DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਨੇਰੇ ਰਾਹਾਂ ’ਤੇ ਰੋਸ਼ਨੀ ਦੀ ਲੋਅ

ਸਾਡੇ ਆਲੇ-ਦੁਆਲੇ ਜੋ ਕੁਝ ਵਾਪਰਦਾ ਹੈ, ਉਸ ਦਾ ਸਾਡੇ ਉੱਤੇ ਅਸਰ ਹੁੰਦਾ ਹੈ। ਮਾੜੇ ਵਰਤਾਰਿਆਂ ਤੋਂ ਅਸੀਂ ਦੁਖੀ ਹੁੰਦੇ ਹਾਂ ਅਤੇ ਆਸ ਮੁਤਾਬਕ ਕੁਝ ਹੋਵੇ ਤਾਂ ਅਸੀਂ ਚੰਗਾ ਚੰਗਾ ਮਹਿਸੂਸ ਕਰਦੇ ਹਾਂ। ਨਸ਼ਿਆਂ ਦੇ ਵਧਦੇ ਪ੍ਰਕੋਪ ਨੇ ਹਰ ਵਿਅਕਤੀ ਨੂੰ...

  • fb
  • twitter
  • whatsapp
  • whatsapp
Advertisement

ਸਾਡੇ ਆਲੇ-ਦੁਆਲੇ ਜੋ ਕੁਝ ਵਾਪਰਦਾ ਹੈ, ਉਸ ਦਾ ਸਾਡੇ ਉੱਤੇ ਅਸਰ ਹੁੰਦਾ ਹੈ। ਮਾੜੇ ਵਰਤਾਰਿਆਂ ਤੋਂ ਅਸੀਂ ਦੁਖੀ ਹੁੰਦੇ ਹਾਂ ਅਤੇ ਆਸ ਮੁਤਾਬਕ ਕੁਝ ਹੋਵੇ ਤਾਂ ਅਸੀਂ ਚੰਗਾ ਚੰਗਾ ਮਹਿਸੂਸ ਕਰਦੇ ਹਾਂ। ਨਸ਼ਿਆਂ ਦੇ ਵਧਦੇ ਪ੍ਰਕੋਪ ਨੇ ਹਰ ਵਿਅਕਤੀ ਨੂੰ ਤਪਾ ਰੱਖਿਆ ਹੈ। ਜਦੋਂ ਅਸੀਂ ਅਜਿਹੀ ਹਨੇਰੀ ਦੇ ਸਾਹਮਣੇ ਬੇਵੱਸ ਮਹਿਸੂਸ ਕਰਦੇ ਹਾਂ ਤਾਂ ਇਹ ਹੋਰ ਵੀ ਤਕਲੀਫ਼ਦੇਹ ਹੁੰਦਾ ਹੈ। ਅਜਿਹੇ ਵੇਲੇ ਕੋਈ ਸੁਖਦਾਈ ਖ਼ਬਰ ਸੁਣਨ ਨੂੰ ਮਿਲੇ ਤਾਂ ਹਿਰਦਾ ਗਦਗਦ ਹੋ ਜਾਂਦਾ ਹੈ।

ਵਿਦੇਸ਼ ਵਿੱਚ ਰਹਿੰਦੇ ਮੇਰੇ ਕਰੀਬੀ ਸੱਜਣ ਨੇ ਹੋਰ ਹਾਲ-ਚਾਲ ਦੱਸਦਿਆਂ ਮੈਨੂੰ ਜਾਣਕਾਰੀ ਦਿੱਤੀ ਕਿ ਸਾਡੇ ਪਿੰਡ ਦਾ ਫਲਾਣਾ ਆਦਮੀ ਹੁਣ ਪੀਣੀ ਛੱਡ ਗਿਆ ਹੈ। ਜਦੋਂ ਉਹ ਪਿੰਡ ਰਹਿੰਦਾ ਸੀ ਤਾਂ ਸਵੇਰ ਤੋਂ ਹੀ ਠੇਕੇ ਵੱਲ ਨੂੰ ਇੰਜ ਤੇਜ਼ ਤੁਰਦਾ ਜਾਂਦਾ ਜਿਵੇਂ ਕਿਸੇ ਮੁਹਿੰਮ ਉੱਤੇ ਚੱਲਿਆ ਹੋਵੇ। ਉਸ ਦੀ ਸ਼ਰਾਬ ਬਹੁਤੀ ਹੀ ਭੈੜੀ ਸੀ। ਨਸ਼ੇ ਦੀ ਹਾਲਤ ਵਿੱਚ ਮੋਟਰਸਾਈਕਲ ਚਲਾਉਂਦਿਆਂ ਉਹ ਕਈ ਵਾਰੀ ਫੱਟੜ ਹੋਇਆ। ਘਰ ਦੇ ਕੰਮਾਂ ਵਿੱਚ ਉਸ ਦਾ ਹਿੱਸਾ ਬਸ ਇੰਨਾ ਕੁ ਹੁੰਦਾ ਕਿ ਜੇ ਕਦੇ ਥੋੜ੍ਹੀ ਜਿੰਨੀ ਕਮਾਈ ਹੁੰਦੀ ਤਾਂ ਉਸ ਦੀ ਦਾਰੂ ਕਰ ਕੇ ਨਾਲ ਦੀ ਨਾਲ ਚੱਟੀ ਜਾਂਦੀ ਸੀ।

Advertisement

ਫਿਰ ਉਹ ਕਿਸੇ ਸਬੱਬ ਵਿਦੇਸ਼ ਚਲਿਆ ਗਿਆ। ਸਾਰਿਆਂ ਨੇ ਸੋਚਿਆ ਕਿ ਹੁਣ ਉਹ ਸੁਧਰ ਜਾਵੇਗਾ। ਵਿਦੇਸ਼ਾਂ ’ਚ ਕਾਨੂੰਨ ਬਹਤ ਸਖ਼ਤ ਹੁੰਦੇ ਹਨ। ਐਪਰ ਉੱਥੇ ਵੀ ਉਹ ਸ਼ਰਾਬ ਦੀ ਲਲਕ ਪੂਰੀ ਕਰਦਾ ਫੜਿਆ ਜਾਂਦਾ। ਉਸ ਉੱਤੇ ਕਈ ਪਾਬੰਦੀਆਂ ਲੱਗ ਜਾਂਦੀਆਂ। ਮੁਲਕ ਵਾਪਸ ਭੇਜੇ ਜਾਣ ਦੀ ਤਲਵਾਰ ਸਿਰ ਉੱਤੇ ਲਟਕਦੀ ਰਹਿੰਦੀ। ਉਸ ਦੀ ਪਤਨੀ ਅਤੇ ਬੱਚਿਆਂ ਦੇ ਭਵਿੱਖ ਬਾਰੇ ਸੋਚ ਕੇ ਹਰ ਕੋਈ ਫ਼ਿਕਰਮੰਦ ਹੁੰਦਾ। ਪਿੰਡ ਰਹਿਣ ਦੀ ਗੱਲ ਹੋਰ ਤੇ ਪਰਵਾਸੀ ਹੋਣ ਦੀ ਗੱਲ ਬਿਲਕੁਲ ਹੋਰ ਹੁੰਦੀ ਹੈ। ਦੱਸਣ ਵਾਲੇ ਤੋਂ ਮੈਂ ਕੁਰੇਦ ਕੁਰੇਦ ਕੇ ਪੁੱਛਿਆ ਕਿ ਉਹ ਬੰਦਾ ਹੁਣ ਸ਼ਰਾਬ ਤੋਂ ਕਿਵੇਂ ਤੌਬਾ ਕਰ ਗਿਆ ਕਿਉਂਕਿ ਪਿੰਡ ਸਭ ਦੇ ਸਮਝਾਉਣ-ਬੁਝਾਉਣ ’ਤੇ ਵੀ ਉਹ ਹਟਿਆ ਨਹੀਂ ਸੀ। ਅੱਕੇ ਹੋਏ ਪਰਿਵਾਰ ਨੇ ਉਸ ਦੇ ਪੈਰੀਂ ਸੰਗਲ ਵੀ ਪਾਏ ਪਰ ਉਹ ਨਾ ਸੁਧਰਿਆ। ... ਤੇ ਹੁਣ ਉਹ ਸੋਫ਼ੀ ਰਹਿਣ ਲੱਗ ਪਿਆ ਸੱਚਮੁਚ ਵੱਡਾ ਅਚੰਭਾ!

