨ ’ਤੇ ਜਾ ਪੁੱਜੇ, ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਕਰਨਾ ਸੀ। ਸ਼ਰਬਤ ਅਤੇ ਚਾਹ ਦੇ ਲੰਗਰ ਕਈ ਥਾਈਂ ਲੱਗੇ ਹੋਏ ਸਨ ਪਰ ਪ੍ਰਸ਼ਾਦੇ ਪਾਣੀ ਦਾ ਲੰਗਰ ਕਿਤੇ ਵੀ ਨਹੀਂ ਸੀ। ਅਸੀਂ ਸ਼ਰਬਤ ਵੀ ਪੀਤਾ ਅਤੇ ਚਾਹ ਵੀ; ਫਿਰ ਅਸੀਂ ਬੜੀ ਰੀਝ ਅਤੇ ਨੀਝ ਨਾਲ ਪ੍ਰਧਾਨ ਮੰਤਰੀ ਜੀ ਦੇ ਵਿਚਾਰ ਸੁਣੇ। ਸਮਾਗਮ ਦੀ ਸਮਾਪਤੀ ’ਤੇ ਅਸੀਂ ਉੱਧਰ ਚੱਲ ਪਏ, ਜਿੱਧਰ ਸਾਨੂੰ ਸਾਡੀ ਬੱਸ ਨੇ ਉਤਾਰਿਆ ਸੀ।

ਇੱਕ ਤਾਂ ਅਸੀਂ ਚਾਰੇ, ਉਮਰ ਦੇ ਉਸ ਪੜਾਅ ’ਤੇ ਸਾਂ, ਜਦੋਂ ਭੁੱਖ ਬਹੁਤੀ ਲੱਗਦੀ ਹੈ। ਦੂਜਾ ਸਵੇਰ ਤੋਂ ਤੁਰਦੇ ਰਹਿਣ ਕਾਰਨ ਸਵੇਰ ਦੀ ਖਾਧੀ ਰੋਟੀ ਹਜ਼ਮ ਹੋ ਗਈ ਸੀ ਪਰ ਪੈਸੇ ਸਾਡੇ ਵਿੱਚੋਂ ਕਿਸੇ ਕੋਲ ਵੀ ਨਹੀਂ ਸਨ। ਸਾਨੂੰ ਇਹ ਤਾਂ ਪਤਾ ਸੀ ਕਿ ਬਲਿੰਦਰ ਦੇ ਪਿਤਾ ਜੀ ਪੁਲੀਸ ਵਿਭਾਗ ਵਿੱਚ ਇੰਸਪੈਕਟਰ ਹਨ ਪਰ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਦੀ ਸਪੈਸ਼ਲ ਡਿਊਟੀ ਮਾਲੇਰਕੋਟਲੇ ਲੱਗੀ ਹੋਈ ਹੈ। ਜਿਉਂ ਹੀ ਬਲਿੰਦਰ ਨੇ ਸਾਨੂੰ ਦੱਸਿਆ ਕਿ ਉਸ ਦੇ ਪਾਪਾ ਜੀ ਦੀ ਡਿਊਟੀ ਉਨ੍ਹਾਂ ਪੁਲੀਸ ਮੁਲਾਜ਼ਮਾਂ ਲਈ ਭੋਜਨ ਦਾ ਪ੍ਰਬੰਧ ਕਰਨ ਲਈ ਇੱਥੇ ਲੱਗੀ ਹੋਈ ਹੈ, ਜਿਹੜੇ ਪ੍ਰਧਾਨ ਮੰਤਰੀ ਜੀ ਦੀ ਰੈਲੀ ਲਈ ਮਾਲੇਰਕੋਟਲਾ ਆਏ ਹੋਏ ਹਨ ਤਾਂ ਸਾਡੀਆਂ ਅੱਖਾਂ ਵਿੱਚ ਇੱਕਦਮ ਚਮਕ ਆ ਗਈ। ਅਸੀਂ ਬਲਿੰਦਰ ਦੇ ਦੱਸੇ ਅਨੁਸਾਰ ਪੁਲੀਸ ਲਾਈਨ ਵੱਲ ਚੱਲ ਪਏ।

