ਸਿਰਨਾਵਾਂ
ਰਿਸ਼ਤਿਆਂ ਦੀ ਸੁੱਚੀ ਸਾਂਝ ਜ਼ਿੰਦਗੀ ਦਾ ਨੂਰ ਹੁੰਦੀ ਹੈ। ਬਾਪ, ਦਾਦਾ, ਨਾਨੀ, ਮਾਮਾ, ਮਾਸੀ ਤੇ ਭੂਆ ਜਿਹੇ ਰਿਸ਼ਤਿਆਂ ਦੀ ਛਾਂ ਹੇਠ ਪਲਦੀ ਜ਼ਿੰਦਗੀ ਖ਼ੁਸ਼ੀ ਖੇੜੇ ਦੇ ਅੰਗ ਸੰਗ ਰਹਿੰਦੀ ਹੈ। ਮੁਸ਼ਕਿਲਾਂ ਨਾਲ ਵੀ ਸਿੱਝ ਲੈਂਦੀ ਹੈ। ਰਿਸ਼ਤਿਆਂ ਵਿੱਚ ਵੱਡੇ ਜ਼ਿੰਦਗੀ...
ਰਿਸ਼ਤਿਆਂ ਦੀ ਸੁੱਚੀ ਸਾਂਝ ਜ਼ਿੰਦਗੀ ਦਾ ਨੂਰ ਹੁੰਦੀ ਹੈ। ਬਾਪ, ਦਾਦਾ, ਨਾਨੀ, ਮਾਮਾ, ਮਾਸੀ ਤੇ ਭੂਆ ਜਿਹੇ ਰਿਸ਼ਤਿਆਂ ਦੀ ਛਾਂ ਹੇਠ ਪਲਦੀ ਜ਼ਿੰਦਗੀ ਖ਼ੁਸ਼ੀ ਖੇੜੇ ਦੇ ਅੰਗ ਸੰਗ ਰਹਿੰਦੀ ਹੈ। ਮੁਸ਼ਕਿਲਾਂ ਨਾਲ ਵੀ ਸਿੱਝ ਲੈਂਦੀ ਹੈ। ਰਿਸ਼ਤਿਆਂ ਵਿੱਚ ਵੱਡੇ ਜ਼ਿੰਦਗੀ ਨੂੰ ਸੇਧ ਦਿੰਦੇ ਹਨ ਜਿਸ ਨਾਲ ਅੱਗੇ ਵਧਣ ਦੇ ਰਾਹ ਬਣਦੇ ਹਨ। ਉਮਰ ਦਾ ਕਾਫ਼ੀ ਪੈਂਡਾ ਬਿਤਾ ਚੁੱਕੇ ਸ਼ਰਨ ਭੂਆ ਜੀ ਸਾਡੇ ਪਰਿਵਾਰ ਦੇ ਰੂਹੇ ਰਵਾਂ ਹਨ। ਪੜ੍ਹ ਲਿਖ ਕੇ ਜ਼ਿੰਦਗੀ ਦੀ ਬੁੱਕਲ ਵਿੱਚ ਸੁਹਜ ਸਿਆਣਪ ਦੇ ਮੋਤੀ ਸਾਂਭੀ ਬੈਠੇ ਹਨ। ਆਪਣੀ ਜੀਵਨ ਪੁਸਤਕ ਦੇ ਪੰਨਿਆਂ ’ਤੇ ਲਿਖੇ ਸਬਕ ਅਕਸਰ ਸੁਣਾਉਂਦੇ ਹਨ- ‘ਜ਼ਿੰਦਗੀ ਦਾ ਸਫ਼ਰ ਸੌਖਾ ਸੁਹਾਵਣਾ ਕਦੇ ਨਹੀਂ ਹੁੰਦਾ। ਕਦਮ-ਕਦਮ ’ਤੇ ਕੰਡਿਆਂ ਦੀ ਚੋਭ ਰਾਹ ਰੋਕਦੀ ਹੈ। ਹਾਲਤਾਂ ਨਿਰਾਸ਼ਾ ਦੇ ਲੜ ਲਾਉਂਦੀਆਂ ਹਨ। ਇਰਾਦੇ ਪੱਕੇ ਹੋਣ ਤੇ ਸਫਲ ਹੋਣ ਦੀ ਤਾਂਘ ਹੋਵੇ ਤਾਂ ਮੰਜ਼ਿਲ ਜ਼ਰੂਰ ਮਿਲਦੀ ਹੈ।’
ਹਰ ਮਿਲਣੀ ਵੇਲੇ ਭੂਆ ਦੀ ਤੱਕਣੀ ਵਿੱਚੋਂ ਜ਼ਿੰਦਗੀ ਦਾ ਜਲੌਅ ਨਜ਼ਰ ਆਉਂਦਾ। ਬੋਲਾਂ ਵਿੱਚੋਂ ਬਾਪ ਦੇ ਜੱਦੀ ਘਰ ਜਾਣ ਦੀ ਤਾਂਘ ਝਲਕਦੀ। ਬਾਪ, ਦਾਦੇ ਵਾਲੇ ਜੱਦੀ ਘਰ ਦੀ ਗੱਲ ਕਰਦੇ ਉਹ ਅਕਸਰ ਆਖਦੇ- ‘ਆਪਣੀ ਜਨਮ ਭੋਇੰ ਨਾਲ ਮੋਹ ਕੁਦਰਤੀ ਹੁੰਦਾ। ਘਰ ਤੇ ਗਲੀਆਂ ਵਿੱਚ ਗੁਜ਼ਰਿਆ ਬਚਪਨ ਨਹੀਂ ਭੁੱਲਦਾ ਜਿੱਥੇ ਮਾਂ ਦੀ ਗੋਦ ਵਿੱਚੋਂ ਮਿੱਠੇ ਬੋਲਾਂ ਦੀ ਗੁੜ੍ਹਤੀ ਮਿਲੀ ਹੋਵੇ, ਭੈਣ ਭਰਾਵਾਂ ਨਾਲ ਹੱਸਦਿਆਂ ਖੇਡਦਿਆਂ ਬਚਪਨ ਦੇ ਦਿਨ ਚਾਵਾਂ ਨਾਲ ਗੁਜ਼ਾਰੇ ਹੋਣ, ਚੁੱਲ੍ਹੇ ਚੌਂਕੇ ਵਿੱਚ ਮਾਂ ਨਾਲ ਹੱਥ ਵਟਾਉਂਦਿਆਂ ਹੱਥੀਂ ਕੰਮ ਕਰਨ ਦੀ ਜਾਚ ਸਿੱਖੀ ਹੋਵੇ, ਬਾਪ ਦੀਆਂ ਨਸੀਹਤਾਂ ’ਚੋਂ ਜਿਊਣ ਦਾ ਸਬਕ ਲਿਆ ਹੋਵੇ, ਆਂਢ-ਗੁਆਂਢ ਵਸਦੀਆਂ ਮਾਂ ਜਿਹੀਆਂ ਚਾਚੀਆਂ ਤਾਈਆਂ ਤੋਂ ਜਿਊਣ ਦਾ ਪਾਠ ਪੜ੍ਹਿਆ ਹੋਵੇ, ਅੱਧੀ ਛੁੱਟੀ ਵੇਲੇ ਪੋਣੇ ਵਿੱਚ ਬੰਨ੍ਹੀ ਮਾਂ ਦੇ ਹੱਥਾਂ ਦੀ ਬਣੀ ਰੋਟੀ ਵੰਡ ਕੇ ਖਾਣ ਦਾ ਅਨੂਠਾ ਸੁਆਦ ਚੱਖਿਆ ਹੋਵੇ... ਉਹ ਵਕਤ ਜ਼ਿੰਦਗੀ ਦਾ ਬੇਸ਼ਕੀਮਤੀ ਸਰਮਾਇਆ ਹੁੰਦਾ ਹੈ।’
