ਮਹਿੰਦਰਾ ਕਾਲਜ ਦੀ 150ਵੀਂ ਵਰ੍ਹੇਗੰਢ
ਉੱਤਰੀ ਭਾਰਤ ਦੀ ਪ੍ਰਾਚੀਨਤਮ ਵਿਦਿਅਕ ਸੰਸਥਾ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਸ਼ਾਨ ਅਤੇ ਮਾਣ ਨਾਲ ਆਪਣੀ ਸਥਾਪਨਾ ਦੀ 150ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਪਟਿਆਲਾ ਰਿਆਸਤ ਦੇ ਤਤਕਾਲੀ ਮਹਾਰਾਜਾ ਮਹਿੰਦਰ ਸਿੰਘ ਦੀ ਇਸ ਖਿੱਤੇ ਦੇ ਵਿਦਿਅਕ ਪੱਖ ਤੋਂ ਪੱਛੜੇ ਨਾਗਰਿਕਾਂ ਲਈ ਅਮੋਲਕ ਸੌਗਾਤ ਵਜੋਂ ਸਥਾਪਿਤ ਇਸ ਸੰਸਥਾ ਦਾ ਨੀਂਹ ਪੱਥਰ 30 ਮਾਰਚ 1875 ਨੂੰ ਉਸ ਸਮੇਂ ਦੇ ਭਾਰਤ ਦੇ ਵਾਇਸਰਾਏ ਲਾਰਡ ਨੌਰਥਬਰੁੱਕ ਨੇ ਰੱਖਿਆ ਅਤੇ ਇਸ ਸ਼ਾਨਦਾਰ ਭਵਨ ਦਾ ਉਦਘਾਟਨ 17 ਮਾਰਚ 1884 ਨੂੰ ਲਾਰਡ ਰਿਪਨ ਨੇ ਕੀਤਾ, ਜਿਨ੍ਹਾਂ ਨੂੰ ਭਾਰਤ ਵਿਚ ਸਵੈ-ਸ਼ਾਸਨ ਦੇ ਜਨਮਦਾਤਾ ਵਜੋਂ ਜਾਣਿਆ ਜਾਂਦਾ ਹੈ। 1875 ਵਿਚ ਸਥਾਪਨਾ ਸਮੇਂ ਇਹ ਸੰਸਥਾ ਉੱਤਰੀ ਭਾਰਤ ਵਿੱਚ ਦਿੱਲੀ ਤੋਂ ਲਾਹੌਰ ਤੱਕ ਆਪਣੇ ਕਿਸਮ ਦੀ ਇੱਕੋ-ਇੱਕ ਸੰਸਥਾ ਸੀ ਅਤੇ ਦੇਸ਼ ਦੇ ਦੂਰ-ਦੁਰਾਡੇ ਖੇਤਰਾਂ, ਜਿਵੇਂ ਮੁੰਬਈ ਤੱਕ ਦੇ ਵਿਦਿਆਰਥੀ ਇੱਥੇ ਵਿਦਿਆ ਹਾਸਲ ਕਰਨ ਆਉਂਦੇ ਸਨ। ਸ਼ੁਰੂ ਵਿਚ ਕਲਕੱਤਾ ਯੂਨੀਵਰਸਿਟੀ ਨਾਲ ਸਬੰਧਿਤ ਮਹਿੰਦਰਾ ਕਾਲਜ 1882 ਵਿਚ ਲਾਹੌਰ ਵਿੱਚ ਪੰਜਾਬ ਯੂਨੀਵਰਸਿਟੀ ਸਣਨ ਪਿੱਛੋਂ ਪੰਜਾਬ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਵਿਚ ਆ ਗਿਆ ਅਤੇ 1962 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਤੋਂ ਬਾਅਦ ਇਹ ਪੰਜਾਬੀ ਯੂਨੀਵਰਸਿਟੀ ਦੇ ਨਾਲ ਜੁੜ ਗਿਆ। ਇਸ ਵੇਲੇ ਪੰਜਾਬੀ ਯੂਨੀਵਰਸਿਟੀ ਨਾਲ ਐਫੀਲੀਏਟਿਡ ਕਾਲਜਾਂ ਵਿੱਚ ਮਹਿੰਦਰਾ ਕਾਲਜ ਨੂੰ ਮੋਢੀ ਕਾਲਜ ਹੋਣ ਦਾ ਮਾਣ ਹਾਸਲ ਹੈ।
ਉਚੇਰੀ ਸਿੱਖਿਆ ਦੇ ਇਸ ਚਾਨਣ ਮੁਨਾਰੇ ਨੇ ਅਣਗਿਣਤ ਉੱਘੇ ਸਿੱਖਿਆ ਸ਼ਾਸਤਰੀ, ਵਿਦਵਾਨ, ਸਾਇੰਸਦਾਨ ਅਤੇ ਸਾਹਿਤਕਾਰ ਸਮਾਜ ਨੂੰ ਦਿੱਤੇ। ਕਾਲਜ ਵਿੱਚ ਉੱਚ ਸਿੱਖਿਆ ਹਾਸਲ ਕਰ ਕੇ ਇੱਥੋਂ ਦੇ ਵਿਦਿਆਰਥੀਆਂ ਨੇ ਸਮਾਜ ਦੇ ਹਰ ਖੇਤਰ ਵਿੱਚ ਸਰਵਉੱਚ ਅਹੁਦਿਆਂ ਉੱਤੇ ਦੇਸ਼ ਦੀ ਸੇਵਾ ਕੀਤੀ ਅਤੇ ਹੁਣ ਵੀ ਕਰ ਰਹੇ ਹਨ। ਇਹ ਗੱਲ ਫ਼ਖਰ ਨਾਲ ਦੱਸੀ ਜਾ ਸਕਦੀ ਹੈ ਕਿ ਕਾਲਜ ਦੇ ਸਾਬਕਾ ਵਿਦਿਆਰਥੀਆਂ ਵਿੱਚੋਂ ਪਦਮ ਸ੍ਰੀ, ਪਦਮ ਭੂਸ਼ਨ, ਸਰਸਵਤੀ ਸਨਮਾਨ, ਸਾਹਿਤ ਅਕਾਦਮੀ ਐਵਾਰਡ, ਹਿੰਦੀ ਸਾਹਿਤ ਸਾਧਨਾ ਐਵਾਰਡ, ਅਰਜੁਨਾ ਐਵਾਰਡ, ਪਰਮ ਵਿਸ਼ਿਸ਼ਟ ਸੈਨਾ ਮੈਡਲ ਤੇ ਹੋਰ ਕੌਮੀ ਤੇ ਸਟੇਟ ਐਵਾਰਡਾਂ ਨਾਲ ਸਨਮਾਨਿਤ ਹਸਤੀਆਂ ਹਨ। ਇਸੇ ਸਦਕਾ ਕਾਲਜ ਦਾ ਨਾਂ ਮੁਲਕ ਦੀਆਂ ਉੱਚ ਵਿਦਿਅਕ ਸੰਸਥਾਵਾਂ ’ਚ ਸ਼ੁਮਾਰ ਹੈ।
ਕਾਲਜ ਦੀ ਉਚੇਰੀ ਸਿੱਖਿਆ ਦੇ ਖੇਤਰ ਵਿਚ ਵੱਡਮੁੱਲੀ ਦੇਣ ਦੀ ਮਾਨਤਾ ਵਜੋਂ ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਨੇ 14 ਮਾਰਚ 1988 ਨੂੰ ਕਾਲਜ ਅਤੇ ਓਐੱਸਏ (ਓਲਡ ਸਟੂਡੈਂਟਸ ਐਸੋਸੀਏਸ਼ਨ) ਦੇ ਕਰਵਾਏ ਸਮਾਗਮ ਵਿੱਚ ਕਾਲਜ ਦੀ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ। ਇਸ ਮੌਕੇ ਪੰਜਾਬ ਦੇ ਤਤਕਾਲੀ ਰਾਜਪਾਲ ਸਿਧਾਰਥ ਸ਼ੰਕਰ ਰੇਅ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕਾਲਜ ਦੀਆਂ ਵਿਦਿਅਕ, ਸਹਿ-ਵਿਦਿਅਕ ਅਤੇ ਖੇਡਾਂ ਦੇ ਖੇਤਰ ਵਿਚ ਪ੍ਰਾਪਤੀਆਂ, ਫੈਕਲਟੀ ਮੈਂਬਰਾਂ ਦੀ ਖੋਜ ਕਾਰਜਾਂ ਵੱਲ ਰੁਚੀ ਅਤੇ ਕਾਲਜ ਦੇ ਗੌਰਵਸ਼ਾਲੀ ਪਿਛੋਕੜ ਦੇ ਮੁਲਾਂਕਣ ਤੋਂ ਬਾਅਦ ਅਪਰੈਲ 2003 ਵਿੱਚ ‘ਨੈਕ’ (NAAC) ਨੇ ਕਾਲਜ ਨੂੰ ਏ ਦਾ ਦਰਜਾ ਦਿੱਤਾ। ਮਹਿੰਦਰਾ ਕਾਲਜ ਉਸ ਵੇਲੇ ਨੈਕ ਵੱਲੋਂ ਐਕਰੈਡਿਟਿਡ ਪੰਜਾਬ ਦਾ ਪਹਿਲਾ ਸਰਕਾਰੀ ਕਾਲਜ ਸੀ। ਇਸ ਪਿੱਛੋਂ ਪੰਜਾਬ ਸਰਕਾਰ ਨੇ ਕਾਲਜ ਨੂੰ ਪੰਜਾਬ ਦੇ ਚਾਰ ‘ਮਾਡਲ’ ਕਾਲਜਾਂ ਵਿਚ ਸ਼ੁਮਾਰ ਕੀਤਾ। 2006 ਵਿਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਕਾਲਜ ਨੂੰ ‘ਕਾਲਜ ਵਿਦ ਪੋਟੈਂਸ਼ਲ ਫਾਰ ਐਕਸੀਲੈਂਸ’ ਦਾ ਰੁਤਬਾ ਦਿੱਤਾ। ਇਹ ਰੁਤਬਾ ਸਾਰੇ ਮੁਲਕ ਵਿੱਚ ਕੇਵਲ 100 ਕਾਲਜਾਂ ਨੇ ਹਾਸਲ ਕੀਤਾ ਸੀ। 2009 ਵਿਚ ਭਾਰਤ ਸਰਕਾਰ ਦੇ ਸਾਇੰਸ ਤੇ ਤਕਨਾਲੋਜੀ ਮੰਤਰਾਲੇ ਦੇ ਬਾਇਓਟੈਕਨਾਲੋਜੀ ਵਿਭਾਗ ਨੇ ਕਾਲਜ ਨੂੰ ‘ਸਟਾਰ ਕਾਲਜ ਇਨ ਲਾਇਫ ਸਾਇੰਸਿਜ਼’ ਦਾ ਰੁਤਬਾ ਦਿੱਤਾ। ਯੂਜੀਸੀ ਨੇ ਕਾਲਜ ਨੂੰ ਕਮਿਊਨਿਟੀ ਕਾਲਜ ਦੇ ਤੌਰ ’ਤੇ ਚੁਣਿਆ। 2016 ਵਿੱਚ ਰੀ-ਐਕ੍ਰੀਡੀਟੇਸ਼ਨ ਦੇ ਸਮੇਂ ਕਾਲਜ ਨੂੰ ਨੈਕ ਨੇ 3.6 ਅੰਕਾਂ ਨਾਲ ਏ ਗ੍ਰੇਡ ਦਿੱਤਾ। ਇਹ ਮੁਲਕ ਭਰ ਵਿੱਚ ਹੋਰ ਕਿਸੇ ਕਾਲਜ ਨੂੰ ਪ੍ਰਾਪਤ ਸਭ ਤੋਂ ਵੱਧ ਅੰਕ ਸਨ।
ਕਾਲਜ ਦੀ ਇਮਾਰਤ ਓਰੀਐਂਟਲ ਅਤੇ ਓਕਸੀਡੈਂਟਲ ਭਵਨ ਕਲਾ ਨਿਰਮਾਣ ਦਾ ਦਿਲਕਸ਼ ਸੁਮੇਲ ਹੈ। ਕਾਲਜ ਦੀ ਇਮਾਰਤ ਲਈ ਜਦੋਂ 2002 ਵਿਚ ਫਸਾਡ (Facade) ਲਾਇਟਿੰਗ ਦਾ ਪ੍ਰਬੰਧ ਕੀਤਾ ਗਿਆ ਤਾਂ ਇਹ ਬਿਲਡਿੰਗ ਦੂਰ-ਦੂਰ ਤੋਂ ਜਗਮਗਾਉਂਦੀ ਹੋਈ ਨਜ਼ਰ ਆਉਂਦੀ ਸੀ। ਲੋਕ ਦੂਰੋਂ-ਦੂਰੋਂ ਰਾਤ ਨੂੰ ਮਹਿੰਦਰਾ ਕਾਲਜ ਦੀ ਸ਼ਾਨ ਦੇਖਣ ਆਉਂਦੇ ਸਨ।