ਉੱਥੇ ਪਹੁੰਚ ਕੇ ਅਸੀਂ ਦੇਖਿਆ ਕਿ ਉਸ ਦੇ ਪਾਪਾ ਜੀ ਕੁਰਸੀ ’ਤੇ ਬੈਠੇ ਸਨ। ਪੁਲੀਸ ਦੇ ਬਹੁਤ ਸਾਰੇ ਜਵਾਨ ਭੋਜਨ ਛਕ ਰਹੇ ਸਨ। ਕੁਝ ਜਵਾਨ ਲਾਈਨ ਵਿੱਚ ਲੱਗੇ ਖੜ੍ਹੇ ਸਨ ਤੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਅਸੀਂ ਸਾਰਿਆਂ ਨੇ ਅੰਕਲ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਈ। ਉਨ੍ਹਾਂ ਸਾਨੂੰ ਪ੍ਰਸ਼ਾਦਾ ਛਕਣ ਲਈ ਪੁੱਛਿਆ। ਅਸੀਂ ਤਾਂ ਗਏ ਹੀ ਰੋਟੀ ਖਾਣ ਲਈ ਸਾਂ। ਅਸੀਂ ਚਾਰਾਂ ਨੇ ਫਟਾਫਟ ਹੱਥ ਧੋਤੇ, ਥਾਲਾਂ ਵਿੱਚ ਰੋਟੀ ਸਬਜ਼ੀ ਦਾਲ ਸਲਾਦ ਪੁਆ ਕੇ ਇੱਕ ਪਾਸੇ ਬਹਿ ਕੇ ਰੱਜ ਕੇ ਰੋਟੀ ਖਾਧੀ। ਹੱਥ ਧੋ ਕੇ ਅਸੀਂ ਅੰਕਲ ਜੀ ਦਾ ਧੰਨਵਾਦ ਕਰਨ ਲਈ ਉਨ੍ਹਾਂ ਕੋਲ ਚਲੇ ਗਏ।

ਐਨ ਉਸੇ ਸਮੇਂ ਡਿਊਟੀ ’ਤੇ ਤਾਇਨਾਤ ਇੱਕ ਹੌਲਦਾਰ ਨੇ ਅੰਕਲ ਜੀ ਨੂੰ ਕਿਹਾ, “ਸਾਹਿਬ, ਹੁਣ ਤੁਸੀਂ ਵੀ ਰੋਟੀ ਖਾ ਲਵੋ ਜੀ। ਕੇਵਲ ਅੱਠ ਦਸ ਜਵਾਨ ਹੀ ਰੋਟੀ ਖਾਣ ਤੋਂ ਪਿੱਛੇ ਰਹਿੰਦੇ ਹਨ।”

“ਕਰਮਜੀਤ ਸਿੰਘ, ਮੈਂ ਆਪਣੇ ਸਾਰੇ ਜਵਾਨਾਂ ਦੇ ਰੋਟੀ ਖਾਣ ਪਿੱਛੋਂ ਹੀ ਰੋਟੀ ਖਾਵਾਂਗਾ।” ਅੰਕਲ ਜੀ ਦੇ ਇਹ ਬੋਲ ਅਸੀਂ ਆਪਣੇ ਕੰਨੀਂ ਸੁਣੇ।

ਵਾਪਸੀ ਵੇਲੇ ਬੱਸ ਵਿੱਚ ਬੈਠਾ ਮੈਂ ਆਪਣੇ ਬੀਜੀ ਨੂੰ ਯਾਦ ਕੀਤਾ, ਜਿਹੜੇ ਹਮੇਸ਼ਾ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਰੋਟੀ ਖੁਆਉਣ ਤੋਂ ਬਾਅਦ ਹੀ ਰੋਟੀ ਖਾਂਦੇ ਸਨ। ਉਦੋਂ ਮੈਂ ਮਨ ਹੀ ਮਨ ਪੁਲੀਸ ਇੰਸਪੈਕਟਰ ਅਤੇ ਆਪਣੇ ਬੀਜੀ ਦੇ ਸੁਭਾਅ ਦੀ ਸਮਾਨਤਾ ਦੇਖ ਰਿਹਾ ਸਾਂ।

ਸੰਪਰਕ: 84276-85020

Advertisement
×