ਗੁੜ ਵਰਗਾ ਜਵਾਬ
ਗੱਲ 2006 ਦੀ ਹੈ, ਜਦੋਂ ਮੈਂ ਸ਼ਿਕਾਇਤ ਨਿਵਾਰਕ ਅਫਸਰ (ਪਬਲਿਕ ਗਰਿਵੈਂਸ ਅਫਸਰ) ਵਜੋਂ ਬਠਿੰਡਾ ਵਿਖੇ ਤਾਇਨਾਤ ਸਾਂ। ਇਸ ਪੋਸਟ ਨੂੰ ਹੁਣ ਅਸਿਸਟੈਂਟ ਕਮਿਸ਼ਨਰ ਆਖਦੇ ਹਨ। ਇਕ ਸ਼ਖ਼ਸ ਡੀਸੀ ਕੋਲ ਸ਼ਿਕਾਇਤ ਲੈ ਕੇ ਆਇਆ ਅਤੇ ਉਨ੍ਹਾਂ ਮੈਨੂੰ ਇੰਟਰਕੌਮ ’ਤੇ ਕਿਹਾ, “ਤੁਹਾਡੇ ਕੋਲ ਮੈਂ ਹਰਨੇਕ ਸਿੰਘ ਨੂੰ ਭੇਜ ਰਿਹਾਂ, ਇਨ੍ਹਾਂ ਦੀ ਗੱਲ ਸੁਣ ਲੈਣਾ।” ਕੁਝ ਕੁ ਮਿੰਟਾਂ ਵਿੱਚ ਉਹ ਸ਼ਖ਼ਸ ਮੇਰੇ ਦਫਤਰ ਦਾਖ਼ਲ ਹੋ ਕੇ ਆਪਣੀ ਪੱਗ ਨੂੰ ਹੱਥ ਪਾਉਂਦਿਆਂ ਮੇਰੇ ਵੱਲ ਵਧਿਆ। ਮੈਂ ਇੱਕਦਮ ਉੱਠ ਕੇ ਉਸ ਨੂੰ ਆਖਿਆ, “ਹਰਨੇਕ ਸਿੰਘ ਜੀ, ਇਹ ਕੰਮ ਨਹੀਂ ਕਰਨਾ।” ਆਪਣਾ ਨਾਮ ਮੇਰੇ ਮੂੰਹੋਂ ਸੁਣ ਕੇ ਉਹ ਇੱਕਦਮ ਰੁਕ ਗਿਆ। ਸ਼ਾਇਦ ਹੈਰਾਨ ਹੋ ਗਿਆ ਸੀ ਕਿ ਮੈਂ ਉਸ ਨੂੰ ਜਾਣਦਾ ਹਾਂ ਅਤੇ ਉਸ ਨੂੰ ਅਪਣੱਤ ਮਹਿਸੂਸ ਹੋਈ। ਆਪਣੀ ਪੱਗ ਨੂੰ ਹੱਥ ਪਾਉਣਾ ਬੰਦੇ ਦੀ ਅਤਿ ਦੀ ਮਜਬੂਰੀ ਹੁੰਦੀ ਹੈ, ਜਿਸ ਸਦਕਾ ਉਹ ਆਪਣੀ ਪੱਗ ਦੂਜੇ ਦੇ ਪੈਰਾਂ ਵਿੱਚ ਰੱਖਣ ਲਈ ਮਜਬੂਰ ਹੋ ਜਾਂਦਾ ਹੈ।
ਮੈਂ ਉਹਨੂੰ ਬੈਠਣ ਲਈ ਕਿਹਾ ਅਤੇ ਮੇਜ਼ ਉੱਤੇ ਪਿਆ ਪਾਣੀ ਦਾ ਗਿਲਾਸ ਉਸ ਅੱਗੇ ਰੱਖ ਕੇ ਪੀਣ ਲਈ ਕਿਹਾ। ਇਹ ਵੀ ਦੱਸਿਆ ਕਿ ਇਹ ਪਾਣੀ ਸੁੱਚਾ ਹੈ। ਉਸ ਨੇ ਸੌਖਾ ਸਾਹ ਲਿਆ। ਗਰਮੀ ਦਾ ਮੌਸਮ ਸੀ। ਪਾਣੀ ਇੱਕੋ ਸਾਹੇ ਗਟ-ਗਟ ਕਰ ਕੇ ਪੀ ਗਿਆ। “ਹਾਂ ਦੱਸੋ ਹਰਨੇਕ ਸਿੰਘ ਜੀ, ਕੀ ਮਾਮਲਾ ਹੈ?” ਕਹਿ ਕੇ ਮੈਂ ਉਸ ਦੀ ਸ਼ਿਕਾਇਤ ਸੁਣਨੀ ਸ਼ੁਰੂ ਕਰ ਦਿੱਤੀ।
ਉਹਦੀ ਸ਼ਿਕਾਇਤ ਸੀ ਕਿ ਨਹਿਰੀ ਕਾਨੂੰਨਗੋ ਅਤੇ ਪਟਵਾਰੀ ਨੇ ਉਸ ਦੇ ਪਾਣੀ ਦੀ ਵਾਰੀ ਦੋ ਮਿੰਟ ਘਟਾ ਦਿੱਤੀ ਹੈ। ਇਹ ਵੀ ਦੱਸਿਆ ਕਿ ਉਹ ਤਿੰਨ ਧੀਆਂ ਦਾ ਪਿਓ ਹੈ ਤੇ ਉਹਦੀ ਜ਼ਮੀਨ ਬੰਜਰ ਬਣ ਗਈ ਹੈ, ਉਸ ਸਮੇਂ ਉਹ ਕੋਈ ਫ਼ਸਲ ਵੀ ਨਹੀਂ ਬੀਜ ਸਕਿਆ।
ਮੈਂ ਆਪਣੇ ਪੀਏ ਰਾਹੀਂ ਸਬੰਧਿਤ ਕਾਨੂੰਨਗੋ ਅਤੇ ਪਟਵਾਰੀ ਨਾਲ ਗੱਲ ਕੀਤੀ। ਉਸ ਵੇਲੇ ਇੱਕ ਵੱਜਿਆ ਸੀ। ਮੈਂ ਉਨ੍ਹਾਂ ਨੂੰ ਚਾਰ ਵਜੇ ਮੌਕੇ ’ਤੇ ਪਹੁੰਚਣ ਲਈ ਆਖ ਦਿੱਤਾ। ਮੈਂ ਜਦੋਂ ਇਸ ਬਾਰੇ ਹਰਨੇਕ ਸਿੰਘ ਨੂੰ ਦੱਸਿਆ ਕਿ ਅਸੀਂ ਅੱਜ ਹੀ ਚਾਰ ਵਜੇ ਤੁਹਾਡੇ ਖੇਤਾਂ ਵਿੱਚ ਪਹੁੰਚ ਕੇ ਮਸਲੇ ਦਾ ਹਾਲ ਕਰ ਦਿਆਂਗੇ, ਸੁਣਨਸਾਰ ਹਰਨੇਕ ਸਿੰਘ ਕੁਰਸੀ ਤੋਂ ਉੱਠ ਖੜ੍ਹਾ ਹੋਇਆ ਅਤੇ ਆਪਣੀਆਂ ਦੋਵੇਂ ਬਾਹਾਂ ਉੱਤੇ ਕਰ ਕੇ ਖੁਸ਼ੀ ਦਾ ਇਜ਼ਹਾਰ ਇਸ ਤਰ੍ਹਾਂ ਕੀਤਾ ਕਿ ਜਿਵੇਂ ਬਹੁਤ ਵੱਡੀ ਚੀਜ਼ ਮਿਲ ਗਈ ਹੋਵੇ; ਕਹਿਣ ਲੱਗਾ, “ਹੁਣ ਜੀ ਤੁਸੀਂ ਭਾਵੇਂ ਨਾ ਵੀ ਆਇਓ, ਮੇਰੀ ਗੱਲ ਤਾਂ ਸੁਣੀ ਗਈ ਹੈ।”
ਤੈਅ ਸਮੇਂ ਅਨੁਸਾਰ ਅਸੀਂ ਚਾਰ ਵਜੇ ਹਰਨੇਕ ਸਿੰਘ ਦੇ ਖੇਤਾਂ ਵਿੱਚ ਪਹੁੰਚ ਗਏ ਜਿਥੇ ਉਹਨੇ ਆਪਣਾ ਘਰ ਵੀ ਬਣਾਇਆ ਹੋਇਆ ਸੀ। ਮੈਂ ਪਹਿਲਾਂ ਨਹਿਰੀ ਕਾਨੂੰਨਗੋ ਅਤੇ ਪਟਵਾਰੀ ਤੋਂ ਕੇਸ ਸਮਝਿਆ ਕਿਉਂਕਿ ਮੇਰਾ ਵੀ ਨਹਿਰੀ ਪਾਣੀ ਦੀ ਵੰਡ ਬਾਰੇ ਕੋਈ ਤਜਰਬਾ ਨਹੀਂ ਸੀ। ਉਨ੍ਹਾਂ ਦੇ ਦੱਸਣ ਅਨੁਸਾਰ, ਜਦੋਂ ਜ਼ਮੀਨ ਦਾ ਕੁਝ ਹਿੱਸਾ ਗ਼ੈਰ-ਮੁਮਕਿਨ, ਭਾਵ, ਖੇਤੀ ਯੋਗ ਨਾ ਰਹੇ ਤਾਂ ਉਸ ਖੇਤਰ ਦਾ ਪਾਣੀ ਉਸ ਮੋਘੇ ਤੋਂ ਲੱਗਣ ਵਾਲੇ ਪਾਣੀ ਦੇ ਖੇਤਾਂ ਵਿੱਚ ਵੰਡਿਆ ਜਾਂਦਾ ਹੈ। ਹਰਨੇਕ ਸਿੰਘ ਨੇ ਆਪਣੇ ਖੇਤਾਂ ਵਿੱਚ ਘਰ ਬਣਾ ਲਿਆ ਸੀ ਅਤੇ ਉਸ ਦੀ ਇਹ ਜ਼ਮੀਨ ਗ਼ੈਰ-ਮੁਮਕਿਨ ਹੋਣ ਕਾਰਨ ਇਸ ਦੇ ਹਿੱਸੇ ਦਾ ਪਾਣੀ ਉਪਰੋਕਤ ਅਨੁਸਾਰ ਵੰਡ ਦਿੱਤਾ ਗਿਆ ਸੀ। ਇਸ ਤਰ੍ਹਾਂ ਕਰਨ ਨਾਲ ਹਰਨੇਕ ਸਿੰਘ ਦੇ ਕੁਝ ਮਿੰਟ ਘਟ ਗਏ।
ਇਹ ਗੱਲ ਮੈਂ ਆਪ ਹਰਨੇਕ ਸਿੰਘ ਨੂੰ ਸਮਝਾਈ ਅਤੇ ਹਰਨੇਕ ਸਿੰਘ ਨੇ ਮੇਰੀ ਸਹਿਮਤੀ ਜਤਾਈ। ਮੈਂ ਹਰਨੇਕ ਸਿੰਘ ਨਾਲ ਉਸੇ ਦਿਨ ਪਾਣੀ ਲਗਾਉਣ ਦਾ ਵਾਅਦਾ ਕੀਤਾ ਸੀ। ਅਸੀਂ ਉਸ ਕਿਸਾਨ ਨੂੰ ਬੁਲਾਇਆ ਜਿਸ ਦੀ ਅਗਲੀ ਵਾਰੀ ਸੀ; ਮੰਗ ਕੇ ਉਸ ਤੋਂ ਵਾਰੀ ਲੈ ਕੇ ਹਰਨੇਕ ਸਿੰਘ ਦੇ ਖੇਤਾਂ ਨੂੰ ਪਾਣੀ ਲਗਾ ਦਿੱਤਾ।
ਗੱਲ ਕਿਥੇ ਖੜ੍ਹੀ ਸੀ... ਕਾਨੂੰਨਗੋ ਅਤੇ ਪਟਵਾਰੀ ਹਰਨੇਕ ਸਿੰਘ ਨੂੰ ਕਹਿੰਦੇ ਰਹੇ ਕਿ ਅਸੀਂ ਜੋ ਕਰਨਾ ਸੀ, ਕਰ ਦਿੱਤਾ ਹੈ, ਜਿੱਥੇ ਮਰਜ਼ੀ ਜਾ ਕੇ ਸ਼ਿਕਾਇਤ ਕਰ ਲੈ। ਹਰਨੇਕ ਸਿੰਘ ਜ਼ਿੱਦ ਕਰ ਗਿਆ ਕਿ ਪਹਿਲਾਂ ਵਾਂਗ ਪੂਰਾ ਪਾਣੀ ਲੈਣਾ ਹੈ, ਨਹੀਂ ਤਾਂ ਇੱਕ ਬੂੰਦ ਵੀ ਨਹੀਂ ਲਵਾਂਗਾ। ਮੈਂ ਕੁਝ ਵੀ ਵਾਧੂ ਅਤੇ ਨਿਯਮਾਂ ਤੋਂ ਵੱਖ ਨਹੀਂ ਕੀਤਾ ਪਰ ਸਮਝਾ ਕੇ ਉਸ ਦੀ ਤਸੱਲੀ ਕਰਵਾ ਦਿੱਤੀ ਅਤੇ ਨਾਲ ਹੀ ਕਾਨੂੰਨਗੋ ਤੇ ਪਟਵਾਰੀ ਨੂੰ ਸਮਝਾਇਆ ਕਿ ਦਲੀਲ ਨਾਲ ਲੋਕਾਂ ਨਾਲ ਪੇਸ਼ ਆਉਣ, ਮੌਕੇ ਦੇ ਅਫਸਰ ਦੀ ਆਕੜ ਵਿੱਚ ਨਾ ਰਹਿਣ।
ਮੈਨੂੰ ਵੀ ਸਿੱਖਣ ਨੂੰ ਮਿਲਿਆ ਕਿ ਲੋਕਾਂ ਦੀ ਗੱਲ ਸੁਣਨ ਨਾਲ ਉਨ੍ਹਾਂ ਦੀ ਤਸੱਲੀ ਹੁੰਦੀ ਹੈ। ਕੰਮ ਹੋ ਸਕੇ ਜਾਂ ਨਾ ਪਰ ਜਵਾਬ ਮਿੱਠਾ, ਭਾਵ, ਗੁੜ ਵਰਗਾ ਹੀ ਦੇਣਾ ਚਾਹੀਦਾ ਹੈ।
ਸੰਪਰਕ: 94171-53819