ਜ਼ਾਹਿਰ ਹੈ ਕਿ ਕਾਲਜ ਨੂੰ ਬੁਲੰਦੀਆਂ ਤੱਕ ਲਿਜਾਣ ਦਾ ਕੰਮ ਚੰਦ ਦਿਨਾਂ ਦੀ ਮਿਹਨਤ ਦਾ ਫਲ ਨਹੀਂ ਸੀ, ਇਸ ਪਿੱਛੇ ਲੰਮੇ ਸਮੇਂ ਦੀ ਮਿਹਨਤ, ਕਾਲਜ ਦੇ ਅਧਿਆਪਕਾਂ, ਪ੍ਰਿੰਸੀਪਲਾਂ ਤੇ ਵਿਦਿਆਰਥੀਆਂ ਦੀ ਘਾਲਣਾ ਹੈ। ਜੇ ਕਾਲਜ ਦੇ ਪ੍ਰਿੰਸੀਪਲਾਂ, ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਗਿਣਨ ਲੱਗ ਜਾਈਏ ਤਾਂ ਸੂਚੀ ਬਹੁਤ ਲੰਮੀ ਹੋ ਜਾਵੇਗੀ।
ਕਾਲਜ ਨੂੰ ਇਸ ਮੁਕਾਮ ਤੱਕ ਲਿਜਾਣ ਲਈ ਕਾਲਜ ਦੇ ਪਹਿਲੇ ਪ੍ਰਿੰਸੀਪਲ ਜੋਗਿੰਦਰ ਨਾਥ ਮੁਖਰਜੀ ਤੋਂ ਲੈ ਕੇ ਮੌਜੂਦਾ ਪ੍ਰਿੰਸੀਪਲ ਡਾ. ਮਨਿੰਦਰਪਾਲ ਕੌਰ ਸਿੱਧੂ ਤੱਕ ਸਾਰੇ ਹੀ ਪ੍ਰਿੰਸੀਪਲਾਂ ਨੇ ਸ਼ਲਾਘਾਯੋਗ ਉਦਮ ਕੀਤੇ ਅਤੇ ਯੋਗ ਅਗਵਾਈ ਦਿੱਤੀ। 1915-1919 ਤੱਕ ਸਾਧੂ ਟੀਐੱਲ ਵਾਸਵਾਨੀ ਜਿਹੜੇ ਉੱਘੇ ਸਿੱਖਿਆ ਸ਼ਾਸਤਰੀ ਤੇ ਮਹਾਤਮਾ ਗਾਂਧੀ ਦੇ ਸਹਿਯੋਗੀ ਆਜ਼ਾਦੀ ਘੁਲਾਟੀਏ ਸਨ, ਕਾਲਜ ਦੇ ਪ੍ਰਿੰਸੀਪਲ ਰਹੇ। ਭਾਰਤ ਸਰਕਾਰ ਵੱਲੋਂ ਉਨ੍ਹਾਂ ’ਤੇ ਡਾਕ ਟਿਕਟ ਜਾਰੀ ਕਰਨਾ ਉਨ੍ਹਾਂ ਦੀ ਸ਼ਖ਼ਸੀਅਤ ਦੀ ਬੁਲੰਦੀ ਦਾ ਪ੍ਰਤੀਕ ਹੈ।
ਕਾਲਜ ਦੀ ਸਾਬਕਾ ਅਤੇ ਮੌਜੂਦਾ ਫੈਕਲਟੀ, ਓਲਡ ਸਟੂਡੈਂਟਸ ਐਸੋਸੀਏਸ਼ਨ (ਓਐੱਸਏ) ਅਤੇ ਹੋਰ ਹਿੱਤ ਧਾਰਕਾਂ ਦਾ ਸ਼ਲਾਘਾਯੋਗ ਰੋਲ ਹੈ। ਕਾਲਜ ਅਤੇ ਕਾਲਜ ਦੀ ਓਐੱਸਏ ਨੇ ਸਾਂਝੇ ਤੌਰ ’ਤੇ ਵੱਡੇ ਸਮਾਗਮ ਕੀਤੇ ਹਨ। ਇਨ੍ਹਾਂ ਵਿੱਚ ਕਾਲਜ ਦਾ ਸਥਾਪਨਾ ਦਿਵਸ ਮਨਾਉਣਾ (30 ਮਾਰਚ 1987), ਕਾਲਜ ਦੀ ਡਾਕ ਟਿਕਟ ਜਾਰੀ ਕਰਨਾ (14 ਮਾਰਚ 1988), ਓਐੱਸਏ ਦੇ ਮੈਂਬਰਾਂ ਦੀ ਡਾਇਰੈਕਟਰੀ ਰਿਲੀਜ਼ ਕਰਨਾ (13 ਮਾਰਚ 1995) ਅਤੇ ਕਾਲਜ ਦਾ 148ਵਾਂ ਸਥਾਪਨਾ ਦਿਵਸ ਮਨਾਉਣਾ (30 ਮਾਰਚ 2023) ਮੁੱਖ ਤੌਰ ’ਤੇ ਵਰਣਨਯੋਗ ਹਨ।
