ਵਾਅਦਾ ਜੋ ਕਦੇ ਪੂਰਾ ਨਹੀਂ ਹੋਵੇਗਾ...
ਸ਼ਵਿੰਦਰ ਕੌਰ
ਪ੍ਰੀਤਮਾ ਦੁਮੇਲ ਨਾਲ ਮੇਰਾ ਵਾਹ ਪੰਜ ਛੇ ਸਾਲ ਪਹਿਲਾਂ ਪਿਆ ਸੀ। ਉਸ ਦੀ ਕਹਾਣੀ ‘ਬਦਲਾ’ ਪੰਜਾਬੀ ਟ੍ਰਿਬਿਊਨ ਵਿੱਚ ਛਪੀ ਸੀ। ਮੈਂ ਪੜ੍ਹ ਕੇ ਫੋਨ ਕੀਤਾ ਜਿਸ ਦੇ ਜਵਾਬ ਵਿੱਚ ਉਹ ਮੇਰੇ ਨਾਲ ਕਾਫੀ ਦੇਰ ਗੱਲਾਂ ਕਰਦੀ ਰਹੀ, ਹੱਸਦੀ ਹੋਈ ਕਹਿਣ ਲੱਗੀ, “ਮੈਨੂੰ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰ ਕੇ। ਆਮ ਤੌਰ ’ਤੇ ਜਦੋਂ ਵੀ ਮੇਰੀ ਕੋਈ ਰਚਨਾ ਲੱਗਦੀ ਹੈ ਤਾਂ ਬਹੁਤੇ ਫੋਨ ਪੁਰਸ਼ ਪਾਠਕਾਂ ਦੇ ਹੀ ਆਉਂਦੇ।”
ਮੈਂ ਹੱਸ ਕੇ ਕਿਹਾ, “ਸਾਨੂੰ ਔਰਤਾਂ ਦੀ ਤਾਂ ਘਰ ਦੇ ਕੰਮ ਹੀ ਸੁਰਤ ਮਾਰੀ ਰੱਖਦੇ। ਮਸਾਂ ਕਿਤੇ ਅਖ਼ਬਾਰ ਪੜ੍ਹਨ ਲਈ ਮਾੜਾ ਮੋਟਾ ਸਮਾਂ ਮਿਲਦੈ। ਜਦੋਂ ਤਾਈਂ ਫੋਨ ਕਰਨ ਦਾ ਮਨ ਬਣਦੈ, ਉਦੋਂ ਤਾਈਂ ਕੋਈ ਹੋਰ ਕੰਮ ਚੇਤੇ ਆ ਜਾਂਦੈ। ਔਰਤ ਪਾਠਕਾਂ ਦੇ ਘੱਟ ਫੋਨ ਆਉਣ ਦੀ ਇਹੀ ਵਜ੍ਹਾ ਹੈ।”
ਉਸ ਦਿਨ ਤੋਂ ਬਾਅਦ ਸਾਡੀ ਅਕਸਰ ਗੱਲਬਾਤ ਹੁੰਦੀ ਰਹਿੰਦੀ। ਹੌਲੀ-ਹੌਲੀ ਅਸੀਂ ਇੱਕ ਦੂਜੇ ਦੇ ਪਰਿਵਾਰਾਂ ਤੋਂ ਜਾਣੂ ਹੋ ਗਈਆਂ। ਖੁਸ਼ੀ, ਗ਼ਮੀ ਵੀ ਇੱਕ ਦੂਜੇ ਨਾਲ ਸਾਂਝੀ ਕਰਦੀਆਂ ਰਹਿੰਦੀਆਂ। ਉਸ ਦੀ ਬੋਲਚਾਲ ਬੜੀ ਸਲੀਕੇ ਵਾਲੀ ਅਤੇ ਪਿਆਰ ਭਰੀ ਹੁੰਦੀ। ਉਸ ਨਾਲ ਗੱਲ ਕਰਦਿਆਂ ਕਦੇ ਅਕੇਵਾਂ ਮਹਿਸੂਸ ਨਾ ਹੁੰਦਾ। ਜਦੋਂ ਉਸ ਦਾ ਪੁੱਤਰ ਸਨੇਂਦਰ ਸਿੰਘ ਦੀ ਤਰੱਕੀ ਬ੍ਰਿਗੇਡੀਅਰ ਵਜੋਂ ਹੋਈ ਤਾਂ ਉਹਨੇ ਬੜੇ ਚਾਅ ਨਾਲ ਸਭ ਤੋਂ ਪਹਿਲਾਂ ਮੇਰੇ ਅਤੇ ਜਗਦੀਸ਼ ਮਾਨ ਨਾਲ ਇਹ ਖੁਸ਼ੀ ਸਾਂਝੀ ਕੀਤੀ।
