ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਯਾਦਾਂ ਦੀ ਪੰਡ

ਰੂਪ ਲਾਲ ਰੂਪ ਡੀਸੀ ਨਾਲ ਪਹਿਲੀ ਮੀਟਿੰਗ ਦਾ ਤਜਰਬਾ ਬੜਾ ਕੌੜਾ ਰਿਹਾ ਸੀ। ਉਪ ਜਿ਼ਲ੍ਹਾ ਸਿੱਖਿਆ ਅਫਸਰ ਹੋਣ ਕਾਰਨ ਉਸ ਨਾਲ ਮੇਰਾ ਸਿੱਧਾ ਵਾਸਤਾ ਤਾਂ ਕੋਈ ਨਹੀਂ ਸੀ ਪਰ ਜਿ਼ਲ੍ਹਾ ਅਧਿਕਾਰੀਆਂ ਦੀ ਮੀਟਿੰਗ ਵਿਚ ਨੈਸ਼ਨਲ ਐਵਾਰਡੀ ਡੀਈਓ ਰੋਸ਼ਨ ਲਾਲ ਸੂਦ...
Advertisement

ਰੂਪ ਲਾਲ ਰੂਪ

ਡੀਸੀ ਨਾਲ ਪਹਿਲੀ ਮੀਟਿੰਗ ਦਾ ਤਜਰਬਾ ਬੜਾ ਕੌੜਾ ਰਿਹਾ ਸੀ। ਉਪ ਜਿ਼ਲ੍ਹਾ ਸਿੱਖਿਆ ਅਫਸਰ ਹੋਣ ਕਾਰਨ ਉਸ ਨਾਲ ਮੇਰਾ ਸਿੱਧਾ ਵਾਸਤਾ ਤਾਂ ਕੋਈ ਨਹੀਂ ਸੀ ਪਰ ਜਿ਼ਲ੍ਹਾ ਅਧਿਕਾਰੀਆਂ ਦੀ ਮੀਟਿੰਗ ਵਿਚ ਨੈਸ਼ਨਲ ਐਵਾਰਡੀ ਡੀਈਓ ਰੋਸ਼ਨ ਲਾਲ ਸੂਦ ਵੱਲੋਂ ਮੈਨੂੰ ਭੇਜਣ ਕਾਰਨ ਡੀਸੀ ਕੌੜ ਗਿਆ ਸੀ। ਡੀਈਓ ਸੂਦ ਬੜਾ ਮਿਹਨਤੀ ਤੇ ਨੇਕ ਇਨਸਾਨ ਸੀ ਪਰ ਡੀਸੀ ਉਸ ਨਾਲ ਖਹਿੰਦਾ ਹੀ ਰਿਹਾ।

Advertisement

ਮੈਂ ਆਦਮਪੁਰ ਤੋਂ ਟਰੇਨ ਰਾਹੀਂ ਸਾਢੇ ਸੱਤ ਵਜੇ ਦੇ ਆਸ-ਪਾਸ ਕਪੂਰਥਲੇ ਪਹੁੰਚ ਜਾਂਦਾ। 18 ਸਤੰਬਰ 2008 ਵਾਲਾ ਦਿਨ ਸੀ, ਡੀਸੀ ਦੇ ਪੀਏ ਦਾ ਫੋਨ ਆਇਆ ਕਿ ਤੁਰੰਤ ਸਾਹਿਬ ਦੀ ਕੋਠੀ ਪਹੁੰਚੋ, ਤੁਹਾਨੂੰ ਰਾਜਾਸਾਂਸੀ ਏਅਰਪੋਰਟ ਵਿਖੇ ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਦੀ ਪਤਨੀ ਚੈਰੀ ਬਲੇਅਰ ਦੀ ਅਗਵਾਨੀ ਲਈ ਭੇਜਣਾ ਹੈ, ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ (ਕਪੂਰਥਲਾ) ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਾ ਹੈ। ਮੈਨੂੰ ਇਸ ਦੀ ਜਾਣਕਾਰੀ ਸੀ ਪਰ ਉੱਥੇ ਜਾਣ ਬਾਰੇ ਮੈਨੂੰ ਡੀਈਓ ਨੇ ਨਹੀਂ ਆਖਿਆ ਸੀ।