ਪਰਿਵਾਰ ਸਮੇਤ ਸ਼ਰਨ ਭੂਆ ਨਾਲ ਪਿੰਡ ਜਾਣ ਦਾ ਮੌਕਾ ਬਣਿਆ। ਸਵੇਰ ਸਾਰ ਹੀ ਪਿੰਡ ਪਹੁੰਚ ਘਰ ਦਾ ਬੂਹਾ ਖੋਲ੍ਹਿਆ। ਬੂਹੇ, ਬਾਰੀਆਂ ਵਿੱਚੋਂ ਆਉਂਦੀ ਹਵਾ ਸਵਾਗਤ ਕਰਦੀ ਪ੍ਰਤੀਤ ਹੋਈ। ਛੋਟੇ ਵਿਹੜੇ ਦੇ ਇੱਕ ਪਾਸੇ ਬਣਿਆ ਚੁੱਲ੍ਹਾ ਚੌਂਕਾ। ਬੈਠਕ ਉੱਪਰ ਬਣਿਆ ਚੁਬਾਰਾ ਆਜ਼ਾਦੀ ਘੁਲਾਟੀਏ ਦਾਦਾ ਜੀ ਦੀ ਜੀਵਨ ਘਾਲਣਾ ਵਾਂਗ ਸਿਰ ਉਠਾਈ ਖੜ੍ਹਾ ਨਜ਼ਰ ਆਇਆ। ਚਾਹ ਪਾਣੀ ਪੀਂਦਿਆਂ ਆਂਢ-ਗੁਆਂਢ ਤੱਕ ਸਾਡੇ ਆਉਣ ਦੀ ਖ਼ਬਰ ਪਹੁੰਚੀ। ਬੀਬੀਆਂ ਦਾ ਆਉਣ ਜਾਣਾ ਸ਼ੁਰੂ ਹੋ ਗਿਆ। ਭੂਆ ਨੂੰ ਮਿਲਦੀਆਂ, ਘਰ ਪਰਿਵਾਰ ਦਾ ਹਾਲ ਚਾਲ ਪੁੱਛਦੀਆਂ। ਸਾਡਾ ਸਿਰ ਪਲੋਸਦੀਆਂ ਤੇ ਅਸੀਸਾਂ ਦਿੰਦੀਆਂ। ਨਿੱਠ ਕੇ ਗੱਲਾਂ ਕਰਦੀਆਂ ਬੀਬੀਆਂ ਜ਼ਿੰਦਗੀ ਦੀ ਸੁੱਚੀ ਤਸਵੀਰ ਜਾਪਦੀਆਂ।
ਗੱਲਾਂ ਤੁਰੀਆਂ ਤਾਂ ਵੱਡੀ ਉਮਰ ਦੀ ਬੀਬੀ ਕਹਿਣ ਲੱਗੀ, ‘ਧੀਏ! ਪੇਕਿਆਂ ਦਾ ਘਰ ਤਾਂ ਜ਼ਿੰਦਗੀ ਦਾ ਮਾਣ ਹੁੰਦਾ ਜਿਸ ਦੀ ਬੁੱਕਲ ਵਿੱਚ ਜਿਊਣ ਦਾਤਾਂ ਦੀ ਗੁੜ੍ਹਤੀ ਹੁੰਦੀ। ਇਹਨੂੰ ਜ਼ਿੰਦਗੀ ਦੇ ਪੱਲੇ ਬੰਨ੍ਹ ਕੇ ਤੁਰਨ ਵਾਲੀਆਂ ਧੀਆਂ ਧਿਆਣੀਆਂ ਸੁਹਜ ਸਲੀਕੇ ਨਾਲ ਜਿਊਣਾ ਸਫਲ ਬਣਾ ਲੈਂਦੀਆਂ ਜਿਸ ਸਦਕਾ ਉਹ ਆਪਣੇ ਘਰ ਪਰਿਵਾਰ ਦੇ ਮਾਣ ਸਤਿਕਾਰ ਦੀਆਂ ਹੱਕਦਾਰ ਬਣਦੀਆਂ।’
ਇਹ ਬੋਲ ਮੈਨੂੰ ਜੀਵਨ ਸਫ਼ਰ ਤੋਂ ਵਿਦਾਈ ਲੈ ਗਈ ਭੂਆ ਬਲਦੇਵ ਕੌਰ ਕੋਲ ਲੈ ਗਏ। ਸਨੇਹ, ਸਤਿਕਾਰ ਤੇ ਸਬਰ ਦੀ ਮੂਰਤ। ਮਿੱਠ ਬੋਲੜੀ, ਹਰੇਕ ਨੂੰ ਨਿਮਰਤਾ ਨਾਲ ਪੇਸ਼ ਆਉਣ ਵਾਲੀ। ਆਪਣਾ ਗੁਆ ਕੇ ਹੋਰਾਂ ਦਾ ਭਲਾ ਕਰਦੀ। ਸੁਹਜ ਨਾਲ ਰਿਸ਼ਤਿਆਂ ਦੀਆਂ ਤੰਦਾਂ ਪਰੋਂਦੀ। ਯਾਦਾਂ ਦੀ ਬੁੱਕਲ ਖੋਲ੍ਹਦਿਆਂ ਆਖਦੀ- ‘ਸਾਨੂੰ ਜਿਊਣ ਦਾ ਸਲੀਕਾ ਇਸ ਘਰ ਤੋਂ ਵਿਰਾਸਤ ਵਿੱਚ ਮਿਲਿਆ। ਕਦੇ ਹਾਲਤਾਂ ਨਾਲ ਸਮਝੌਤਾ ਨਹੀਂ ਕਰਨਾ। ਆਪਣੀ ਮਿਹਨਤ ਤੇ ਉੱਦਮ ਨਾਲ ਚੰਗੇ ਦਿਨਾਂ ਦੀ ਆਸ ਕਦੇ ਨਹੀਂ ਛੱਡਣੀ। ਇਰਾਦੇ ਧਾਰ ਕੇ ਤੁਰਦੇ ਰਹਿਣ ਨਾਲ ਔਖਾ ਵਕਤ ਵੀ ਬਦਲ ਜਾਂਦਾ ਹੈ।’
ਘਰ ਦੇ ਛੋਟੇ ਵਿਹੜੇ ’ਚ ਲੱਗੀ ਰੌਣਕ ਧਿਆਨ ਮੋੜਿਆ। ਦੋ ਤਿੰਨ ਘੰਟੇ ਬੀਬੀਆਂ ਦਾ ਆਪਸ ਵਿੱਚ ਹੋਇਆ ਮੇਲ ਮਿਲਾਪ ਸੁਖਦ ਅਹਿਸਾਸ ਦੇ ਗਿਆ। ‘ਅੱਜ ਇਸ ਭਾਗਾਂ ਵਾਲੇ ਘਰ ਵਿੱਚ ਪਏ ਪੈਰ ਸਾਡੇ ਸਾਰਿਆਂ ਲਈ ਸੁਖ, ਚੈਨ ਤੇ ਮਾਣ ਦਾ ਸਬੱਬ ਬਣੇ ਹਨ’... ਜਾਂਦੇ ਵਕਤ ਇੱਕ ਬੀਬੀ ਦੇ ਇਹ ਬੋਲ ਉਸ ਸੁਖਦ ਦਿਨ ਦਾ ਹਾਸਲ ਦੱਸ ਗਏ।
ਵਾਪਸੀ ’ਤੇ ਕਿਰਸਾਨੀ ਝੰਡੇ ਵਾਲੇ ਟਰੈਕਟਰ-ਟਰਾਲੀ ਮੂਹਰੇ ਤੁਰੀਆਂ ਬਸੰਤੀ ਚੁੰਨੀਆਂ ਵਾਲੀਆਂ ਬੀਬੀਆਂ ਨਾਲ ਮੇਲ ਹੋਇਆ। ਹਰ ਘਰ ਦੇ ਬੂਹੇ ’ਤੇ ਦਸਤਕ ਦਿੰਦੀਆਂ। ਹੜ੍ਹਾਂ ਮਾਰੇ ਖੇਤਰਾਂ ਦੇ ਕਿਸਾਨ ਮਜ਼ਦੂਰਾਂ ਲਈ ਮਦਦ ਦਾ ਸੁਨੇਹਾ ਲਾਉਂਦੀਆਂ। ਹਰ ਘਰ ਦੀ ਸੁਆਣੀ ਰਾਸ਼ਨ, ਕਣਕ, ਸੂਟ ਤੇ ਨਕਦੀ ਉਨ੍ਹਾਂ ਦੀ ਝੋਲੀ ਪਾਉਂਦੀ। ਇਹ ਦ੍ਰਿਸ਼ ਸ਼ਰਨ ਭੂਆ ਦੇ ਮਨ ਨੂੰ ਭਾਅ ਗਿਆ। ਕਹਿਣ ਲੱਗੇ- ‘ਭਾਵੇਂ ਬੰਦਾ ਆਪਣੀ ਜ਼ਿੰਦਗੀ ਭਰ ਦੀ ਮਿਹਨਤ ਨਾਲ ਬਣਾਈ ਜ਼ਮੀਨ ਜਾਇਦਾਦ ’ਤੇ ਮਾਣ ਕਰਦਾ ਹੈ; ਉਸ ਵਿੱਚੋਂ ਸਨਮਾਨ ਤੇ ਸਕੂਨ ਲੱਭਦਾ ਹੈ ਪਰ ਜੀਵਨ ਦਾ ਸੱਚਾ ਸਕੂਨ ਹੋਰਾਂ ਲਈ ਜਿਊਣ ਵਾਲੇ ਅਜਿਹੇ ਕਰਮਯੋਗੀਆਂ ਦੇ ਹਿੱਸੇ ਆਉਂਦਾ ਹੈ ਜਿਨ੍ਹਾਂ ਦਾ ਦਾਮਨ ਨਿੱਜ, ਲਾਲਚ ਤੇ ਹਉਮੈ ਦੇ ਪਰਛਾਵਿਆਂ ਤੋਂ ਕੋਹਾਂ ਦੂਰ ਹੁੰਦਾ ਹੈ। ਸਭਨਾਂ ਦੇ ਭਲੇ ਲਈ ਹੱਕ ਸੱਚ ਦੇ ਰਾਹ ਤੁਰਦੀਆਂ। ਆਪਣੀਆਂ ਜ਼ਮੀਨਾਂ, ਫਸਲਾਂ, ਨਸਲਾਂ ਦੀ ਰਾਖੀ ਲਈ ਕਾਫ਼ਲੇ ਬੰਨ੍ਹ ਕੇ ਜਾਂਦੀਆਂ। ਬੇਰੁਜ਼ਗਾਰ ਧੀਆਂ ਪੁੱਤਰਾਂ ਤੇ ਕਿਸਾਨ ਮਜ਼ਦੂਰਾਂ ਦੇ ਸੰਘਰਸ਼ਾਂ ਵਿੱਚ ਹਿੱਸਾ ਪਾਉਂਦੀਆਂ। ਮਾਵਾਂ ਭੈਣਾਂ ਨੂੰ ਜਗਾ ਕੇ, ਏਕੇ ਤੇ ਚੇਤਨਾ ਦਾ ਪਾਠ ਪੜ੍ਹਾ ਆਪਣੇ ਨਾਲ ਤੋਰਦੀਆਂ। ਇਹ ਸਿਦਕਵਾਨ ਬੀਬੀਆਂ ਰਿਸ਼ਤਿਆਂ ਤੇ ਸਾਝਾਂ ਦਾ ਸਿਰਨਾਵਾਂ ਜਾਪਦੀਆਂ ਜਿਨ੍ਹਾਂ ਦੇ ਵਧਦੇ ਕਦਮਾਂ ਦੀ ਆਹਟ ਚੰਗੇਰੇ ਭਵਿੱਖ ਦੀ ਨਿਸ਼ਾਨਦੇਹੀ ਕਰਦੀ ਹੈ।
ਸੰਪਰਕ: salamzindgi88@gmail.com