ਉਸ ਨੇ ਕਹਾਣੀਆਂ ਦੀਆਂ ਦਸ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾਈਆਂ। ਪੰਜਾਬੀ ਦੇ ਮਸ਼ਹੂਰ ਅਖ਼ਬਾਰਾਂ ਵਿੱਚ ਉਸ ਦੇ ਮਿਡਲ ਅਤੇ ਕਹਾਣੀਆਂ ਛਪਦੀਆਂ ਰਹਿੰਦੀਆਂ। ਉਸ ਦੀਆਂ ਕਹਾਣੀਆਂ ਆਮ ਲੋਕਾਂ ਦੇ ਜੀਵਨ ਦੀਆਂ ਤਲਖ਼ ਹਕੀਕਤਾਂ ਅਤੇ ਦੁੱਖਾਂ ਦਰਦਾਂ ਦੀ ਬਾਤ ਪਾਉਂਦੀਆਂ ਹਨ। ਲਗਾਤਾਰ ਲਿਖਦੇ ਰਹਿਣ ਕਰ ਕੇ ਉਹਦਾ ਆਪਣਾ ਸੁਹਿਰਦ ਪਾਠਕ ਵਰਗ ਹੈ। ਉਸ ਨੂੰ ਕਵਿਤਾਵਾਂ ਲਿਖਣ ਦਾ ਵੀ ਬੜਾ ਸ਼ੌਕ ਸੀ। ਉਸ ਦੀ ਕਵਿਤਾ ‘ਪੰਜਾਬੀ ਟ੍ਰਿਬਿਊਨ’ ’ਚ ਛਪੀ ਤਾਂ ਮੈਂ ਉਸ ਦੀ ਬਹੁ ਪੱਖੀ ਸ਼ਖ਼ਸੀਅਤ ਤੋਂ ਬੜੀ ਪ੍ਰਭਾਵਿਤ ਹੋਈ।
ਉਸ ਦਾ ਪੁੱਤਰ ਜਦੋਂ ਅਜੇ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ ਤਾਂ ਹੋਣੀ ਉਸ ਦੀਆਂ ਖੁਸ਼ੀਆਂ ਨੂੰ ਗ਼ਮਾਂ ਦੇ ਪਹਾੜ ਵਿੱਚ ਤਬਦੀਲ ਕਰ ਉਸ ਦੇ ਹਮਸਫ਼ਰ ਨੂੰ ਆਪਣੇ ਜ਼ਾਲਮ ਪੰਜੇ ਵਿੱਚ ਦਬੋਚ ਕੇ ਸਦਾ ਲਈ ਲੈ ਗਈ। ਜ਼ਿੰਦਗੀ ਦੇ ਖ਼ੂਬਸੂਰਤ ਰੰਗਾਂ ਦੇ ਪਹਿਨਣ ਦੀ ਰੁੱਤੇ ਵਿਧਵਾ ਦਾ ਲਿਬਾਸ ਧਾਰਨ ਕਰ ਲਿਆ। ਜ਼ਿੰਦਗੀ ਦੇ ਸਿਖਰ ਦੁਪਹਿਰ ਸਮੇਂ ਜੀਵਨ ਸਾਥੀ ਦੇ ਚਲੇ ਜਾਣ ’ਤੇ ਇਕੱਲੀ ਔਰਤ ਨੂੰ ਬੱਚਾ ਪਾਲਣਾ, ਨੌਕਰੀ ਦੇ ਫ਼ਰਜ਼ ਨਿਭਾਉਣੇ ਅਤੇ ਸੋਹਣੀ ਸਨੁੱਖੀ ਔਰਤ ਦਾ ਸਮਾਜ ਵਿੱਚ ਵਿਚਰਨਾ, ਬਸ ਇਸ ਨੂੰ ਤਾਂ ਇਨ੍ਹਾਂ ਰਾਹਾਂ ’ਤੇ ਚੱਲਣ ਵਾਲਾ ਹੀ ਮਹਿਸੂਸ ਕਰ ਸਕਦਾ ਹੈ। ਉਹਦੇ ਦੱਸਣ ਮੁਤਾਬਿਕ ਉਹਦੇ ਬਾਪੂ ਜੀ ਨੇ ਬਥੇਰਾ ਜ਼ੋਰ ਲਾਇਆ ਕਿ ‘ਧੀਏ! ਉਮਰ ਦੀ ਸਿਖਰ ਦੁਪਹਿਰ ਹੈ, ਜੇ ਤੂੰ ਰਜ਼ਾਮੰਦ ਹੈਂ ਤਾਂ ਮੈਂ ਤੇਰੇ ਲਈ ਦੁਬਾਰਾ ਸੋਚਾਂ?’ ਪਰ ਉਹ ਨਹੀਂ ਮੰਨੀ। ਉਸ ਨੇ ਕਿਹਾ, “ਬਾਪੂ ਜੀ! ਮੈਨੂੰ ਤਾਂ ਤੁਹਾਡੇ ਕਹਿਣ ਮੁਤਾਬਿਕ ਸਹਾਰਾ ਮਿਲ ਜਾਊ ਪਰ ਮੇਰਾ ਪੁੱਤ ਰੁਲ ਜਾਊ। ਨਹੀਂ!... ਮੈਂ ਆਪਣੇ ਸਾਥੀ ਦੀਆਂ ਯਾਦਾਂ ਸਹਾਰੇ ਹੀ ਜ਼ਿੰਦਗੀ ਕੱਟ ਲਵਾਂਗੀ।” ਜ਼ਿੰਦਗੀ ਵਿੱਚ ਹੋਰ ਵੀ ਬਥੇਰੀਆਂ ਤਲਖ਼ ਹਕੀਕਤਾਂ ਦਾ ਸਾਹਮਣਾ ਦਾ ਕਰਨਾ ਪਿਆ ਪਰ ਉਹ ਕਦੀ ਥਿੜਕੀ ਨਹੀਂ, ਸਾਬਤ ਕਦਮੀਂ ਆਪਣੇ ਰਾਹ ’ਤੇ ਚੱਲਦੀ ਰਹੀ। ਉਹ ਇਕੱਲਤਾ ਦੇ ਸਮੇਂ ਨੂੰ ਸਾਹਿਤ ਸਿਰਜਣਾ ਦੇ ਲੇਖੇ ਲਾ ਕੇ ਆਪਣਾ ਗ਼ਮ ਭੁੱਲਣ ਦੀ ਕੋਸ਼ਿਸ਼ ਕਰਦੀ ਰਹੀ।
ਕਹਾਣੀਆਂ ਦੀ ਰਚੇਤਾ ਪ੍ਰੀਤਮਾ ਦਾ ਜਨਮ ਪਿੰਡ ਬੰਦੇ ਮਾਹਲਾ ਕਲਾਂ (ਜਿ਼ਲ੍ਹਾ ਰੂਪਨਗਰ) ਵਿੱਚ ਤੇਜਾ ਸਿੰਘ ਜਿ਼ਲ੍ਹੇਦਾਰ ਅਤੇ ਰਣਜੀਤ ਕੌਰ ਦੇ ਘਰ 26 ਫਰਵਰੀ 1951 ਨੂੰ ਹੋਇਆ। ਉਹ ਪੜ੍ਹਨ ਵਿੱਚ ਬਚਪਨ ਤੋਂ ਹੀ ਹੁਸ਼ਿਆਰ ਸੀ ਅਤੇ ਉਹਨੇ ਐੱਮਏ (ਇਕਨਾਮਿਕਸ), ਐੱਮਏ (ਪੰਜਾਬੀ) ਅਤੇ ਐੱਮਐੱਡ ਕਰ ਲਈ। ਹਰਿਆਣਾ ਵਿੱਚ ਹਾਈ ਸਕੂਲ ਵਿੱਚ ਅਧਿਆਪਕਾ ਵਜੋਂ ਨੌਕਰੀ ਸ਼ੁਰੂ ਕੀਤੀ ਅਤੇ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਵਜੋਂ ਰਿਟਾਇਰ ਹੋਈ। ਉਹਨੇ ਦੂਰਦਰਸ਼ਨ ਜਲੰਧਰ ਤੋਂ ਵੀ ਪ੍ਰੋਗਰਾਮ ਦਿੱਤੇ।
ਹੱਥੀਂ ਬਣਾਏ ਘਰ ਦੇ ਮੋਹ ਕਾਰਨ ਉਹ ਅਕਸਰ ਮੁਹਾਲੀ ਇਕੱਲੇ ਰਹਿੰਦੀ ਸੀ। ਵਿੱਚ-ਵਿੱਚ ਆਪਣੇ ਪੁੱਤਰ ਕੋਲ ਵੀ ਚਲੀ ਜਾਂਦੀ। ਜ਼ਿਆਦਾ ਬਿਮਾਰ ਹੋਣ ਕਾਰਨ ਉਹ ਕੁਝ ਮਹੀਨੇ ਪਹਿਲਾਂ ਹੀ ਭੁਜ (ਗੁਜਰਾਤ) ਆਪਣੇ ਪੁੱਤਰ ਕੋਲ ਚਲੀ ਗਈ ਸੀ। ਇੱਕ ਦਿਨ ਉੱਥੋਂ ਹੀ ਉਹਦਾ ਫੋਨ ਆਇਆ, ਉਹ ਬੜੇ ਚਾਅ ਨਾਲ ਕਹਿ ਰਹੀ ਸੀ ਕਿ ਪੁੱਤਰ ਦੀ ਬਦਲੀ ਤੁਹਾਡੇ ਸ਼ਹਿਰ (ਬਠਿੰਡਾ) ਦੀ ਹੋ ਗਈ ਹੈ। ਮਹੀਨੇ ਬਾਅਦ ਫਿਰ ਫੋਨ ਆਇਆ- “ਅਸੀਂ ਬਠਿੰਡੇ ਪਹੁੰਚ ਗਏ ਆਂ। ਅਜੇ ਸਾਨੂੰ ਘਰ ਨਹੀਂ ਮਿਲਿਆ, ਰੈਸਟ ਹਾਊਸ ਵਿੱਚ ਠਹਿਰੇ ਹੋਏ ਹਾਂ।... ਤੁਹਾਡਾ ਘਰ ਛਾਉਣੀ ਤੋਂ ਕਿੰਨੀ ਕੁ ਵਾਟ ’ਤੇ ਹੈ?”