Advertisement

ਗੱਲ ਫਿਰ ਇਉਂ ਹੋਈ ਕਿ ਉਸ ਦਾ ਸਕੂਲ ਪੜ੍ਹਦਾ ਮੁੰਡਾ ਹੁਣ ਗੱਭਰੂ ਹੋ ਗਿਆ ਸੀ। ਚੰਗੇ ਕੱਦ-ਕਾਠ ਦਾ ਮਾਲਕ, ਉਂਜ ਵੀ ਆਪਣੀ ਸਿਹਤ ਦਾ ਧਿਆਨ ਰੱਖਣ ਵਾਲਾ। ਫਿਰ ਕਿਸੇ ਭਲੇ ਬੰਦੇ ਦੇ ਸੁਝਾਅ ਉੱਤੇ ਉਹ ਉੱਥੋਂ ਦੀ ਪੁਲੀਸ ਵਿੱਚ ਭਰਤੀ ਹੋ ਗਿਆ। ਉਸ ਦੇ ਮਿਹਨਤੀ ਸੁਭਾਅ ਅਤੇ ਸਾਫ਼-ਸੁਥਰੇ ਕਿਰਦਾਰ ਕਾਰਨ ਉਸ ਦੇ ਅਧਿਕਾਰੀ ਬੜੇ ਸੰਤੁਸ਼ਟ ਸਨ । ਦਰਸ਼ਨੀ ਤਾਂ ਉਹ ਹੈ ਹੀ ਸੀ, ਉੱਥੋਂ ਦੀ ਕੋਈ ਮੁਲਾਜ਼ਮ ਕੁੜੀ ਉਸ ਤੋਂ ਬੜੀ ਪ੍ਰਭਾਵਿਤ ਹੋਈ। ਉਸ ਨੇ ਆਪਣੇ ਮਾਪਿਆਂ ਕੋਲ ਉਸ ਦੀਆਂ ਸਿਫ਼ਤਾਂ ਜ਼ਰੂਰ ਕੀਤੀਆਂ ਹੋਣਗੀਆਂ। ਉਹ ਪਰਿਵਾਰ ਕਈ ਪੀੜ੍ਹੀਆਂ ਪਹਿਲਾਂ ਉੱਥੇ ਆ ਵੱਸਿਆ ਸੀ। ਆਪਣੀ ਮਿਹਨਤ ਅਤੇ ਹਿੰਮਤ ਸਦਕਾ ਉਹ ਛੇਤੀ ਹੀ ਰੰਗਾਂ ਵਿੱਚ ਸਨ। ਕੇਵਲ ਕੰਮ-ਕਾਰ ਪੱਖੋਂ ਹੀ ਨਹੀਂ, ਆਪਣੇ ਕਿਰਦਾਰ ਅਤੇ ਹਮੇਸ਼ਾ ਦੂਜਿਆਂ ਦੇ ਸਹਾਈ ਹੋਣ ਦੀ ਸਿਫ਼ਤ ਕਾਰਨ ਉਹ ਪਰਿਵਾਰ ਨੇੜੇ ਦੇ ਸਮਾਜ ਵਿੱਚ ਸਤਿਕਾਰ ਦਾ ਪਾਤਰ ਸੀ। ਇਸੇ ਲਈ ਪਰਿਵਾਰ ਦੇ ਮੈਂਬਰ ਆਪਣੀ ਬਹੁਤ ਹੋਣਹਾਰ, ਸਿਰੜੀ, ਮਿਹਨਤੀ ਅਤੇ ਅਨੇਕਾਂ ਗੁਣਾਂ ਵਾਲੀ ਧੀ ਦੀ ਪਸੰਦ ਵਾਲੇ ਇਸ ਨੌਜਵਾਨ ਦੇ ਪ੍ਰਸ਼ੰਸਕ ਬਣ ਗਏ।

ਉਹ ਸੋਚਦੇ ਸਨ ਕਿ ਜੇਕਰ ਇਹ ਨੌਜਵਾਨ ਸਦਾਚਾਰੀ, ਮਿਹਨਤੀ ਅਤੇ ਹੋਣਹਾਰ ਹੈ, ਉਨ੍ਹਾਂ ਆਪਣੀ ਧੀ ਲਈ ਹੋਰ ਕੀ ਵੇਖਣਾ ਹੈ। ਵੱਡੀ ਗੱਲ ਉਹ ਨੌਜਵਾਨ ਨਸ਼ਿਆਂ ਨੂੰ ਨਫ਼ਰਤ ਕਰਦਾ ਸੀ। ਕੁੜੀ ਦਾ ਪਰਿਵਾਰ ਵੀ ਉੱਥੋਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦਾ ਸੀ। ਸੋ ਉਨ੍ਹਾਂ ਨੇ ਧੀ ਦੀ ਪਸੰਦ ਨੂੰ ਆਪਣੀ ਪਸੰਦ ਮੰਨ ਲਿਆ। ਇਸ ਸਭ ਕਾਰਨ ਉਸ ਗੱਭਰੂ ਦਾ ਪਿਆਕੜ ਪਿਓ ਸੋਚਣ ਲੱਗਿਆ ਕਿ ਉਸ ਦੇ ਪੁੱਤ ਲਈ ਇਹੋ ਜਿਹੇ ਅਸੂਲਾਂ ਵਾਲੇ ਪਰਿਵਾਰ ਦੀ ਧੀ ਦਾ ਰਿਸ਼ਤਾ ਆ ਰਿਹਾ ਹੈ, ਜੇ ਭਲਾ ਉਨ੍ਹਾਂ ਨੂੰ ਉਸ ਦੇ ਸ਼ਰਾਬੀ ਹੋਣ ਬਾਰੇ ਪਤਾ ਲੱਗਿਆ ਫਿਰ ਉਹ ਕਿਤੇ ਰਿਸ਼ਤੇ ਤੋਂ ਇਨਕਾਰ ਨਾ ਕਰ ਦੇਣ। ਉਸ ਦੀ ਆਪਣੀ ਹੀ ਦਲੀਲ ਉਸ ਦੇ ਮਨ ਲੱਗ ਗਈ ਤੇ ਉਹ ਆਪਣਾ ਅਕਸ ਸੁਧਾਰਨ ਦੇ ਯਤਨ ਕਰਦਾ ਸੋਫ਼ੀ ਰਹਿਣ ਲੱਗ ਪਿਆ।

ਮੇਰੇ ਕਰੀਬੀ ਸੱਜਣ ਨੇ ਇੱਕ ਹੋਰ ਪਿਆਰੀ ਗੱਲ ਦੱਸੀ ਕਿ ਉਕਤ ਗੱਭਰੂ ਅਤੇ ਮੁਟਿਆਰ ਨੇ ਇਹ ਨਿਰਣਾ ਵੀ ਲਿਆ ਕਿ ਉਹ ਆਰਥਿਕ ਤੌਰ ’ਤੇ ਆਪਣੇ ਪੈਰਾਂ ਉੱਪਰ ਹੋਣ ਉਪਰੰਤ ਹੀ ਵਿਆਹ ਦੇ ਬੰਧਨ ਵਿੱਚ ਬੱਝਣਗੇ। ਉਂਝ ਚੰਗੇ ਦੋਸਤਾਂ ਵਾਂਗ ਇੱਕ ਦੂਜੇ ਦੇ ਸਹਿਯੋਗੀ ਬਣੇ ਰਹਿਣਗੇ। ਕਿਰਤ ਦੀ ਪ੍ਰਤਿਸ਼ਠਾ, ਸਚਾਈ ਅਤੇ ਚੰਗੇ ਕਿਰਦਾਰ ਦੇ ਸਾਰੇ ਵਡਿਆਉਣਯੋਗ ਗੁਣਾਂ ਦੇ ਧਾਰਨੀ ਦੋਵੇਂ ਹਨ। ਸੋ, ਕੁੜੀ ਦੇ ਪਰਿਵਾਰ ਦੇ ਸਾਰੇ ਜੀਅ ਲੋੜਵੰਦਾਂ ਦੇ ਕੰਮ ਆਉਣ ਵਾਲੇ ਹਨ। ਉਹ ਸਮਾਜ ਨੂੰ ਸਹੀ ਸੇਧ ਦੇਣ ਪ੍ਰਤੀ ਵੀ ਪ੍ਰਣਾਏ ਹੋਏ ਹਨ। ਚੰਗੇ ਪੜ੍ਹੇ-ਲਿਖੇ ਹੋਣ ਕਾਰਨ ਉਹ ਵਿੱਦਿਆ ਦਾ ਮੁੱਲ ਸਮਝਦੇ ਹਨ।

ਕਿਸੇ ਸੰਕਟਗ੍ਰਸਤ ਸਮਾਜ ਨੂੰ ਸੇਧ ਕੌਣ ਦੇ ਸਕਦਾ ਹੈ? ਨਿਸ਼ਚੇ ਹੀ ਅਜਿਹੇ ਗੁਣਵੰਤੇ ਲੋਕ ਹੀ ਚੰਗੀ ਮਿਸਾਲ ਬਣ ਕੇ। ਨਿਰੇ ਢਿੰਡੋਰੇ ਪਿੱਟਣ ਦੇ ਮੁਕਾਬਲੇ ਇਹ ਰਾਹ ਕਾਫ਼ੀ ਬਿਹਤਰ ਲਗਦਾ ਹੈ। ਨਾਲੇ ਜੇ ਨੌਜਵਾਨ ਪੀੜ੍ਹੀ ਸਜਗ ਹੋ ਕੇ ਆਪ ਅੱਗੇ ਆਵੇ, ਸੋਹਣੇ ਕਿਰਦਾਰ ਦੀ ਮਿਸਾਲ ਬਣੇ ਤਾਂ ਸਮਾਜ ਦਾ ਭਵਿੱਖ ਕਿਉਂ ਉੱਜਲਾ ਨਹੀਂ ਬਣ ਸਕਦਾ?

ਸੰਪਰਕ: 98141-57137

Advertisement
×