ਮੈਂ ਸਟੇਸ਼ਨ ਤੋਂ ਪੈਦਲ ਦਫ਼ਤਰ ਆ ਰਿਹਾ ਸੀ। ਬੜੀ ਹੈਰਾਨੀ ਸੀ ਕਿ ਡੀਸੀ ਨੇ ਡੀਈਓ ਨੂੰ ਛੱਡ, ਜਿ਼ਲ੍ਹੇ ਦੇ ਸਾਰੇ ਅਫਸਰਾਂ ਨੂੰ ਵੀ ਛੱਡ ਦਿੱਤਾ ਹੈ ਤੇ ਇਸ ਅਤਿਅੰਤ ਅਹਿਮ ਡਿਊਟੀ ਲਈ ਮੇਰੀ ਚੋਣ ਕੀਤੀ ਹੈ। ਇਹ ਸਵਾਲ ਅੱਜ ਤਕ ਅਣਸੁਲਝਿਆ ਹੈ। ਮੈਂ ਰਿਕਸ਼ਾ ਫੜ ਕੇ ਡੀਸੀ ਦੀ ਕੋਠੀ ਪਹੁੰਚ ਗਿਆ। ਪੀਏ ਨੇ ਹਦਾਇਤਾਂ ਕੀਤੀਆਂ ਤੇ ਡੀਸੀ ਵਾਲੀ ਚਿੱਟੀ ਅੰਬੈਸਡਰ ਕਾਰ ਵਿਚ ਸੁਆਰ ਹੋਣ ਲਈ ਕਿਹਾ। ਮੈਂ ਝੰਡੀ ਵਾਲੀ ਕਾਰ ਵਿਚ ਡੀਸੀ ਵਾਲੀ ਸੀਟ ’ਤੇ ਬਹਿ ਗਿਆ। ਸਾਡੀ ਕਾਰ ਦੇ ਅੱਗੇ ਪਾਇਲਟ ਗੱਡੀ ਲੱਗ ਗਈ। ਮੈਂ ਵੱਡੀ ਜਿ਼ੰਮੇਵਾਰੀ ਦੇ ਅਹਿਸਾਸ ਨਾਲ ਸਰਾਬੋਰ ਹੋਇਆ ਪਿਆ ਸੀ। ਮੈਡਮ ਦਾ ਸਵਾਗਤ ਕਿਵੇਂ ਕਰਨਾ ਹੈ, ਸਿੱਖਿਆ ਅਧਿਕਾਰੀ ਦਾ ਪ੍ਰਭਾਵ ਕਿਵੇਂ ਸਿਰਜਣਾ ਹੈ ਆਦਿ ਦੀ ਮਨ ਮਸਤਕ ਵਿਚ ਵਿਚਾਰਦਿਆਂ ਸਾਡੀ ਗੱਡੀ ਰਾਜਾਸਾਂਸੀ ਹਵਾਈ ਅੱਡੇ ’ਤੇ 9:30 ਵਜੇ ਪਹੁੰਚ ਗਈ। ਉਡਾਣ ਦਾ ਸਮਾਂ 11 ਵਜੇ ਸੀ। ਅਸੀਂ ਹਵਾਈ ਅੱਡੇ ਦੇ ਸਾਹਮਣੇ ਖੜ੍ਹੇ ਸਾਂ। ਅੱਧੇ ਕੁ ਘੰਟੇ ਬਾਅਦ ਦੋ ਜਣੇ ਮੇਰੇ ਪਾਸ ਆਏ ਤੇ ਚਿਰਾਂ ਤੋਂ ਥਾਏਂ ਖੜ੍ਹਨ ਦਾ ਕਾਰਨ ਪੁੱਛਿਆ। ਮੈਂ ਆਪਣੀ ਪਛਾਣ ਤੇ ਇੱਥੇ ਖੜ੍ਹਨ ਦਾ ਕਾਰਨ ਦੱਸ ਦਿੱਤਾ ਤੇ ਉਹ ਚਲੇ ਗਏ। ਉਨ੍ਹਾਂ ਦੀ ਗਲਬਾਤ ਤੋਂ ਮੈਂ ਸਮਝ ਗਿਆ, ਇਹ ਇੰਟੈਲੀਜੈਂਸ ਦੇ ਕੋਈ ਉੱਚ ਅਧਿਕਾਰੀ ਹਨ।

ਪੰਜ ਸੱਤ ਮਿੰਟ ਬਾਅਦ ਉਹ ਫਿਰ ਆਏ ਤੇ ਪੁੱਛਿਆ ਕਿ ਮੈਡਮ ਨੂੰ ਲਿਜਾਣ ਦਾ ਕੀ ਪ੍ਰਬੰਧ ਹੈ। ਮੈਂ ਡੀਸੀ ਦੀ ਅੰਬੈਸਡਰ ਕਾਰ ਬਾਰੇ ਦੱਸ ਦਿੱਤਾ। ਉਨ੍ਹਾਂ ਸਿਰ ਫੇਰਿਆ ਤੇ ਬਿਨਾ ਕੁਝ ਬੋਲੇ ਚਲੇ ਗਏ। ਦਸ ਮਿੰਟ ਵਿਚ ਦੋ ਲਿਸ਼ਕਦੀਆਂ ਇਨੋਵਾ ਗੱਡੀਆਂ ਸਾਡੇ ਕੋਲ ਆ ਗਈਆਂ।

ਸਮੇਂ ਸਿਰ ਉਡਾਣ ਆ ਗਈ। ਮੈਡਮ ਨਾਲ ਜਗੀਰੀ ਲਾਲ ਲੂੰਬਾ ਤੇ ਉਨ੍ਹਾਂ ਦੀ ਪਤਨੀ ਵੀ ਸੀ। ਤਿੰਨਾਂ ਨੂੰ ਗੁਲਦਸਤੇ ਭੇਟ ਕਰਦਿਆਂ ‘ਜੀ ਆਇਆਂ’ ਆਖਿਆ। ਇੰਟੈਲੀਜੈਂਸ ਦੇ ਅਧਿਕਾਰੀਆਂ ਦਾ ਘੇਰਾ ਤੰਗ ਹੋ ਗਿਆ। ਹਰ ਕੋਈ ਆਪਣੀ ਜਿ਼ੰਮੇਵਾਰੀ ਲਈ ਮੁਸਤੈਦ ਜਾਪਦਾ ਸੀ। ਇਕ ਅਧਿਕਾਰੀ ਨੇ ਮੇਰਾ ਮੋਬਾਈਲ ਨੰਬਰ ਲਿਆ ਤੇ ਆਪਣਾ ਦੇ ਦਿੱਤਾ। ਇਹ ਵੀ ਕਿਹਾ ਕਿ ਸਾਡੀ ਪਾਇਲਟ ਗੱਡੀ ਬਿਆਸ ਦੇ ਪੁਲ ਤੱਕ ਜਾਏਗੀ ਤੇ ਤੁਹਾਡੀ ਗੱਡੀ ਸਾਥੋਂ ਪਿੱਛੇ ਚੱਲੇਗੀ। ਇਹ ਵੀ ਕਹਿ ਦਿੱਤਾ ਕਿ ਪ੍ਰੋਗਰਾਮ ਦੀ ਸਮਾਪਤੀ ਤੋਂ ਅੱਧਾ ਘੰਟਾ ਪਹਿਲਾਂ ਸਾਨੂੰ ਸੂਚਿਤ ਕਰ ਦੇਣਾ। ਇਹ ਸਭ ਅੱਖ ਦੇ ਫੋਰ ’ਚ ਹੋ ਗਿਆ।