ਕਾਲਜ ਦੇ ਮੌਜੂਦਾ ਪ੍ਰਿੰਸੀਪਲ ਡਾ. ਮਨਿੰਦਰਪਾਲ ਕੌਰ ਸਿੱਧੂ, ਜਿਹੜੇ ਪਹਿਲਾਂ ਫੈਕਲਟੀ ਮੈਂਬਰ ਵੀ ਰਹਿ ਚੁੱਕੇ ਹਨ, ਵਿਸ਼ੇਸ਼ ਤੌਰ ’ਤੇ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਕਾਲਜ ਦੀ 150ਵੀ ਵਰ੍ਹੇਗੰਢ ਨੂੰ ‘ਸਫ਼ਰ-ਏ-ਫ਼ਖਰ’ ਤਹਿਤ ਯਾਦਗਾਰੀ ਰੂਪ ਵਿਚ ਮਨਾਉਣ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਨੂੰ ਇਸ ਉਪਰਾਲੇ ਲਈ ਹਰ ਪਾਸਿਓਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਸ ਵਿੱਚ ਕਾਲਜ ਦੀ ਸਾਬਕਾ ਅਤੇ ਮੌਜੂਦਾ ਫੈਕਲਟੀ, ਪੁਰਾਣੇ ਤੇ ਮੌਜੂਦਾ ਵਿਦਿਆਰਥੀ, ਓਐੱਸਏ ਅਤੇ ਕਈ ਐੱਨਜੀਓ ਸ਼ਾਮਿਲ ਹਨ। ਉਚੇਰੀ ਸਿੱਖਿਆ ਦੀ ਇਸ ਸਿਰਮੌਰ ਸੰਸਥਾ ਦੁਆਰਾ ਪਿਛਲੀ ਡੇਢ ਸ਼ਤਾਬਦੀ ਤੋਂ ਸਿੱਖਿਆ ਦੇ ਖੇਤਰ ਵਿਚ ਸ਼ਲਾਘਾਯੋਗ ਭੂਮਿਕਾ ਨੂੰ ਮਾਨਤਾ ਵਜੋਂ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸੰਸਥਾ ਨੂੰ ਸਮੇਂ ਦੀ ਹਾਣੀ ਬਣਾਈ ਰੱਖਣ ਲਈ ਵਿਦਿਆਰਥੀਆਂ ਦੀ ਲਗਾਤਾਰ ਵਧ ਰਹੀ ਗਿਣਤੀ ਅਨੁਸਾਰ ਇਸ ਦੇ ਬੁਨਿਆਦੀ ਢਾਂਚੇ ਵਿੱਚ ਵਾਧੇ ਦੇ ਨਾਲ-ਨਾਲ ਇਸ ਦੀ ਇਤਿਹਾਸਕ ਇਮਾਰਤ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਗਰਾਂਟ ਜਾਰੀ ਕੀਤੀ ਜਾਵੇ। ਕਾਲਜ ਨੂੰ ਵਿਸ਼ੇਸ਼ ਦਰਜਾ ਵੀ ਦੇਣਾ ਚਾਹੀਦਾ ਹੈ ਤਾਂ ਕਿ ਇਸ ਦੀ 150ਵੀ ਵਰ੍ਹੇਗੰਢ ਮੁਲਕ ਦੇ ਇਤਿਹਾਸ ਵਿਚ ਬੇਮਿਸਾਲ ਯਾਦਗਾਰ ਬਣ ਜਾਵੇ।
*ਸਾਬਕਾ ਮੁਖੀ, ਲੋਕ ਪ੍ਰਸ਼ਾਸਨ ਵਿਭਾਗ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ।
*ਸਾਬਕਾ ਮੁਖੀ, ਅੰਗਰੇਜ਼ੀ ਵਿਭਾਗ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ।