ਸਰਕਾਰੀ ਸਕੂਲ ਲੜਕੀਆਂ ’ਚ ਜ਼ੋਨਲ ਖੇਡਾਂ ਦਾ ਆਗਾਜ਼
ਸਰਕਾਰੀ ਸਮਾਰਟ ਹਾਈ ਸਕੂਲ (ਲੜਕੀਆਂ) ਭੁੱਚੋ ਮੰਡੀ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਦੀ ਅਗਵਾਈ ਹੇਠ 69ਵੀਆਂ ਦਸ ਰੋਜ਼ਾ ਜ਼ੋਨ ਪੱਧਰੀ ਖੇਡਾਂ ਦੀ ਸ਼ੁਰੂਆਤ ਕੀਤੀ। ਖੇਡਾਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਅਤੇ ਮਾਲਵਾ ਜ਼ੋਨ ਦੇ ਕੋਆਡੀਨੇਟਰ ਹਰਮੰਦਰ ਸਿੰਘ ਬਰਾੜ ਨੇ ਕੀਤਾ। ਪ੍ਰਧਾਨਗੀ ਜ਼ੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਅਤੇ ਮੁੱਖ ਅਧਿਆਪਕਾ ਡਾ. ਗੁਰਪ੍ਰੀਤ ਕੌਰ ਨੇ ਕੀਤੀ। ਹਰਮੰਦਰ ਸਿੰਘ ਬਰਾੜ ਅਤੇ ਜਸਵੀਰ ਸਿੰਘ ਗਿੱਲ ਨੇ ਬੱਚਿਆਂ ਨੂੰ ਉਚੇਰੀ ਸਿੱਖਿਆ ਦੇ ਨਾਲ ਖੇਡਾਂ ਦੇ ਮਹੱਤਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਸਾਨੂੰ ਜ਼ਿੰਦਗੀ ਵਿੱਚ ਬਹੁਤ ਉੱਚੇ ਮੁਕਾਮ ’ਤੇ ਲੈ ਜਾਂਦੀਆਂ ਹਨ ਅਤੇ ਇੱਕ ਚੰਗਾ ਇਨਸਾਨ ਬਣਨ ਵਿੱਚ ਸਹਾਈ ਹੁੰਦੀਆਂ ਹਨ।
ਜ਼ੋਨਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਰੇਸ਼ਮ ਸਿੰਘ ਨੇ ਦੱਸਿਆ ਕਿ ਕਰਾਟੇ 50 ਕਿਲੋ ਭਾਰ ਵਰਗ ਵਿੱਚ ਸੁਮੀਤ ਕੌਰ ਚੱਕ ਬਖਤੂ ਨੇ ਪਹਿਲਾ, ਹਰਮਨਪ੍ਰੀਤ ਕੌਰ ਸਿਲਵਰ ਓਕਸ ਸਕੂਲ ਲਹਿਰਾ ਬੇਗਾ ਨੇ ਦੂਜਾ ਸਥਾਨ, ਰੱਸਾਕਸ਼ੀ ਅੰਡਰ-14 ਅਤੇ ਅੰਡਰ-17 (ਲੜਕੀਆਂ) ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਫਤਿਹ ਸਿੰਘ ਵਾਲਾ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਜਸਵੀਰ ਸਿੰਘ, ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਜਗਦੀਸ਼ ਕੁਮਾਰ, ਮੁੱਖ ਅਧਿਆਪਕ ਕੁਲਵਿੰਦਰ ਕਟਾਰੀਆ, ਲੈਕਚਰਾਰ ਸੰਦੀਪ ਸਿੰਘ, ਰੇਸ਼ਮ ਸਿੰਘ, ਹਰਭਗਵਾਨ ਦਾਸ, ਪ੍ਰਦੀਪ ਸਿੰਘ ਅਤੇ ਸਤਵੀਰ ਸਿੰਘ ਹਾਜ਼ਰ ਸਨ।