ਪੰਜ ਗੱਡੀਆਂ ਦਾ ਸਾਡਾ ਕਾਫਲਾ ਸੱਤ ਕੁ ਮਿੰਟ ਬਾਅਦ ਜੀਟੀ ਰੋਡ ’ਤੇ ਜਾ ਰਿਹਾ ਸੀ। ਭਾਰਤ ਵਿੱਚ ਮੈਡਮ ਦੀ ਠਹਿਰ ਕੇਵਲ ਤਿੰਨ ਘੰਟੇ ਸੀ। ਇੰਟੈਲੀਜੈਂਸ ਅੰਮ੍ਰਿਤਸਰ ਤੋਂ ਦਿੱਲੀ ਤੇ ਦਿੱਲੀ ਤੋਂ ਲੰਡਨ ਤੱਕ ਪੱਬਾਂ ਭਾਰ ਹੋਈ ਸਾਫ ਦਿਸ ਰਹੀ ਸੀ।

ਮੈਂ ਹਵਾਈ ਅੱਡੇ ਤੋਂ ਨਿਕਲਦਿਆਂ ਡੀਸੀ ਕਪੂਰਥਲਾ ਤੇ ਡੀਈਓ ਨੂੰ ਮੈਡਮ ਦੀ ਪਹੁੰਚ ਬਾਰੇ ਜਾਣਕਾਰੀ ਦੇ ਦਿੱਤੀ। ਪੰਜਾਹ ਕੁ ਮਿੰਟ ਵਿਚ ਕਾਫ਼ਲਾ ਢਿੱਲਵਾਂ ਸਕੂਲ ਦੇ ਮੁੱਖ ਦੁਆਰ ਉੱਤੇ ਸੀ। ਜਿ਼ਲ੍ਹਾ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਨੇ ਮੈਡਮ ਨੂੰ ਨਿੱਘੀ ‘ਜੀ ਆਇਆਂ ਨੂੰ’ ਆਖੀ। ਪੰਜ ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਦੀ ਨਵੀਂ ਬਣੀ ਸ਼ਾਨਦਾਰ ਇਮਾਰਤ ਜੋ ਢਿੱਲਵਾਂ ਨਿਵਾਸੀਆਂ ਅਤੇ 50ਵਿਆਂ ਵਿਚ ਸਕੂਲ ਦੇ ਵਿਦਿਆਰਥੀ ਰਹੇ ਜਗੀਰੀ ਲਾਲ ਲੂੰਬਾ (ਹਾਲ ਵਾਸੀ ਇੰਗਲੈਂਡ) ਨੇ ਬਣਾਈ ਸੀ, ਦਾ ਉਦਘਾਟਨ ਕੀਤਾ ਗਿਆ। ਲੂੰਬਾ ਪਰਿਵਾਰ ਦੀ ਟੋਨੀ ਬਲੇਅਰ ਨਾਲ ਪਰਿਵਾਰਕ ਸਾਂਝ ਸੀ।

