ਔਕੜਾਂ ਭਰਿਆ ਹਵਾਈ ਸਫ਼ਰ
ਤਿੰਨ ਦਸੰਬਰ ਦੀ ਗੱਲ ਹੈ। ਮੇਰੇ ਪਤੀ ਆਪਣੇ ਸਰਕਾਰੀ ਕੰਮਕਾਜ ਦੇ ਸਬੰਧ ’ਚ ਮਨੀਪੁਰ ਵਿੱਚ ਸਨ। ਉਸ ਦਿਨ ਸਵੇਰੇ ਤੜਕੇ ਜਦੋਂ ਸਾਡੀ ਫੋਨ ’ਤੇ ਗੱਲ ਹੋਈ ਸੀ ਤਾਂ ਉਨ੍ਹਾਂ ਦੱਸਿਆ ਸੀ, ‘‘ਮੈਂ ਤਿਆਰ ਹਾਂ ਤੇ ਥੋੜ੍ਹੀ ਹੀ ਦੇਰ ’ਚ ਏਅਰਪੋਰਟ ਲਈ ਨਿਕਲ ਰਿਹਾ ਹਾਂ। ਸ਼ਾਮ ਪੰਜ ਵਜੇ ਤੱਕ ਫਲਾਈਟ ਚੰਡੀਗੜ੍ਹ ਲੈਂਡ ਕਰ ਜਾਵੇਗੀ ਤੇ ਸਾਢੇ ਪੰਜ ਵਜੇ ਤੱਕ ਮੈਂ ਘਰ ਪਹੁੰਚ ਜਾਵਾਂਗਾ।” ਇਹ ਖ਼ਬਰ ਜਦ ਮੈਂ ਬੱਚਿਆਂ ਨੂੰ ਸੁਣਾਈ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮਨੀਪੁਰ ਹਵਾਈ ਅੱਡੇ ’ਤੇ ਪਹੁੰਚ ਪਤੀ ਨੇ ਇੱਕ ਵਾਰ ਫੇਰ ਫੋਨ ਕੀਤਾ ਅਤੇ ਦੱਸਿਆ ਕਿ ਬੋਰਡਿੰਗ ਸ਼ੁਰੂ ਹੋਣ ਹੀ ਵਾਲੀ ਹੈ ਤੇ ਕੋਲਕਾਤਾ ਪਹੁੰਚ ਕੇ ਜਹਾਜ਼ ਦਾ ਤਿੰਨ ਘੰਟਿਆਂ ਦਾ ਠਹਿਰਾਅ (ਹਾਲਟ) ਹੈ। ਸਾਡੇ ਗੱਲਾਂ ਕਰਦਿਆਂ ਨੂੰ ਬੋਰਡਿੰਗ ਸ਼ੁਰੂ ਹੋ ਗਈ ਤੇ ਉਨ੍ਹਾਂ ਕਾਲ ਕੱਟ ਦਿੱਤੀ। ਲਗਪਗ ਡੇਢ ਘੰਟੇ ਬਾਅਦ ਮੈਂ ਜਦੋਂ ਕਾਲ ਲਾਈ ਤਾਂ ਉਨ੍ਹਾਂ ਦਾ ਫੋਨ ਨਾ ਲੱਗਿਆ। ਮੈਂ ਅੰਦਾਜ਼ਾ ਲਾਇਆ ਕਿ ਸਫ਼ਰ ’ਚ ਹੋਣ ਕਰਕੇ ਕਾਲ ਨਹੀਂ ਲੱਗੀ ਹੋਵੇਗੀ। ਅੱਧੇ ਘੰਟੇ ਬਾਅਦ ਪਤੀ ਦਾ ਫੋਨ ਆਇਆ ਤਾਂ ਮੈਂ ਚਾਈਂ ਚਾਈਂ ਚੁੱਕਿਆ। ਉਨ੍ਹਾਂ ਦੱਸਿਆ ਕਿ 9.30 ਵਜੇ ਮਨੀਪੁਰ ਤੋਂ ਜਹਾਜ਼ ਉੱਡਿਆ ਸੀ ਤੇ 10:50 ’ਤੇ ਉਹ ਕੋਲਕਾਤਾ ਪਹੁੰਚ ਗਏ ਸਨ ਪਰ ਇੰਡੀਗੋ ਦੀ ਜਿਸ ਫਲਾਈਟ ’ਚ ਉਹ ਆ ਰਹੇ ਸਨ, ਕੰਪਨੀ ਨੇ ਉਹ ਫਲਾਈਟ ਹੀ ਰੱਦ ਕਰ ਦਿੱਤੀ ਜਿਸ ਕਰਕੇ ਉਹ ਲੰਮੇ ਸਮੇਂ ਤੋਂ ਕੋਲਕਾਤਾ ਹਵਾਈ ਅੱਡੇ ’ਤੇ ਬੈਠੇ ਹਨ। ਜਿਉਂ ਜਿਉਂ ਸਮਾਂ ਲੰਘ ਰਿਹਾ ਸੀ, ਸਾਡੀ ਪ੍ਰੇਸ਼ਾਨੀ ਵੀ ਵਧ ਰਹੀ ਸੀ। ਹਾਲਾਂਕਿ ਅਸੀਂ ਲਗਾਤਾਰ ਸੰਪਰਕ ਵਿੱਚ ਸਾਂ। ਥੋੜ੍ਹੀ ਦੇਰ ਬਾਅਦ ਜਦੋਂ ਉਨ੍ਹਾਂ ਦੀ ਕਾਲ ਆਈ ਤਾਂ ਥਕਾਵਟ ਭਰੀ ਆਵਾਜ਼ ਵਿੱਚ ਉਨ੍ਹਾਂ ਦੱਸਿਆ, ‘‘ਮੇਰੀ ਮੈਨੇਜਰ ਨਾਲ ਕਈ ਵਾਰ ਗੱਲ ਹੋਈ ਹੈ, ਮੈਂ ਸਰਕਾਰੀ ਕੰਮ ਦਾ ਹਵਾਲਾ ਵੀ ਦਿੱਤਾ ਹੈ ਤੇ ਦੱਸਿਆ ਹੈ ਕਿ ਮੇਰਾ ਸਮੇਂ ਸਿਰ ਪਹੁੰਚਣਾ ਕਿੰਨਾ ਜ਼ਰੂਰੀ ਹੈ ਪਰ ਉਹ ਲਗਾਤਾਰ ਮੈਨੂੰ ‘ਕੁਝ ਕਰਦੇ ਹਾਂ ਸਰ’ ਕਹਿ ਕੇ ਲਟਕਾਅ ਰਿਹਾ ਹੈ। ਅਸਲ ਵਿੱਚ ਉਹ ਸਿਰਫ਼ ਆਪਣੀ ਡਿਊਟੀ ਬਦਲਣ ਦੀ ਉਡੀਕ ਕਰ ਰਿਹਾ ਹੈ। ਹਵਾਈ ਅੱਡੇ ’ਤੇ ਹੋਰ ਵੀ ਵੱਡੀ ਗਿਣਤੀ ਮੁਸਾਫ਼ਰ ਪ੍ਰੇਸ਼ਾਨ ਬੈਠੇ ਹਨ।’’ ਪਤੀ ਨੇ ਦੱਸਿਆ ਕਿ ਇੰਡੀਗੋ ਵਾਲਿਆਂ ਨੇ ਯਾਤਰੀਆਂ ਲਈ ਕੋਈ ਬੰਦੋਬਸਤ ਨਹੀਂ ਕੀਤਾ। ਬਿਰਧ ਹੋਵੇ ਜਾਂ ਬੱਚੇ, ਸਭ ਉੱਥੇ ਜ਼ਮੀਨ ’ਤੇ ਬੈਠ, ਪੈ ਕੇ ਸਮਾਂ ਲੰਘਾਉਣ ਲਈ ਮਜਬੂਰ ਸਨ।
ਲੰਮਾ ਸਮਾਂ ਜਦੋਂ ਕਿਸੇ ਨੇ ਕੋਈ ਗੱਲ ਨਾ ਸੁਣੀ ਤਾਂ ਮੇਰੇ ਪਤੀ ਨੇ ਤਲਖ਼ੀ ਨਾਲ ਗੱਲ ਕੀਤੀ, ਜਿਸ ਮਗਰੋਂ ਕੰਪਨੀ ਵਾਲਿਆਂ ਨੇ ਉਨ੍ਹਾਂ ਨੂੰ ਕੰਪਨੀ ਦੀ ਕਾਰ ਰਾਹੀਂ ਹੋਟਲ ਛੁਡਵਾ ਦਿੱਤਾ। ਅਗਲੀ ਫਲਾਈਟ ਸਵੇਰੇ ਸਾਢੇ ਪੰਜ ਵਜੇ ਦੀ ਦੱਸੀ ਗਈ ਸੀ ਪਰ ਰਾਤ ਤਕਰੀਬਨ ਨੌਂ ਵਜੇ ਹੋਟਲ ਦੀ ਰਿਸੈਪਸ਼ਨ ’ਤੇ ਕੰਪਨੀ ਦਾ ਸੁਨੇਹਾ ਆਇਆ ਕਿ ਉਹ ਫਲਾਈਟ ਵੀ ਰੱਦ ਹੋ ਗਈ ਹੈ। ਇਸ ਤੋਂ ਬਾਅਦ ਸਾਰਾ ਦਿਨ ਇੰਡੀਗੋ ਵੱਲੋਂ ਕਿਸੇ ਨੇ ਯਾਤਰੀਆਂ ਦੀ ਸਾਰ ਨਾ ਲਈ। ਪ੍ਰੇਸ਼ਾਨ ਹੋਏ ਯਾਤਰੀਆਂ ਨੇ ਹਵਾਈ ਅੱਡੇ ਪਹੁੰਚ ਕੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਗੱਲ ਕੀਤੀ। ਅਧਿਕਾਰੀਆਂ ਨੇ ਉਨ੍ਹਾਂ ਦੀ ਸਥਿਤੀ ਨੂੰ ਸਮਝਦੇ ਹੋਏ ਸਪੈਸ਼ਲ ਫਲਾਈਟ, ਜਿਸ ਵਿੱਚ ਸਿਰਫ਼ ਇੱਕ ਹੀ ਸੀਟ ਉਪਲੱਬਧ ਸੀ, ਦੀ ਬੁਕਿੰਗ ਕਰ ਦਿੱਤੀ। ਜਹਾਜ਼ ਕੋਲਕਾਤਾ ਤੋਂ ਉੱਡਿਆ ਤੇ ਦਿੱਲੀ ਹਵਾਈ ਅੱਡੇ ਪਹੁੰਚਿਆ। ਬਦਕਿਸਮਤੀ ਨਾਲ ਬਾਕੀ ਮੁਸਾਫ਼ਰਾਂ ਦੀਆਂ ਮੁਸ਼ਕਲਾਂ ਤਾਂ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਸਨ। ਦਿੱਲੀ ਏਅਰਪੋਰਟ ’ਤੇ ਪਹੁੰਚ ਕੇ ਪਤਾ ਲੱਗਾ ਕਿ ਦਿੱਲੀ ਤੋਂ ਚੰਡੀਗੜ੍ਹ ਵਾਲੀ ਉਡਾਣ ਵੀ ਇੰਡੀਗੋ ਵੱਲੋਂ ਰੱਦ ਕਰ ਦਿੱਤੀ ਗਈ ਹੈ। ਪਤੀ ਨੇ ਰੇਲਗੱਡੀ ਰਾਹੀਂ ਦਿੱਲੀ ਤੋਂ ਚੰਡੀਗੜ੍ਹ ਆਉਣ ਦਾ ਫ਼ੈਸਲਾ ਕੀਤਾ। ਆਖ਼ਰ ਦੋ ਦਿਨਾਂ ਦੀ ਖੱਜਲ-ਖੁਆਰੀ ਅਤੇ ਵਿਗੜੀ ਸਿਹਤ ਨਾਲ ਸ਼ਤਾਬਦੀ ਰਾਹੀਂ ਉਹ ਘਰ ਪਹੁੰਚੇ, ਪਰ ਹਵਾਈ ਅੱਡੇ ’ਤੇ ਫਸੇੇ ਰਹਿ ਗਏ ਬਾਕੀ ਮੁਸਾਫ਼ਰਾਂ ਬਾਰੇ ਸੋਚ ਕੇ ਹਾਲੇ ਵੀ ਚਿੰਤਾ ਵਿੱਚ ਸਨ। ਭਾਵੇਂ ਸਰਕਾਰ ਨੇ ਜਾਂਚ ਦੇ ਹੁਕਮ ਦੇ ਕੇ ਆਪਣੀ ਰਸਮੀ ਜ਼ਿੰਮੇਵਾਰੀ ਨਿਭਾਅ ਦਿੱਤੀ ਹੈ, ਪਰ ਨਿੱਜੀ ਕੰਪਨੀਆਂ ਦੀ ਅਜਿਹੀ ਅਜਾਰੇਦਾਰੀ ਦੇਸ਼ ਦੇ ਨਾਗਰਿਕਾਂ ਲਈ ਭਵਿੱਖ ਵਿੱਚ ਹੋਰ ਵੀ ਘਾਤਕ ਸਿੱਧ ਹੋ ਸਕਦੀ ਹੈ।
ਸੰਪਰਕ: 84375-40386