ਮੈਂ ਕਿਹਾ, “ਮਸਾਂ ਡੇਢ ਕੁ ਕਿਲੋਮੀਟਰ।” ਮੇਰੇ ਦੱਸਣ ’ਤੇ ਉਹ ਕਹਿੰਦੀ, “ਮੈਂ ਬਿਮਾਰ ਹਾਂ। ਜਿਸ ਦਿਨ ਠੀਕ ਹੋ ਗਈ, ਉਸੇ ਦਿਨ ਤੁਹਾਡੇ ਘਰ ਆਵਾਂਗੀ... ਪੱਕਾ ਵਾਅਦਾ ਰਿਹਾ ਤੇਰੇ ਨਾਲ। ਬੱਸ ਉਡੀਕ ਰੱਖੀਂ। ਆਵਦਾ ਐਡਰੈੱਸ ਵ੍ਹੱਟਸਐਪ ’ਤੇ ਭੇਜ ਦੇਵੀਂ।... ਤੈਨੂੰ ਉਸ ਦਿਨ ਹੀ ਪਤਾ ਲੱਗੇਗਾ ਜਦੋਂ ਮੈਂ ਆ ਕੇ ਡੋਰ ਬੈੱਲ ਕਰ ਦਿੱਤੀ।”... ਇਹ ਉਸ ਦਾ ਆਖਿ਼ਰੀ ਫੋਨ ਸੀ। ਉਹ ਜਿ਼ਆਦਾ ਬਿਮਾਰ ਹੋ ਗਈ। ਪੁੱਤਰ ਨੇ ਮਿਲਟਰੀ ਹਸਪਤਾਲ ਬਠਿੰਡਾ ਦਾਖਲ ਕਰਵਾ ਦਿੱਤਾ ਪਰ ਸਿਹਤ ਦਿਨੋ-ਦਿਨ ਵਿਗੜਦੀ ਗਈ। ਪਹਿਲਾਂ ਬੋਲਣੋਂ ਹਟ ਗਈ, ਫਿਰ ਕੋਮਾ ’ਚ ਚਲੀ ਗਈ। ਮੇਰੇ ਘਰ ਪੈਰ ਪਾਉਣ ਦਾ ਵਾਅਦਾ ਉਹ ਪੂਰਾ ਨਾ ਕਰ ਸਕੀ। ਪਹਿਲੀ ਅਗਸਤ ਨੂੰ ਕਦੇ ਵਾਪਸ ਨਾ ਆਉਣ ਵਾਲੇ ਰਾਹਾਂ ਦਾ ਪਾਂਧੀ ਬਣ ਸਦਾ ਲਈ ਤੁਰ ਗਈ। ਦਸ ਅਗਸਤ ਨੂੰ ਉਸ ਨਮਿਤ ਅੰਤਮ ਅਰਦਾਸ ਵੀ ਹੋ ਜਾਵੇਗੀ। ਇਸ ਦੇ ਨਾਲ ਹੀ ਉਸ ਦੇ ਆਉਣ ਦੀ ਉਡੀਕ ਵੀ ਮੁੱਕ ਜਾਵੇਗੀ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਇਹੋ ਜਿਹੇ ਅਨਮੋਲ ਹੀਰਿਆਂ ਦੀ ਘਾਟ ਸਦਾ ਰੜਕਦੀ ਰਹੇਗੀ।
ਸੰਪਰਕ: 76260-63596