ਉਦਘਾਟਨ ਮਗਰੋਂ ਸਕੂਲੀ ਬੱਚਿਆਂ ਨੇ ਪ੍ਰਭਾਵਸ਼ਾਲੀ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਕੁੜੀਆਂ ਦਾ ਗਿੱਧਾ, ਖਾਸ ਤੌਰ ’ਤੇ ਰੰਗ-ਬਰੰਗੇ ਘੜਿਆਂ ਵਾਲੀ ਝਲਕੀ ਦੇਖ ਮੈਡਮ ਅਸ਼-ਅਸ਼ ਕਰ ਉੱਠੇ ਤੇ ਉੱਠ ਕੇ ਸਿਰ ’ਤੇ ਘੜਾ ਟਿਕਾ ਕੇ ਨੱਚਣ ਲੱਗ ਪਏ। ਸਾਡਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ। ਇਸ ਹਸਤੀ ਦਾ ਬੱਚਿਆਂ ਨਾਲ ਇੱਦਾਂ ਘੁਲਮਿਲ ਜਾਣਾ ਸਭ ਨੂੰ ਚੰਗਾ ਲੱਗ ਰਿਹਾ ਸੀ। ਅੰਤ ਵਿਚ ਮੈਡਮ ਚੈਰੀ ਬਲੇਅਰ ਨੇ ਭਾਸ਼ਣ ਦਿੱਤਾ। ਅੰਗਰੇਜ਼ੀ ਵਿਚ ਦਿੱਤੇ ਭਾਸ਼ਣ ਦਾ ਨਾਲੋ-ਨਾਲ ਪੰਜਾਬੀ ਅਨੁਵਾਦ ਜਗੀਰੀ ਲਾਲ ਲੂੰਬਾ ਨੇ ਕੀਤਾ। ਭਾਸ਼ਣ ਵਿਚ ਉੱਚੇ ਤੇ ਸੁੱਚੇ ਮਾਨਵੀ ਰਿਸ਼ਤਿਆਂ ਦੀ ਜਾਮਨ ਸਿੱਖਿਆ ਨੂੰ ਦੱਸਿਆ ਗਿਆ ਅਤੇ ਸ਼ਾਨਾਮੱਤੇ ਪੰਜਾਬੀ ਸੱਭਿਆਚਾਰ ਦੀ ਤਾਰੀਫ਼ ਕੀਤੀ ਗਈ ਸੀ।

ਸਮਾਗਮ ਵਿਚ ਢਿੱਲਵਾਂ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਸਿਰਕੱਢ ਸ਼ਖ਼ਸੀਅਤਾਂ ਹਾਜ਼ਰ ਸਨ। ਵਿਦਾ ਲੈਣ ਤੋਂ ਪਹਿਲਾਂ ਮੈਡਮ ਚੈਰੀ ਬਲੇਅਰ ਨੇ ਬੱਚਿਆਂ, ਪਤਵੰਤੇ ਸੱਜਣਾਂ, ਪਿੰਡ ਦੀਆਂ ਬੀਬੀਆਂ ਤੇ ਸਕੂਲ ਸਟਾਫ ਨਾਲ ਤਸਵੀਰਾਂ ਖਿਚਵਾਈਆਂ ਜੋ ਭਾਰਤੀ ਨੇਤਾਵਾਂ ਦੇ ਸੁਭਾਅ ਵਿਚ ਹੁਣ ਤੱਕ ਸ਼ਾਮਲ ਨਹੀਂ। ਸਮਾਗਮ ਮੁੱਕਣ ਬਾਰੇ ਮੈਂ ਇੰਟੈਲੀਜੈਂਸ ਅਧਿਕਾਰੀ ਨੂੰ ਦੱਸ ਦਿੱਤਾ।

ਸਿਰਫ਼ ਡੇਢ ਘੰਟੇ ’ਚ ਮੈਡਮ ਵਿਦਾ ਹੋ ਗਏ ਤੇ ਪਿੱਛੇ ਹੁਸੀਨ ਯਾਦਾਂ ਦੀ ਪੰਡ ਛੱਡ ਗਏ। ਮੈਂ ਆਪਣੀ ਜਿ਼ੰਮੇਵਾਰੀ ਤੋਂ ਸੁਰਖਰੂ ਹੋ ਗਿਆ। ਚਿੱਟੀ ਅੰਬੈਸਡਰ ਕਾਰ ਡੀਸੀ ਨੇ ਸੰਭਾਲ ਲਈ। ਮੈਂ ਤੇ ਡੀਈਓ ਆਪਣੀ ਗੱਡੀ ਵਿਚ ਦਫਤਰ ਆ ਗਏ।

ਸੰਪਰਕ: 94652-25722

Advertisement